- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਪੀ ਨੱਡਾ ਨੇ ਕਈ ਡਿਜੀਟਲ ਪਲੇਟਫਾਰਮਾਂ ’ਤੇ ਸਿਹਤ ਸੇਵਾਵਾਂ ਨੂੰ ਲੱਭਣ, ਬੁੱਕ ਕਰਨ ਤੇ ਉਨ੍ਹਾਂ ਤੱਕ ਪਹੁੰਚਣ ਦੀ ਸਹੂਲਤ ਦੇਣ ਵਾਲੇ ਯੂਨਾਈਟਿਡ ਹੈਲਥ ਇੰਟਰਫੇਸ (ਯੂਐੱਚਆਈ) ਨੂੰ ਲਾਂਚ ਕੀਤਾ। ਇਹ ਇੰਟਰਆਪ੍ਰੇਬਲ ਡਿਜੀਟਲ ਨੈੱਟਵਰਕ ਮਰੀਜ਼ਾਂ ਨੂੰ ਵੱਖ-ਵੱਖ ਪਲੇਟਫਾਰਮਾਂ ਤੱਕ ਪਹੁੰਚ ਯਕੀਨੀ ਕਰਦਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ। ਸਿਹਤ ਮੰਤਰੀ ਜੇਪੀ ਨੱਡਾ ਨੇ ਆਮ ਲੋਕਾਂ ਤੱਕ ਬਿਹਤਰ ਤੇ ਖਾਸ ਸਿਹਤ ਸਹੂਲਤਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਸੋਮਵਾਰ ਨੂੰ ਕਈ ਯੋਜਨਾਵਾਂ ਦੀ ਸ਼ੁਰੂਆਤ ਕੀਤੀ। ਇਨ੍ਹਾਂ ’ਚ ਆਯੁਸ਼ਮਾਨ ਭਾਰਤ ਲਈ ਆਯੁਮਾਨ ਸਾਰਥੀ ਨਾਂ ਦੀ ਚੈਟਬਾਟ, ਰਾਸ਼ਟਰੀ ਐਂਬੂਲੈਂਸ ਸਰਵਿਸ ਗਾਈਡਲਾਈਨ, 2030 ਤੱਕ ਮਾਤਾ ਤੇ ਨਵਜੰਮਿਆਂ ਦੀ ਸਿਹਤ ਦੀ ਦੇਖਭਾਲ ਯਕੀਨੀ ਬਣਾਉਣ ਲਈ ਸੁਮਨ ਰੋਡਮੈਪ ਤੇ ਸਮਗਰ ਸ਼ਿਸ਼ੂ ਬਾਲ ਸਿਹਤ ਕਲਿਆਣ ਤੇ ਅਨੀਮੀਆ ਮੁਕਤ ਭਾਰਤ ਮੁਹਿੰਮ ਅਹਿਮ ਹਨ। ਇਨ੍ਹਾਂ ਯੋਜਨਾਵਾਂ ਨੂੰ ਲਾਂਚ ਕਰਦੇ ਹੋਏ ਜੇਪੀ ਨੱਡਾ ਨੇ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਲਈ ਸਿਹਤਮੰਦ ਭਾਰਤ ਦਾ ਨਿਰਮਾਣ ਅਹਿਮ ਕੜੀ ਹੈ।
