'ਕਿਤਾਬ ਦਾ ਨਾਂ ਬਿਲੌਂਗਿੰਗ ਨਹੀਂ, ਵ੍ਹਾਈਟਵਾਸ਼ਿੰਗ ਹੋਣਾ ਚਾਹੀਦਾ ਸੀ', ਸੋਨੀਆ ਗਾਂਧੀ ਦੀ ਕਿਤਾਬ 'ਤੇ ਭਾਜਪਾ ਦਾ ਤਿੱਖਾ ਤਨਜ਼
ਕਿਤਾਬ 'ਚ ਬਾਬਰੀ ਮਸਜਿਦ ਢਾਹੇ ਜਾਣ 'ਤੇ ਸੋਨੀਆ ਗਾਂਧੀ ਵੱਲੋਂ ਹੰਝੂ ਵਹਾਉਣ ਦੇ ਜ਼ਿਕਰ 'ਤੇ ਸਵਾਲ ਚੁੱਕਦਿਆਂ ਭਾਜਪਾ ਦੇ ਬੁਲਾਰੇ ਨੇ ਪੁੱਛਿਆ ਕਿ ਕੀ ਉਨ੍ਹਾਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਲਈ ਕਦੇ ਇਕ ਵੀ ਹੰਝੂ ਵਹਾਇਆ ਸੀ? ਕੇਸ਼ਵਨ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਨਕਾਲ ਦੌਰਾਨ ਗੁਰਦੁਆਰਿਆਂ 'ਤੇ ਹਮਲੇ ਹੋਏ ਤੇ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਪਰ ਉਸ ਤ੍ਰਾਸਦੀ 'ਤੇ ਗਾਂਧੀ ਪਰਿਵਾਰ ਖ਼ਾਮੋਸ਼ ਰਿਹਾ।
Publish Date: Tue, 10 Nov 2026 03:52 PM (IST)
Updated Date: Tue, 10 Nov 2026 04:16 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਨਵੀਂ ਸਵੈ-ਜੀਵਨੀ 'ਬਿਲੌਂਗਿੰਗ : ਅ ਜਰਨੀ ਆਫ਼ ਲਵ' ਦੇ ਬਾਜ਼ਾਰ 'ਚ ਆਉਂਦੇ ਹੀ ਸਿਆਸੀ ਘਮਸਾਨ ਸ਼ੁਰੂ ਹੋ ਗਿਆ ਹੈ। ਭਾਜਪਾ ਨੇ ਇਸ ਕਿਤਾਬ ਨੂੰ ਲੈ ਕੇ ਸੋਨੀਆ ਗਾਂਧੀ 'ਤੇ ਤਿੱਖਾ ਹਮਲਾ ਬੋਲਿਆ ਹੈ। ਭਾਜਪਾ ਦੇ ਬੁਲਾਰੇ ਸੀਆਰ ਕੇਸ਼ਵਨ ਨੇ ਦੋਸ਼ ਲਾਇਆ ਕਿ ਇਸ ਕਿਤਾਬ ਦਾ ਮਕਸਦ ਨਹਿਰੂ-ਗਾਂਧੀ ਪਰਿਵਾਰ ਤੇ ਕਾਂਗਰਸ ਦੀਆਂ ਇਤਿਹਾਸਕ ਗ਼ਲਤੀਆਂ 'ਤੇ ਪਰਦਾ ਪਾਉਣਾ ਯਾਨੀ ਉਨ੍ਹਾਂ ਨੂੰ ਵ੍ਹਾਈਟਵਾਸ਼ ਕਰਨਾ ਹੈ। ਕੇਸ਼ਵਨ ਨੇ ਸੋਸ਼ਲ ਮੀਡੀਆ ਮੰਚ ਐਕਸ 'ਤੇ ਲੜੀਵਾਰ ਪੋਸਟਾਂ ਕਰਦਿਆਂ ਕਿਹਾ ਕਿ ਇਸ ਕਿਤਾਬ ਦਾ ਸਿਰਲੇਖ 'ਬਿਲੌਂਗਿੰਗ' ਦੀ ਬਜਾਏ 'ਵ੍ਹਾਈਟਵਾਸ਼ਿੰਗ' ਹੋਣਾ ਚਾਹੀਦਾ ਸੀ ਕਿਉਂਕਿ ਇਸ 'ਚ ਕਾਂਗਰਸ ਦੇ ਇਤਿਹਾਸਕ ਪਾਪਾਂ ਅਤੇ ਗ਼ਲਤੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਬਾਬਰੀ, 1984 ਦੇ ਸਿੱਖ ਦੰਗਿਆਂ ਤੇ 26/11 'ਤੇ ਚੁੱਕੇ ਸਵਾਲ
ਕਿਤਾਬ 'ਚ ਬਾਬਰੀ ਮਸਜਿਦ ਢਾਹੇ ਜਾਣ 'ਤੇ ਸੋਨੀਆ ਗਾਂਧੀ ਵੱਲੋਂ ਹੰਝੂ ਵਹਾਉਣ ਦੇ ਜ਼ਿਕਰ 'ਤੇ ਸਵਾਲ ਚੁੱਕਦਿਆਂ ਭਾਜਪਾ ਦੇ ਬੁਲਾਰੇ ਨੇ ਪੁੱਛਿਆ ਕਿ ਕੀ ਉਨ੍ਹਾਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਲਈ ਕਦੇ ਇਕ ਵੀ ਹੰਝੂ ਵਹਾਇਆ ਸੀ? ਕੇਸ਼ਵਨ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਨਕਾਲ ਦੌਰਾਨ ਗੁਰਦੁਆਰਿਆਂ 'ਤੇ ਹਮਲੇ ਹੋਏ ਤੇ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਪਰ ਉਸ ਤ੍ਰਾਸਦੀ 'ਤੇ ਗਾਂਧੀ ਪਰਿਵਾਰ ਖ਼ਾਮੋਸ਼ ਰਿਹਾ। ਉਨ੍ਹਾਂ ਬਾਟਲਾ ਹਾਊਸ ਮੁਕਾਬਲੇ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਸੋਨੀਆ ਗਾਂਧੀ ਮੁਲਜ਼ਮਾਂ ਲਈ ਭਾਵੁਕ ਹੋ ਗਏ ਸਨ, ਪਰ ਕੀ ਉਨ੍ਹਾਂ ਨੇ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦ ਹੋਣ ਵਾਲੇ ਸੀਆਰਪੀਐੱਫ ਦੇ ਬਹਾਦਰ ਜਵਾਨਾਂ ਲਈ ਕਦੇ ਹਮਦਰਦੀ ਜਤਾਈ?
ਇਸ ਤੋਂ ਇਲਾਵਾ, ਕੇਸ਼ਵਨ ਨੇ 2008 ਦੇ ਮੁੰਬਈ 26/11 ਅੱਤਵਾਦੀ ਹਮਲਿਆਂ ਦਾ ਜ਼ਿਕਰ ਕਰਦਿਆਂ ਪੁੱਛਿਆ ਕਿ ਕੀ ਇਹ ਸਵੈ-ਜੀਵਨੀ ਦੱਸੇਗੀ ਕਿ ਬੇਗੁਨਾਹ ਲੋਕਾਂ ਦੀ ਮੌਤ ਤੋਂ ਬਾਅਦ ਤਤਕਾਲੀ ਯੂਪੀਏ ਸਰਕਾਰ ਨੇ ਪਾਕਿਸਤਾਨ ਖ਼ਿਲਾਫ਼ ਸਖ਼ਤ ਜਵਾਬੀ ਕਾਰਵਾਈ ਕਿਉਂ ਨਹੀਂ ਕੀਤੀ।
ਐਮਰਜੈਂਸੀ ਨੂੰ ਸਹੀ ਠਹਿਰਾਉਣ ਤੇ ਨਟਵਰ ਸਿੰਘ ਨਾਲ ਮੁਲਾਕਾਤ 'ਤੇ ਘੇਰਿਆ
