'ਭਾਰਤ ਦੇ ਮੀਰ ਜਾਫ਼ਰ...', ਅਮਰੀਕਾ 'ਚ ਰਾਹੁਲ ਗਾਂਧੀ ਦੇ ਬਿਆਨਾਂ 'ਤੇ ਭਾਜਪਾ ਦਾ ਪਲਟਵਾਰ, ਵਿਦੇਸ਼ੀ ਧਰਤੀ 'ਤੇ ਦੇਸ਼ ਨੂੰ ਬਦਨਾਮ ਕਰਨ ਦੇ ਲਾਏ ਦੋਸ਼
ਰਾਹੁਲ ਗਾਂਧੀ ਨੇ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ 'ਚ ਇਕ ਪ੍ਰੋਗਰਾਮ ਦੌਰਾਨ ਅਰਥਵਿਵਸਥਾ, ਬੇਰੁਜ਼ਗਾਰੀ ਅਤੇ ਸਿੱਖਿਆ ਨੂੰ ਲੈ ਕੇ ਸਵਾਲ ਉਠਾਏ ਸਨ। ਰਾਹੁਲ ਦੀਆਂ ਇਨ੍ਹਾਂ ਟਿੱਪਣੀਆਂ 'ਤੇ ਬੁੱਧਵਾਰ ਨੂੰ ਭਾਜਪਾ ਆਗੂਆਂ ਨੇ ਸਖ਼ਤ ਇਤਰਾਜ਼ ਜਤਾਇਆ। ਭਾਜਪਾ ਆਗੂਆਂ ਨੇ ਉਨ੍ਹਾਂ 'ਤੇ ਵਿਦੇਸ਼ 'ਚ 'ਭਾਰਤ ਵਿਰੋਧੀ ਪ੍ਰਚਾਰ' ਫੈਲਾਉਣ ਦਾ ਦੋਸ਼ ਵੀ ਲਾਇਆ।
Publish Date: Wed, 18 Nov 2026 02:06 PM (IST)
Updated Date: Wed, 18 Nov 2026 02:12 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਭਾਰਤੀ ਅਰਥਵਿਵਸਥਾ, ਬੇਰੁਜ਼ਗਾਰੀ ਅਤੇ ਸਿੱਖਿਆ ਪ੍ਰਣਾਲੀ 'ਤੇ ਚੁੱਕੇ ਗਏ ਸਵਾਲਾਂ ਨੂੰ ਲੈ ਕੇ ਭਾਜਪਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਭਾਜਪਾ ਨੇ ਰਾਹੁਲ ਗਾਂਧੀ ਨੂੰ ਭਾਰਤ ਦਾ 'ਮੀਰ ਜਾਫ਼ਰ' ਤਕ ਕਰਾਰ ਦੇ ਦਿੱਤਾ ਹੈ।
ਰਾਹੁਲ ਗਾਂਧੀ ਨੇ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ 'ਚ ਇਕ ਪ੍ਰੋਗਰਾਮ ਦੌਰਾਨ ਅਰਥਵਿਵਸਥਾ, ਬੇਰੁਜ਼ਗਾਰੀ ਅਤੇ ਸਿੱਖਿਆ ਨੂੰ ਲੈ ਕੇ ਸਵਾਲ ਉਠਾਏ ਸਨ। ਰਾਹੁਲ ਦੀਆਂ ਇਨ੍ਹਾਂ ਟਿੱਪਣੀਆਂ 'ਤੇ ਬੁੱਧਵਾਰ ਨੂੰ ਭਾਜਪਾ ਆਗੂਆਂ ਨੇ ਸਖ਼ਤ ਇਤਰਾਜ਼ ਜਤਾਇਆ। ਭਾਜਪਾ ਆਗੂਆਂ ਨੇ ਉਨ੍ਹਾਂ 'ਤੇ ਵਿਦੇਸ਼ 'ਚ 'ਭਾਰਤ ਵਿਰੋਧੀ ਪ੍ਰਚਾਰ' ਫੈਲਾਉਣ ਦਾ ਦੋਸ਼ ਵੀ ਲਾਇਆ।
ਕੀ ਸੀ ਰਾਹੁਲ ਗਾਂਧੀ ਦਾ ਬਿਆਨ?
ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਭਾਰਤ ਆਰਥਿਕ ਸੰਕਟ ਵੱਲ ਵਧ ਰਿਹਾ ਹੈ। ਇਸ ਲਈ ਉਨ੍ਹਾਂ ਨੇ ਭਾਰਤੀ ਨੌਜਵਾਨਾਂ 'ਚ ਫੈਲੀ ਬੇਰੁਜ਼ਗਾਰੀ ਅਤੇ ਸਿੱਖਿਆ ਪ੍ਰਣਾਲੀ ਦੀਆਂ ਸਮੱਸਿਆਵਾਂ ਦਾ ਹਵਾਲਾ ਦਿੱਤਾ ਸੀ। ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਰਾਹੁਲ ਨੂੰ ਗੈਰ-ਪਰਿਪੱਕ ਅਤੇ ਭਾਰਤ ਵਿਰੋਧੀ ਕਰਾਰ ਦਿੱਤਾ।
ਵਿਦੇਸ਼ੀ ਧਰਤੀ 'ਤੇ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼
ਭਾਟੀਆ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਵਿਦੇਸ਼ੀ ਧਰਤੀ 'ਤੇ ਦੇਸ਼ ਨੂੰ ਬਦਨਾਮ ਕਰਨ ਲਈ ਦਿੱਤੇ ਗਏ ਬੇਬੁਨਿਆਦ, ਝੂਠੇ ਅਤੇ ਭਾਰਤ ਵਿਰੋਧੀ ਬਿਆਨਾਂ ਕਾਰਨ ਹਰ ਭਾਰਤੀ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਗੈਰ-ਪਰਿਪੱਕ ਦੱਸਦਿਆਂ ਕਿਹਾ ਕਿ ਉਹ ਭਾਰਤ ਵਿਰੋਧੀ ਹਨ ਅਤੇ ਭਾਰਤ ਦੇ 'ਮੀਰ ਜਾਫ਼ਰ' ਹਨ।
ਵਿਦੇਸ਼ੀ ਆਕਾਵਾਂ ਤੋਂ ਨਿਰਦੇਸ਼ ਲੈਣ ਦਾ ਦੋਸ਼
ਭਾਟੀਆ ਨੇ ਇਹ ਵੀ ਕਿਹਾ ਕਿ ਰਾਹੁਲ ਸੰਸਦ ਦੇ ਹਰ ਸੈਸ਼ਨ ਤੋਂ ਪਹਿਲਾਂ ਵਿਦੇਸ਼ ਜਾਂਦੇ ਹਨ। ਇਸ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਕੀ ਉਹ ਆਪਣੇ ਵਿਦੇਸ਼ੀ ਆਕਾਵਾਂ ਤੋਂ ਨਿਰਦੇਸ਼ ਲੈਣ ਜਾਂਦੇ ਹਨ? ਇਸ ਤੋਂ ਪਹਿਲਾਂ ਭਾਜਪਾ ਦੇ ਕੌਮੀ ਬੁਲਾਰੇ ਪ੍ਰਦੀਪ ਭੰਡਾਰੀ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਰਾਹੀਂ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਸੀ ਅਤੇ ਉਨ੍ਹਾਂ ਨੂੰ ਭਾਰਤ ਵਿਰੋਧੀ ਆਗੂ ਕਰਾਰ ਦਿੱਤਾ ਸੀ।
ਭਾਰਤ ਦਾ ਅਕਸ ਖ਼ਰਾਬ ਕਰਨ ਲਈ ਵਿਦੇਸ਼ ਜਾਂਦੇ ਹਨ ਰਾਹੁਲ
ਭਾਜਪਾ ਦੇ ਕੌਮੀ ਬੁਲਾਰੇ ਸੀ.ਆਰ. ਕੇਸ਼ਵਨ ਨੇ ਵੀ ਰਾਹੁਲ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਰਾਹੁਲ ਗਾਂਧੀ ਵਿਦੇਸ਼ ਦੌਰੇ 'ਤੇ ਜਾਂਦੇ ਹਨ ਤਾਂ ਉਹ ਭਾਰਤ ਦੀ ਛਵੀ ਖ਼ਰਾਬ ਕਰਨ ਦਾ ਕੰਮ ਕਰਦੇ ਹਨ। ਨਿਊਜ਼ ਏਜੰਸੀ ਏਐੱਨਆਈ ਮੁਤਾਬਕ, ਕੇਸ਼ਵਨ ਨੇ ਕਿਹਾ, 'ਜਦੋਂ ਵੀ ਰਾਹੁਲ ਗਾਂਧੀ ਵਿਦੇਸ਼ ਜਾਂਦੇ ਹਨ ਤਾਂ ਉਹ ਆਪਣੇ ਜ਼ਹਿਰੀਲੇ ਝੂਠਾਂ ਰਾਹੀਂ ਭਾਰਤ ਦੀ ਛਵੀ ਖ਼ਰਾਬ ਕਰਨ ਦਾ ਇਕ ਖ਼ਤਰਨਾਕ ਪੈਟਰਨ ਅਪਣਾਉਂਦੇ ਹਨ।'
ਭਾਜਪਾ ਆਗੂਆਂ ਨੇ ਕੀਤੀ ਆਲੋਚਨਾ
ਭਾਜਪਾ ਤੇਲੰਗਾਨਾ ਦੇ ਪ੍ਰਧਾਨ ਐੱਨ. ਰਾਮਚੰਦਰ ਰਾਓ ਨੇ ਵੀ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ। ਬਿਹਾਰ ਭਾਜਪਾ ਦੇ ਪ੍ਰਧਾਨ ਸੰਜੇ ਸਰਾਵਗੀ ਨੇ ਰਾਹੁਲ 'ਤੇ ਦੋਸ਼ ਲਾਇਆ ਕਿ ਭਾਜਪਾ ਖ਼ਿਲਾਫ਼ ਆਪਣੀ ਸਿਆਸੀ ਲੜਾਈ ਦੌਰਾਨ ਉਹ ਭਾਰਤ ਦਾ ਹੀ ਵਿਰੋਧ ਕਰਨ ਲੱਗ ਪਏ ਹਨ।
(ਸਮਾਚਾਰ ਏਜੰਸੀ ਏਐੱਨਆਈ ਦੇ ਇਨਪੁਟ ਨਾਲ)