ਹਰਿਆਣਾ 'ਚ ਹਾਹਾਕਾਰ ! 40 ਹਜ਼ਾਰ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਹਨੇੇਰੇ 'ਚ ਡੁੱਬੇ ਸ਼ਹਿਰ, ਅਨਿਲ ਵਿਜ ਨੇ ਗੱਲਬਾਤ ਲਈ ਭੇਜਿਆ ਸੱਦਾ
ਹਰਿਆਣਾ ਦੇ ਹਾਲਾਤ ਨੂੰ ਦੇਖਦਿਆਂ ਊਰਜਾ ਅਤੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਸੋਸ਼ਲ ਮੀਡੀਆ ਦੇ ਐਕਸ ਪਲੇਟਫਾਰਮ ਰਾਹੀਂ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਹੜਤਾਲ ਖ਼ਤਮ ਕਰਕੇ ਡਿਊਟੀ 'ਤੇ ਪਰਤ ਆਉਣ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਰਕਾਰ ਸਾਰੇ ਵਿਕਲਪਾਂ 'ਤੇ ਗੱਲਬਾਤ ਕਰਨ ਲਈ ਤਿਆਰ ਹੈ। ਇਸ 'ਚ ਬਿਜਲੀ ਐਕਟ, 2003 ਦੀ ਧਾਰਾ 108 ਤਹਿਤ ਕਾਰਵਾਈ ਕਰਨਾ ਵੀ ਸ਼ਾਮਲ ਹੈ।
Publish Date: Fri, 23 Oct 2026 09:48 AM (IST)
Updated Date: Fri, 23 Oct 2026 09:50 AM (IST)
ਜਾਗਰਣ ਟੀਮ, ਪਾਣੀਪਤ : ਨਿੱਜੀ ਕੰਪਨੀ ਨੂੰ ਸਮਾਨਾਂਤਰ ਬਿਜਲੀ ਵੰਡ ਲਾਇਸੈਂਸ ਦੇਣ ਦੇ ਵਿਰੋਧ 'ਚ ਸੂਬੇ ਦੇ ਲਗਪਗ 40 ਹਜ਼ਾਰ ਬਿਜਲੀ ਮੁਲਾਜ਼ਮ ਅਤੇ ਇੰਜੀਨੀਅਰ ਤਿੰਨ ਦਿਨਾਂ ਦੀ ਹੜਤਾਲ 'ਤੇ ਚਲੇ ਗਏ ਹਨ। ਪਹਿਲੇ ਹੀ ਦਿਨ ਬਿਜਲੀ ਪ੍ਰਬੰਧਾਂ ਨੂੰ ਸੰਭਾਲਣ ਲਈ ਕੀਤੇ ਗਏ ਪ੍ਰਸ਼ਾਸਨਿਕ ਇੰਤਜ਼ਾਮਾਂ ਦੀ ਹਕੀਕਤ ਸਾਹਮਣੇ ਆ ਗਈ।
ਸ਼ੁੱਕਰਵਾਰ ਨੂੰ ਹਰਿਆਣਾ ਦੇ ਹਾਲਾਤ ਨੂੰ ਦੇਖਦਿਆਂ ਊਰਜਾ ਅਤੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਸੋਸ਼ਲ ਮੀਡੀਆ ਦੇ ਐਕਸ ਪਲੇਟਫਾਰਮ ਰਾਹੀਂ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਹੜਤਾਲ ਖ਼ਤਮ ਕਰਕੇ ਡਿਊਟੀ 