ਮਟਨ ਕਰੀ ਦੀ ਦਾਅਵਤ, ਨੀਂਦ ਦੀਆਂ ਗੋਲੀਆਂ ਤੇ ਤੇਜ਼ ਆਵਾਜ਼ 'ਚ ਟੀਵੀ...ਪੜ੍ਹੋ 7 ਕਤਲਾਂ ਦੀ ਰੂਹ ਕੰਬਾਊ ਕਹਾਣੀ
ਜਾਂਚ ਅਧਿਕਾਰੀਆਂ ਮੁਤਾਬਕ, ਇੰਦੂਸ਼ੇਖਰ ਨੇ 14 ਅਕਤੂਬਰ ਦੀ ਰਾਤ ਨੂੰ ਆਪਣੀ ਪਤਨੀ ਸੁਨੀਤਾ ਦਾ ਕਤਲ ਕੀਤਾ ਸੀ। ਇਸ ਤੋਂ ਅਗਲੇ ਹੀ ਦਿਨ ਉਸ ਦੀ 17 ਸਾਲਾ ਧੀ ਨੇ ਆਪਣੀ ਨਾਨੀ ਰੂਪਾਵਤੀ ਨੂੰ ਫੋਨ ਕਰਕੇ ਮਟਨ ਕਰੀ ਖਾਣ ਲਈ ਘਰ ਬੁਲਾਇਆ। ਪੁਲਿਸ ਦਾ ਮੰਨਣਾ ਹੈ ਕਿ ਇਹ ਸੱਦਾ ਰੂਪਾਵਤੀ ਨੂੰ ਘਰ ਬੁਲਾ ਕੇ ਕਤਲ ਕਰਨ ਦੀ ਇਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਸੀ।
Publish Date: Sat, 07 Nov 2026 12:46 PM (IST)
Updated Date: Sat, 07 Nov 2026 12:49 PM (IST)
ਡਿਜੀਟਲ ਡੈਸਕ, ਬੈਂਗਲੁਰੂ : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਰਾਜਾਜੀਨਗਰ ਇਲਾਕੇ 'ਚ 52 ਸਾਲਾ ਕੈਬ ਡਰਾਈਵਰ ਐੱਸ. ਇੰਦੂਸ਼ੇਖਰ ਨੇ 15 ਦਿਨਾਂ ਦੇ ਅੰਦਰ ਆਪਣੀ ਪਤਨੀ ਅਤੇ ਉਸ ਦੇ ਪਰਿਵਾਰ ਦੇ 6 ਮੈਂਬਰਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਲਾਸ਼ਾਂ ਨੂੰ ਪਲਾਸਟਿਕ ਅਤੇ ਬੋਰੀਆਂ 'ਚ ਲਪੇਟ ਕੇ ਆਪਣੀ ਕਾਰ ਰਾਹੀਂ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ।
ਤਾਮਿਲਨਾਡੂ ਦੇ ਸੇਲਮ ਜ਼ਿਲ੍ਹੇ ਦੇ ਜੰਗਲਾਂ 'ਚੋਂ ਇੰਦੂਸ਼ੇਖਰ ਦੀ ਪਤਨੀ ਸੁਨੀਤਾ ਅਤੇ ਸੱਸ ਰੂਪਾਵਤੀ ਦੀਆਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਹੁਣ ਤੱਕ ਮਿਲੀਆਂ ਲਾਸ਼ਾਂ ਦੀ ਗਿਣਤੀ ਤਿੰਨ ਹੋ ਗਈ ਹੈ। ਲਾਸ਼ਾਂ ਦੀ ਪਛਾਣ ਅਤੇ ਕਾਨੂੰਨੀ ਕਾਰਵਾਈ ਪੂਰੀ ਕਰਨ ਲਈ ਪਰਿਵਾਰ ਦੇ 12 ਮੈਂਬਰ ਸੇਲਮ ਪਹੁੰਚੇ ਹਨ।
