'ਮੈਂ ਇਕ ਵਾਰ ਫਿਰ ਡਰ ਗਈ ਹਾਂ...', ਦੋਸ਼ੀਆਂ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ 'ਤੇ ਛਲਕਿਆ ਬਿਲਕਿਸ ਬਾਨੋ ਦਾ ਦਰਦ
Surpeme Court ਨੇ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ ਨਾਲ ਸਮੂਹਿਕ ਜਬਰ-ਜਨਾਹ ਅਤੇ ਉਨ੍ਹਾਂ ਦੇ ਪਰਿਵਾਰ ਦੇ 14 ਮੈਂਬਰਾਂ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਗਏ 11 ਵਿਅਕਤੀਆਂ 'ਚੋਂ ਦੋ ਦੀ ਸਜ਼ਾ 'ਤੇ ਰੋਕ ਲਗਾ ਕੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ।
Publish Date: Tue, 17 Nov 2026 01:43 PM (IST)
Updated Date: Tue, 17 Nov 2026 01:45 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਸੁਪਰੀਮ ਕੋਰਟ ਵੱਲੋਂ ਦੋ ਦੋਸ਼ੀਆਂ ਨੂੰ ਜ਼ਮਾਨਤ ਦਿੱਤੇ ਜਾਣ 'ਤੇ ਬਿਲਕਿਸ ਬਾਨੋ ਨੇ ਡੂੰਘਾ ਦੁੱਖ ਅਤੇ ਬੇਭਰੋਸਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੱਖ ਸੁਣੇ ਬਿਨਾਂ ਜਾਰੀ ਕੀਤੇ ਗਏ ਇਸ ਹੁਕਮ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਪੁਰਾਣੇ ਡਰ ਮੁੜ ਜਗਾ ਦਿੱਤੇ ਹਨ। ਹਾਲਾਂਕਿ, ਉਹ ਇਸ ਫੈਸਲੇ ਖ਼ਿਲਾਫ਼ ਆਪਣੀ ਕਾਨੂੰਨੀ ਲੜਾਈ ਜਾਰੀ ਰੱਖਣਗੇ।
ਦਰਅਸਲ, ਸੁਪਰੀਮ ਕੋਰਟ ਨੇ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ ਨਾਲ ਸਮੂਹਿਕ ਜਬਰ-ਜਨਾਹ ਅਤੇ ਉਨ੍ਹਾਂ ਦੇ ਪਰਿਵਾਰ ਦੇ 14 ਮੈਂਬਰਾਂ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਗਏ 11 ਵਿਅਕਤੀਆਂ 'ਚੋਂ ਦੋ ਦੀ ਸਜ਼ਾ 'ਤੇ ਰੋਕ ਲਗਾ ਕੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ।
ਦੋ ਦੋਸ਼ੀਆਂ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ 'ਤੇ ਬਿਲਕਿਸ ਬਾਨੋ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਇਸ ਹੁਕਮ 'ਤੇ ਹੈਰਾਨੀ ਅਤੇ ਬੇਭਰੋਸਗੀ ਜ਼ਾਹਰ ਕਰਦਿਆਂ ਕਿਹਾ ਕਿ ਨਾ ਤਾਂ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਅਤੇ ਨਾ ਹੀ ਆਪਣਾ ਪੱਖ ਰੱਖਣ ਦਾ ਮੌਕਾ ਮਿਲਿਆ।
ਉਨ੍ਹਾਂ ਕਿਹਾ, 'ਮੈਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਇਕ ਵਾਰ ਫਿਰ, ਦੂਜੀ ਵਾਰ ਸੁਪਰੀਮ ਕੋਰਟ ਨੇ ਮੈਨੂੰ ਬੁਲਾਏ ਜਾਂ ਮੇਰੀ ਗੱਲ ਸੁਣੇ ਬਿਨਾਂ ਹੀ ਕੋਈ ਹੁਕਮ ਜਾਰੀ ਕਰ ਦਿੱਤਾ ਹੈ। ਮੈਨੂੰ ਇਸ ਬਾਰੇ ਮੀਡੀਆ ਰਿਪੋਰਟਾਂ ਰਾਹੀਂ ਪਤਾ ਲੱਗਾ।'
