Crime News: ਚੜ੍ਹਾਵਾ ਚੋਰੀ ਮਾਮਲੇ 'ਚ ਵੱਡਾ ਐਕਸ਼ਨ; 80 ਲੱਖ ਰੁਪਏ ਅਤੇ 1000 ਡਾਲਰ ਸਮੇਤ 8 ਕਾਬੂ, ਭੇਜੇ ਜੇਲ੍ਹ
ਸ੍ਰੀਰਾਮ ਜਨਮਭੂਮੀ ਤੀਰਥ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਤੇ ਮੈਂਬਰ ਡਾ. ਅਨਿਲ ਕੁਮਾਰ ਮਿਸ਼ਰ ਦੇ ਅਸਤੀਫ਼ੇ ਦੀਆਂ ਚਰਚਾਵਾਂ ਵਿਚਾਲੇ ਸ੍ਰੀ ਰਾਮ ਮੰਦਰ ਦੇ ਦਾਨਪਾਤਰਾਂ ਤੋਂ ਚੜ੍ਹਾਵਾ ਚੋਰੀ ਵਿਚ ਗ੍ਰਿਫ਼ਤਾਰ ਅੱਠੇ ਮੁਲਜ਼ਮਾਂ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ। ਦੀਵਾਨੀ ਅਦਾਲਤ ਦੇ ਰਿਮਾਂਡ ਮੈਜਿਸਟ੍ਰੇਟ ਨਿਵੇਦਿਤਾ ਸਿੰਘ ਨੇ ਸਾਰੇ ਮੁਲਜ਼ਮਾਂ ਨੂੰ 29 ਜੂਨ ਤੱਕ ਨਿਆਇਕ ਸੁਰੱਖਿਆ ਵਿਚ ਜ਼ਿਲ੍ਹਾ ਜੇਲ੍ਹ ਅਯੁੱਧਿਆ ਭੇਜ ਦਿੱਤਾ। ਪ੍ਰਸ਼ਾਸਨ ਨੇ ਇਸ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਪੁਲਿਸ ਖੇਤਰ ਅਧਿਕਾਰ (ਸੀਓ) ਆਸ਼ੂਤੋਸ਼ ਤ੍ਰਿਪਾਠੀ ਨੂੰ ਸੌਂਪੀ ਹੈ। ਹੁਣ ਇਨ੍ਹਾਂ ਨੂੰ ਐਂਟੀ ਕੁਰੱਪਸ਼ਨ ਕੋਰਟ ਵਿਚ ਪੇਸ਼ ਕੀਤਾ ਜਾ
Publish Date: Sat, 27 Jun 2026 10:42 AM (IST)
Updated Date: Sat, 27 Jun 2026 10:44 AM (IST)

ਜਾਗਰਣ ਸੰਵਾਦਦਾਤਾ, ਲਖਨਊ : ਸ੍ਰੀਰਾਮ ਜਨਮਭੂਮੀ ਤੀਰਥ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਤੇ ਮੈਂਬਰ ਡਾ. ਅਨਿਲ ਕੁਮਾਰ ਮਿਸ਼ਰ ਦੇ ਅਸਤੀਫ਼ੇ ਦੀਆਂ ਚਰਚਾਵਾਂ ਵਿਚਾਲੇ ਸ੍ਰੀ ਰਾਮ ਮੰਦਰ ਦੇ ਦਾਨਪਾਤਰਾਂ ਤੋਂ ਚੜ੍ਹਾਵਾ ਚੋਰੀ ਵਿਚ ਗ੍ਰਿਫ਼ਤਾਰ ਅੱਠੇ ਮੁਲਜ਼ਮਾਂ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ। ਦੀਵਾਨੀ ਅਦਾਲਤ ਦੇ ਰਿਮਾਂਡ ਮੈਜਿਸਟ੍ਰੇਟ ਨਿਵੇਦਿਤਾ ਸਿੰਘ ਨੇ ਸਾਰੇ ਮੁਲਜ਼ਮਾਂ ਨੂੰ 29 ਜੂਨ ਤੱਕ ਨਿਆਇਕ ਸੁਰੱਖਿਆ ਵਿਚ ਜ਼ਿਲ੍ਹਾ ਜੇਲ੍ਹ ਅਯੁੱਧਿਆ ਭੇਜ ਦਿੱਤਾ। ਪ੍ਰਸ਼ਾਸਨ ਨੇ ਇਸ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਪੁਲਿਸ ਖੇਤਰ ਅਧਿਕਾਰ (ਸੀਓ) ਆਸ਼ੂਤੋਸ਼ ਤ੍ਰਿਪਾਠੀ ਨੂੰ ਸੌਂਪੀ ਹੈ। ਹੁਣ ਇਨ੍ਹਾਂ ਨੂੰ ਐਂਟੀ ਕੁਰੱਪਸ਼ਨ ਕੋਰਟ ਵਿਚ ਪੇਸ਼ ਕੀਤਾ ਜਾਏਗਾ ਜਿੱਥੇ ਪੁਲਿਸ ਦੀ ਰਿਮਾਂਡ ਅਰਜ਼ੀ ’ਤੇ ਸੁਣਵਾਈ ਹੋਵੇਗੀ।
ਟਰੱਸਟ ਦੇ ਮੈਂਬਰ ਕ੍ਰਿਸ਼ਨਨ ਮੋਹਨ ਦੀ ਸ਼ਿਕਾਇਤ ’ਤੇ ਵੀਰਵਾਰ ਨੂੰ ਮੰਦਰ ਦੇ ਸੇਵਾਦਾਰ, ਗਿਣਤੀ ਕਰਨ ਵਾਲੇ ਮੁਲਾਜ਼ਮ ਤੇ ਸਾਬਕਾ ਬੈਂਕ ਅਧਿਕਾਰੀ ਸਮੇਤ 8 ਜਣਿਆਂ ਦੇ ਖਿਲਾਫ਼ ਰਾਮ ਜਨਮ ਭੂਮੀ ਥਾਣੇ ’ਚ ਚੜ੍ਹਾਵੇ ਵਿਚ ਚੋਰੀ ਦੀ ਰਿਪੋਰਟ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਇਨ੍ਹਾਂ ਨੂੰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਘਟਨਾਕ੍ਰਮ ਦੇ ਸਮਾਂਤਰ ਚੰਪਤ ਰਾਏ ਤੇ ਅਨਿਲ ਮਿਸ਼ਰ ਦੇ ਅਸਤੀਫ਼ਾ ਦੇਣ ਦੀ ਚਰਚਾ ਸਾਰਾ ਦਿਨ ਟੀਵੀ ਚੈਨਲਾਂ ਤੋਂ ਲੈ ਕੇ ਇੰਟਰਨੈੱਟ ਮੀਡੀਆ ’ਤੇ ਛਾਈ ਰਹੀ। ਕੁਝ ਚੈਨਲਾਂ ਨੇ ਇਕ ਅਹੁਦੇਦਾਰ ਦੇ ਹਵਾਲੇ ਨਾਲ ਵੀ ਇਨ੍ਹਾਂ ਦੇ ਅਸਤੀਫ਼ੇ ਦੀ ਪੁਸ਼ਟੀ ਦਾ ਦਾਅਵਾ ਕਰ ਦਿੱਤਾ। ਹਾਲਾਂਕਿ ਅਯੁੱਧਿਆ ਵਿਚ ਮੌਜੂਦ ਮੰਦਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਤੇ ਮੰਦਰ ਦੇ ਮੈਨੇਜਰ ਗੋਪਾਲ ਰਾਓ ਨੇ ਅਸਤੀਫ਼ੇ ਦੀਆਂ ਖਬਰਾਂ ਦਾ ਖੰਡਨ ਕੀਤਾ। ਚੰਪਤ ਤੇ ਮਿਸ਼ਰ ਵੱਲੋਂ ਕੋਈ ਪ੍ਰਤੀਕ੍ਰਿਆ ਨਾ ਆਉਣ ਕਾਰਨ ਕਿਆਸਅਰਾਈਆਂ ਨੂੰ ਮਜ਼ਬੂਤੀ ਮਿਲਦੀ ਰਹੀ। ਚੰਪਤ ਦੇ ਇਕ ਨੁਮਾਇੰਦੇ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਉਨ੍ਹਾਂ ਨੇ ਅਸਤੀਫ਼ਾ ਨਹੀਂ ਦਿੱਤਾ।