ਜਾਂਚ ਅਧਿਕਾਰੀਆਂ ਮੁਤਾਬਕ, ਇੰਦੂਸ਼ੇਖਰ ਨੇ 14 ਅਕਤੂਬਰ ਦੀ ਰਾਤ ਨੂੰ ਆਪਣੀ ਪਤਨੀ ਸੁਨੀਤਾ ਦਾ ਕਤਲ ਕੀਤਾ ਸੀ। ਇਸ ਤੋਂ ਅਗਲੇ ਹੀ ਦਿਨ ਉਸ ਦੀ 17 ਸਾਲਾ ਧੀ ਨੇ ਆਪਣੀ ਨਾਨੀ ਰੂਪਾਵਤੀ ਨੂੰ ਫੋਨ ਕਰਕੇ ਮਟਨ ਕਰੀ ਖਾਣ ਲਈ ਘਰ ਬੁਲਾਇਆ। ਪੁਲਿਸ ਦਾ ਮੰਨਣਾ ਹੈ ਕਿ ਇਹ ਸੱਦਾ ਰੂਪਾਵਤੀ ਨੂੰ ਘਰ ਬੁਲਾ ਕੇ ਕਤਲ ਕਰਨ ਦੀ ਇਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਸੀ।
ਕੀ ਸੀ ਕਤਲ ਕਰਨ ਦਾ ਤਰੀਕਾ?
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਪਹਿਲਾਂ ਆਪਣੇ ਸ਼ਿਕਾਰ ਨੂੰ ਖਾਣੇ 'ਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਦਿੰਦਾ ਸੀ। ਜਦੋਂ ਉਹ ਗੂੜ੍ਹੀ ਨੀਂਦ ਸੌਂ ਜਾਂਦੇ ਸਨ ਤਾਂ ਉਹ ਟੀਵੀ ਦੀ ਆਵਾਜ਼ ਪੂਰੀ ਤਰ੍ਹਾਂ ਤੇਜ਼ ਕਰ ਦਿੰਦਾ ਸੀ, ਤਾਂ ਜੋ ਉਨ੍ਹਾਂ ਦੀਆਂ ਚੀਕਾਂ-ਪੁਕਾਰਾਂ ਗੁਆਂਢੀਆਂ ਤੱਕ ਨਾ ਪਹੁੰਚ ਸਕਣ। ਇਸ ਤੋਂ ਬਾਅਦ ਉਹ ਸਿਲਬੱਟੇ ਨਾਲ ਉਨ੍ਹਾਂ ਦੇ ਸਿਰ 'ਤੇ ਵਾਰ ਕਰਕੇ ਜਾਨ ਲੈ ਲੈਂਦਾ ਸੀ।
ਵਾਰਦਾਤ ਤੋਂ ਬਾਅਦ ਖੂਨ ਨਾ ਫੈਲੇ, ਇਸ ਲਈ ਇੰਦੂਸ਼ੇਖਰ ਅਤੇ ਉਸ ਦੀ ਧੀ ਲਾਸ਼ਾਂ ਨੂੰ ਪਲਾਸਟਿਕ ਦੀਆਂ ਕਈ ਪਰਤਾਂ ਅਤੇ ਬੋਰੀਆਂ 'ਚ ਲਪੇਟਦੇ ਸਨ। ਫਿਰ ਤੜਕੇ ਆਪਣੀ ਟੋਇਟਾ ਇਟੀਓਸ ਕਾਰ ਦੀ ਡਿੱਕੀ 'ਚ ਰੱਖ ਕੇ ਲਾਸ਼ਾਂ ਨੂੰ ਦੂਰ-ਦੁਰਾਡੇ ਥਾਵਾਂ 'ਤੇ ਸੁੱਟ ਆਉਂਦੇ ਸਨ। ਕਾਰ 'ਚੋਂ ਪਰਫਿਊਮ ਦੀਆਂ ਅੱਧੀ ਦਰਜਨ ਬੋਤਲਾਂ ਵੀ ਮਿਲੀਆਂ ਹਨ, ਜਿਨ੍ਹਾਂ ਦੀ ਵਰਤੋਂ ਬਦਬੂ ਨੂੰ ਲੁਕਾਉਣ ਲਈ ਕੀਤੇ ਜਾਣ ਦਾ ਸ਼ੱਕ ਹੈ।
