- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਸ਼ਟਰੀ ਸਿਹਤ ਅਥਾਰਟੀ (ਐੱਨਐੱਚਏ) ਦੇ ਸੂਤਰਾਂ ਮੁਤਾਬਕ, ਪ੍ਰਸਤਾਵਿਤ ਵਿਸਥਾਰ ’ਚ ਮੁੱਖ ਤੌਰ ’ਤੇ ਅਜਿਹੀਆਂ ਆਮ ਬਿਮਾਰੀਆਂ ਦੇ ਇਲਾਜ ’ਤੇ ਧਿਆਨ ਦਿੱਤਾ ਗਿਆ ਹੈ, ਜਿਨ੍ਹਾਂ ਦਾ ਸਰਕਾਰੀ ਸਿਹਤ ਕੇਂਦਰਾਂ, ਖਾਸ ਕਰਕੇ ਕਮਿਊਨਿਟੀ ਹੈਲਥ ਸੈਂਟਰਾਂ (ਸੀਐੱਚਸੀ) ਤੇ ਉਪਮੰਡਲ ਹਸਪਤਾਲਾਂ (ਐੱਸਡੀਐੱਚ) ’ਚ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕੀਤਾ ਜਾ ਸਕਦਾ ਹੈ। ਇਸ ਕਦਮ ਦੇ ਦੋ ਮੁੱਖ ਉਦੇਸ਼ ਹਨ।

ਨਵੀਂ ਦਿੱਲੀ (ਏਜੰਸੀ) : ਸਰਕਾਰ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ (ਏਬੀ-ਪੀਐੱਮਜੇਏਵਾਈ) ਤਹਿਤ ਸਰਕਾਰੀ ਹਸਪਤਾਲਾਂ ’ਚ ਇਲਾਜ ਦਾ ਦਾਇਰਾ ਵਧਾਉਣ ਜਾ ਰਹੀ ਹੈ। ਇਸ ਤਹਿਤ ਹੈਲਥ ਬੈਨੀਫਿਟ ਪੈਕੇਜਾਂ ਦੀ ਗਿਣਤੀ 23 ਤੋਂ ਵਧਾ ਕੇ 112 ਕਰਨ ਦੀ ਤਜਵੀਜ਼ ਹੈ।
ਰਾਸ਼ਟਰੀ ਸਿਹਤ ਅਥਾਰਟੀ (ਐੱਨਐੱਚਏ) ਦੇ ਸੂਤਰਾਂ ਮੁਤਾਬਕ, ਪ੍ਰਸਤਾਵਿਤ ਵਿਸਥਾਰ ’ਚ ਮੁੱਖ ਤੌਰ ’ਤੇ ਅਜਿਹੀਆਂ ਆਮ ਬਿਮਾਰੀਆਂ ਦੇ ਇਲਾਜ ’ਤੇ ਧਿਆਨ ਦਿੱਤਾ ਗਿਆ ਹੈ, ਜਿਨ੍ਹਾਂ ਦਾ ਸਰਕਾਰੀ ਸਿਹਤ ਕੇਂਦਰਾਂ, ਖਾਸ ਕਰਕੇ ਕਮਿਊਨਿਟੀ ਹੈਲਥ ਸੈਂਟਰਾਂ (ਸੀਐੱਚਸੀ) ਤੇ ਉਪਮੰਡਲ ਹਸਪਤਾਲਾਂ (ਐੱਸਡੀਐੱਚ) ’ਚ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕੀਤਾ ਜਾ ਸਕਦਾ ਹੈ। ਇਸ ਕਦਮ ਦੇ ਦੋ ਮੁੱਖ ਉਦੇਸ਼ ਹਨ। ਪਹਿਲਾ- ਲਾਭਪਾਤਰੀਆਂ ਨੂੰ ਉਹ ਸਿਹਤ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਹੱਈਆ ਕਰਵਾਉਣਾ, ਜਿਨ੍ਹਾਂ ਦੀ ਉਨ੍ਹਾਂ ਨੂੰ ਅਕਸਰ ਲੋੜ ਪੈਂਦੀ ਹੈ ਅਤੇ ਦੂਜਾ- ਮੌਜੂਦਾ ਬੁਨਿਆਦੀ ਢਾਂਚੇ ਦੀ ਵੱਧ ਵਰਤੋਂ ਤੇ ਵਾਧੂ ਵਿੱਤੀ ਸਰੋਤ ਮੁਹੱਈਆ ਕਰਵਾ ਕੇ ਸਰਕਾਰੀ ਹਸਪਤਾਲਾਂ ਨੂੰ ਮਜ਼ਬੂਤ ਬਣਾਉਣਾ।
