- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੰਜਾਮ ਅਤੇ ਗਜਪਤੀ ਜ਼ਿਲ੍ਹਿਆਂ ਵਿਚ ਇਕ ਹਜ਼ਾਰ ਤੋਂ ਵੱਧ ਪਿੰਡ ਪ੍ਰਭਾਵਿਤ ਹਨ, ਜਦਕਿ ਕਈ ਇਲਾਕੇ ਪਾਣੀ ਵਿਚ ਡੁੱਬਣ ਕਾਰਨ ਹੋਰਨਾਂ ਇਲਾਕਿਆਂ ਨਾਲੋਂ ਕੱਟੇ ਗਏ ਹਨ। ਸੂਬਾ ਸਰਕਾਰ ਨੇ ਦੋਵਾਂ ਜ਼ਿਲ੍ਹਿਆਂ ਵਿਚ ਬਚਾਅ ਕਾਰਜਾਂ ਲਈ ਆਫ਼ਤ ਰਾਹਤ ਦੀਆਂ 79 ਟੀਮਾਂ ਤਾਇਨਾਤ ਕੀਤੀਆਂ ਹਨ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਬੰਗਾਲ ਦੀ ਖਾੜੀ ਵਿੱਚੋਂ ਉੱਠਿਆ ਚੱਕਰਵਾਤੀ ਤੂਫ਼ਾਨ ਅਰਨਬ ਭਾਵੇਂ ਸਮੁੰਦਰੀ ਤੱਟ ਨਾਲ ਟਕਰਾਉਣ ਤੋਂ ਬਾਅਦ ਕਮਜ਼ੋਰ ਹੋ ਗਿਆ ਹੈ, ਪਰ ਇਸ ਕਾਰਨ ਓਡੀਸ਼ਾ ਦੇ ਦੱਖਣੀ ਜ਼ਿਲ੍ਹਿਆਂ ਵਿਚ ਭਾਰੀ ਮੀਂਹ, ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਵੱਡੇ ਪੱਧਰ ’ਤੇ ਤਬਾਹੀ ਹੋਈ ਹੈ। ਗੰਜਾਮ ਅਤੇ ਗਜਪਤੀ ਜ਼ਿਲ੍ਹਿਆਂ ਵਿਚ ਇਕ ਹਜ਼ਾਰ ਤੋਂ ਵੱਧ ਪਿੰਡ ਪ੍ਰਭਾਵਿਤ ਹਨ, ਜਦਕਿ ਕਈ ਇਲਾਕੇ ਪਾਣੀ ਵਿਚ ਡੁੱਬਣ ਕਾਰਨ ਹੋਰਨਾਂ ਇਲਾਕਿਆਂ ਨਾਲੋਂ ਕੱਟੇ ਗਏ ਹਨ। ਸੂਬਾ ਸਰਕਾਰ ਨੇ ਦੋਵਾਂ ਜ਼ਿਲ੍ਹਿਆਂ ਵਿਚ ਬਚਾਅ ਕਾਰਜਾਂ ਲਈ ਆਫ਼ਤ ਰਾਹਤ ਦੀਆਂ 79 ਟੀਮਾਂ ਤਾਇਨਾਤ ਕੀਤੀਆਂ ਹਨ। ਦੋਵਾਂ ਜ਼ਿਲ੍ਹਿਆਂ ਦੇ 2328 ਲੋਕਾਂ ਨੂੰ ਏਅਰਲਿਫਟ ਕਰਨ ਤਿਆਰੀ ਕੀਤੀ ਗਈ ਹੈ। ਓਧਰ, ਪੀਟੀਆਈ ਮੁਤਾਬਕ, ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਵਿਚ ਬੁੱਧਵਾਰ ਰਾਤ ਨੂੰ ਕੰਧ ਡਿੱਗਣ ਕਾਰਨ 11 ਸਾਲਾ ਲੜਕੇ ਦੀ ਮੌਤ ਹੋ ਗਈ। ਇਸ ਨਾਲ ਆਂਧਰਾ ਵਿਚ ਤੂਫ਼ਾਨ ਨਾਲ ਜੁੜੀਆਂ ਘਟਨਾਵਾਂ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਕੇ ਛੇ ਹੋ ਗਈ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨਾਲ ਗੱਲਬਾਤ ਕਰ ਕੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਸ਼ਾਹ ਨੇ ਆਂਧਰਾ ਪ੍ਰਦੇਸ਼, ਪੁਡੂਚੇਰੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਨਾਲ ਵੀ ਗੱਲ ਕਰ ਕੇ ਸਹਾਇਤਾ ਦਾ ਭਰੋਸਾ ਦਿੱਤਾ।