'ਤੇ ਪਰਤ ਆਉਣ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਰਕਾਰ ਸਾਰੇ ਵਿਕਲਪਾਂ 'ਤੇ ਗੱਲਬਾਤ ਕਰਨ ਲਈ ਤਿਆਰ ਹੈ। ਇਸ 'ਚ ਬਿਜਲੀ ਐਕਟ, 2003 ਦੀ ਧਾਰਾ 108 ਤਹਿਤ ਕਾਰਵਾਈ ਕਰਨਾ ਵੀ ਸ਼ਾਮਲ ਹੈ।
ਸ਼ਹਿਰਾਂ 'ਚ ਬੱਤੀ ਰਹੀ ਗੁੱਲ
ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਬਿਜਲੀ ਦੀਆਂ ਤਕਨੀਕੀ ਖ਼ਰਾਬੀਆਂ ਦੂਰ ਕਰਨ ਲਈ ਮੁਲਾਜ਼ਮ ਨਹੀਂ ਮਿਲੇ ਅਤੇ ਸ਼ਿਕਾਇਤਾਂ ਦਾ ਢੇਰ ਲੱਗਦਾ ਗਿਆ। ਕਈ ਇਲਾਕਿਆਂ 'ਚ ਰਾਤ ਭਰ ਬਿਜਲੀ ਬੰਦ ਰਹਿਣ ਕਾਰਨ ਪੀਣ ਵਾਲੇ ਪਾਣੀ ਦਾ ਸੰਕਟ ਵੀ ਡੂੰਘਾ ਹੋ ਗਿਆ।
ਕਰਨਾਲ ਦੇ ਨਿਸਿੰਗ ਅਤੇ ਫਰੀਦਾਬਾਦ ਦੇ ਐੱਨਆਈਟੀ 'ਚ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਰੋਸ ਪ੍ਰਗਟਾਇਆ। ਕੁਰੂਕਸ਼ੇਤਰ ਦੇ ਇਸਮਾਈਲਾਬਾਦ 'ਚ ਵੀਰਵਾਰ ਸ਼ਾਮ 7 ਵਜੇ ਲੋਕਾਂ ਨੇ ਅੰਬਾਲਾ-ਹਿਸਾਰ ਕੌਮੀ ਰਾਜਮਾਰਗ-65 ਜਾਮ ਕਰ ਦਿੱਤਾ।
ਪ੍ਰਸ਼ਾਸਨ ਨੇ ਬਿਜਲੀ ਘਰਾਂ 'ਤੇ ਪੁਲਿਸ ਤਾਇਨਾਤ ਕਰਨ ਦੇ ਨਾਲ-ਨਾਲ ਹੋਰ ਵਿਭਾਗਾਂ ਦੇ ਮੁਲਾਜ਼ਮਾਂ, ਆਈਟੀਆਈ ਦੇ ਵਿਦਿਆਰਥੀਆਂ ਅਤੇ ਠੇਕੇਦਾਰਾਂ ਦੇ ਕਰਮਚਾਰੀਆਂ ਦੀ ਮਦਦ ਲਈ। ਪਰ ਤਕਨੀਕੀ ਮੁਹਾਰਤ ਦੀ ਘਾਟ ਕਾਰਨ ਬਦਲਵੇਂ ਪ੍ਰਬੰਧ ਵੀ ਬੇਅਸਰ ਸਾਬਤ ਹੋਏ।
ਸੂਬੇ ਦੇ ਊਰਜਾ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਸਰਕਾਰ ਕਮਿਸ਼ਨ ਦੇ ਹੁਕਮ ਨੂੰ ਚੁਣੌਤੀ ਦੇਣ ਲਈ ਬਿਜਲੀ ਅਪੀਲੀ ਟ੍ਰਿਬਿਊਨਲ 'ਚ ਅਪੀਲ ਕਰੇਗੀ।
ਜ਼ਿਲ੍ਹਿਆਂ 'ਚ ਲੋਕ ਹੋਏ ਪ੍ਰੇਸ਼ਾਨ