ਐੱਨਐੱਚਏ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਈ ਇਲਾਜ ਪਹਿਲਾਂ ਤੋਂ ਮੌਜੂਦ ਬੁਨਿਆਦੀ ਢਾਂਚੇ ਤੇ ਸਿਖਲਾਈ ਪ੍ਰਾਪਤ ਸਿਹਤ ਕਾਮਿਆਂ ਦੀ ਮਦਦ ਨਾਲ ਕੀਤੇ ਜਾ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਯੁਸ਼ਮਾਨ ਕਾਰਡ ਧਾਰਕ ਮਰੀਜ਼ਾਂ ਨੂੰ ਦੂਰ ਜਾਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਇਹ ਇਲਾਜ ਉਨ੍ਹਾਂ ਦੇ ਨੇੜਲੇ ਸਰਕਾਰੀ ਹਸਪਤਾਲਾਂ ’ਚ ਉਪਲਬਧ ਹੋਣਗੇ।
ਸੂਤਰਾਂ ਮੁਤਾਬਕ, ਐੱਨਐੱਚਏ ਨੇ 89 ਵਾਧੂ ਇਲਾਜ ਪੈਕੇਜਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ’ਚ ਗੰਭੀਰ ਅਨੀਮੀਆ, ਤੇਜ਼ੀ ਨਾਲ ਵਧਦਾ ਬਲੱਡ ਪ੍ਰੈਸ਼ਰ, ਬ੍ਰੌਂਕਾਈਟਿਸ, ਗੈਸਟ੍ਰੋਐਂਟਰਾਈਟਿਸ, ਦਸਤ, ਪੇਚਿਸ਼, ਪਿਸ਼ਾਬ ਮਾਰਗ ਦੀਆਂ ਲਾਗਾਂ, ਗੁਰਦਿਆਂ ਦਾ ਦਰਦ, ਤੇਜ਼ ਬੁਖਾਰ ਵਾਲੀਆਂ ਬਿਮਾਰੀਆਂ ਅਤੇ ਸ਼ੂਗਰ ਨਾਲ ਸਬੰਧਤ ਇਲਾਜ ਸ਼ਾਮਲ ਹਨ। ਇਸ ਤੋਂ ਇਲਾਵਾ, ਬੱਚੇਦਾਨੀ ਕੱਢਣ, ਬਾਇਓਪਸੀ, ਹਾਈਡ੍ਰੋਸੀਲ, ਬਵਾਸੀਰ, ਸਿਸਟ ਅਤੇ ਲਿਪੋਮਾ ਦੀ ਜਾਂਚ ਤੇ ਇਲਾਜ ਵੀ ਇਸ ’ਚ ਸ਼ਾਮਲ ਹਨ।
ਐੱਨਐੱਚਏ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਏਬੀ-ਪੀਐੱਮਜੇਏਵਾਈ ਤਹਿਤ ਨਕਦੀ ਰਹਿਤ ਇਲਾਜ ਦੇ ਬਦਲੇ ਰੀਇੰਬਰਸਮੈਂਟ ਪ੍ਰਾਪਤ ਕਰਦੇ ਹਨ, ਜਿਸ ਦੀ ਵਰਤੋਂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵਾਧੂ ਸਿਹਤ ਕਾਮਿਆਂ ਦੀ ਨਿਯੁਕਤੀ ਲਈ ਕੀਤੀ ਜਾ ਸਕਦੀ ਹੈ।