ਰੂਹ ਕੰਬਾਊ ਵਾਰਦਾਤ: ਕਲਾਸਰੂਮ 'ਚ ਵੜ ਕੇ 10ਵੀਂ ਦੀਆਂ ਵਿਦਿਆਰਥਣ 'ਤੇ ਆਰੀ ਨਾਲ ਜਾਨਲੇਵਾ ਹਮਲਾ, ਪ੍ਰਪੋਜ਼ਲ ਠੁਕਰਾਉਣ 'ਤੇ ਚਾਚੇ ਨੇ ਅੰਜਾਮ ਦਿੱਤੀ ਕਰੂਰਤਾ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿੱਚ 21 ਸਾਲਾ ਨੌਜਵਾਨ ਨੇ ਕਲਾਸਰੂਮ ਵਿੱਚ ਦਾਖ਼ਲ ਹੋ ਕੇ ਦਸਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ’ਤੇ ਲੱਕੜ ਕੱਟਣ ਵਾਲੀ ਆਰੀ ਨਾਲ ਜਾਨਲੇਵਾ ਹਮਲਾ ਕਰ ਦਿੱਤਾ।
Publish Date: Sun, 01 Nov 2026 11:57 AM (IST)
Updated Date: Sun, 01 Nov 2026 12:01 PM (IST)
ਡਿਜੀਟਲ ਡੈਸਕ, ਅਮਰਾਵਤੀ। ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿੱਚ 21 ਸਾਲਾ ਨੌਜਵਾਨ ਨੇ ਕਲਾਸਰੂਮ ਵਿੱਚ ਦਾਖ਼ਲ ਹੋ ਕੇ ਦਸਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ’ਤੇ ਲੱਕੜ ਕੱਟਣ ਵਾਲੀ ਆਰੀ ਨਾਲ ਜਾਨਲੇਵਾ ਹਮਲਾ ਕਰ ਦਿੱਤਾ।
ਪੁਲਿਸ ਸੂਤਰਾਂ ਮੁਤਾਬਕ, ਮੁਲਜ਼ਮ ਰਿਸ਼ਤੇ ਵਿੱਚ ਪੀੜਤ ਵਿਦਿਆਰਥਣ ਦਾ ਚਾਚਾ ਲੱਗਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਵੀ ਵਿਦਿਆਰਥਣ ਦਾ ਪਿੱਛਾ ਕਰਦਾ ਸੀ ਅਤੇ ਉਸ ਨੂੰ ਪ੍ਰਪੋਜ਼ ਕਰ ਚੁੱਕਾ ਸੀ। ਵਿਦਿਆਰਥਣ ਵੱਲੋਂ ਉਸ ਦਾ ਪ੍ਰਸਤਾਵ
ਠੁਕਰਾਏ ਜਾਣ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਕਲਾਸਰੂਮ ਵਿੱਚ ਦਾਖ਼ਲ ਹੋ ਕੇ ਕੀਤਾ ਜਾਨਲੇਵਾ ਹਮਲਾ ਇਹ ਘਟਨਾ ਸ਼ਨੀਵਾਰ ਸਵੇਰੇ ਕਰੀਬ 10:30 ਵਜੇ ਰਾਪਤਾਡੂ ਪਿੰਡ ਦੇ ਜ਼ਿਲ੍ਹਾ ਪਰਿਸ਼ਦ ਹਾਈ ਸਕੂਲ ਵਿੱਚ ਵਾਪਰੀ। ਉਸ ਸਮੇਂ ਕਲਾਸ ਚੱਲ ਰਹੀ ਸੀ ਅਤੇ ਕਮਰੇ ਵਿੱਚ ਅਧਿਆਪਕਾ ਵੀ ਮੌਜੂਦ ਸੀ। ਮੁਲਜ਼ਮ ਦੀ ਪਛਾਣ ਸ੍ਰੀ ਸਤਿਆ ਸਾਈ ਜ਼ਿਲ੍ਹੇ ਦੇ ਨਗਲੂਰ ਵਾਸੀ ਹੇਮੰਤ ਉਰਫ਼ ਦੁੰਮੂ ਵਜੋਂ ਹੋਈ ਹੈ।
ਵਾਰਦਾਤ ਤੋਂ ਬਾਅਦ ਮੁਲਜ਼ਮ ਫ਼ਰਾਰ ਹੈ। ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਨੇ 12 ਤੋਂ 15 ਵਿਸ਼ੇਸ਼ ਟੀਮਾਂ ਬਣਾਈਆਂ ਹਨ। ਹਮਲੇ ਵਿੱਚ ਦੋਵੇਂ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਦੋਵਾਂ ਨੂੰ ਤੁਰੰਤ ਅਨੰਤਪੁਰ ਦੇ ਸਰਕਾਰੀ ਜਨਰਲ ਹਸਪਤਾਲ ਲਿਜਾਇਆ ਗਿਆ।
