ਦਾਊਦ ਇਬਰਾਹਿਮ ਦੇ ਪੁਰਾਣੇ ਅੱਡੇ 'ਤੇ ਚੱਲੇਗਾ ਬੁਲਡੋਜ਼ਰ, ਮੁੰਬਈ 'ਚ ਮਸਜਿਦ ਜਾਂ ਪ੍ਰੇਅਰ ਹਾਲ ਨੂੰ ਲੈ ਕੇ ਵਿਵਾਦ ਦੌਰਾਨ ਭਾਰੀ ਪੁਲਿਸ ਬਲ ਤਾਇਨਾਤ
ਕਾਂਗਰਸੀ ਵਿਧਾਇਕ ਅਮੀਨ ਪਟੇਲ ਨੇ ਦੋਸ਼ ਲਾਇਆ ਹੈ ਕਿ ਬੀਐੱਮਸੀ ਅਤੇ ਇਕ ਟਰੱਸਟ ਨੇ ਮਿਲ ਕੇ ਇਸ ਇਮਾਰਤ ਨੂੰ ਢਾਹੁਣ ਦੀ ਸਾਜ਼ਿਸ਼ ਰਚੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਅਤੇ ਵਕਫ਼ ਟ੍ਰਿਬਿਊਨਲ ਦੇ ਰੋਕ ਦੇ ਹੁਕਮਾਂ ਦੇ ਬਾਵਜੂਦ 7 ਜਾਂ 15 ਦਿਨਾਂ ਦਾ ਉਚਿਤ ਨੋਟਿਸ ਦਿੱਤੇ ਬਿਨਾਂ ਇਕਪਾਸੜ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਮਾਮਲਾ ਅਜੇ ਵੀ ਵਕਫ਼ ਟ੍ਰਿਬਿਊਨਲ 'ਚ ਵਿਚਾਰ ਅਧੀਨ ਹੈ।
Publish Date: Wed, 18 Nov 2026 04:08 PM (IST)
Updated Date: Wed, 18 Nov 2026 04:12 PM (IST)
ਡਿਜੀਟਲ ਡੈਸਕ, ਮੁੰਬਈ : ਅੰਡਰਵਰਲਡ ਡੌਨ ਅਤੇ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਦੇ ਕਦੇ ਪਰਿਵਾਰਕ ਘਰ ਅਤੇ ਅਪਰਾਧਾਂ ਦੇ ਮੁੱਖ ਕੇਂਦਰ ਰਹੇ ਮੁੰਬਈ ਦੇ ਭਿੰਡੀ ਬਾਜ਼ਾਰ ਸਥਿਤ 'ਹਾਜੀ ਇਸਮਾਈਲ ਹਬੀਬ ਮੁਸਾਫਿਰਖਾਨਾ' ਦੇ ਬਚੇ ਹੋਏ ਹਿੱਸਿਆਂ ਨੂੰ ਢਾਹੁਣ ਦੀ ਤਿਆਰੀ ਬੀਐੱਮਸੀ ਨੇ ਕਰ ਲਈ ਹੈ। ਹਾਲਾਂਕਿ, ਬੀਐੱਮਸੀ ਦੀ ਇਸ ਕਾਰਵਾਈ ਤੋਂ ਪਹਿਲਾਂ ਹੀ ਸਿਆਸੀ ਘਮਾਸਾਨ ਸ਼ੁਰੂ ਹੋ ਗਿਆ ਹੈ। ਸਥਾਨਕ ਵਸਨੀਕਾਂ, ਕਾਂਗਰਸ ਅਤੇ AIMIM ਆਗੂਆਂ ਨੇ ਇਸ ਨੂੰ ਵਕਫ਼ ਬੋਰਡ ਦੀ ਮਸਜਿਦ ਦੱਸਦਿਆਂ ਕਾਰਵਾਈ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਬੁਲਡੋਜ਼ਰ ਰੋਕਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਕਹੀ ਹੈ।
