ਵਿਆਹ ਤੋਂ ਪਹਿਲਾਂ ਪਰਫੈਕਟ ਲੁੱਕ ਦਾ ਵਧਿਆ ਕ੍ਰੇਜ਼, ਭਾਰ ਘਟਾਉਣ ਵਾਲੇ ਟੀਕਿਆਂ ਤੇ ਦਵਾਈਆਂ ਦੀ ਮੰਗ 'ਚ ਆਇਆ ਵੱਡਾ ਉਛਾਲ; ਡਾਕਟਰਾਂ ਨੇ ਦਿੱਤੀ ਚਿਤਾਵਨੀ
ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਦਵਾਈਆਂ ਦੀ ਵਰਤੋਂ ਸਿਰਫ਼ ਯੋਗ ਡਾਕਟਰ ਦੀ ਪਰਚੀ ਅਤੇ ਸਖ਼ਤ ਨਿਗਰਾਨੀ ਹੇਠ ਹੀ ਕੀਤੀ ਜਾਣੀ ਚਾਹੀਦੀ ਹੈ। ਕੰਪਨੀਆਂ ਨੇ ਸੁੰਦਰਤਾ ਨਾਲ ਜੁੜੇ ਟੀਚਿਆਂ ਲਈ ਇਨ੍ਹਾਂ ਦੀ ਮਨਜ਼ੂਰਸ਼ੁਦਾ ਵਰਤੋਂ ਤੋਂ ਬਾਹਰ ਵਰਤੋਂ (Off-label Use) ਅਤੇ ਡਾਕਟਰੀ ਸਲਾਹ ਤੋਂ ਬਿਨਾਂ ਖ਼ੁਦ ਦਵਾਈ ਲੈਣ (Self-medication) ਵਿਰੁੱਧ ਸਖ਼ਤ ਚਿਤਾਵਨੀ ਦਿੱਤੀ ਹੈ।
Publish Date: Tue, 03 Nov 2026 04:36 PM (IST)
Updated Date: Tue, 03 Nov 2026 04:51 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੁਣ ਤਿਆਰੀਆਂ ਸਿਰਫ਼ ਕੱਪੜੇ ਚੁਣਨ, ਵਿਆਹ ਵਾਲੀ ਥਾਂ ਬੁੱਕ ਕਰਨ ਤੇ ਜਸ਼ਨ ਦੀ ਯੋਜਨਾ ਬਣਾਉਣ ਤਕ ਸੀਮਤ ਨਹੀਂ ਰਹਿ ਗਈਆਂ ਹਨ। ਇਸ ਸੂਚੀ 'ਚ ਹੁਣ ਇਕ ਨਵਾਂ ਤੇ ਚਿੰਤਾਜਨਕ ਰੁਝਾਨ ਵੀ ਸ਼ਾਮਲ ਹੋ ਗਿਆ ਹੈ—ਤੇਜ਼ੀ ਨਾਲ ਭਾਰ ਘਟਾਉਣਾ।
ਵਿਆਹ ਵਾਲੇ ਦਿਨ, ਐਲਬਮ ਦੀਆਂ ਤਸਵੀਰਾਂ ਤੇ ਮਹਿਮਾਨਾਂ ਸਾਹਮਣੇ ਸਭ ਤੋਂ ਪਤਲੇ ਤੇ ਆਕਰਸ਼ਕ ਦਿਖਣ ਦੀ ਸਮਾਜਿਕ ਦੌੜ 'ਚ ਕਈ ਨੌਜਵਾਨ ਮਾਊਂਜਾਰੋ (Mounjaro), ਓਜ਼ੈਂਪਿਕ (Ozempic) ਤੇ ਵੇਗੋਵੀ (Wegovy) ਵਰਗੇ ਡਾਕਟਰਾਂ ਦੀ ਪਰਚੀ 'ਤੇ ਮਿਲਣ ਵਾਲੇ ਭਾਰ ਘਟਾਉਣ ਵਾਲੇ ਟੀਕਿਆਂ ਦਾ ਸਹਾਰਾ ਲੈ ਰਹੇ ਹਨ।
