ਪਾਇਲਟ ਨੂੰ ਛੱਡਣ ਲਈ ਕਹਿ ਰਿਹਾ ਸੀ ਕਰੂ? Flydubai ਕਾਂਡ 'ਚ ਵੱਡਾ ਖੁਲਾਸਾ; ਯਾਤਰੀ ਬੋਲੇ- ਸਿਰਫ਼ ਪੁਲਿਸ ਹਵਾਲੇ ਕਰਾਂਗੇ
Flydubai ਫਲਾਈਟ FZ 1073 'ਚ ਕਥਿਤ ਹਮਲੇ ਤੋਂ ਬਾਅਦ ਯਾਤਰੀਆਂ ਨੇ ਕੋ-ਪਾਇਲਟ ਨੂੰ ਕਾਬੂ ਕਰ ਲਿਆ। ਯਾਤਰੀਆਂ ਦਾ ਦਾਅਵਾ ਹੈ ਕਿ ਕਰੂ ਉਸ ਨੂੰ ਰਿਹਾਅ ਕਰਵਾਉਣਾ ਚਾਹੁੰਦਾ ਸੀ। ਜਾਣੋ ਪੂਰਾ ਘਟਨਾਕ੍ਰਮ...
Publish Date: Sun, 04 Oct 2026 12:31 PM (IST)
Updated Date: Sun, 04 Oct 2026 12:40 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਤੇਲ ਅਵੀਵ ਜਾ ਰਹੀ Flydubai ਦੀ ਫਲਾਈਟ FZ 1073 ਨੂੰ ਕ੍ਰੈਸ਼ ਹੋਣ ਤੋਂ ਬਚਾਅ ਲਿਆ ਗਿਆ। ਭਾਰਤੀ ਕੈਪਟਨ ਸਮਿਤ ਮੱਛਰ 'ਤੇ ਕ੍ਰੈਸ਼ ਐਕਸ (ਕੁਹਾੜੀ) ਨਾਲ ਹਮਲਾ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹ ਕੇ ਕਰੂ ਨੂੰ ਅਲਰਟ ਕੀਤਾ ਤੇ ਸੈਂਕੜੇ ਯਾਤਰੀਆਂ ਦੀ ਜਾਨ ਬਚਾਈ। ਕੁਝ ਹੀ ਮਿੰਟਾਂ 'ਚ ਯਾਤਰੀਆਂ ਨੇ ਜਹਾਜ਼ ਦਾ ਕੰਟਰੋਲ ਆਪਣੇ ਹੱਥ 'ਚ ਲੈ ਲਿਆ ਤੇ ਕਥਿਤ ਕ੍ਰੈਸ਼ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਯਾਤਰੀਆਂ ਨੇ ਓਮਾਨ ਦੇ ਕੋ-ਪਾਇਲਟ ਹਮਾਮ ਅਲ-ਹਮਾਮੀ ਨੂੰ ਬੰਨ੍ਹ ਦਿੱਤਾ ਤੇ ਸਾਫ ਕਰ ਦਿੱਤਾ ਕਿ ਉਸ ਨੂੰ ਸਥਾਨਕ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ।