ਆਯੁਸ਼ਮਾਨ ਸਾਰਥੀ ਨਾਮੀ ਵ੍ਹਟਸਐਪ ਚੈਟਬਾਟ ਆਯੁਸ਼ਮਾਨ ਭਾਰਤ ਦੇ ਲਾਭਪਾਤਰੀਆਂ ਨੂੰ ਸਰਕਾਰੀ ਦਫ਼ਤਰਾਂ ’ਚ ਜਾਏ ਬਿਨਾਂ ਜਾਂ ਹੈਲਪਲਾਈਨ ’ਤੇ ਕਾਲ ਕੀਤੇ ਬਿਨਾਂ ਅਹਿਮ ਸੇਵਾਵਾਂ ਤੱਕ 24 ਘੰਟੇ ਪਹੁੰਚ ਦੇਵੇਗਾ। ਇਹ ਵ੍ਹਟਸਐਪ ਰਾਹੀਂ ਆਯੁਸ਼ਮਾਨ ਭਾਰਤ ਯੋਜਨਾ ਦੀਆਂ ਸੇਵਾਵਾਂ ਤੱਕ ਸੁਰੱਖਿਅਤ ਤੇ ਰੀਅਲ ਟਾਈਮ ਪਹੁੰਚ ਦਿੰਦਾ ਹੈ। ਇਸਦੀ ਵਰਤੋਂ ਯੋਜਨਾ ਦੇ ਤਹਿਤ ਆਪਣੀ ਪਾਤਰਤਾ ਜਾਂਚਣ, ਆਯੁਸ਼ਮਾਨ ਕਾਰਡ ਲਈ ਅਰਜ਼ੀ ਦੇਣ ਤੇ ਡਾਊਨਲੋਡ ਕਰਨ, ਈ-ਕੇਵਾਈਸੀ ਪੂਰੀ ਕਰਨ, ਆਧਾਰ ਲਿੰਕ ਕਰਨ, ਆਪਣਾ ਪੀਐੱਮ-ਜੇਏਵਾਈ (ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ) ਕਾਰਡ ਲਾਕ ਜਾਂ ਅਨਲਾਕ ਕਰਨ ਤੇ 70 ਸਾਲ ਤੇ ਉਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਲਈ ਆਯੁਸ਼ਮਾਨ ਵਯ ਵੰਦਨਾ ਕਾਰਡ ਨਾਲ ਸਬੰਧਤ ਸੇਵਾਵਾਂ ਲਈ ਕਰ ਸਕਦੇ ਹਨ। ਇਸ ਨਾਲ ਇਲਾਜ ਲਈ ਬਚਿਆ ਬੈਲੰਸ ਤੇ ਇਲਾਜ ਦਾ ਇਤਿਹਾਸ ਵੀ ਦੇਖ ਸਕਦੇ ਹਨ। ਨਜ਼ਦੀਕੀ ਸੂਚੀਬੱਧ ਹਸਪਤਾਲਾਂ ਦਾ ਪਤਾ ਲਗਾ ਸਕਦੇ ਹਨ ਤੇ ਸ਼ਿਕਾਇਤ ਦਰਜ ਕਰ ਕੇ ਉਸ ਨੂੰ ਟਰੈਕ ਕਰ ਸਕਦੇ ਹਨ। ਕਾਲਬੈਕ ਦੀ ਅਪੀਲ ਤੇ ਹਸਪਤਾਲ ਤੋਂ ਛੁੱਟੀ ਤੋਂ ਬਾਅਦ ਫੀਡਬੈਕ ਵੀ ਜਮ੍ਹਾਂ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਵਰਤੋਂ
ਆਯੁਸ਼ਮਾਨ ਭਾਰਤ ਯੋਜਨਾ ਦੇ ਲਾਭਪਾਤਰੀ +91 72908 23838 ਨੰਬਰ ’ਤੇ ਵ੍ਹਟਸਐਪ ’ਤੇ "Hi" ਭੇਜ ਕੇ ਆਯੁਸ਼ਮਾਨ ਸਾਰਥੀ ਦੀ ਵਰਤੋਂ ਕਰ ਸਕਦੇ ਹਨ। ਇਸ ਕਦਮ ਦਾ ਮੰਤਵ ਵ੍ਹਟਸਐਪ ਰਾਹੀਂ ਪੀਐੱਮ-ਜੇਏਵਾਈ ਸੇਵਾਵਾਂ ਦੀ ਤੁਰੰਤ ਸਹੂਲਤ ਪ੍ਰਦਾਨ ਕਰ ਕੇ ਪਹੁੰਚ, ਪਾਰਦਰਸ਼ਤਾ ਤੇ ਨਾਗਰਿਕ ਹਿੱਸੇਦਾਰੀ ’ਚ ਸੁਧਾਰ ਕਰਨਾ ਹੈ।
ਆਰੋਗਿਆ ਸੇਤੂ 2.0 ਲਾਂਚ
