- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੈਬ ਦੀ ਜਾਂਚ ਵਿਚ 200 ਮਿਲੀਲੀਟਰ ਪੈਕ ਵਾਲੇ ਬੈਚ ਨੰਬਰ ਐੱਫਏਡਬਲਿਊਬੀ-260017 ਦੇ ਨਮੂਨੇ ਵਿਚ ਸੀਸੇ ਦੀ ਮਾਤਰਾ ਨਿਰਧਾਰਤ ਹੱਦ ਨਾਲੋਂ ਪੰਜ ਗੁਣਾ ਵੱਧ ਮਿਲੀ।

ਨਈ ਦੁਨੀਆ ਪ੍ਰਤੀਨਿਧੀ, ਭੋਪਾਲ : ਮੱਧ ਪ੍ਰਦੇਸ਼ ਦੇ ਖੁਰਾਕ ਸੁਰੱਖਿਆ ਅਤੇ ਦਵਾ ਪ੍ਰਸ਼ਾਸਨ ਨੇ ਪਤੰਜਲੀ ਗਾਂ ਦੇ ਘਿਓ ਦੇ ਇਕ ਬੈਚ ਨੂੰ ਸਿਹਤ ਲਈ ਅਸੁਰੱਖਿਅਤ ਮਿਲਣ ਮਗਰੋਂ ਕਾਰਵਾਈ ਕੀਤੀ ਹੈ। ਲੈਬ ਦੀ ਜਾਂਚ ਵਿਚ 200 ਮਿਲੀਲੀਟਰ ਪੈਕ ਵਾਲੇ ਬੈਚ ਨੰਬਰ ਐੱਫਏਡਬਲਿਊਬੀ-260017 ਦੇ ਨਮੂਨੇ ਵਿਚ ਸੀਸੇ ਦੀ ਮਾਤਰਾ ਨਿਰਧਾਰਤ ਹੱਦ ਨਾਲੋਂ ਪੰਜ ਗੁਣਾ ਵੱਧ ਮਿਲੀ। ਸੀਸੇ ਦੀ ਵੱਧ ਤੋਂ ਵੱਧ ਮਨਜ਼ੂਰ ਮਾਤਰਾ 0.02 ਮਿਲੀਗ੍ਰਾਮ ਪ੍ਰਤੀ ਕਿੱਲੋਗ੍ਰਾਮ ਹੈ ਜਦਕਿ ਨਮੂਨੇ ਵਿਚ ਇਹ 0.10 ਮਿਲੀਗ੍ਰਾਮ ਪ੍ਰਤੀ ਕਿੱਲੋਗ੍ਰਾਮ ਪਾਈ ਗਈ। ਜਾਂਚ ਲਈ ਨਮੂਨਾ 10 ਅਗਸਤ ਨੂੰ ਛਿੰਦਵਾੜਾ ਜ਼ਿਲ੍ਹੇ ਦੇ ਤਾਮੀਆ (ਦੇਲਾਖਾਰੀ) ਸਥਿਤ ਅਨਿਲ ਕਰਿਆਨਾ ਸਟੋਰ ਤੋਂ ਲਿਆ ਗਿਆ ਸੀ। 9 ਅਕਤੂਬਰ ਨੂੰ ਭੋਪਾਲ ਦੀ ਕੇਲੀ ਪ੍ਰਾਈਵੇਟ ਲਿਮਟਿਡ ਪ੍ਰਯੋਗਸ਼ਾਲਾ ਦੀ ਰਿਪੋਰਟ ਵਿਚ ਇਸ ਨੂੰ ਅਸੁਰੱਖਿਅਤ ਕਰਾਰ ਦਿੱਤਾ ਗਿਆ। ਮੱਧ ਪ੍ਰਦੇਸ਼ ਖੁਰਾਕ ਅਤੇ ਦਵਾ ਪ੍ਰਸ਼ਾਸਨ ਦੇ ਕੰਟਰੋਲਰ ਮਨੋਜ ਪੁਸ਼ਪ ਨੇ ਦੱਸਿਆ ਕਿ ਸੂਬੇ ਵਿਚ ਇਸ ਬੈਚ ਦੇ ਪਤੰਜਲੀ ਗਾਂ ਦੇ ਘਿਉ ਦੀ ਵਿਕਰੀ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾ ਦਿੱਤੀ ਗਈ ਹੈ। ਨਾਲ ਹੀ, ਨਿਰਮਾਤਾ ਕੰਪਨੀ ਪਤੰਜਲੀ ਫੂਡ ਲਿਮਟਿਡ ਨੂੰ ਦੇਸ਼ ਭਰ ਦੇ ਬਾਜ਼ਾਰਾਂ, ਵਿਤਰਕਾਂ ਅਤੇ ਪ੍ਰਚੂਨ ਵਿਕਰੇਤਾਵਾਂ ਕੋਲੋਂ ਇਸ ਬੈਚ ਦਾ ਸਾਰਾ ਸਟਾਕ 24 ਘੰਟਿਆਂ ਵਿਚ ਵਾਪਸ ਮੰਗਵਾਉਣ ਦਾ ਹੁਕਮ ਦਿੱਤਾ ਗਿਆ ਹੈ।