16 ਨਵੰਬਰ ਨੂੰ ਜਾਰੀ ਕੀਤਾ ਗਿਆ ਨੋਟਿਸ
ਨਗਰ ਨਿਗਮ ਨੇ 16 ਨਵੰਬਰ ਨੂੰ ਨਵਾਂ ਢਾਹੁਣ ਦਾ ਨੋਟਿਸ ਜਾਰੀ ਕੀਤਾ। ਇਸ 'ਚ ਗਰਾਊਂਡ ਫਲੋਰ 'ਤੇ ਬਣੇ 'ਪ੍ਰਾਰਥਨਾ ਸਥਾਨ' (ਪ੍ਰੇਅਰ ਹਾਲ) ਦੀ ਵਰਤੋਂ ਕਰਨ ਵਾਲਿਆਂ ਨੂੰ ਕਿਸੇ ਹੋਰ ਥਾਂ ਜਾਣ ਲਈ ਕਿਹਾ ਗਿਆ ਹੈ, ਤਾਂ ਜੋ ਸੜਕ ਚੌੜੀ ਕਰਨ ਦੇ ਕੰਮ ਲਈ ਇਸ ਖ਼ਤਰਨਾਕ ਇਮਾਰਤ ਨੂੰ ਹਟਾਇਆ ਜਾ ਸਕੇ।
ਦਾਊਦ ਇਬਰਾਹਿਮ ਨਾਲ ਜੁੜੀ ਇਸ ਇਮਾਰਤ ਦੇ ਆਖ਼ਰੀ ਹਿੱਸਿਆਂ ਨੂੰ ਢਾਹੁਣ ਦੇ ਕਦਮ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਕਾਰਨ ਕਾਨੂੰਨ-ਵਿਵਸਥਾ ਵਿਗੜਨ ਦੇ ਖ਼ਦਸ਼ੇ ਨੂੰ ਦੇਖਦਿਆਂ ਬੀਐੱਮਸੀ ਨੂੰ ਮੀਟਿੰਗਾਂ ਕਰਨੀਆਂ ਪਈਆਂ।
ਵਿਰੋਧੀ ਧਿਰ ਦਾ ਦੋਸ਼ : '140 ਸਾਲ ਪੁਰਾਣੀ ਮਸਜਿਦ 'ਤੇ ਗ਼ੈਰ-ਕਾਨੂੰਨੀ ਕਾਰਵਾਈ'
ਨਗਰ ਪ੍ਰਸ਼ਾਸਨ ਵੱਲੋਂ ਗਰਾਊਂਡ ਫਲੋਰ ਦੀ ਜਗ੍ਹਾ ਨੂੰ 'ਪ੍ਰਾਰਥਨਾ ਸਥਾਨ' ਦੱਸੇ ਜਾਣ 'ਤੇ ਵਿਰੋਧੀ ਪਾਰਟੀਆਂ ਅਤੇ ਸਥਾਨਕ ਲੋਕਾਂ ਨੇ ਸਖ਼ਤ ਇਤਰਾਜ਼ ਜਤਾਇਆ ਹੈ। AIMIM ਆਗੂ ਵਾਰਿਸ ਪਠਾਨ ਨੇ ਕਿਹਾ ਕਿ ਸੁਪਰੀਮ ਕੋਰਟ ਅਤੇ ਵਕਫ਼ ਟ੍ਰਿਬਿਊਨਲ ਦੇ ਸਟੇਅ ਆਰਡਰ ਦੇ ਬਾਵਜੂਦ ਇਹ ਨੋਟਿਸ ਜਾਰੀ ਕਰਨਾ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ 140 ਸਾਲ ਪੁਰਾਣੀ ਮਸਜਿਦ ਹੈ ਅਤੇ ਸਿਰਫ਼ ਮਸਜਿਦ ਹੋਣ ਕਾਰਨ ਇਸ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਸਕਦਾ। ਪਠਾਨ ਨੇ ਕਾਨੂੰਨੀ ਪੱਖ ਰੱਖਣ ਲਈ 15 ਦਿਨਾਂ ਦਾ ਸਮਾਂ ਮੰਗਿਆ ਹੈ।
