- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਰਟੀ ਲੀਡਰਸ਼ਿਪ ਪੰਜਾਬ ਚੋਣਾਂ ਦੇ ਸਿਆਸੀ ਮੈਦਾਨ ’ਚ ਆਪਣੇ ਸਿਖਰਲੇ ਆਗੂ ਰਾਹੁਲ ਗਾਂਧੀ ਦੇ ਉਤਰਨ ਤੋਂ ਪਹਿਲਾਂ ਲੰਮੇ ਸਮੇਂ ਤੋਂ ਚੱਲ ਰਹੇ ਟਕਰਾਅ ਦੀ ਸਿਰਦਰਦੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਾ ਚਾਹੁੰਦੀ ਹੈ। ਇਸ ਦੇ ਮੱਦੇਨਜ਼ਰ ਹੀ ਪੰਜਾਬ ਕਾਂਗਰਸ ਦੇ ਸੰਗਠਨ ਦਾ ਚਿਹਰਾ ਬਦਲੇ ਜਾਣ ਦੇ ਬਦਲ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।

ਸੰਜੇ ਮਿਸ਼ਰਾ, ਜਾਗਰਣ, ਨਵੀਂ ਦਿੱਲੀ : ਪੰਜਾਬ ’ਚ ਇੰਚਾਰਜ ਜਨਰਲ ਸਕੱਤਰ ਬਦਲਣ ਦੇ ਨਾਲ ਹੀ ਕਾਂਗਰਸ ਹਾਈਕਮਾਨ ਨੇ ਸੂਬੇ ’ਚ ਪਾਰਟੀ ਅੰਦਰਲੇ ਟਕਰਾਅ ਨੂੰ ਖ਼ਤਮ ਕਰਨ ਦੀ ਫ਼ੈਸਲਾਕੁਨ ਪਹਿਲ ਤੇਜ਼ ਕਰ ਦਿੱਤੀ ਹੈ। ਭੂਪੇਸ਼ ਬਘੇਲ ਦੀ ਥਾਂ ਸਿਖਰਲੀ ਲੀਡਰਸ਼ਿਪ ਨੇ ਸਚਿਨ ਪਾਇਲਟ ਨੂੰ ਨਵਾਂ ਇੰਚਾਰਜ ਜਨਰਲ ਸਕੱਤਰ ਬਣਾ ਕੇ ਪੰਜਾਬ ਦੀ ਚੋਣ ਅਤੇ ਸੰਗਠਨ ਦੀ ਟੀਮ ’ਚ ਵੀ ਫੇਰਬਦਲ ਦਾ ਸੰਕੇਤ ਦੇ ਦਿੱਤਾ ਹੈ। ਪਾਰਟੀ ਲੀਡਰਸ਼ਿਪ ਪੰਜਾਬ ਚੋਣਾਂ ਦੇ ਸਿਆਸੀ ਮੈਦਾਨ ’ਚ ਆਪਣੇ ਸਿਖਰਲੇ ਆਗੂ ਰਾਹੁਲ ਗਾਂਧੀ ਦੇ ਉਤਰਨ ਤੋਂ ਪਹਿਲਾਂ ਲੰਮੇ ਸਮੇਂ ਤੋਂ ਚੱਲ ਰਹੇ ਟਕਰਾਅ ਦੀ ਸਿਰਦਰਦੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਾ ਚਾਹੁੰਦੀ ਹੈ। ਇਸ ਦੇ ਮੱਦੇਨਜ਼ਰ ਹੀ ਪੰਜਾਬ ਕਾਂਗਰਸ ਦੇ ਸੰਗਠਨ ਦਾ ਚਿਹਰਾ ਬਦਲੇ ਜਾਣ ਦੇ ਬਦਲ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