7 ਸਾਲ ਦੇ ਬੱਚੇ 'ਤੇ ਵੀ ਨਹੀਂ ਆਇਆ ਤਰਸ
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਲਾਸ਼ਾਂ ਨੂੰ ਸੁੱਟਣ ਤੋਂ ਪਹਿਲਾਂ ਮੁਲਜ਼ਮ ਨੇ ਆਪਣੀ ਪਤਨੀ ਅਤੇ ਤਿੰਨ ਹੋਰ ਔਰਤਾਂ ਦੇ ਸਰੀਰਾਂ ਤੋਂ ਸੋਨੇ ਦੇ ਗਹਿਣੇ ਉਤਾਰ ਲਏ ਸਨ। ਉਸ ਨੇ ਕੁਝ ਗਹਿਣੇ ਵੇਚ ਵੀ ਦਿੱਤੇ ਹਨ। ਇਨ੍ਹਾਂ ਦੀ ਬਰਾਮਦਗੀ ਲਈ ਪੁਲਿਸ ਖਰੀਦਦਾਰਾਂ ਦੀ ਭਾਲ ਕਰ ਰਹੀ ਹੈ।
ਉੱਧਰ, 29 ਅਕਤੂਬਰ ਨੂੰ ਕਤਲ ਕੀਤੇ ਗਏ 7 ਸਾਲਾ ਬੱਚੇ ਪੁਨੀਤ ਦੀ ਪੋਸਟਮਾਰਟਮ ਰਿਪੋਰਟ ਤੋਂ ਪੁਸ਼ਟੀ ਹੋਈ ਹੈ ਕਿ ਉਸ ਦੇ ਸਿਰ ਅਤੇ ਮੱਥੇ 'ਤੇ ਕਿਸੇ ਭਾਰੀ ਚੀਜ਼ ਨਾਲ ਚਾਰ ਵਾਰ ਵਾਰ ਕੀਤਾ ਗਿਆ ਸੀ।
10 ਸਾਲ ਦਾ ਮਾਸੂਮ ਸੀ ਅਗਲਾ ਨਿਸ਼ਾਨਾ
ਪੁਲਿਸ ਨੇ ਇੰਦੂਸ਼ੇਖਰ ਨੂੰ ਬੁੱਧਵਾਰ ਨੂੰ ਉਲਸੂਰਗੇਟ ਨੇੜਿਓਂ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰੀ ਸਮੇਂ ਕਾਰ 'ਚ ਇਕ 10 ਸਾਲ ਦਾ ਬੱਚਾ ਵੀ ਮੌਜੂਦ ਸੀ, ਜੋ ਕਤਲ ਕੀਤੇ ਗਏ ਦੋ ਰਿਸ਼ਤੇਦਾਰਾਂ ਦਾ ਪੁੱਤਰ ਸੀ।
ਮੁਲਜ਼ਮ ਨੇ ਬੱਚੇ ਨੂੰ ਇਹ ਕਹਿ ਕੇ ਆਪਣੇ ਨਾਲ ਰੱਖਿਆ ਹੋਇਆ ਸੀ ਕਿ ਉਸ ਦੇ ਮਾਤਾ-ਪਿਤਾ ਤੀਰਥ ਯਾਤਰਾ 'ਤੇ ਗਏ ਹੋਏ ਹਨ। ਮਾਸੂਮ ਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਸੀ ਕਿ ਉਸ ਦੇ ਮਾਤਾ-ਪਿਤਾ ਦਾ ਕਤਲ ਹੋ ਚੁੱਕਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਇਸ ਬੱਚੇ ਨੂੰ ਵੀ ਮਾਰਨ ਦੀ ਫਿਰਾਕ 'ਚ ਸੀ, ਪਰ ਸਮੇਂ ਸਿਰ ਗ੍ਰਿਫ਼ਤਾਰੀ ਹੋਣ ਕਾਰਨ ਉਸ ਦੀ ਜਾਨ ਬਚ ਗਈ।
20 ਸਾਲ ਪੁਰਾਣਾ ਵਿਵਾਦ ਅਤੇ ਜਾਇਦਾਦ ਬਣੀ ਕਤਲ ਦੀ ਵਜ੍ਹਾ?