ਜੇਪੀ ਨੱਡਾ ਨੇ ਕੋਰੋਨਾ ਟੀਕਾਕਰਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਰੋਗਿਆ ਸੇਤੂ ਦਾ ਨਵਾਂ ਐਡੀਸ਼ਨ ਵੀ ਲਾਂਚ ਕੀਤਾ। ਆਰੋਗਿਆ ਸੇਤੂ 2.0 ਨਿੱਜੀ ਸਿਹਤ ਰਿਕਾਰਡ ਲਈ ਇਕ ਡਿਜੀਟਲ ਪਲੇਟਫਾਰਮ ਦੇ ਤੌਰ ’ਤੇ ਕੰਮ ਕਰੇਗਾ। ਇਸ ਨਾਲ ਸਿਹਤ ਬੀਮਾ ਕਵਰੇਜ ਤੇ ਦਾਅਵਿਆਂ ਨੂੰ ਟਰੈਕ ਵੀ ਕੀਤਾ ਜਾ ਸਕਦਾ ਹੈ। ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਤਹਿਤ ਤਿਆਰ ਇਹ ਐਪਲੀਕੇਸ਼ਨ ਉੱਨਤ ਸਿਹਤ ਸੇਵਾਵਾਂ ਤੱਕ ਪਹੁੰਚਣ ਲਈ ਡਿਜੀਟਲ ਗੇਟਵੇਅ ਦਾ ਕੰਮ ਕਰੇਗਾ। ਇਸ ਰਾਹੀਂ ਆਯੁਸ਼ਮਾਨ ਭਾਰਤ ਸਿਹਤ ਖਾਤਾ (ਆਭਾ) ਆਈਡੀ ਬਣਾਉਣ ਦੇ ਨਾਲ ਹੀ ਸਿਹਤ ਕਾਰਡ ਦੀ ਮੈਨੇਜਮੈਂਟ ਤੇ ਸਕੈਨ ਐਂਡ ਸ਼ੇਅਰ ਸਹੂਲਤ ਰਾਹੀਂ ਹਸਪਤਾਲਾਂ ’ਚ ਡਿਜੀਟਲ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਇਸ ਰਾਹੀਂ ਆਯੁਸ਼ਮਾਨ ਭਾਰਤ ਦੇ ਲਾਭਪਾਤਰੀ ਨਿੱਜੀ ਤੇ ਪਰਿਵਾਰਕ ਸਿਹਤ ਬੀਮਾ ਕਵਰੇਜ ਦੀ ਰੀਅਲ ਟਾਈਮ ਜਾਣਕਾਰੀ ਲੈ ਸਕਦੇ ਹਨ।
ਇਕੋ ਥਾਂ ਮਿਲੇਗੀ ਵੱਖ ਵੱਖ ਪਲੇਟਫਾਰਮਾਂ ’ਤੇ ਉਪਲੱਬਧ ਸਿਹਤ ਸੇਵਾਵਾਂ ਦੀ ਜਾਣਕਾਰੀ
ਜੇਪੀ ਨੱਡਾ ਨੇ ਕਈ ਡਿਜੀਟਲ ਪਲੇਟਫਾਰਮਾਂ ’ਤੇ ਸਿਹਤ ਸੇਵਾਵਾਂ ਨੂੰ ਲੱਭਣ, ਬੁੱਕ ਕਰਨ ਤੇ ਉਨ੍ਹਾਂ ਤੱਕ ਪਹੁੰਚਣ ਦੀ ਸਹੂਲਤ ਦੇਣ ਵਾਲੇ ਯੂਨਾਈਟਿਡ ਹੈਲਥ ਇੰਟਰਫੇਸ (ਯੂਐੱਚਆਈ) ਨੂੰ ਲਾਂਚ ਕੀਤਾ। ਇਹ ਇੰਟਰਆਪ੍ਰੇਬਲ ਡਿਜੀਟਲ ਨੈੱਟਵਰਕ ਮਰੀਜ਼ਾਂ ਨੂੰ ਵੱਖ-ਵੱਖ ਪਲੇਟਫਾਰਮਾਂ ਤੱਕ ਪਹੁੰਚ ਯਕੀਨੀ ਕਰਦਾ ਹੈ।