ਬਿਲਕਿਸ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਫੈਸਲੇ ਨੇ ਨਿਆਂ ਪ੍ਰਣਾਲੀ ਤੋਂ ਉਨ੍ਹਾਂ ਦਾ ਭਰੋਸਾ ਡਗਮਗਾ ਦਿੱਤਾ ਹੈ।
24 ਸਾਲਾਂ ਦੀ ਲੜਾਈ ਤੋਂ ਬਾਅਦ ਮੁੜ ਜਾਗੇ ਪੁਰਾਣੇ ਡਰ
ਆਪਣੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਅਤੇ ਖ਼ੁਦ 'ਤੇ ਹੋਏ ਹਮਲੇ ਤੋਂ ਬਾਅਦ ਇਨਸਾਫ਼ ਲਈ ਲੰਮੀ ਲੜਾਈ ਨੂੰ ਯਾਦ ਕਰਦਿਆਂ ਬਿਲਕਿਸ ਨੇ ਕਿਹਾ, 'ਪਿਛਲੇ 24 ਸਾਲਾਂ ਦੌਰਾਨ ਮੈਂ ਆਪਣੇ ਅੰਦਰ ਹਿੰਮਤ ਦੇ ਅਜਿਹੇ ਸਰੋਤ ਲੱਭੇ ਅਤੇ ਮਹਿਸੂਸ ਕੀਤੇ, ਜਿਨ੍ਹਾਂ ਬਾਰੇ ਮੈਨੂੰ ਖ਼ੁਦ ਨਹੀਂ ਪਤਾ ਸੀ ਕਿ ਉਹ ਮੇਰੇ ਅੰਦਰ ਮੌਜੂਦ ਹਨ। ਇਹ ਸਭ ਸਿਰਫ਼ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਮੈਨੂੰ ਲੱਖਾਂ ਲੋਕਾਂ ਦਾ ਸਮਰਥਨ ਅਤੇ ਇਕਜੁੱਟਤਾ ਮਿਲੀ।'
ਸਾਲ 2002 ਦੀ ਘਟਨਾ ਸਮੇਂ ਮਹਿਜ਼ 19 ਸਾਲ ਦੀ ਰਹੀ ਬਿਲਕਿਸ ਨੇ ਦੱਸਿਆ ਕਿ ਪਰਿਵਾਰ ਅਤੇ ਦੋਸਤਾਂ ਦੇ ਸਹਾਰੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਮੁੜ ਲੀਹ 'ਤੇ ਲਿਆਉਣ 'ਚ ਕਈ ਸਾਲ ਲਗਾਏ ਸਨ। ਉਨ੍ਹਾਂ ਨੂੰ ਉਮੀਦ ਸੀ ਕਿ ਹੁਣ ਜ਼ਿੰਦਗੀ 'ਚ ਸ਼ਾਂਤੀ ਮਿਲੇਗੀ। ਪਰ ਅਦਾਲਤ ਦੇ ਤਾਜ਼ਾ ਹੁਕਮ ਨੇ ਉਨ੍ਹਾਂ ਪੁਰਾਣੇ ਡਰਾਂ ਨੂੰ ਮੁੜ ਜਗਾ ਦਿੱਤਾ ਹੈ, ਜਿਨ੍ਹਾਂ ਤੋਂ ਉਹ ਉੱਭਰ ਚੁੱਕੇ ਹੋਣ ਦੀ ਉਮੀਦ ਕਰ ਰਹੇ ਸਨ।
ਬਿਲਕਿਸ ਨੇ ਕਿਹਾ, 'ਅੱਜ ਮੈਨੂੰ ਲੱਗ ਰਿਹਾ ਹੈ ਕਿ ਜਿਸ ਇਨਸਾਫ਼ ਨੂੰ ਹਾਸਲ ਕਰਨ ਲਈ ਮੈਂ ਇੰਨੀ ਸਖ਼ਤ ਲੜਾਈ ਲੜੀ ਸੀ, ਉਹ ਹੁਣ ਮੇਰੇ ਤੋਂ ਖੋਹਿਆ ਜਾ ਰਿਹਾ ਹੈ। ਪੁਰਾਣੇ ਡਰ ਮੁੜ ਸਾਹਮਣੇ ਆ ਰਹੇ ਹਨ। ਮੈਂ ਆਪਣੇ, ਆਪਣੇ ਪਰਿਵਾਰ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਇਕ ਵਾਰ ਫਿਰ ਡਰੀ ਹੋਈ ਹਾਂ। ਮੈਨੂੰ ਇਸ ਗੱਲ ਦਾ ਵੀ ਡਰ ਸਤਾ ਰਿਹਾ ਹੈ ਕਿ ਕਿਤੇ ਨਿਆਂ ਪ੍ਰਣਾਲੀ ਤੋਂ ਮੇਰਾ ਭਰੋਸਾ ਮੁੜ ਨਾ ਉੱਠ ਜਾਵੇ।'
ਆਪਣਾ ਪੱਖ ਨਾ ਸੁਣੇ ਜਾਣ 'ਤੇ ਚੁੱਕੇ ਸਵਾਲ
ਹੁਕਮ ਜਾਰੀ ਕਰਨ ਤੋਂ ਪਹਿਲਾਂ ਆਪਣਾ ਪੱਖ ਨਾ ਸੁਣੇ ਜਾਣ 'ਤੇ ਸਵਾਲ ਉਠਾਉਂਦਿਆਂ ਬਿਲਕਿਸ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਚੁਣੌਤੀ ਦੇਣਗੇ। ਉਨ੍ਹਾਂ ਕਿਹਾ, 'ਮੈਂ ਇਸ ਹੁਕਮ ਖ਼ਿਲਾਫ਼ ਲੜਾਂਗੀ। ਮੈਨੂੰ ਅਜਿਹਾ ਕਰਨਾ ਹੀ ਪਵੇਗਾ।'