ਗੋਡਿਆਂ ਦੇ ਭਾਰ ਬੈਠਾ ਦਿਸਿਆ ਹਮਾਮੀ
ਇਜ਼ਰਾਈਲ ਦੇ ਨਿਊਜ਼ ਚੈਨਲ i24NEWS ਵੱਲੋਂ ਸ਼ੇਅਰ ਕੀਤੀ ਗਈ ਇਕ ਵੀਡੀਓ 'ਚ ਅਲ-ਹਮਾਮੀ ਨੂੰ ਜਹਾਜ਼ ਦੇ ਅੰਦਰ ਗੋਡਿਆਂ ਦੇ ਭਾਰ ਬੈਠੇ ਤੇ ਉਸ ਦੇ ਹੱਥ ਪਿੱਛੇ ਬੰਨ੍ਹੇ ਹੋਏ ਦਿਖਾਈ ਦਿੰਦੇ ਹਨ। ਉਸ ਦੇ ਕੱਪੜਿਆਂ 'ਤੇ ਖੂਨ ਦੇ ਧੱਬੇ ਵੀ ਨਜ਼ਰ ਆ ਰਹੇ ਹਨ।
45 ਸਕਿੰਟ ਦੀ ਇਸ ਵੀਡੀਓ 'ਚ ਯਾਤਰੀਆਂ ਨੂੰ ਵਾਰ-ਵਾਰ 'ਸਿਰਫ ਪੁਲਿਸ ਅਤੇ ਕੇਵਲ ਪੁਲਿਸ' ਕਹਿੰਦੇ ਸੁਣਿਆ ਜਾ ਸਕਦਾ ਹੈ। ਇਕ ਯਾਤਰੀ, ਜਿਸ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਅਤੇ ਜਿਸ ਦੀ ਪਛਾਣ ਨਹੀਂ ਹੋ ਸਕੀ, ਉਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, 'ਇੱਕ ਘੰਟਾ, 40 ਮਿੰਟ। ਪੰਜ ਮਿੰਟ ਹੋਰ।' ਲੱਗਦਾ ਹੈ ਕਿ ਇਸ ਯਾਤਰੀ ਦਾ ਮਤਲਬ ਸੀ ਕਿ ਯਾਤਰੀਆਂ ਨੇ ਕੋ-ਪਾਇਲਟ ਨੂੰ ਇੰਨੇ ਸਮੇਂ ਤੱਕ ਕਾਬੂ 'ਚ ਰੱਖਿਆ ਹੋਇਆ ਹੈ ਅਤੇ ਉਹ ਪੰਜ ਮਿੰਟ ਹੋਰ ਉਡੀਕ ਕਰਕੇ ਉਸ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਸਕਦੇ ਹਨ।
ਕਰੂ ਪਾਇਲਟ ਨੂੰ ਰਿਹਾਅ ਕਰਵਾਉਣਾ ਚਾਹੁੰਦਾ ਸੀ
ਹਾਲਾਂਕਿ, Flydubai ਦਾ ਕਰੂ ਚਾਹੁੰਦਾ ਸੀ ਕਿ ਕੋ-ਪਾਇਲਟ ਨੂੰ ਆਜ਼ਾਦ ਕਰ ਦਿੱਤਾ ਜਾਵੇ। ਟੈਰਰ ਸਸਪੈਕਟ ਨੂੰ ਕਾਬੂ ਕਰਨ 'ਚ ਮਦਦ ਕਰਨ ਵਾਲੇ ਦੋ ਲੋਕਾਂ ਨੇ ਦ ਨਿਊਯਾਰਕ ਪੋਸਟ ਨੂੰ ਦਿੱਤੇ ਐਕਸਕਲੂਸਿਵ ਇੰਟਰਵਿਊ 'ਚ ਇਹ ਗੱਲ ਦੱਸੀ। ਅਲ-ਹਮਾਮੀ ਨੂੰ ਕਾਬੂ ਕਰਨ ਵਾਲੇ ਤਿੰਨ ਆਮ ਨਾਗਰਿਕਾਂ 'ਚੋਂ ਇਕ ਬੈਂਕਿੰਗ ਐਗਜ਼ਿਕਿਊਟਿਵ ਜਵਿਕਾ ਮਾਨੇਸ ਨੇ ਕਿਹਾ, 'ਉਹ ਸਾਨੂੰ ਉਸ ਅੱਤਵਾਦੀ ਦੀ ਰੱਸੀ ਖੋਲ੍ਹਣ ਲਈ ਕਹਿ ਰਹੇ ਸਨ, ਪਤਾ ਨਹੀਂ ਕਿਉਂ।'
ਕਾਕਪਿਟ ਦੇ ਨੇੜੇ ਦੂਜੀ ਕਤਾਰ 'ਚ ਬੈਠੇ ਰੀਅਲ ਅਸਟੇਟ ਪ੍ਰੋਫੈਸ਼ਨਲ ਡੈਨਿਅਲ ਸ਼ਲਿਕਟਰ ਨੇ ਕਿਹਾ, 'ਉਹ ਅੱਤਵਾਦੀ ਨੂੰ ਰਿਹਾਅ ਕਰਨ ਦੀ ਗੱਲ ਕਹਿ ਰਹੇ ਸਨ। ਸਾਨੂੰ ਤੁਰੰਤ ਉਨ੍ਹਾਂ 'ਤੇ ਸ਼ੱਕ ਹੋ ਗਿਆ।" ਇਸ ਨੂੰ ਲੈ ਕੇ ਬਹਿਸ ਹੋਈ ਅਤੇ ਇਜ਼ਰਾਈਲੀ ਯਾਤਰੀਆਂ ਨੇ ਸਾਫ ਕਰ ਦਿੱਤਾ ਕਿ ਕਿਸੇ ਵੀ ਹਾਲਤ 'ਚ ਕੋ-ਪਾਇਲਟ ਨੂੰ ਨਹੀਂ ਛੱਡਿਆ ਜਾਵੇਗਾ।
ਮਾਨੇਸ ਨੇ ਯਾਦ ਕਰਦੇ ਹੋਏ ਕਿਹਾ, 'ਉਨ੍ਹਾਂ ਕਿਹਾ, ਤੁਸੀਂ ਰੱਬ ਨਹੀਂ ਹੋ, ਤੁਸੀਂ ਉਸ ਨੂੰ ਮਾਰੋਗੇ ਨਹੀਂ। ਅਸੀਂ ਉਸ ਨੂੰ ਮਾਰਨਾ ਨਹੀਂ ਚਾਹੁੰਦੇ ਸੀ, ਅਸੀਂ ਸਿਰਫ ਇੰਨਾ ਚਾਹੁੰਦੇ ਸੀ ਕਿ ਉਹ ਸਾਨੂੰ ਨਾ ਮਾਰੇ।'
ਹਮਾਮੀ ਨੂੰ ਦਿੱਤਾ ਆਕਸੀਜਨ ਮਾਸਕ
ਇਜ਼ਰਾਈਲੀ ਲੋਕਾਂ ਨੇ ਅਲ-ਹਮਾਮੀ ਨੂੰ ਆਕਸੀਜਨ ਮਾਸਕ ਦਿੱਤਾ, ਕਿਉਂਕਿ ਉਹ ਚਾਹੁੰਦੇ ਸਨ ਕਿ ਉਹ ਜ਼ਿੰਦਾ ਰਹੇ ਤਾਂ ਜੋ ਉਸ ਤੋਂ ਪੁੱਛਗਿੱਛ ਕੀਤੀ ਜਾ ਸਕੇ। ਸ਼ਲਿਕਟਰ ਨੇ ਕਿਹਾ, 'ਅਸੀਂ ਚਾਹੁੰਦੇ ਸੀ ਕਿ ਉਹ ਜ਼ਿੰਦਾ ਰਹੇ ਤਾਂ ਜੋ ਉਸ ਤੋਂ ਪੁੱਛਗਿੱਛ ਕੀਤੀ ਜਾ ਸਕੇ।' ਕੈਬਿਨ ਕਰੂ ਨੇ ਜ਼ੋਰ ਦਿੱਤਾ ਕਿ ਯਾਤਰੀ ਆਪਣੀਆਂ-ਆਪਣੀਆਂ ਸੀਟਾਂ 'ਤੇ ਵਾਪਸ ਚਲੇ ਜਾਣ ਅਤੇ ਉਨ੍ਹਾਂ ਨੂੰ ਕਾਕਪਿਟ ਦੇ ਸਾਹਮਣੇ ਵਾਲੀ ਜਗ੍ਹਾ 'ਤੇ ਇਕੱਲਾ ਛੱਡ ਦੇਣ। ਇਜ਼ਰਾਈਲੀ ਯਾਤਰੀਆਂ ਨੂੰ ਡਰ ਸੀ ਕਿ ਹਮਲੇ 'ਚ ਕਰੂ ਵੀ ਸ਼ਾਮਲ ਹੋ ਸਕਦਾ ਹੈ, ਇਸ ਲਈ ਉਨ੍ਹਾਂ ਨੇ ਕਰੂ ਨੂੰ ਜਹਾਜ਼ ਦੇ ਵਿਚਕਾਰ ਬੈਠਣ ਲਈ ਕਿਹਾ। ਮਾਨੇਸ ਨੇ ਕਿਹਾ, 'ਅਸੀਂ ਉਨ੍ਹਾਂ ਨੂੰ ਕਿਹਾ, ਹੁਣ ਪਾਲਿਸੀ ਇਹ ਹੈ ਕਿ ਕੰਟਰੋਲ ਸਾਡੇ ਹੱਥ 'ਚ ਹੈ ਅਤੇ ਤੁਹਾਨੂੰ ਉਹੀ ਕਰਨਾ ਹੋਵੇਗਾ ਜੋ ਅਸੀਂ ਕਹਾਂਗੇ।'
ਇਸ ਤਰ੍ਹਾਂ ਹੋਇਆ ਪੂਰਾ ਘਟਨਾਕ੍ਰਮ
ਇਸ ਦੀ ਸ਼ੁਰੂਆਤ ਕੈਪਟਨ ਸਮਿਤ ਮੱਛਰ ਵੱਲੋਂ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਨਾਲ ਹੋਈ। ਇਤਫਾਕ ਨਾਲ ਉਸੇ ਸਮੇਂ ਤਾਲੀ ਮੇਨੇਸ ਟਾਇਲਟ ਦੇ ਬਾਹਰ ਆਪਣੀ ਧੀ ਦਾ ਇੰਤਜ਼ਾਰ ਕਰ ਰਹੀ ਸੀ। ਉਨ੍ਹਾਂ ਨੇ ਫਲਾਈਟ ਡੈੱਕ ਦੇ ਅੰਦਰੋਂ ਇਕ ਆਵਾਜ਼ ਸੁਣੀ, ਜਿਵੇਂ ਕੋਈ ਦਰਵਾਜ਼ਾ ਖੜਕਾ ਰਿਹਾ ਹੋਵੇ। ਮੇਨੇਸ ਨੇ ਜਹਾਜ਼ 'ਚ ਮੌਜੂਦ ਇਕ ਬੈਕਅੱਪ ਪਾਇਲਟ ਨੂੰ ਇਹ ਦੇਖਣ ਲਈ ਰਾਜ਼ੀ ਕੀਤਾ ਕਿ ਕੀ ਹੋ ਰਿਹਾ ਹੈ।
ਦਰਵਾਜ਼ਾ ਖੁੱਲ੍ਹਦੇ ਹੀ ਇੱਕ ਡਰਾਉਣਾ ਨਜ਼ਾਰਾ ਸਾਹਮਣੇ ਆਇਆ। ਕੋ-ਪਾਇਲਟ ਕਥਿਤ ਤੌਰ 'ਤੇ ਪਾਇਲਟ 'ਤੇ ਚਾਕੂ ਨਾਲ ਹਮਲਾ ਕਰ ਰਿਹਾ ਸੀ। ਮੇਨੇਸ ਦੀ ਚੀਕ ਸੁਣ ਕੇ ਯਾਤਰੀ ਕਾਕਪਿਟ ਵੱਲ ਦੌੜੇ। ਇਜ਼ਰਾਈਲ ਦੇ ਚਾਰ ਨਾਗਰਿਕ ਤੇਜ਼ੀ ਨਾਲ ਕਾਕਪਿਟ ਵੱਲ ਵਧੇ। ਉਨ੍ਹਾਂ ਦੇ ਨਾਲ ਡਿਊਟੀ 'ਤੇ ਨਾ ਹੋਣ ਵਾਲੇ ਦੋ ਪਾਇਲਟ ਵੀ ਸ਼ਾਮਲ ਹੋ ਗਏ। ਉਨ੍ਹਾਂ ਨੇ ਜਹਾਜ਼ ਦਾ ਕੰਟਰੋਲ ਆਪਣੇ ਹੱਥ 'ਚ ਲੈ ਲਿਆ ਅਤੇ ਉਸ ਨੂੰ ਦੇਸ਼ ਦੇ ਇੱਕ ਛੋਟੇ ਏਅਰਪੋਰਟ 'ਤੇ ਲੈਂਡ ਕਰਵਾਇਆ।
