- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਇਲਾਵਾ, ਕੇਂਦਰ ਤੋਂ ਵਿੱਤੀ ਸਹਾਇਤਾ ਪ੍ਰਾਪਤ ਉੱਚ ਸਿੱਖਿਆ ਸੰਸਥਾਵਾਂ ’ਚ ਵਿਦਿਆਰਥੀ ਭਲਾਈ ਪ੍ਰੋਗਰਾਮਾਂ ਤਹਿਤ ਸਹਿਮਤੀ ਦੇ ਆਧਾਰ ’ਤੇ ਨਸ਼ਾ ਜਾਂਚ (ਸਕ੍ਰੀਨਿੰਗ ਟੈਸਟ) ਸ਼ੁਰੂ ਕਰਨ ਦਾ ਵੀ ਪ੍ਰਸਤਾਵ ਰੱਖਿਆ ਗਿਆ ਹੈ। ਇਹ ਪ੍ਰਸਤਾਵ ਨਸ਼ੀਲੇ ਪਦਾਰਥਾਂ ਦੇ ਕੰਟਰੋਲ ਲਈ ਤਿਆਰ ਕੀਤੇ ਗਏ ਵਿਜ਼ਨ ਦਸਤਾਵੇਜ਼ (2026-2029) ਤਹਿਤ ਸ਼ਾਮਲ ਹਨ।

ਨਵੀਂ ਦਿੱਲੀ (ਏਜੰਸੀ) : ਕੇਂਦਰ ਸਰਕਾਰ ਨੇ ਸਿੱਖਿਆ ਸੰਸਥਾਵਾਂ ਦੇ ਆਲੇ-ਦੁਆਲੇ 500 ਮੀਟਰ ਦੇ ਘੇਰੇ ਨੂੰ ਨਸ਼ਾ-ਮੁਕਤ ਖੇਤਰ ਐਲਾਨਣ ਦਾ ਪ੍ਰਸਤਾਵ ਰੱਖਿਆ ਹੈ। ਭਾਵ ਅੱਧੇ ਕਿਲੋਮੀਟਰ ਦੇ ਦਾਇਰੇ ’ਚ ਤੰਬਾਕੂ, ਸ਼ਰਾਬ, ਗੁਟਕਾ ਜਾਂ ਕਿਸੇ ਵੀ ਕਿਸਮ ਦੇ ਨਸ਼ੀਲੇ ਪਦਾਰਥਾਂ ਦੀ ਵਿਕਰੀ ’ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ, ਕੇਂਦਰ ਤੋਂ ਵਿੱਤੀ ਸਹਾਇਤਾ ਪ੍ਰਾਪਤ ਉੱਚ ਸਿੱਖਿਆ ਸੰਸਥਾਵਾਂ ’ਚ ਵਿਦਿਆਰਥੀ ਭਲਾਈ ਪ੍ਰੋਗਰਾਮਾਂ ਤਹਿਤ ਸਹਿਮਤੀ ਦੇ ਆਧਾਰ ’ਤੇ ਨਸ਼ਾ ਜਾਂਚ (ਸਕ੍ਰੀਨਿੰਗ ਟੈਸਟ) ਸ਼ੁਰੂ ਕਰਨ ਦਾ ਵੀ ਪ੍ਰਸਤਾਵ ਰੱਖਿਆ ਗਿਆ ਹੈ। ਇਹ ਪ੍ਰਸਤਾਵ ਨਸ਼ੀਲੇ ਪਦਾਰਥਾਂ ਦੇ ਕੰਟਰੋਲ ਲਈ ਤਿਆਰ ਕੀਤੇ ਗਏ ਵਿਜ਼ਨ ਦਸਤਾਵੇਜ਼ (2026-2029) ਤਹਿਤ ਸ਼ਾਮਲ ਹਨ।
ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਸੰਸਦ ਨੂੰ ਦੱਸਿਆ ਕਿ ਇਹ ਤਿੰਨ ਸਾਲਾ ਰੋਡਮੈਪ ਰੋਕਥਾਮ ਸਬੰਧੀ ਸਿੱਖਿਆ (ਕਿਸੇ ਸਮੱਸਿਆ, ਬਿਮਾਰੀ, ਮਾੜੇ ਵਿਹਾਰ ਜਾਂ ਖ਼ਤਰੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਲੋਕਾਂ ਨੂੰ ਜਾਣਕਾਰੀ ਤੇ ਸਿਖਲਾਈ ਦੇ ਕੇ ਉਸ ਤੋਂ ਬਚਾਉਣਾ), ਜਾਗਰੂਕਤਾ ਮੁਹਿੰਮਾਂ, ਕਾਊਂਸਲਿੰਗ ਤੇ ਭਾਈਚਾਰਕ ਭਾਈਵਾਲੀ ’ਤੇ ਵੀ ਕੇਂਦਰਿਤ ਹੈ, ਤਾਂ ਜੋ ਸੁਰੱਖਿਅਤ ਤੇ ਨਸ਼ਾ-ਮੁਕਤ ਸਿੱਖਿਆਕ ਮਾਹੌਲ ਨੂੰ ਉਤਸਾਹਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਵਿਦਿਆਰਥੀ ਭਲਾਈ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਲਈ ਸਹਿਮਤੀ ਦੇ ਆਧਾਰ ’ਤੇ ਸਕ੍ਰੀਨਿੰਗ ਟੈਸਟ ਦਾ ਪ੍ਰਸਤਾਵ ਵੀ ਵਿਜ਼ਨ ਦਸਤਾਵੇਜ਼ ’ਚ ਕੀਤਾ ਗਿਆ ਹੈ। ਰਾਜ ਮੰਤਰੀ ਨੇ ਕਿਹਾ ਕਿ ਇਹ ਪਹਿਲ ਵਿਦਿਆਰਥੀਆਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਵਾਸਤੇ ਤਿਆਰ ਕੀਤੇ ਗਏ ਇੱਕ ਸੁਚੱਜੇ ਤੇ ਸਮਾਂਬੱਧ ਰੋਡਮੈਪ ਦਾ ਹਿੱਸਾ ਹੈ। ਇਹ ਪ੍ਰਧਾਨ ਮੰਤਰੀ ਦੇ ਨਸ਼ਾ-ਮੁਕਤ ਭਾਰਤ ਅਭਿਆਨ ਦੀ ਇੱਕ ਅਹਿਮ ਕੜੀ ਹੈ।