ਗੰਭੀਰ ਰੂਪ ਵਿੱਚ ਜ਼ਖ਼ਮੀ ਵਿਦਿਆਰਥਣ ਦਾ ਉੱਥੇ ਆਪਰੇਸ਼ਨ ਕੀਤਾ ਜਾ ਰਿਹਾ ਹੈ। ਬਿਹਤਰ ਇਲਾਜ ਲਈ ਉਸ ਨੂੰ ਏਅਰ ਐਂਬੂਲੈਂਸ ਰਾਹੀਂ ਬੈਂਗਲੁਰੂ ਦੇ ਹਸਪਤਾਲ ਵਿੱਚ ਤਬਦੀਲ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।
ਅਧਿਆਪਕਾ ਨੇ ਦੱਸਿਆ ਖ਼ੌਫ਼ਨਾਕ ਮੰਜ਼ਰ ਘਟਨਾ ਸਮੇਂ ਕਲਾਸ ਵਿੱਚ ਮੌਜੂਦ ਅਧਿਆਪਕਾ ਰਾਜੇਸ਼ਵਰੀ ਨੇ ਦੱਸਿਆ ਕਿ ਸਕੂਲ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ, ਇਸ ਲਈ ਸ਼ੁਰੂ ਵਿੱਚ ਕਿਸੇ ਨੂੰ ਖ਼ਤਰੇ ਦਾ ਅਹਿਸਾਸ ਨਹੀਂ ਹੋਇਆ। ਉਨ੍ਹਾਂ ਮੁਤਾਬਕ, ਪਹਿਲਾ ਪੀਰੀਅਡ ਖ਼ਤਮ ਹੋਣ ਤੋਂ ਬਾਅਦ ਪੜ੍ਹਾਈ ਚੱਲ ਰਹੀ ਸੀ ਅਤੇ ਕਮਰੇ ਦੇ ਦਰਵਾਜ਼ੇ ਖੁੱਲ੍ਹੇ ਸਨ। ਮੁਲਜ਼ਮ ਨੇ ਬਾਹਰੋਂ ਹੀ ਮਸ਼ੀਨ ਚਾਲੂ ਕੀਤੀ ਅਤੇ ਸਿੱਧਾ ਬੱਚਿਆਂ ਵਿਚਕਾਰ ਪਹੁੰਚ ਗਿਆ। ਕਿਸੇ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ।
ਅਧਿਆਪਕਾ ਨੇ ਦੱਸਿਆ ਕਿ ਮਸ਼ੀਨ ਦੀ ਤੇਜ਼ ਆਵਾਜ਼ ਸੁਣ ਕੇ ਲੱਗਿਆ ਕਿ ਕੋਈ ਮਜ਼ਦੂਰ ਕੰਮ ਕਰਨ ਆਇਆ ਹੈ। ਇਸੇ ਦੌਰਾਨ ਮੁਲਜ਼ਮ ਨੇ ਅੱਗੇ ਵਾਲੇ ਬੈਂਚ ’ਤੇ ਬੈਠੀਆਂ ਵਿਦਿਆਰਥਣਾਂ ’ਤੇ ਅਚਾਨਕ ਹਮਲਾ ਕਰ ਦਿੱਤਾ।
ਇਸ ਤੋਂ ਬਾਅਦ ਪੂਰੇ ਕਮਰੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਬੱਚੇ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਘਟਨਾ ਤੋਂ ਬਾਅਦ ਵਿਦਿਆਰਥੀ ਅਤੇ ਅਧਿਆਪਕ ਡੂੰਘੇ ਸਦਮੇ ਵਿੱਚ ਹਨ।
ਸਿੱਖਿਆ ਮੰਤਰੀ ਨੇ ਤਾਇਨਾਤ ਕੀਤੀ ਕਾਊਂਸਲਰਾਂ ਦੀ ਟੀਮ ਸਿੱਖਿਆ ਮੰਤਰੀ ਨਾਰਾ ਲੋਕੇਸ਼ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਦੱਸਿਆ ਕਿ ਬੱਚਿਆਂ ਨੂੰ ਸਦਮੇ ਵਿੱਚੋਂ ਬਾਹਰ ਕੱਢਣ ਲਈ 20 ਮਾਨਸਿਕ ਸਿਹਤ ਕਾਊਂਸਲਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ।
ਇਹ ਟੀਮ ਦਸਵੀਂ ਜਮਾਤ ਦੇ ਸਾਰੇ 32 ਵਿਦਿਆਰਥੀਆਂ ਦੇ ਨਾਲ-ਨਾਲ ਅੱਠਵੀਂ, ਨੌਵੀਂ ਅਤੇ ਦਸਵੀਂ ਜਮਾਤ ਦੀਆਂ ਹੋਰ ਵਿਦਿਆਰਥਣਾਂ ਦੇ ਘਰ ਜਾ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕਰ ਰਹੀ ਹੈ, ਤਾਂ ਜੋ ਉਨ੍ਹਾਂ ਨੂੰ ਮਾਨਸਿਕ ਅਤੇ ਭਾਵਨਾਤਮਕ ਸਹਾਰਾ ਦਿੱਤਾ ਜਾ ਸਕੇ।