ਗੰਜਾਮ ਦੇ 70 ਪਿੰਡ ਹੋਰਨਾਂ ਇਲਾਕਿਆਂ ਨਾਲੋਂ ਕੱਟੇ, ਗਜਪਤੀ ਦੇ 711 ਪਿੰਡ ਪ੍ਰਭਾਵਿਤ
ਓਡੀਸ਼ਾ ਦੀ ਮੁੱਖ ਸਕੱਤਰ ਅਨੁ ਗਰਗ ਅਨੁਸਾਰ, ਗੰਜਾਮ ਜ਼ਿਲ੍ਹੇ ਦੇ 299 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚੋਂ 70 ਪਿੰਡਾਂ ਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ। ਇਨ੍ਹਾਂ ਪਿੰਡਾਂ ਵਿੱਚੋਂ 2328 ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਹਵਾਈ ਮੁਹਿੰਮ ਚਲਾਈ ਜਾ ਰਹੀ ਹੈ। ਤੱਟ ਰੱਖਿਅਕ ਬਲ ਦੇ ਹੈਲੀਕਾਪਟਰ ਨੇ ਵੀਰਵਾਰ ਦੁਪਹਿਰ ਪਹਿਲੀ ਉਡਾਣ ਨਾਲ ਬਚਾਅ ਮੁਹਿੰਮ ਸ਼ੁਰੂ ਕੀਤੀ। ਇਸ ਤੋਂ ਇਲਾਵਾ ਕੌਮੀ ਆਫ਼ਤ ਰਾਹਤ ਬਲ (ਐੱਨਡੀਆਰਐੱਫ) ਦੀਆਂ ਤਿੰਨ, ਓਡੀਸ਼ਾ ਆਫ਼ਤ ਤੁਰੰਤ ਕਾਰਵਾਈ ਬਲ (ਓਡੀਆਰਏਐੱਫ) ਦੀਆਂ 27 ਅਤੇ ਅੱਗ ਬੁਝਾਊ ਸੇਵਾ ਦੀਆਂ 24 ਟੀਮਾਂ ਨੇ ਗੰਜਾਮ ਵਿਚ ਹੁਣ ਤੱਕ 11,882 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ। ਗਜਪਤੀ ਵਿਚ ਬਚਾਅ ਦਲਾਂ ਦੀਆਂ 25 ਟੀਮਾਂ ਨੇ 17,441 ਲੋਕਾਂ ਨੂੰ ਸੁਰੱਖਿਅਤ ਕੱਢਿਆ ਹੈ। ਗਜਪਤੀ ਦੇ 711 ਪਿੰਡ ਭਾਰੀ ਮੀਂਹ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਇਸ ਦੌਰਾਨ ਗਜਪਤੀ ਦੇ ਮੋਹਨਾ ਬਲਾਕ ਵਿਚ ਕੌਮੀ ਰਾਜਮਾਰਗ 326 ਦਾ ਲਗਪਗ 300 ਮੀਟਰ ਹਿੱਸਾ ਰੁੜ੍ਹ ਗਿਆ। ਦੋਵਾਂ ਜ਼ਿਲ੍ਹਿਆਂ ਵਿਚ ਆਂਗਣਵਾੜੀ ਕੇਂਦਰ ਅਤੇ ਵਿੱਦਿਅਕ ਸੰਸਥਾਵਾਂ 31 ਅਕਤੂਬਰ ਤੱਕ ਬੰਦ ਰਹਿਣਗੀਆਂ।
ਬਹੁਦਾ ਨਦੀ ਨੇ ਖ਼ਤਰੇ ਦਾ ਨਿਸ਼ਾਨ ਪਾਰ ਕੀਤਾ
ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਦੀ ਸਰਹੱਦ ’ਤੇ ਵਗਣ ਵਾਲੀ ਬਹੁਦਾ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਣ ਕਾਰਨ ਹਾਵੜਾ-ਚੇਨਈ ਰੇਲ ਮਾਰਗ ’ਤੇ ਨੌਂ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ 14 ਦੇ ਰੂਟ ਬਦਲੇ ਗਏ ਹਨ। ਰੱਦ ਕੀਤੀਆਂ ਰੇਲਗੱਡੀਆਂ ਵਿਚ ਭੁਵਨੇਸ਼ਵਰ-ਵਿਸ਼ਾਖਾਪਟਨਮ ਵੰਦੇ ਭਾਰਤ, ਇੰਟਰਸਿਟੀ ਐਕਸਪ੍ਰੈੱਸ ਅਤੇ ਵਿਸ਼ਾਖਾ ਐਕਸਪ੍ਰੈੱਸ ਸ਼ਾਮਲ ਹਨ। ਓਡੀਸ਼ਾ ਨਾਲ ਲੱਗਦੇ ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਜ਼ਿਲ੍ਹੇ ਵਿਚ ਜਾਰਪੁਡੀ ਅਤੇ ਇੱਛਾਪੁਰਮ ਵਿਚਕਾਰ ਸਥਿਤ ਰੇਲਵੇ ਪੁਲ ਨੰਬਰ 1052 ’ਤੇ ਵੀ ਪ੍ਰਸ਼ਾਸਨ ਨਜ਼ਰ ਰੱਖ ਰਿਹਾ ਹੈ। ਪੁਲ ਦੇ ਦੋਵਾਂ ਪਾਸਿਆਂ ’ਤੇ 10 ਤੋਂ ਵੱਧ ਰੇਲਗੱਡੀਆਂ ਰੋਕੀਆਂ ਗਈਆਂ ਹਨ।
ਆਂਧਰਾ ’ਚ ਮਾਲਵਾਹਕ ਜਹਾਜ਼ ਦੇ 13 ਮੈਂਬਰ ਕੀਤੇ ਗਏ ਏਅਰਲਿਫਟ
ਆਂਧਰਾ ਪ੍ਰਦੇਸ਼ ਵਿਚ ਭਾਰਤੀ ਤੱਟ ਰੱਖਿਅਕ ਬਲ ਨੇ ਮਾਰਸ਼ਲ ਆਈਲੈਂਡਜ਼ ਦੇ ਝੰਡੇ ਵਾਲੇ ਮਾਲਵਾਹਕ ਜਹਾਜ਼ ‘ਸਿਗਮਾ ਪਰਲ’ ਦੇ ਚਾਲਕ ਦਲ ਦੇ 13 ਮੈਂਬਰਾਂ ਨੂੰ ਏਅਰਲਿਫਟ ਕਰ ਕੇ ਬਚਾ ਲਿਆ। 180 ਮੀਟਰ ਲੰਬੇ ਜਹਾਜ਼ ਵਿਚ ਸਵਾਰ ਬਾਕੀ ਸੱਤ ਮਲਾਹਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਸੁਰੱਖਿਅਤ ਕੱਢਣ ਦਾ ਕੰਮ ਜਾਰੀ ਹੈ। ਸਿੰਗਾਪੁਰ ਜਾ ਰਿਹਾ ਇਹ ਜਹਾਜ਼ ਬੰਗਾਲ ਦੀ ਖਾੜੀ ਵਿਚ ਆਂਧਰਾ ਪ੍ਰਦੇਸ਼ ਦੇ ਤੱਟ ਨੇੜੇ ਮੌਸਮ ਖ਼ਰਾਬ ਹੋਣ ਕਾਰਨ ਫਸ ਗਿਆ ਸੀ। ਏਐੱਨਆਈ ਅਨੁਸਾਰ, ਵਿਸ਼ਾਖਾਪਟਨਮ ਵਿਚ ਇਕ ਰੇਲਵੇ ਪੁਲ਼ ਦੇ ਹੇਠਾਂ ਹੜ੍ਹ ਦਾ ਪਾਣੀ ਤੇਜ਼ੀ ਨਾਲ ਭਰ ਗਿਆ। ਇਸ ਕਾਰਨ ਰੇਲਵੇ ਨੇ ਵਿਸ਼ਾਖਾਪਟਨਮ-ਭੁਬਨੇਸ਼ਵਰ ਰੂਟ ’ਤੇ ਰੇਲਗੱਡੀਆਂ ਦੀ ਆਵਾਜਾਈ ਆਰਜ਼ੀ ਤੌਰ ’ਤੇ ਰੋਕ ਦਿੱਤੀ ਹੈ। ਘੱਟ ਦੂਰੀ ਦੀਆਂ ਨੌਂ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 16 ਰੇਲਗੱਡੀਆਂ ਦੇ ਰੂਟ ਬਦਲ ਦਿੱਤੇ ਗਏ ਹਨ।