ਕਾਂਗਰਸੀ ਵਿਧਾਇਕ ਅਮੀਨ ਪਟੇਲ ਨੇ ਦੋਸ਼ ਲਾਇਆ ਹੈ ਕਿ ਬੀਐੱਮਸੀ ਅਤੇ ਇਕ ਟਰੱਸਟ ਨੇ ਮਿਲ ਕੇ ਇਸ ਇਮਾਰਤ ਨੂੰ ਢਾਹੁਣ ਦੀ ਸਾਜ਼ਿਸ਼ ਰਚੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਅਤੇ ਵਕਫ਼ ਟ੍ਰਿਬਿਊਨਲ ਦੇ ਰੋਕ ਦੇ ਹੁਕਮਾਂ ਦੇ ਬਾਵਜੂਦ 7 ਜਾਂ 15 ਦਿਨਾਂ ਦਾ ਉਚਿਤ ਨੋਟਿਸ ਦਿੱਤੇ ਬਿਨਾਂ ਇਕਪਾਸੜ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਮਾਮਲਾ ਅਜੇ ਵੀ ਵਕਫ਼ ਟ੍ਰਿਬਿਊਨਲ 'ਚ ਵਿਚਾਰ ਅਧੀਨ ਹੈ।
ਇਸੇ ਇਮਾਰਤ 'ਚ ਰਚੀ ਗਈ ਸੀ 1993 ਦੇ ਮੁੰਬਈ ਧਮਾਕਿਆਂ ਦੀ ਸਾਜ਼ਿਸ਼
ਭਿੰਡੀ ਬਾਜ਼ਾਰ ਦੀ ਇਸ ਇਮਾਰਤ ਦੀ ਵਰਤੋਂ 1980 ਦੇ ਦਹਾਕੇ ਤੱਕ ਦਾਊਦ ਇਬਰਾਹਿਮ ਅਤੇ ਉਸ ਦੇ ਗਿਰੋਹ ਵੱਲੋਂ ਸ਼ੁਰੂਆਤੀ ਟਿਕਾਣੇ ਅਤੇ ਤਸਕਰੀ ਦੇ ਸਾਮਾਨ ਨੂੰ ਲੁਕਾਉਣ ਵਾਲੇ ਕੇਂਦਰ ਵਜੋਂ ਕੀਤੀ ਜਾਂਦੀ ਸੀ। 1986 'ਚ ਭਾਰਤ ਤੋਂ ਫ਼ਰਾਰ ਹੋਣ ਤੋਂ ਪਹਿਲਾਂ ਦਾਊਦ ਇਬਰਾਹਿਮ ਅਤੇ ਉਸ ਦਾ ਪਰਿਵਾਰ ਇਸੇ ਮੁਸਾਫਿਰਖਾਨੇ ਦੀ ਦੂਜੀ ਮੰਜ਼ਿਲ 'ਤੇ ਰਹਿੰਦਾ ਸੀ। ਇੱਥੇ ਹੀ ਦਾਊਦ ਦਾ ਨਿੱਜੀ ਕਮਰਾ ਅਤੇ ਦਫ਼ਤਰ ਸੀ, ਜਿੱਥੇ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੀ ਸਾਜ਼ਿਸ਼ ਰਚੀ ਗਈ ਸੀ।
ਦਾਊਦ ਦੇ ਦੇਸ਼ ਛੱਡਣ ਤੋਂ ਬਾਅਦ ਉਸ ਦੀ ਮਾਂ ਅਮੀਨਾ ਬੀ ਇੱਥੇ ਹੀ ਰਹੀ, ਜਦਕਿ ਬਾਅਦ ਦੇ ਸਾਲਾਂ 'ਚ ਉਸ ਦੇ ਭਰਾ ਇਕਬਾਲ ਕਾਸਕਰ ਵੱਲੋਂ ਵੀ ਇਸ ਥਾਂ ਦੀ ਵਰਤੋਂ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।
2020 ਤੋਂ ਜਾਰੀ ਹੈ ਇਮਾਰਤ ਨੂੰ ਢਾਹੁਣ ਦੀ ਕਾਰਵਾਈ
ਇਕ ਮੀਡੀਆ ਰਿਪੋਰਟ ਮੁਤਾਬਕ, ਕਦੇ ਇਸ ਇਮਾਰਤ ਦੇ ਗਰਾਊਂਡ ਫਲੋਰ 'ਤੇ 32 ਦੁਕਾਨਾਂ ਅਤੇ ਉੱਪਰਲੀਆਂ ਮੰਜ਼ਿਲਾਂ 'ਤੇ 19 ਰਿਹਾਇਸ਼ੀ ਫਲੈਟ ਹੁੰਦੇ ਸਨ। ਅਗਸਤ 2020 'ਚ ਬੰਬੇ ਹਾਈ ਕੋਰਟ ਦੇ ਹੁਕਮ ਤੋਂ ਬਾਅਦ, ਜਦੋਂ ਇਮਾਰਤ ਨੂੰ 'C-1' ਸ਼੍ਰੇਣੀ (ਬੇਹੱਦ ਖਸਤਾ ਅਤੇ ਖ਼ਤਰਨਾਕ) 'ਚ ਰੱਖਿਆ ਗਿਆ ਸੀ, ਬੀਐੱਮਸੀ ਨੇ ਇਸ ਨੂੰ ਖਾਲੀ ਕਰਵਾ ਕੇ ਉੱਪਰਲੀਆਂ ਮੰਜ਼ਿਲਾਂ ਨੂੰ ਅੰਸ਼ਕ ਤੌਰ 'ਤੇ ਢਾਹ ਦਿੱਤਾ ਸੀ।
ਦਾਊਦ ਵੱਲੋਂ ਵਰਤੇ ਜਾਂਦੇ ਪਹਿਲੀ ਅਤੇ ਦੂਜੀ ਮੰਜ਼ਿਲ ਦੇ ਮੁੱਖ ਕਮਰੇ ਪਹਿਲਾਂ ਹੀ ਢਾਹੇ ਜਾ ਚੁੱਕੇ ਹਨ। ਹੁਣ ਮੌਕੇ 'ਤੇ ਸਿਰਫ਼ ਗਰਾਊਂਡ ਫਲੋਰ ਦਾ ਵਿਵਾਦਤ ਹਿੱਸਾ ਅਤੇ ਪਹਿਲੀ ਮੰਜ਼ਿਲ ਦੇ ਕਰੀਬ 10 ਕਮਰੇ ਹੀ ਬਚੇ ਹਨ। ਜ਼ਿਕਰਯੋਗ ਹੈ ਕਿ 1993 ਦੇ ਧਮਾਕਿਆਂ ਤੋਂ ਬਾਅਦ ਸਰਕਾਰ ਨੇ 'ਸਫ਼ੇਮਾ' (SAFEMA) ਕਾਨੂੰਨ ਤਹਿਤ ਦਾਊਦ ਦੇ ਪਰਿਵਾਰ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਦਾਊਦ ਦੀ ਮਾਂ ਅਮੀਨਾ ਬੀ ਅਤੇ ਭੈਣ ਹਸੀਨਾ ਪਾਰਕਰ ਨੇ ਇਸ ਕਾਰਵਾਈ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ, ਪਰ 20 ਅਪ੍ਰੈਲ 2018 ਨੂੰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਖਾਰਜ ਕਰਦਿਆਂ ਸਰਕਾਰ ਨੂੰ ਮੁੰਬਈ ਸਥਿਤ ਜਾਇਦਾਦਾਂ ਜ਼ਬਤ ਕਰਨ ਦਾ ਹੁਕਮ ਦਿੱਤਾ ਸੀ।