- ਹਿਸਾਰ: ਸਰਕਲ ਦੇ 355 ਇਲਾਕਿਆਂ 'ਚ 23 ਘੰਟਿਆਂ ਤੋਂ ਬਿਜਲੀ ਸਪਲਾਈ ਠੱਪ ਰਹੀ। ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ 97 ਫ਼ੀਸਦੀ ਸਟਾਫ਼ ਹੜਤਾਲ 'ਤੇ ਰਿਹਾ। ਮੁਲਾਜ਼ਮ ਆਗੂਆਂ ਨੇ ਦਾਅਵਾ ਕੀਤਾ ਕਿ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਨੂੰ ਇੱਕ ਦਿਨ 'ਚ 27 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
- ਰੋਹਤਕ: ਮਹਿਮ ਅਤੇ ਸਾਂਪਲਾ ਦੇ ਜ਼ਿਆਦਾਤਰ ਪਿੰਡਾਂ 'ਚ ਅੱਧੀ ਰਾਤ ਤੋਂ ਹਨੇਰਾ ਛਾਇਆ ਰਿਹਾ। ਵੀਰਵਾਰ ਦੁਪਹਿਰ ਢਾਈ ਵਜੇ ਤੱਕ ਹੀ 800 ਤੋਂ ਵੱਧ ਸ਼ਿਕਾਇਤਾਂ ਪਹੁੰਚ ਗਈਆਂ ਸਨ। ਉਦਯੋਗਿਕ ਖੇਤਰ ਦੀ ਸਿਟੀ ਲਾਈਨ ਬੰਦ ਹੋਣ ਕਾਰਨ ਸੱਤ ਕਾਲੋਨੀਆਂ ਦੀ ਬਿਜਲੀ ਸਪਲਾਈ ਠੱਪ ਹੋ ਗਈ।
- ਸਿਰਸਾ: ਕਾਲਾਂਵਾਲੀ ਅਤੇ ਨਾਥੂਸਰੀ ਚੋਪਟਾ 'ਚ ਰਾਤ ਤੋਂ ਹੀ ਬਿਜਲੀ ਸਪਲਾਈ ਬੰਦ ਰਹੀ। ਨਿਗਮ ਨੇ ਠੇਕੇਦਾਰ ਦੇ 20 ਕਰਮਚਾਰੀ ਅਤੇ ਆਈਟੀਆਈ ਦੇ 176 ਅਪ੍ਰੈਂਟਿਸ ਕੰਮ 'ਤੇ ਲਗਾਏ।
- ਹਾਂਸੀ: 12 ਸਬ-ਸਟੇਸ਼ਨਾਂ ਅਤੇ ਫੀਡਰਾਂ ਨਾਲ ਜੁੜੇ ਇਲਾਕਿਆਂ 'ਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਤਿੰਨ ਇਲਾਕਿਆਂ 'ਚ ਪਾਣੀ ਦੀ ਸਪਲਾਈ ਨਹੀਂ ਹੋ ਸਕੀ। ਸੱਤ ਬਿਜਲੀ ਕੇਂਦਰਾਂ 'ਤੇ 56 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ।
- ਝੱਜਰ: ਸ਼ਹਿਰ ਦੇ 23 'ਚੋਂ 10 ਫੀਡਰ ਬ੍ਰੇਕਡਾਊਨ ਰਹੇ। ਪ੍ਰਸ਼ਾਸਨ ਨੇ ਹਾਲਾਤ ਸੰਭਾਲਣ ਲਈ 132 ਤਕਨੀਕੀ ਮੁਲਾਜ਼ਮ ਉਪਲਬਧ ਕਰਵਾਏ।
- ਫਤਿਹਾਬਾਦ: 73 'ਚੋਂ 21 ਸਬ-ਸਟੇਸ਼ਨ ਬੰਦ ਰਹੇ। ਟੋਹਾਣਾ ਦੇ 132 ਕੇਵੀ ਸਬ-ਸਟੇਸ਼ਨ 'ਚ ਧਮਾਕਾ ਹੋਣ ਕਾਰਨ ਅੱਧੇ ਸ਼ਹਿਰ ਦੀ ਬਿਜਲੀ ਗੁੱਲ ਹੋ ਗਈ।