ਭਾਜਪਾ ਦੇ ਬੁਲਾਰੇ ਨੇ 1975 'ਚ ਇੰਦਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ ਬਾਰੇ ਸੋਨੀਆ ਗਾਂਧੀ ਦੇ ਰੁਖ਼ ਦੀ ਵੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜਿਸ ਐਮਰਜੈਂਸੀ ਨੇ ਦੇਸ਼ ਦੇ ਸੰਵਿਧਾਨ ਦਾ ਕਤਲ ਕੀਤਾ ਤੇ ਨਾਗਰਿਕਾਂ ਦੇ ਬੁਨਿਆਦੀ ਅਧਿਕਾਰ ਖੋਹ ਲਏ, ਉਸ ਨੂੰ ਜਾਇਜ਼ ਠਹਿਰਾਉਣਾ ਤੇ ਆਮ ਘਟਨਾ ਵਜੋਂ ਪੇਸ਼ ਕਰਨਾ ਬੇਹੱਦ ਹੈਰਾਨੀਜਨਕ ਅਤੇ ਨਿੰਦਣਯੋਗ ਹੈ।
ਕੇਸ਼ਵਨ ਨੇ ਸਾਬਕਾ ਵਿਦੇਸ਼ ਮੰਤਰੀ ਕੇ. ਨਟਵਰ ਸਿੰਘ ਦੀ 2014 'ਚ ਆਈ ਸਵੈ-ਜੀਵਨੀ 'ਵਨ ਲਾਈਫ ਇਜ਼ ਨਾਟ ਇਨਫ' ਦਾ ਹਵਾਲਾ ਦਿੰਦਿਆਂ ਪੁੱਛਿਆ ਕਿ ਉਨ੍ਹਾਂ ਦੀ ਕਿਤਾਬ ਆਉਣ ਤੋਂ ਪਹਿਲਾਂ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਅਚਾਨਕ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਘਰ ਕਿਉਂ ਗਈਆਂ ਸਨ? ਉਨ੍ਹਾਂ ਸਵਾਲ ਕੀਤਾ ਕਿ ਸਾਢੇ ਅੱਠ ਸਾਲਾਂ ਬਾਅਦ ਹੋਈ ਉਸ ਮੁਲਾਕਾਤ ਪਿੱਛੇ ਕੀ ਡਰ ਸੀ ਅਤੇ ਕੀ ਇਸ ਕਿਤਾਬ 'ਚ ਮਈ 2004 'ਚ ਯੂਪੀਏ ਸਰਕਾਰ ਬਣਨ ਸਮੇਂ ਦੇ ਪੂਰੇ ਘਟਨਾਕ੍ਰਮ ਦੀ ਸੱਚਾਈ ਸਾਹਮਣੇ ਆਵੇਗੀ?
'ਸਹਿਮਤੀ ਨਾ ਮਿਲਣ ਕਾਰਨ ਛੱਡਿਆ ਸੀ ਪ੍ਰਧਾਨ ਮੰਤਰੀ ਦਾ ਅਹੁਦਾ'
ਭਾਜਪਾ ਦੇ ਨਾਲ-ਨਾਲ ਐੱਨਡੀਏ ਦੇ ਹੋਰ ਆਗੂਆਂ ਨੇ ਵੀ ਸੋਨੀਆ ਗਾਂਧੀ ਨੂੰ ਨਿਸ਼ਾਨੇ 'ਤੇ ਲਿਆ। ਜਨਤਾ ਦਲ (ਯੂ) ਦੇ ਸੰਸਦ ਮੈਂਬਰ ਸੰਜੇ ਕੁਮਾਰ ਝਾਅ ਨੇ 2004 'ਚ ਸੋਨੀਆ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਦਾ ਅਹੁਦਾ ਠੁਕਰਾਉਣ ਦੇ ਦਾਅਵੇ 'ਤੇ ਸਵਾਲ ਚੁੱਕਿਆ। ਉਨ੍ਹਾਂ ਕਿਹਾ ਕਿ ਸਮਰਥਨ ਜੁਟਾਉਣ ਦੌਰਾਨ ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਯਾਦਵ ਨੇ ਉਨ੍ਹਾਂ ਦੇ ਨਾਂ 'ਤੇ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ, ਨਹੀਂ ਤਾਂ ਪ੍ਰਧਾਨ ਮੰਤਰੀ ਬਣਨ ਦੀ ਪੂਰੀ ਤਿਆਰੀ ਸੀ।