ਕੇਂਦਰ ਦਾ ਇਹ ਪ੍ਰਸਤਾਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ’ਚ ਉਨ੍ਹਾਂ ਨੌਜਵਾਨਾਂ ਨੂੰ ਭਾਰਤ ਦੀ ਅੰਮ੍ਰਿਤ ਪੀੜ੍ਹੀ ਦੱਸਦਿਆਂ ਕਿਹਾ ਸੀ ਕਿ ਉਹ ਅਗਲੇ 20-25 ਸਾਲਾਂ ’ਚ ਆਪਣੇ ਜੀਵਨ ਦੀ ਦਿਸ਼ਾ ਤੈਅ ਕਰਨਗੇ ਤੇ 2047 ਤੱਕ ਦੇਸ਼ ਨੂੰ ਵਿਕਸਤ ਭਾਰਤ ਬਣਾਉਣ ਦੇ ਟੀਚੇ ਵੱਲ ਲੈ ਜਾਣਗੇ। ਇਸ ਲਈ ਇਹ ਜ਼ਰੂਰੀ ਹੈ ਕਿ ਉਹ ਨਸ਼ੇ ਤੇ ਹੋਰ ਕਿਸੇ ਵੀ ਤਰ੍ਹਾਂ ਦੀ ਲਤ ਤੋਂ ਦੂਰ ਰਹਿਣ। ਪ੍ਰਧਾਨ ਮੰਤਰੀ ਨੇ ‘ਵਿਕਸਿਤ ਭਾਰਤ ਸੰਕਲਪ ਅਭਿਆਨ ਲਈ ਨਸ਼ਾ-ਮੁਕਤ ਨੌਜਵਾਨ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਤੇ 2 ਅਗਸਤ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਇੱਕ ਕਰੋੜ ਤੋਂ ਵੱਧ ਨੌਜਵਾਨਾਂ ਨੂੰ ਸੰਬੋਧਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਦੇਸ਼ ਨੂੰ ਤੁਹਾਡੀ ਊਰਜਾ, ਤੁਹਾਡੀ ਕਲਪਨਾ ਅਤੇ ਤੁਹਾਡੀ ਪ੍ਰਤਿਭਾ ਦੀ ਲੋੜ ਹੈ। ਇਸ ਲਈ ਨਸ਼ਿਆਂ ਤੋਂ ਮੁਕਤ ਰਹਿਣਾ ਬਹੁਤ ਜ਼ਰੂਰੀ ਹੈ—ਦੇਸ਼ ਲਈ ਵੀ ਅਤੇ ਤੁਹਾਡੇ ਆਪਣੇ ਜੀਵਨ ਲਈ ਵੀ।
ਪੀਟੀਆਈ ਮੁਤਾਬਕ ਗ੍ਰਹਿ ਰਾਜ ਮੰਤਰੀ ਰਾਏ ਨੇ ਇੱਕ ਹੋਰ ਲਿਖਤੀ ਜਵਾਬ ’ਚ ਦੱਸਿਆ ਕਿ ਸਰਕਾਰ ਨੇ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਕਈ ਕਦਮ ਚੁੱਕੇ ਹਨ। ਅੰਕੜਿਆਂ ਮੁਤਾਬਕ, 2025 ’ਚ ਸਮੁੰਦਰੀ ਰਸਤਿਆਂ ਰਾਹੀਂ 390.803 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ, ਜਿਨ੍ਹਾਂ ’ਚ 305.894 ਕਿਲੋਗ੍ਰਾਮ ਐਮਫੇਟਾਮਾਈਨ, 53.62 ਕਿਲੋਗ੍ਰਾਮ ਗਾਂਜਾ, 29.954 ਕਿਲੋਗ੍ਰਾਮ ਹਸ਼ੀਸ਼ ਤੇਲ ਤੇ 1.335 ਕਿੱਲੋ ਚਰਸ ਸ਼ਾਮਲ ਹਨ। ਮੰਤਰੀ ਨੇ ਦੱਸਿਆ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ), ਹੋਰ ਲਾਗੂਕਰਨ ਏਜੰਸੀਆਂ ਅਤੇ ਰਾਜ ਪੁਲਿਸ ਐਨਡੀਪੀਐੱਸ ਐਕਟ, 1985 ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਸਰਗਰਮੀ ਨਾਲ ਕਾਰਵਾਈ ਕਰ ਰਹੀਆਂ ਹਨ।