ਕੁਝ ਹੀ ਹਫ਼ਤਿਆਂ 'ਚ 10 ਤੋਂ 15 ਕਿਲੋ ਭਾਰ ਘਟਾਉਣ ਦੀ ਇਹ ਜਲਦਬਾਜ਼ੀ ਨਾ ਸਿਰਫ਼ ਸਿਹਤ ਲਈ ਗੰਭੀਰ ਖ਼ਤਰੇ ਪੈਦਾ ਕਰ ਰਹੀ ਹੈ, ਸਗੋਂ ਡਾਕਟਰੀ ਮਾਹਿਰਾਂ ਤੇ ਮਨੋਵਿਗਿਆਨੀਆਂ ਦੀ ਚਿੰਤਾ ਦਾ ਵਿਸ਼ਾ ਵੀ ਬਣ ਗਈ ਹੈ।
ਡਾਕਟਰਾਂ ਦਾ ਸਪੱਸ਼ਟ ਕਹਿਣਾ ਹੈ ਕਿ ਇਹ ਦਵਾਈਆਂ ਸੁੰਦਰਤਾ ਲਈ ਕੋਈ 'ਕੁਇੱਕ ਫਿਕਸ' ਨਹੀਂ ਹਨ। ਵਿਆਹ ਦੀ ਤੈਅ ਮਿਤੀ ਤਕ ਭਾਰ ਘਟਾਉਣ ਲਈ ਇਨ੍ਹਾਂ ਦੀ ਵਰਤੋਂ ਸਿਹਤ ਨਾਲ ਖਿਲਵਾੜ ਸਾਬਤ ਹੋ ਸਕਦੀ ਹੈ।
ਕਲੀਨਿਕਾਂ 'ਚ ਟੀਕਿਆਂ ਤੇ ਦਵਾਈਆਂ ਬਾਰੇ ਪੁੱਛਗਿੱਛ ਵਧੀ
ਦੇਸ਼ ਭਰ ਦੇ ਪ੍ਰਮੁੱਖ ਬੈਰੀਐਟ੍ਰਿਕ ਤੇ ਵੈਲਨੈੱਸ ਕਲੀਨਿਕਾਂ 'ਚ ਪਿਛਲੇ 12 ਤੋਂ 18 ਮਹੀਨਿਆਂ ਦੌਰਾਨ ਭਾਰ ਘਟਾਉਣ ਵਾਲੇ ਟੀਕਿਆਂ ਬਾਰੇ ਪੁੱਛਗਿੱਛ 'ਚ ਦੋ ਤੋਂ ਤਿੰਨ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਦਿੱਲੀ, ਮੁੰਬਈ, ਬੈਂਗਲੁਰੂ ਤੇ ਲਖਨਊ ਵਰਗੇ ਵੱਡੇ ਸ਼ਹਿਰਾਂ 'ਚ ਇਹ ਮੰਗ ਤੇਜ਼ੀ ਨਾਲ ਵਧ ਰਹੀ ਹੈ। ਹਸਪਤਾਲਾਂ ਤੇ ਕਲੀਨਿਕਾਂ ਦੇ ਅੰਕੜਿਆਂ ਮੁਤਾਬਕ, ਵੱਡੇ ਕੇਂਦਰਾਂ 'ਚ ਹਰ ਮਹੀਨੇ ਸਿਰਫ਼ ਇਨ੍ਹਾਂ ਟੀਕਿਆਂ ਬਾਰੇ 120 ਤੋਂ 150 ਪੁੱਛਗਿੱਛ ਆ ਰਹੀਆਂ ਹਨ। ਇਨ੍ਹਾਂ 'ਚੋਂ 20 ਫ਼ੀਸਦੀ ਤੋਂ ਵੱਧ ਪੁੱਛਗਿੱਛ ਉਨ੍ਹਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਵਿਆਹ ਤੈਅ ਹੋ ਚੁੱਕੇ ਹਨ।