ਉੱਧਰ, ਭਾਜਪਾ ਦੇ ਸੰਸਦ ਮੈਂਬਰ ਰਾਹੁਲ ਸਿਨ੍ਹਾ ਨੇ ਕਿਹਾ ਕਿ ਸੋਨੀਆ ਗਾਂਧੀ ਦੇ ਲਿਖਣ ਨਾਲ ਕੋਈ ਫ਼ਰਕ ਨਹੀਂ ਪੈਂਦਾ ਤੇ ਇਸ ਕਿਤਾਬ ਨੂੰ ਕੋਈ ਪੜ੍ਹਨ ਵਾਲਾ ਨਹੀਂ ਹੈ। ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਨੇ ਦਾਅਵਾ ਕੀਤਾ ਕਿ ਤਤਕਾਲੀ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੇ ਸੋਨੀਆ ਗਾਂਧੀ ਦੇ ਵਿਦੇਸ਼ੀ ਮੂਲ ਕਾਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਉਣ ਤੋਂ ਇਨਕਾਰ ਕਰ ਦਿੱਤਾ ਸੀ। ਬਾਅਦ 'ਚ ਇਸ ਘਟਨਾ ਨੂੰ ਤਿਆਗ ਦਾ ਰੂਪ ਦੇ ਦਿੱਤਾ ਗਿਆ।
ਕੀ ਹੈ ਸੋਨੀਆ ਗਾਂਧੀ ਦੀ ਸਵੈ-ਜੀਵਨੀ 'ਚ?
'ਬਿਲੌਂਗਿੰਗ : ਅ ਜਰਨੀ ਆਫ਼ ਲਵ' ਸਿਰਲੇਖ ਵਾਲੀ ਇਸ ਸਵੈ-ਜੀਵਨੀ 'ਚ ਸੋਨੀਆ ਗਾਂਧੀ ਦੇ ਇਟਲੀ 'ਚ ਬੀਤੇ ਬਚਪਨ, ਕੈਂਬ੍ਰਿਜ 'ਚ ਰਾਜੀਵ ਗਾਂਧੀ ਨਾਲ ਮੁਲਾਕਾਤ ਤੇ ਭਾਰਤ 'ਚ ਉਨ੍ਹਾਂ ਦੇ ਪਰਿਵਾਰਕ ਤੇ ਸਿਆਸੀ ਜੀਵਨ ਦਾ ਵੇਰਵਾ ਦਿੱਤਾ ਗਿਆ ਹੈ। ਕਿਤਾਬ 'ਚ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਬੇਰਹਿਮੀ ਨਾਲ ਕਤਲ ਦੇ ਦੌਰ ਦਾ ਵੀ ਜ਼ਿਕਰ ਹੈ।
ਇਸ ਤੋਂ ਇਲਾਵਾ, ਕਿਤਾਬ 'ਚ 2004 'ਚ ਯੂਪੀਏ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਅਹੁਦਾ ਨਾ ਲੈਣ ਸਬੰਧੀ ਅੰਦਰੂਨੀ ਦੁਚਿੱਤੀ, ਕਾਂਗਰਸੀ ਆਗੂਆਂ ਨਾਲ ਹੋਈ ਚਰਚਾ ਅਤੇ ਪੁੱਤਰ ਰਾਹੁਲ ਗਾਂਧੀ ਨਾਲ ਆਖ਼ਰੀ ਗੱਲਬਾਤ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਸੋਨੀਆ ਗਾਂਧੀ ਨੇ ਗਾਂਧੀ ਪਰਿਵਾਰ ਦੀ ਨਵੀਂ ਨੂੰਹ ਵਜੋਂ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਗੁੱਸੇ ਅਤੇ ਅਨੁਸ਼ਾਸਨ ਨਾਲ ਜੁੜੇ ਕੁਝ ਅਣਸੁਣੇ ਕਿੱਸੇ ਵੀ ਸਾਂਝੇ ਕੀਤੇ ਹਨ।