ਵਿਦੇਸ਼ੀ ਧਰਤੀ 'ਤੇ ਭਾਰਤੀ ਮਜ਼ਦੂਰਾਂ ਦੀ ਮੌਤ ਦੇ ਚਿੰਤਾਜਨਕ ਅੰਕੜੇ: ਪਿਛਲੇ 5 ਸਾਲਾਂ ਦੌਰਾਨ ਹਰ ਰੋਜ਼ 20 ਤੋਂ ਵੱਧ ਭਾਰਤੀ ਮਜ਼ਦੂਰਾਂ ਦੀ ਮੌਤ
ਵਿਦੇਸ਼ ਮੰਤਰੀ ਕੀਰਤੀ ਵਰਧਨ ਸਿੰਘ ਵੱਲੋਂ 29 ਜਨਵਰੀ ਨੂੰ ਰਾਜ ਸਭਾ ਵਿਚ ਦਿੱਤੇ ਗਏ ਅੰਕੜਿਆਂ ਮੁਤਾਬਕ 2021 ਤੇ 2025 ਦਰਮਿਆਨ ਵਿਦੇਸ਼ ਵਿਚ ਭਾਰਤੀ ਮਜ਼ਦੂਰਾਂ ਦੀਆਂ ਮੌਤਾਂ ਦੀ ਕੁੱਲ ਗਿਣਤੀ 37,740 ਤੱਕ ਪਹੁੰਚ ਗਈ। ਮੌਤਾਂ ਦੇ ਕਾਰਨਾਂ ਬਾਰੇ ਵਿਸਥਾਰ ਵਿਚ ਨਹੀਂ ਦੱਸਿਆ ਗਿਆ।
Publish Date: Fri, 03 Apr 2026 08:35 AM (IST)
Updated Date: Fri, 03 Apr 2026 08:37 AM (IST)
ਨਵੀਂ ਦਿੱਲੀ (ਪੀਟੀਆਈ) : ਵਿਦੇਸ਼ਾਂ ਵਿਚ ਭਾਰਤੀ ਮਜ਼ਦੂਰਾਂ ਦੀ ਹਾਲਤ ਬਾਰੇ ਦੇ ਅੰਕੜੇ ਚਿੰਤਾਜਨਕ ਹਨ। ਇਹ ਦਰਸਾਉਂਦੇ ਹਨ ਕਿ ਪਿਛਲੇ ਪੰਜ ਸਾਲਾਂ ਦੌਰਾਨ ਹਰ ਦਿਨ ਵਿਦੇਸ਼ੀ ਧਰਤੀ 'ਤੇ 20 ਤੋਂ ਵੱਧ ਵਿਅਕਤੀਆਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਖਾੜੀ ਮੁਲਕਾਂ ਵਿਚ ਹੋਈਆਂ ਹਨ।
ਵਿਦੇਸ਼ ਮੰਤਰੀ ਕੀਰਤੀ ਵਰਧਨ ਸਿੰਘ ਵੱਲੋਂ 29 ਜਨਵਰੀ ਨੂੰ ਰਾਜ ਸਭਾ ਵਿਚ ਦਿੱਤੇ ਗਏ ਅੰਕੜਿਆਂ ਮੁਤਾਬਕ 2021 ਤੇ 2025 ਦਰਮਿਆਨ ਵਿਦੇਸ਼ ਵਿਚ ਭਾਰਤੀ ਮਜ਼ਦੂਰਾਂ ਦੀਆਂ ਮੌਤਾਂ ਦੀ ਕੁੱਲ ਗਿਣਤੀ 37,740 ਤੱਕ ਪਹੁੰਚ ਗਈ। ਮੌਤਾਂ ਦੇ ਕਾਰਨਾਂ ਬਾਰੇ ਵਿਸਥਾਰ ਵਿਚ ਨਹੀਂ ਦੱਸਿਆ ਗਿਆ। ਸਭ ਤੋਂ ਵੱਧ ਮੌਤਾਂ 2021 ਵਿਚ ਹੋਈਆਂ, ਜਦੋਂ 8,234 ਭਾਰਤੀ ਮਜ਼ਦੂਰਾਂ ਨੇ ਵਿਦੇਸ਼ਾਂ ਵਿਚ ਆਪਣੀ ਜ਼ਿੰਦਗੀ ਗੁਆਈ। 2022 ਵਿਚ ਇਹ ਗਿਣਤੀ ਘੱਟ ਕੇ 6,614 ਹੋ ਗਈ ਪਰ ਹਰ ਸਾਲ ਮੌਤਾਂ ਦੀ ਗਿਣਤੀ ਵਧੀ, ਜੋ 2023 ਵਿਚ 7,291, 2024 ਵਿਚ 7,747 ਤੇ 2025 ਵਿਚ 7,854 ਤੱਕ ਪਹੁੰਚ ਗਈ। 86 ਫ਼ੀਸਦ ਤੋਂ ਵੱਧ ਮੌਤਾਂ ਖਾੜੀ ਦੇ ਮੁਲਕਾਂ ਵਿਚ ਹੋਈਆਂ। ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਵਿਚ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ। ਪੰਜ ਸਾਲਾਂ ਦੌਰਾਨ ਉੱਥੇ ਕ੍ਰਮਵਾਰ 12,380 ਅਤੇ 11,757 ਮੌਤਾਂ ਹੋਈਆਂ। ਇਨ੍ਹਾਂ ਤੋਂ ਬਾਅਦ ਕੁਵੈਤ (3,890), ਓਮਾਨ (2,821), ਮਲੇਸ਼ੀਆ (1,915) ਤੇ ਕਤਰ (1,760) ਦਾ ਨੰਬਰ ਹੈ।