ਕਈ ਵੈਲਨੈੱਸ ਸੈਂਟਰਾਂ ਨੇ ਤਾਂ ਬਾਕਾਇਦਾ 'ਮਾਊਂਜਾਰੋ ਬ੍ਰਾਈਡ' ਵਰਗੇ ਵਿਆਹ ਤੋਂ ਪਹਿਲਾਂ ਭਾਰ ਘਟਾਉਣ ਤੇ ਲੁੱਕ ਬਦਲਣ ਵਾਲੇ ਪੈਕੇਜਾਂ ਦੀ ਇਸ਼ਤਿਹਾਰਬਾਜ਼ੀ ਵੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਵਿਆਹ ਤੋਂ ਪਹਿਲਾਂ ਵਾਲੇ ਪੈਕੇਜਾਂ 'ਚ ਸਿਰਫ਼ ਸਕਿਨਕੇਅਰ, ਹੇਅਰ ਸਟਾਈਲਿੰਗ ਤੇ ਗਰੂਮਿੰਗ ਸ਼ਾਮਲ ਹੁੰਦੀ ਸੀ, ਪਰ ਹੁਣ ਇਨ੍ਹਾਂ 'ਚ ਭਾਰ ਘਟਾਉਣ ਵਾਲੇ ਟੀਕੇ ਵੀ ਧੜੱਲੇ ਨਾਲ ਸ਼ਾਮਲ ਕੀਤੇ ਜਾ ਰਹੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਕਲੀਨਿਕਾਂ 'ਚ ਆਉਣ ਵਾਲੇ ਮਰੀਜ਼ਾਂ 'ਚੋਂ ਸਿਰਫ਼ 40 ਤੋਂ 45 ਫ਼ੀਸਦੀ ਲੋਕ ਹੀ ਇਨ੍ਹਾਂ ਦਵਾਈਆਂ ਲਈ ਤੈਅ ਕੀਤੇ ਗਏ ਸਖ਼ਤ ਡਾਕਟਰੀ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਬਾਕੀ ਜ਼ਿਆਦਾਤਰ ਲੋਕ ਕਿਸੇ ਬਿਮਾਰੀ ਤੋਂ ਪੀੜਤ ਨਾ ਹੋਣ ਦੇ ਬਾਵਜੂਦ ਸਿਰਫ਼ ਦਿਖਾਵੇ ਅਤੇ ਸਰੀਰਕ ਦਿੱਖ 'ਚ ਬਦਲਾਅ ਲਈ ਤੁਰੰਤ ਨਤੀਜੇ ਚਾਹੁੰਦੇ ਹਨ।
ਰਿਸ਼ਤਾ ਰੱਦ ਹੋਣ ਦੇ ਡਰ ਨੇ ਵਧਾਈ ਪੁੱਛਗਿੱਛ
ਵਿਆਹ ਤੋਂ ਪਹਿਲਾਂ ਭਾਰ ਘਟਾਉਣ ਦਾ ਇਹ ਦਬਾਅ ਸਿਰਫ਼ ਖ਼ੂਬਸੂਰਤ ਤਸਵੀਰਾਂ ਤਕ ਸੀਮਤ ਨਹੀਂ ਹੈ, ਸਗੋਂ ਇਸ ਦਾ ਸਬੰਧ ਸਮਾਜਿਕ ਸਵੀਕਾਰਤਾ ਤੇ ਵਿਆਹ ਲਈ ਰਿਸ਼ਤੇ ਲੱਭਣ ਸਮੇਂ ਹੋਣ ਵਾਲੀ ਜਾਂਚ-ਪਰਖ ਨਾਲ ਵੀ ਹੈ। ਮੈਟਰੋ ਸ਼ਹਿਰਾਂ 'ਚ ਕਈ ਮੁਟਿਆਰਾਂ ਨੇ ਦੱਸਿਆ ਕਿ ਵਿਆਹ ਲਈ ਰਿਸ਼ਤੇ ਦੇਖਣ ਸਮੇਂ ਜ਼ਿਆਦਾ ਭਾਰ ਹੋਣ ਕਾਰਨ ਉਨ੍ਹਾਂ ਨੂੰ ਵਾਰ-ਵਾਰ ਨਾਂਹ ਸੁਣਨੀ ਪਈ। ਸਮਾਜ ਵੱਲੋਂ ਮੋਟਾ ਕਹੇ ਜਾਣ ਦਾ ਡਰ ਤੇ ਹੀਣ ਭਾਵਨਾ ਕਈ ਮੁਟਿਆਰਾਂ ਨੂੰ ਇਨ੍ਹਾਂ ਦਵਾਈਆਂ ਵੱਲ ਧੱਕ ਰਹੀ ਹੈ।
ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਸੁੰਦਰਤਾ ਦੇ ਰਵਾਇਤੀ ਤੇ ਗੈਰ-ਵਿਹਾਰਕ ਮਾਪਦੰਡਾਂ 'ਤੇ ਖਰਾ ਉਤਰਨ ਦਾ ਇਹ ਦਬਾਅ ਲੋਕਾਂ ਨੂੰ ਆਪਣੇ ਹੀ ਸਰੀਰ ਪ੍ਰਤੀ ਬੇਹੱਦ ਅਸਹਿਜ ਬਣਾ ਰਿਹਾ ਹੈ। ਜਿਹੜਾ ਮੌਕਾ ਜ਼ਿੰਦਗੀ ਦੇ ਨਵੇਂ ਸਫ਼ਰ ਦਾ ਖ਼ੂਬਸੂਰਤ ਜਸ਼ਨ ਹੋਣਾ ਚਾਹੀਦਾ ਹੈ, ਉਹ ਲਗਾਤਾਰ ਤੁਲਨਾ, ਚਿੰਤਾ ਤੇ ਆਤਮ-ਵਿਸ਼ਵਾਸ ਦੀ ਕਮੀ ਦਾ ਕਾਰਨ ਬਣ ਰਿਹਾ ਹੈ। ਸਮਾਜ ਦੀ ਆਲੋਚਨਾ ਤੋਂ ਬਚਣ ਲਈ ਲੋਕ ਖ਼ੁਦ ਦੇ ਸਭ ਤੋਂ ਸਖ਼ਤ ਆਲੋਚਕ ਬਣ ਰਹੇ ਹਨ।
ਟੀਕੇ ਬੰਦ ਕਰਨ 'ਤੇ ਮੁੜ ਭਾਰ ਵਧਣ ਦਾ ਖ਼ਤਰਾ
ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਵਿਆਹ ਤੋਂ ਠੀਕ ਪਹਿਲਾਂ ਇਨ੍ਹਾਂ ਟੀਕਿਆਂ ਦੀ ਮਦਦ ਨਾਲ 10 ਤੋਂ 15 ਕਿਲੋ ਭਾਰ ਘਟਾਉਣ ਵਾਲੇ ਜ਼ਿਆਦਾਤਰ ਨੌਜਵਾਨ ਵਿਆਹ ਹੁੰਦੇ ਹੀ ਦਵਾਈਆਂ ਲੈਣੀਆਂ ਬੰਦ ਕਰ ਦਿੰਦੇ ਹਨ। ਡਾਕਟਰਾਂ ਮੁਤਾਬਕ ਇਹ ਸਭ ਤੋਂ ਖ਼ਤਰਨਾਕ ਸਥਿਤੀ ਹੈ। ਇਨ੍ਹਾਂ ਦਵਾਈਆਂ ਨੂੰ ਅਚਾਨਕ ਛੱਡਣ ਨਾਲ ਘਟਿਆ ਹੋਇਆ ਭਾਰ ਮੁੜ ਤੇਜ਼ੀ ਨਾਲ ਵਧ ਸਕਦਾ ਹੈ। ਤੇਜ਼ੀ ਨਾਲ ਭਾਰ ਘਟਾਉਣ ਦੀ ਪ੍ਰਕਿਰਿਆ ਦੌਰਾਨ ਸਰੀਰ 'ਚੋਂ ਚਰਬੀ ਦੇ ਨਾਲ-ਨਾਲ ਮਾਸਪੇਸ਼ੀਆਂ ਵੀ ਸੁੰਗੜ ਸਕਦੀਆਂ ਹਨ, ਜਿਸ ਕਾਰਨ ਕਮਜ਼ੋਰੀ ਅਤੇ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ।
ਡਾਕਟਰ ਦੀ ਸਹੀ ਨਿਗਰਾਨੀ ਤੋਂ ਬਿਨਾਂ ਇਨ੍ਹਾਂ ਦਵਾਈਆਂ ਦੀ ਵਰਤੋਂ ਕਰਨ ਨਾਲ ਲਗਾਤਾਰ ਉਲਟੀਆਂ, ਜੀਅ ਕੱਚਾ ਹੋਣਾ, ਦਸਤ, ਸਰੀਰ 'ਚ ਪਾਣੀ ਦੀ ਗੰਭੀਰ ਕਮੀ (Dehydration) ਤੇ ਪੈਨਕ੍ਰਿਆਜ਼ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਕਿਹੜੇ ਲੋਕਾਂ ਲਈ ਹਨ ਇਹ ਦਵਾਈਆਂ?