ਸੂਤਰਾਂ ਮੁਤਾਬਕ, ਪੰਜਾਬ ਕਾਂਗਰਸ ਦੇ ਸੰਗਠਨ ਅਤੇ ਚੋਣ ਟੀਮ ’ਚ ਫੇਰਬਦਲ ਦੇ ਬਦਲਾਂ ’ਤੇ ਸਿਖਰਲੀ ਲੀਡਰਸ਼ਿਪ ਨੇ ਗੰਭੀਰ ਚਰਚਾ ਸ਼ੁਰੂ ਕਰ ਦਿੱਤੀ ਹੈ ਅਤੇ ਸਚਿਨ ਪਾਇਲਟ ਨਾਲ ਸਲਾਹ-ਮਸ਼ਵਰਾ ਕਰ ਕੇ ਅਗਲੇ ਕੁਝ ਹੀ ਦਿਨਾਂ ’ਚ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਗੱਲ ਦੀਆਂ ਸੰਭਾਵਨਾਵਾਂ ਹਨ ਕਿ ਪਾਰਟੀ ਹਾਈਕਮਾਨ ਆਪਸੀ ਲੜਾਈ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਇਕ ਵਾਰ ਫਿਰ ਪੰਜਾਬ ਕਾਂਗਰਸ ਦੇ ਸਾਰੇ ਧੜਿਆਂ ਦੇ ਪ੍ਰਮੁੱਖ ਆਗੂਆਂ ਨਾਲ ਸਲਾਹ-ਮਸ਼ਵਰਾ ਕਰ ਕੇ ਸਰਬ-ਪ੍ਰਵਾਣਤ ਹੱਲ ਕੱਢੇਗੀ। ਇਸ ਕ੍ਰਮ ’ਚ ਸੂਬਾ ਕਾਂਗਰਸ ਪ੍ਰਧਾਨ ਨੂੰ ਬਦਲਣ ਦਾ ਬਦਲ ਵੀ ਸ਼ਾਮਲ ਹੈ। ਹਾਲਾਂਕਿ, ਹੁਣ ਤੱਕ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ ਦੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਮੰਗ ਨੂੰ ਕੋਈ ਤਵੱਜੋ ਨਹੀਂ ਦਿੱਤੀ ਗਈ ਸੀ, ਪਰ ਬਘੇਲ ਨੂੰ ਹਟਾ ਕੇ ਲੀਡਰਸ਼ਿਪ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਲਚੀਲਾ ਸੰਕੇਤ ਦਿੱਤਾ ਹੈ।
ਇਸ ਨੂੰ ਦੇਖਦਿਆਂ ਸੂਬਾ ਪ੍ਰਧਾਨ ਵਜੋਂ ਸੰਭਾਵਿਤ ਨਵੇਂ ਦਾਅਵੇਦਾਰਾਂ ਨੂੰ ਲੈ ਕੇ ਚਰਚਾ ਤੇਜ਼ ਹੋ ਰਹੀ ਹੈ। ਸਾਬਕਾ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ ਅਤੇ ਲੋਕ ਸਭਾ ਮੈਂਬਰ ਅਮਰ ਸਿੰਘ ਨੂੰ ਮਜ਼ਬੂਤ ਦਾਅਵੇਦਾਰਾਂ ’ਚ ਗਿਣਿਆ ਜਾ ਰਿਹਾ ਹੈ। ਪੰਜਾਬ ਦੇ ਜੱਟ ਸਿੱਖ ਅਤੇ ਹਿੰਦੂ ਭਾਈਚਾਰੇ ਵਿਚਕਾਰ ਸਮਾਜਿਕ ਸਮੀਕਰਨ ਸਾਧਣ ਦੇ ਨਜ਼ਰੀਏ ਨਾਲ ਵੀ ਪਾਰਟੀ ਦੇ ਪ੍ਰਮੁੱਖ ਹਿੰਦੂ ਚਿਹਰਿਆਂ ’ਚ ਸ਼ਾਮਲ ਸਿੰਗਲਾ ਦੇ ਨਾਂ ’ਤੇ ਚੰਨੀ ਅਤੇ ਰੰਧਾਵਾ ਲਈ ਵੀ ਇਤਰਾਜ਼ ਕਰਨਾ ਮੁਸ਼ਕਲ ਹੋਵੇਗਾ। ਇਸੇ ਤਰ੍ਹਾਂ ਦਲਿਤ ਭਾਈਚਾਰੇ ਨਾਲ ਸਬੰਧਤ ਅਮਰ ਸਿੰਘ ਦੀ ਪ੍ਰਵਾਨਗੀ ’ਚ ਵੀ ਕੋਈ ਅੜਿੱਕਾ ਨਹੀਂ ਹੋਵੇਗਾ। ਹਾਲਾਂਕਿ, ਭਾਜਪਾ ਜਿਸ ਤਰ੍ਹਾਂ ਹਮਲਾਵਰ ਰਣਨੀਤੀ ਨਾਲ ਚੋਣਾਂ ’ਚ ਉਤਰਨ ਦੀ ਤਿਆਰੀ ਕਰ ਰਹੀ ਹੈ, ਉਸ ਨੂੰ ਦੇਖਦਿਆਂ ਕਾਂਗਰਸ ਲਈ ਆਪਣੇ ਮਜ਼ਬੂਤ ਹਿੰਦੂ ਵੋਟ ਬੈਂਕ ਨੂੰ ਬਚਾਉਣ ਦੀ ਚੁਣੌਤੀ ਵਧ ਗਈ ਹੈ। ਅਜਿਹੇ ’ਚ ਜੇ ਸੂਬਾਈ ਸੰਗਠਨ ਦਾ ਚਿਹਰਾ ਬਦਲਣ ਦਾ ਫ਼ੈਸਲਾ ਹੁੰਦਾ ਹੈ ਤਾਂ ਵਿਜੇਇੰਦਰ ਸਿੰਗਲਾ ਦੀ ਦਾਅਵੇਦਾਰੀ ਵਧੇਰੇ ਮਜ਼ਬੂਤ ਦਿਸ ਰਹੀ ਹੈ। ਅਮਰ ਸਿੰਘ ਨੂੰ ਪੰਜਾਬ ਚੋਣਾਂ ਲਈ ਮੈਨੀਫੈਸਟੋ ਕਮੇਟੀ ਦਾ ਪ੍ਰਧਾਨ ਬਣਾ ਕੇ ਕਾਂਗਰਸ ਨੇ ਪਹਿਲਾਂ ਹੀ ਉਨ੍ਹਾਂ ਨੂੰ ਚੋਣ ਟੀਮ ’ਚ ਸ਼ਾਮਲ ਕਰ ਰੱਖਿਆ ਹੈ। ਕਾਂਗਰਸ ਨੇ ਕਈ ਮਹੀਨੇ ਪਹਿਲਾਂ ਚੋਣਾਂ ਨਾਲ ਸਬੰਧਤ ਕਮੇਟੀਆਂ ਦਾ ਗਠਨ ਕਰ ਦਿੱਤਾ ਸੀ, ਪਰ ਮੈਨੀਫੈਸਟੋ ਕਮੇਟੀ ਤੋਂ ਇਲਾਵਾ ਜ਼ਿਆਦਾਤਰ ਕਮੇਟੀਆਂ ਨੇ ਅਜੇ ਤੱਕ ਆਪਣਾ ਕੰਮ ਸ਼ੁਰੂ ਨਹੀਂ ਕੀਤਾ ਹੈ। ਸਮਝਿਆ ਜਾਂਦਾ ਹੈ ਕਿ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਅਗਵਾਈ ਅਤੇ ਰਾਹੁਲ ਗਾਂਧੀ ਦੀ ਮੌਜੂਦਗੀ ’ਚ ਪੰਜਾਬ ਨੂੰ ਲੈ ਕੇ ਹੋਈ ਸਿਖਰਲੇ ਆਗੂਆਂ ਦੀ ਬੈਠਕ ’ਚ ਚੋਣ ਟੀਮਾਂ ਵੱਲੋਂ ਕੰਮ ਸ਼ੁਰੂ ਨਾ ਕਰਨ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਈ ਗਈ। ਕਾਂਗਰਸ ਨੇ ਰਾਹੁਲ ਗਾਂਧੀ ਦੇ ਚੋਣ ਮੁਹਿੰਮ ’ਚ ਉਤਰਨ ਲਈ ਬੱਸ ਯਾਤਰਾ ਦੀ ਰੂਪ-ਰੇਖਾ ਤਿਆਰ ਕਰ ਲਈ ਹੈ, ਜਿਸ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਕੀਤੀ ਜਾਣੀ ਹੈ। 15 ਸਤੰਬਰ ਦੇ ਆਸ-ਪਾਸ ਇਸ ਨੂੰ ਸ਼ੁਰੂ ਕਰਨ ਦੀ ਯੋਜਨਾ ਹੈ। ਅਜਿਹੇ ’ਚ ਸੰਭਾਵਨਾ ਹੈ ਕਿ ਹਾਈਕਮਾਨ ਇਸ ਤੋਂ ਪਹਿਲਾਂ ਸੰਗਠਨ ਅਤੇ ਚੋਣ ਟੀਮ ’ਚ ਫੇਰਬਦਲ ਨੂੰ ਲੈ ਕੇ ਜ਼ਿਆਦਾਤਰ ਫ਼ੈਸਲੇ ਲੈ ਲਵੇਗੀ।