ਓਧਰ, ਦੁਪਹਿਰ ਨੂੰ ਕਰੀਬ ਤਿੰਨ ਵਜੇ ਸਾਰੇ ਮੁਲਜ਼ਮਾਂ ਨੂੰ ਚਿੱਟੇ ਮਾਸਕ ਨਾਲ ਚਿਹਰਾ ਢਕੇ ਹੋਏ ਕਾਲੇ ਸ਼ੀਸ਼ੇ ਵਾਲੀ ਐੱਸਯੂਵੀ ’ਚ ਅਦਾਲਤ ਲਿਆਂਦਾ ਗਿਆ। ਮੁਕੱਦਮਾ ਅਧਿਕਾਰੀ ਕੇਸੀ ਵਰਮਾ ਤੇ ਇੰਚਾਰਜ ਜੁਆਇੰਟ ਡਾਇਰੈਕਟਰ ਪੀਕੇ ਯਾਦਵ ਨੇ ਕਿਹਾ ਕਿ ਮੁਲਜ਼ਮਾਂ ’ਤੇ ਭਾਰਤੀ ਨਿਆਂ ਸੰਹਿਤਾ ਦੇ ਨਾਲ ਨਾਲ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਵੀ ਲਗਾਈਆਂ ਹਨ। ਇਸ ਕਾਰਨ ਹੁਣ 29 ਜੂਨ ਨੂੰ ਮੁਲਜ਼ਮਾਂ ਦੀ ਅਗਲੀ ਪੇਸ਼ੀ ਖ਼ਾਸ ਭ੍ਰਿਸ਼ਟਾਚਾਰ ਰੋਕੂ ਕੋਰਟ ਵਿਚ ਹੋਵੇਗੀ, ਜਿੱਥੇ ਪੁਲਿਸ ਦੀ ਕਸਟਡੀ ਰਿਮਾਂਡ ਅਰਜ਼ੀ ’ਤੇ ਸੁਣਵਾਈ ਕੀਤੀ ਜਾ ਸਕਦੀ ਹੈ। ਸੀਨੀਅਰ ਫ਼ੌਜਦਾਰੀ ਵਕੀਲ ਸਈਦ ਖਾਨ ਮੁਤਾਬਕ ਨਵੇਂ ਬੀਐੱਨਐੱਸ ਕਾਨੂੰਨ ਤਹਿਤ ਪੁਲਿਸ ਹੁਣ ਪਹਿਲੇ 14 ਦਿਨਾਂ ਦੀ ਮਜਬੂਰੀ ਦੇ ਬਿਨਾ ਕਿਸੇ ਸਮੇਂ ਮੁਲਜ਼ਮਾਂ ਦੀ ਕਸਟਡੀ ਰਿਮਾਂਡ ਦੀ ਮੰਗ ਕਰ ਸਕਦੀ ਹੈ। ਪੁਲਿਸ ਮੁਤਾਬਕ, ਮੁਲਜ਼ਮਾਂ ਕੋਲੋਂ ਕੁੱਲ 79 ਲੱਖ 85 ਹਜ਼ਾਰ 493 ਰੁਪਏ ਨਗਦ ਦੇ ਇਲਾਵਾ ਇਕ ਹਜ਼ਾਰ ਅਮਰੀਕੀ ਡਾਲਰ ਤੇ ਵਿਦੇਸ਼ੀ ਕਰੰਸੀਆਂ ਵੀ ਬਰਾਮਦ ਹੋਈਆਂ ਹਨ।
ਸਾਬਕਾ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਆਗੂ ਪਵਨ ਪਾਂਡੇ ਨੇ ਪੰਜ ਜੂਨ ਨੂੰ ਦਾਨਪਾਤਰਾਂ ਵਿੱਚੋਂ ਕਰੋੜਾਂ ਰੁਪਏ ਚੋਰੀ ਦਾ ਦੋਸ਼ ਲਗਾਇਆ ਸੀ, ਜਿਸ ਨੂੰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸੱਤ ਜੂਨ ਨੂੰ ਐਕਸ ’ਤੇ ਪੋਸਟ ਕੀਤਾ। ਇਸ ਤੋਂ ਬਾਅਦ ਮਾਮਲੇ ਨੇ ਤੂਲ ਫੜਿਆ। ਇਸ ’ਤੇ 13 ਜੂਨ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਖ਼ਾਸ ਜਾਂਚ ਟੀਮ ਦਾ ਗਠਨ ਕਰ ਕੇ 15 ਦਿਨਾਂ ਦੇ ਅੰਦਰ ਜਾਂਚ ਦੇ ਨਿਰਦੇਸ਼ ਦਿੱਤੇ। ਐੱਸਆਈਟੀ ਦੀ ਮੁੱਢਲੀ ਜਾਂਚ ’ਚ ਦਾਨਪਾਤਰਾਂ ਵਿੱਚੋਂ ਚੋਰੀ ਦੇ ਦੋਸ਼ਾਂ ਦੀ ਪੁਸ਼ਟੀ ਦੇ ਬਾਅਦ ਐੱਫਆਈਆਰ ਦੀ ਸਿਫਾਰਸ਼ ਕੀਤੀ ਗਈ। ਵੀਰਵਾਰ ਰਾਤ ਨੂੰ ਇਸ ਵਿਚ ਪਹਿਲੀ ਰਿਪੋਰਟ ਦਰਜ ਹੋਣ ਦੇ ਬਾਅਦ ਪੁਲਿਸ ਨੇ ਮੰਦਰ ਪ੍ਰਬੰਧ ਨਾਲ ਜੁੜੇ ਤੇ ਡਰਾਈਵਰ ਰਮਾਸ਼ੰਕਰ ਟਿੰਨੂ ਯਾਦਵ ਤੋਂ ਇਲਾਵਾ ਟਰੱਸਟ ਮੁਲਾਜ਼ਮ ਅਨੁਕਲਪ ਮਿਸ਼ਰ, ਉਸ ਦੇ ਜੀਜੇ ਲਵਕੁਸ਼ ਮਿਸ਼ਰ, ਟਿੰਨੂ ਦੇ ਭਤੀਜੇ ਮਨੀਸ਼ ਯਾਦਵ, ਕਰੁਣੇਸ਼ ਪਾਂਡੇ, ਰਮਾਸ਼ੰਕਰ ਮਿਸ਼ਰ, ਅਵਿਨਾਸ਼ ਸ਼ੁਕਲ ਤੇ ਰਿਟਾਇਰਡ ਬੈਂਕ ਕਾਮਾ ਸੁਭਾਸ਼ ਸ਼੍ਰੀਵਾਸਤਵ ਗ੍ਰਿਫ਼ਤਾਰ ਕੀਤਾ ਸੀ।
ਗਿਣਤੀ ’ਚ ਨੌਕਰੀ ਦਿਵਾਉਣ ਵਾਲਿਆਂ ’ਤੇ ਕੱਸੇਗਾ ਸ਼ਿਕੰਜਾ
ਪੁਲਿਸ ਦੇ ਕਾਰਵਾਈ ’ਚ ਹੁਣ ਉਨ੍ਹਾਂ ਲੋਕਾਂ ’ਤੇ ਸ਼ਿਕੰਜਾ ਕੱਸੇਗਾ ਜਿਨ੍ਹਾਂ ਲੋਕਾਂ ਨੇ ਮੁਲਜ਼ਮਾਂ ਨੂੰ ਨੌਕਰੀ ਦਿਵਾਉਣ ’ਚ ਮਦਦ ਕੀਤੀ ਸੀ। ਜਾਂਚ ਮੁਤਾਬਾਕ ਅਨੁਕਲਪ ਮਿਸ਼ਰ ਨੇ ਕਈ ਲੋਕਾਂ ਨੂੰ ਚੜ੍ਹਾਵੇ ਦੀ ਗਿਣਤੀ ਨਾਲ ਜੁੜੇ ਕੰਮ ’ਚ ਸ਼ਾਮਲ ਕੀਤਾ ਸੀ। ਪਤਾ ਕੀਤਾ ਜਾਏਗਾ ਕਿ ਕਿਨ੍ਹਾਂ ਲੋਕਾਂ ਦੀ ਸਿਫਾਰਸ਼ ’ਤੇ ਗਿਣਤੀ ਮੁਲਾਜ਼ਮਾਂ ਦੀ ਭਰਤੀ ਕੀਤੀ ਸੀ ਅਤੇ ਬੈਂਕ ਮੁਲਾਜ਼ਮਾਂ ਤੇ ਅਫਸਰਾਂ ਦੀ ਕੀ ਭੂਮਿਕਾ ਸੀ। ਦਰਅਸਲ, ਗਿਣਤੀ ਦਾ ਪੂਰਾ ਕੰਮ ਬੈਂਕ ਦੇ ਹੀ ਭਰੋਸੇ ਸੀ। ਗਿਣਤੀ ਵਿਚ ਕਰੀਬ 40 ਲੋਕ ਜੁੜੇ ਸਨ, ਦੱਸਿਆ ਜਾਂਦਾ ਹੈ ਕਿ ਇਨ੍ਹਾਂ ਵਿੱਚੋਂ ਕਈਆਂ ਨੂੰ ਅਨੁਕਲਪ ਕੰਮ ’ਤੇ ਲਗਵਾਇਆ ਸੀ।