ਮਾਊਂਜਾਰੋ ਅਤੇ ਵੇਗੋਵੀ ਵਰਗੀਆਂ ਦਵਾਈਆਂ ਟਾਈਪ-2 ਡਾਇਬਟੀਜ਼ ਅਤੇ ਲੰਬੇ ਸਮੇਂ ਤੋਂ ਮੋਟਾਪੇ (Chronic Obesity) ਨਾਲ ਪੀੜਤ ਉਨ੍ਹਾਂ ਮਰੀਜ਼ਾਂ ਲਈ ਵਿਕਸਤ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਬਾਡੀ ਮਾਸ ਇੰਡੈਕਸ (BMI) ਕਾਫ਼ੀ ਜ਼ਿਆਦਾ ਹੈ ਅਤੇ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ ਜਾਂ ਸਲੀਪ ਐਪਨੀਆ ਵਰਗੀਆਂ ਗੰਭੀਰ ਸਮੱਸਿਆਵਾਂ ਹਨ।
ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਦਵਾਈਆਂ ਦੀ ਵਰਤੋਂ ਸਿਰਫ਼ ਯੋਗ ਡਾਕਟਰ ਦੀ ਪਰਚੀ ਅਤੇ ਸਖ਼ਤ ਨਿਗਰਾਨੀ ਹੇਠ ਹੀ ਕੀਤੀ ਜਾਣੀ ਚਾਹੀਦੀ ਹੈ। ਕੰਪਨੀਆਂ ਨੇ ਸੁੰਦਰਤਾ ਨਾਲ ਜੁੜੇ ਟੀਚਿਆਂ ਲਈ ਇਨ੍ਹਾਂ ਦੀ ਮਨਜ਼ੂਰਸ਼ੁਦਾ ਵਰਤੋਂ ਤੋਂ ਬਾਹਰ ਵਰਤੋਂ (Off-label Use) ਤੇ ਡਾਕਟਰੀ ਸਲਾਹ ਤੋਂ ਬਿਨਾਂ ਖ਼ੁਦ ਦਵਾਈ ਲੈਣ (Self-medication) ਵਿਰੁੱਧ ਸਖ਼ਤ ਚਿਤਾਵਨੀ ਦਿੱਤੀ ਹੈ।
ਨਵੀਆਂ ਬਿਮਾਰੀਆਂ ਨੂੰ ਦੇ ਰਿਹਾ ਹੈ ਜਨਮ
ਭਾਰਤੀ ਬਾਜ਼ਾਰ 'ਚ ਇਨ੍ਹਾਂ ਦਵਾਈਆਂ ਦੀ ਉਪਲਬਧਤਾ ਤੋਂ ਬਾਅਦ ਸਾਲ 2030 ਤਕ ਦੇਸ਼ 'ਚ ਮੋਟਾਪਾ ਘਟਾਉਣ ਵਾਲੀਆਂ ਦਵਾਈਆਂ ਦਾ ਬਾਜ਼ਾਰ 80,000 ਕਰੋੜ ਰੁਪਏ ਤਕ ਪਹੁੰਚਣ ਦਾ ਅਨੁਮਾਨ ਹੈ। ਬਾਜ਼ਾਰ ਦਾ ਇਹ ਵਿਸਥਾਰ ਜਿੱਥੇ ਗੰਭੀਰ ਰੂਪ 'ਚ ਬਿਮਾਰ ਮਰੀਜ਼ਾਂ ਲਈ ਰਾਹਤ ਲੈ ਕੇ ਆਇਆ ਹੈ, ਉੱਥੇ ਹੀ ਵਿਆਹਾਂ ਦੇ ਬਾਜ਼ਾਰ 'ਚ ਇਨ੍ਹਾਂ ਦਵਾਈਆਂ ਦੀ ਬੇਕਾਬੂ ਅਤੇ ਗੈਰ-ਜ਼ਿੰਮੇਵਾਰਾਨਾ ਵਰਤੋਂ ਨਵੀਆਂ ਸਿਹਤ ਸਮੱਸਿਆਵਾਂ ਨੂੰ ਜਨਮ ਦੇ ਰਹੀ ਹੈ।
ਡਾਕਟਰਾਂ ਦਾ ਕੀ ਕਹਿਣਾ ਹੈ?
ਸਰੀਰ ਦਾ ਮੈਟਾਬੋਲਿਜ਼ਮ ਕਿਸੇ ਵੈਡਿੰਗ ਪਲਾਨਰ ਜਾਂ ਕੈਲੰਡਰ ਵੱਲੋਂ ਤੈਅ ਕੀਤੀ ਗਈ ਸਮਾਂ-ਸੀਮਾ ਮੁਤਾਬਕ ਕੰਮ ਨਹੀਂ ਕਰਦਾ। ਡਾਕਟਰਾਂ ਦੀ ਸਪੱਸ਼ਟ ਸਲਾਹ ਹੈ ਕਿ ਵਿਆਹ ਦੇ ਕੱਪੜਿਆਂ 'ਚ ਫਿੱਟ ਆਉਣ ਲਈ ਆਪਣੀ ਸਿਹਤ ਨੂੰ ਖ਼ਤਰੇ 'ਚ ਪਾਉਣਾ ਜਾਨਲੇਵਾ ਸਾਬਤ ਹੋ ਸਕਦਾ ਹੈ।