ਮੁੱਢਲੀ ਜਾਂਚ ਮੁਤਾਬਕ, ਇੰਦੂਸ਼ੇਖਰ ਅਤੇ ਉਸ ਦੀ ਪਤਨੀ ਵਿਚਾਲੇ ਪਿਛਲੇ 20 ਸਾਲਾਂ ਤੋਂ ਅਣਬਣ ਚੱਲ ਰਹੀ ਸੀ। ਮੁਲਜ਼ਮ ਨੂੰ ਲੱਗਦਾ ਸੀ ਕਿ ਪਤਨੀ ਦੇ ਪੇਕੇ ਪਰਿਵਾਰ ਵਾਲੇ ਹਰ ਝਗੜੇ 'ਚ ਉਸ ਦਾ ਸਾਥ ਦਿੰਦੇ ਹਨ। ਇਸ ਤੋਂ ਇਲਾਵਾ ਪੀੜਤ ਪਰਿਵਾਰ ਨੇ ਕਰੀਬ 3 ਕਰੋੜ ਰੁਪਏ ਦੀ ਜਾਇਦਾਦ ਨਾਲ ਜੁੜੇ ਵਿਵਾਦ ਦਾ ਵੀ ਦੋਸ਼ ਲਗਾਇਆ ਹੈ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ।
ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਇਕ ਤੋਂ ਬਾਅਦ ਇਕ ਕਈ ਰਿਸ਼ਤੇਦਾਰ ਲਾਪਤਾ ਹੋਣ ਲੱਗੇ। ਇਕ ਰਿਸ਼ਤੇਦਾਰ ਨੂੰ ਸ਼ੱਕ ਹੋਇਆ ਕਿ ਸੁਨੀਤਾ ਦੇ ਫੋਨ ਤੋਂ ਸਿਰਫ਼ ਮੈਸੇਜ ਆ ਰਹੇ ਹਨ, ਪਰ ਉਹ ਕਿਸੇ ਦਾ ਫੋਨ ਨਹੀਂ ਚੁੱਕ ਰਹੀ। ਜਾਂਚ ਦੌਰਾਨ ਪਤਾ ਲੱਗਾ ਕਿ ਕਤਲ ਤੋਂ ਬਾਅਦ ਇੰਦੂਸ਼ੇਖਰ ਖੁਦ ਉਸ ਦੇ ਫੋਨ ਤੋਂ ਮੈਸੇਜ ਭੇਜ ਰਿਹਾ ਸੀ।
ਫਿਲਹਾਲ ਪੁਲਿਸ ਸਾਰੇ ਸੱਤ ਕਤਲਾਂ, ਲਾਸ਼ਾਂ ਨੂੰ ਟਿਕਾਣੇ ਲਗਾਉਣ ਦੇ ਤਰੀਕਿਆਂ, ਵੇਚੇ ਗਏ ਗਹਿਣਿਆਂ ਅਤੇ ਇਸ ਪੂਰੇ ਮਾਮਲੇ 'ਚ ਮੁਲਜ਼ਮ ਦੀ 17 ਸਾਲਾ ਧੀ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।