ਚਾਰ ਯਾਤਰੀਆਂ 'ਚ ਯਾਨਿਵ ਹਯੂਨ ਵੀ ਸ਼ਾਮਲ ਸਨ, ਜੋ ਇਕ ਪਲੰਬਰ ਹਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਅਲ-ਹਮਾਮੀ ਦਾ ਗਲਾ ਦਬਾਇਆ ਅਤੇ ਫਿਰ ਟੀਵੀ ਸ਼ੋਅ 'ਮੈਡੇ' ਤੋਂ ਸਿੱਖੀ ਗੱਲ ਦੀ ਵਰਤੋਂ ਕਰਦੇ ਹੋਏ ਜਹਾਜ਼ ਨੂੰ ਸਥਿਰ ਕਰਨ ਲਈ ਯੋਕ ਨੂੰ ਪਿੱਛੇ ਖਿੱਚਿਆ। ਹਯੂਨ ਦੇ ਨਾਲ ਇੰਸ਼ੋਰੈਂਸ ਏਜੰਸੀ ਦੇ ਮਾਲਕ ਅਸਾਫ ਰਾਜੁਆਨ ਵੀ ਸਨ, ਜਿਨ੍ਹਾਂ ਨੇ ਅਲ-ਹਮਾਮੀ ਨੂੰ ਕਾਬੂ ਕਰਨ 'ਚ ਮਦਦ ਕੀਤੀ। ਇਨ੍ਹਾਂ ਦੋਵਾਂ ਦੇ ਨਾਲ ਜਵਿਕਾ ਮਾਨੇਸ ਵੀ ਸ਼ਾਮਲ ਹੋਏ ਤੇ ਉਨ੍ਹਾਂ ਨੇ ਅਲ-ਹਮਾਮੀ ਨੂੰ ਈਅਰਫੋਨ ਨਾਲ ਬੰਨ੍ਹ ਦਿੱਤਾ।
ਡੈਂਟਿਸਟ ਸ਼ੋਤਾ ਮੁਸਾਯੇਵ ਨੇ ਬੁਰੀ ਤਰ੍ਹਾਂ ਜ਼ਖਮੀ ਮਛਾਰ ਦੀ ਦੇਖਭਾਲ ਕੀਤੀ ਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ। ਮੁਸਾਯੇਵ ਨੇ CNN ਨੂੰ ਦੱਸਿਆ ਕਿ ਪਾਇਲਟ ਦੇ ਸਰੀਰ 'ਤੇ ਕਈ ਥਾਵਾਂ 'ਤੇ ਕੱਟ ਲੱਗੇ ਹੋਏ ਸਨ। ਉਨ੍ਹਾਂ ਦੱਸਿਆ, 'ਉਨ੍ਹਾਂ ਦੇ ਸਿਰ ਅਤੇ ਹੱਥਾਂ 'ਤੇ ਡੂੰਘੇ ਜ਼ਖਮ ਸਨ, ਜਿਵੇਂ ਉਹ ਲਗਪਗ ਦੋ ਹਿੱਸਿਆਂ 'ਚ ਕੱਟ ਗਏ ਹੋਣ। ਉਨ੍ਹਾਂ ਦੀ ਹਾਲਤ ਗੰਭੀਰ ਸੀ, ਸ਼ਾਇਦ ਬਹੁਤ ਜ਼ਿਆਦਾ ਨਾਜ਼ੁਕ ਨਹੀਂ, ਪਰ ਖੂਨ ਜ਼ਿਆਦਾ ਵਹਿਣ ਕਾਰਨ ਗੰਭੀਰ ਜ਼ਰੂਰ ਸੀ।"