ਬਿਹਾਰ ’ਚ ਰੁਕ-ਰੁਕ ਕੇ ਮੀਂਹ ਜਾਰੀ, ਮੱਧ ਪ੍ਰਦੇਸ਼ ਦੇ 33 ਜ਼ਿਲ੍ਹਿਆਂ ’ਚ ਅੱਜ ਅਲਰਟ
ਬਿਹਾਰ ਵਿਚ ਵੀ ਅਰਨਬ ਦੇ ਪ੍ਰਭਾਵ ਕਾਰਨ ਵੀਰਵਾਰ ਨੂੰ ਪਟਨਾ ਸਮੇਤ ਸਾਰੇ ਜ਼ਿਲ੍ਹਿਆਂ ਵਿਚ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਮੱਧ ਪ੍ਰਦੇਸ਼ ਦੇ ਵੀ ਕਈ ਜ਼ਿਲ੍ਹਿਆਂ ਵਿਚ ਤੇਜ਼ ਹਨੇਰੀ ਦੇ ਨਾਲ ਹਲਕਾ ਤੋਂ ਦਰਮਿਆਨਾ ਮੀਂਹ ਪਿਆ। ਮੌਸਮ ਕੇਂਦਰ ਨੇ ਸ਼ੁੱਕਰਵਾਰ ਨੂੰ 33 ਜ਼ਿਲ੍ਹਿਆਂ ਵਿਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਨੂੰ ਦੇਖਦਿਆਂ ਅਲਰਟ ਜਾਰੀ ਕੀਤਾ ਹੈ।
ਛੱਤੀਸਗੜ੍ਹ ’ਚ ਹਜ਼ਾਰਾਂ ਏਕੜ ਫ਼ਸਲ ਦਾ ਨੁਕਸਾਨ, ਦਿੱਲੀ ’ਚ ਵੀ ਮੀਂਹ
ਛੱਤੀਸਗੜ੍ਹ ਦੇ ਸਾਰੇ ਜ਼ਿਲ੍ਹਿਆਂ ਵਿਚ ਮੰਗਲਵਾਰ ਤੋਂ ਪੈ ਰਿਹਾ ਮੀਂਹ ਵੀਰਵਾਰ ਨੂੰ ਵੀ ਜਾਰੀ ਰਿਹਾ। ਲਗਾਤਾਰ ਮੀਂਹ ਕਾਰਨ ਖੇਤਾਂ ਵਿਚ ਖੜ੍ਹੀ ਹਜ਼ਾਰਾਂ ਏਕੜ ਫ਼ਸਲ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ। ਰਾਏਪੁਰ, ਬਸਤਰ, ਦੁਰਗ, ਬਿਲਾਸਪੁਰ ਅਤੇ ਸਰਗੁਜਾ ਡਵੀਜ਼ਨਾਂ ਵਿਚ ਖੇਤਾਂ ਵਿਚ ਪਾਣੀ ਭਰ ਜਾਣ ਕਾਰਨ ਹਜ਼ਾਰਾਂ ਏਕੜ ਫ਼ਸਲ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਬੇਮੌਸਮੇ ਮੀਂਹ ਕਾਰਨ ਸਬਜ਼ੀਆਂ ਦੀ ਫ਼ਸਲ ਨੂੰ ਵੀ ਨੁਕਸਾਨ ਹੋਇਆ ਹੈ। ਤੂਫ਼ਾਨ ਦੇ ਪ੍ਰਭਾਵ ਕਾਰਨ ਵੀਰਵਾਰ ਨੂੰ ਦਿੱਲੀ ਦੇ ਮੌਸਮ ਵਿਚ ਵੀ ਬਦਲਾਅ ਦੇਖਣ ਨੂੰ ਮਿਲਿਆ। ਦਿਨ ਭਰ ਬੱਦਲ ਛਾਏ ਰਹੇ। ਸਵੇਰੇ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ, ਜੋ ਬਾਅਦ ਵਿਚ ਆਰੇਂਜ ਅਤੇ ਰੈੱਡ ਅਲਰਟ ਵਿਚ ਬਦਲ ਗਿਆ। ਕਿਤੇ ਹਲਕਾ ਅਤੇ ਕਿਤੇ ਤੇਜ਼ ਮੀਂਹ ਦਰਜ ਕੀਤਾ ਗਿਆ।