ਝੋਟਾ ਜਾਂ ਨੋਟ ਛਾਪਣ ਵਾਲੀ ਮਸ਼ੀਨ ! 80 ਲੱਖ ਦੇ 'ਅਰਜੁਨ ਰਾਣਾ' ਤੋਂ ਹਰ ਮਹੀਨੇ ਹੁੰਦੀ ਹੈ 1 ਲੱਖ ਰੁਪਏ ਦੀ ਕਮਾਈ, ਦੇਖਣ ਲਈ ਜੁਟੀ ਲੋਕਾਂ ਦੀ ਭੀੜ
ਦੇਵ ਨੇ ਦੱਸਿਆ ਕਿ ਉਹ ਆਪਣੇ ਘੋੜੇ ਨੂੰ ਵਿਆਹ ਸਮਾਗਮਾਂ, ਪਾਰਟੀਆਂ ਜਾਂ ਹੋਰ ਜਨਤਕ ਪ੍ਰੋਗਰਾਮਾਂ 'ਚ ਨਹੀਂ ਭੇਜਦੇ। ਇਹ ਸਿਰਫ਼ ਪਸ਼ੂ ਮੁਕਾਬਲਿਆਂ 'ਚ ਹੀ ਹਿੱਸਾ ਲੈਂਦਾ ਹੈ। ਉਹ ਘੋੜੇ ਦਾ ਸੀਮਨ ਨਹੀਂ ਵੇਚਦੇ, ਪਰ 7100 ਰੁਪਏ 'ਚ ਮਾਦਾ ਘੋੜੀ ਦੀ ਕਰਾਸਿੰਗ ਕਰਵਾਉਂਦੇ ਹਨ। ਇਸ ਘੋੜੇ ਦੀ ਹੁਣ ਤੱਕ 50 ਲੱਖ ਰੁਪਏ ਤੱਕ ਕੀਮਤ ਲੱਗ ਚੁੱਕੀ ਹੈ।
Publish Date: Wed, 04 Nov 2026 04:11 PM (IST)
Updated Date: Wed, 04 Nov 2026 04:19 PM (IST)
ਸੰਜੀਵ ਤੋਮਰ, ਮੋਦੀਪੁਰਮ (ਮੇਰਠ) : ਸਰਦਾਰ ਵੱਲਭਭਾਈ ਪਟੇਲ ਖੇਤੀਬਾੜੀ ਅਤੇ ਤਕਨਾਲੋਜੀ ਯੂਨੀਵਰਸਿਟੀ 'ਚ ਲੱਗੇ ਕਿਸਾਨ ਮੇਲੇ ਦੌਰਾਨ ਉੱਨਤ ਨਸਲ ਦੇ ਪਸ਼ੂਆਂ ਅਤੇ ਆਕਰਸ਼ਕ ਕੱਦ-ਕਾਠ ਵਾਲੇ ਘੋੜਿਆਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। 15.80 ਕੁਇੰਟਲ ਵਜ਼ਨ ਵਾਲੇ ਮੁਰ੍ਹਾ ਨਸਲ ਦੇ ਝੋਟੇ 'ਅਰਜੁਨ ਰਾਣਾ' ਨੂੰ ਦੇਖਣ ਲਈ ਪਸ਼ੂ ਪਾਲਕਾਂ ਦੀ ਭੀੜ ਇਕੱਠੀ ਹੋ ਗਈ।
ਸ਼ਾਮਲੀ ਦੇ ਕਾਂਧਲਾ ਇਲਾਕੇ ਦੇ ਆਲਦੀ ਪਿੰਡ ਤੋਂ ਪਸ਼ੂ ਪਾਲਕ ਡਾ. ਬਬਲੂ ਆਪਣੇ ਪੰਜ ਸਾਲ ਦੇ ਮੁਰ੍ਹਾ ਨਸਲ ਦੇ ਝੋਟੇ ਅਰਜੁਨ ਰਾਣਾ ਨੂੰ ਲੈ ਕੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਦੀ ਕੀਮਤ ਕਰੀਬ 80 ਲੱਖ ਰੁਪਏ ਹੈ ਤੇ ਇਹ 12 ਤੋਂ ਵੱਧ ਮੁਕਾਬਲਿਆਂ 'ਚ ਇਨਾਮ ਜਿੱਤ ਚੁੱਕਾ ਹੈ। ਇਸ ਦਾ ਸੀਮਨ ਲੈਣ ਲਈ ਵੱਖ-ਵੱਖ ਸੂਬਿਆਂ ਤੋਂ ਪਸ਼ੂ ਪਾਲਕ ਉਨ੍ਹਾਂ ਦੇ ਫਾਰਮ 'ਤੇ ਆਉਂਦੇ ਹਨ।
ਇਸ ਤੋਂ ਹਰ ਮਹੀਨੇ ਕਰੀਬ ਇਕ ਲੱਖ ਰੁਪਏ ਦੀ ਆਮਦਨ ਹੁੰਦੀ ਹੈ। ਮੁਰ੍ਹਾ ਨਸਲ ਦੀਆਂ ਮੱਝਾਂ ਬਿਹਤਰ ਦੁੱਧ ਉਤਪਾਦਨ ਲਈ ਜਾਣੀਆਂ ਜਾਂਦੀਆਂ ਹਨ ਤੇ ਰੋਜ਼ਾਨਾ ਕਰੀਬ 20 ਤੋਂ 25 ਲੀਟਰ ਦੁੱਧ ਦਿੰਦੀਆਂ ਹਨ। ਉੱਧਰ, ਮੁਜ਼ੱਫਰਨਗਰ ਦੇ ਰਹਿਣ ਵਾਲੇ ਪਸ਼ੂ ਪਾਲਕ ਦੇਵ ਸਹਿਰਾਵਤ ਦਾ ਚਾਰ ਸਾਲ ਦਾ ਚਿੱਟੇ ਰੰਗ ਦਾ ਮਾਰਵਾੜੀ ਨੁਕਰਾ ਘੋੜਾ ਵੀ ਮੇਲੇ 'ਚ ਖਿੱਚ ਦਾ ਕੇਂਦਰ ਰਿਹਾ। ਕਰੀਬ 350 ਕਿਲੋ ਵਜ਼ਨ ਅਤੇ 64 ਇੰਚ ਉੱਚੇ ਇਸ ਘੋੜੇ ਨੇ ਦਸ ਮੁਕਾਬਲੇ ਜਿੱਤੇ ਹਨ।
ਦੇਵ ਨੇ ਦੱਸਿਆ ਕਿ ਉਹ ਆਪਣੇ ਘੋੜੇ ਨੂੰ ਵਿਆਹ ਸਮਾਗਮਾਂ, ਪਾਰਟੀਆਂ ਜਾਂ ਹੋਰ ਜਨਤਕ ਪ੍ਰੋਗਰਾਮਾਂ 'ਚ ਨਹੀਂ ਭੇਜਦੇ। ਇਹ ਸਿਰਫ਼ ਪਸ਼ੂ ਮੁਕਾਬਲਿਆਂ 'ਚ ਹੀ ਹਿੱਸਾ ਲੈਂਦਾ ਹੈ। ਉਹ ਘੋੜੇ ਦਾ ਸੀਮਨ ਨਹੀਂ ਵੇਚਦੇ, ਪਰ 7100 ਰੁਪਏ 'ਚ ਮਾਦਾ ਘੋੜੀ ਦੀ ਕਰਾਸਿੰਗ ਕਰਵਾਉਂਦੇ ਹਨ। ਇਸ ਘੋੜੇ ਦੀ ਹੁਣ ਤੱਕ 50 ਲੱਖ ਰੁਪਏ ਤੱਕ ਕੀਮਤ ਲੱਗ ਚੁੱਕੀ ਹੈ।
ਗੋਸ਼ਟੀ 'ਚ ਕਿਸਾਨਾਂ ਨੂੰ ਦਿੱਤੀ ਜਾਣਕਾਰੀ
ਸਰਦਾਰ ਵੱਲਭਭਾਈ ਪਟੇਲ ਖੇਤੀਬਾੜੀ ਅਤੇ ਤਕਨਾਲੋਜੀ ਯੂਨੀਵਰਸਿਟੀ, ਮੋਦੀਪੁਰਮ 'ਚ ਲੱਗੇ ਆਲ ਇੰਡੀਆ ਕਿਸਾਨ ਮੇਲੇ ਅਤੇ ਪ੍ਰਦਰਸ਼ਨੀ ਦੇ ਅਹਾਤੇ 'ਚ ਮੰਗਲਵਾਰ ਨੂੰ ਗੋਸ਼ਟੀ ਦੀ ਸ਼ੁਰੂਆਤ ਹੋਈ। ਗੋਸ਼ਟੀ ਦੌਰਾਨ ਕਰਵਾਏ ਗਏ ਤਕਨੀਕੀ ਸੈਸ਼ਨ 'ਚ ਮੱਛੀ ਪਾਲਣ, ਗਊ ਮੂਤਰ ਤੋਂ ਜੈਵਿਕ ਕੀਟਨਾਸ਼ਕ ਤਿਆਰ ਕਰਨ ਦੀ ਵਿਧੀ, ਟੈਂਚ ਵਿਧੀ ਨਾਲ ਗੰਨੇ ਦੀ ਪੈਦਾਵਾਰ ਅਤੇ ਸਹਿ-ਫ਼ਸਲੀ ਖੇਤੀ ਵਰਗੇ ਵਿਸ਼ਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸਨਾ ਖ਼ਾਨ ਨੇ ਵਰਮੀ ਕੰਪੋਸਟ ਯੂਨਿਟ ਰਾਹੀਂ ਆਪਣੀ ਆਮਦਨ ਵਧਾਉਣ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਤਕਨੀਕ ਬਾਰੇ ਜਾਣੂ ਕਰਵਾਇਆ।