ਵੱਡਾ ਹਾਦਸਾ: ਪੁਣੇ 'ਚ 3 ਮੰਜ਼ਿਲਾ ਇਮਾਰਤ ਢਹੀ, ਮਲਬੇ ਹੇਠਾਂ 15 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ; NDRF ਤਾਇਨਾਤ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਪਿੰਪਰੀ-ਚਿੰਚਵੜ 'ਚ ਇੱਕ ਬਹੁ-ਮੰਜ਼ਿਲਾ ਇਮਾਰਤ ਦੇ ਅਚਾਨਕ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ 'ਚ ਹਫੜਾ-ਦਫੜੀ ਅਤੇ ਚੀਕ-ਚਿਹਾੜਾ ਮਚ ਗਿਆ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ, ਮਲਬੇ ਹੇਠਾਂ ਘੱਟੋ-ਘੱਟ 15 ਲੋਕਾਂ ਦੇ ਦੱਬੇ ਜਾਂ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਅਧਿਕਾਰੀਆਂ ਅਨੁਸਾਰ, ਪਿੰਪਰੀ-ਚਿੰਚਵੜ ਦੇ ਮੋਸ਼ੀ ਕੂੜਾ ਡੰਪ (ਡਿਪੂ) ਦੇ ਕੋਲ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਨ.ਡੀ.ਆਰ.ਐੱਫ. ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ।
Publish Date: Wed, 08 Jul 2026 04:14 PM (IST)
Updated Date: Wed, 08 Jul 2026 04:15 PM (IST)
ਮੁੰਬਈ : ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਪਿੰਪਰੀ-ਚਿੰਚਵੜ 'ਚ ਇੱਕ ਬਹੁ-ਮੰਜ਼ਿਲਾ ਇਮਾਰਤ ਦੇ ਅਚਾਨਕ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ 'ਚ ਹਫੜਾ-ਦਫੜੀ ਅਤੇ ਚੀਕ-ਚਿਹਾੜਾ ਮਚ ਗਿਆ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ, ਮਲਬੇ ਹੇਠਾਂ ਘੱਟੋ-ਘੱਟ 15 ਲੋਕਾਂ ਦੇ ਦੱਬੇ ਜਾਂ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਅਧਿਕਾਰੀਆਂ ਅਨੁਸਾਰ, ਪਿੰਪਰੀ-ਚਿੰਚਵੜ ਦੇ ਮੋਸ਼ੀ ਕੂੜਾ ਡੰਪ (ਡਿਪੂ) ਦੇ ਕੋਲ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਨ.ਡੀ.ਆਰ.ਐੱਫ. ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ।
ਮਿਲੀ ਜਾਣਕਾਰੀ ਮੁਤਾਬਕ, ਇਹ ਹਾਦਸਾ ਅੱਜ ਦੁਪਹਿਰ ਪੌਣੇ ਦੋ ਵਜੇ ਦੇ ਕਰੀਬ ਵਾਪਰਿਆ। ਪਿੰਪਰੀ-ਚਿੰਚਵੜ 'ਚ ਵੇਸਟ-ਟੂ-ਐਨਰਜੀ ਪ੍ਰੋਜੈਕਟ ਦੀ ਤਿੰਨ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਇਸ ਕਾਰਨ ਇਮਾਰਤ 'ਚ ਮੌਜੂਦ 15 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਉੱਥੇ ਹੀ, ਇੱਕ ਗੰਭੀਰ ਰੂਪ 'ਚ ਜ਼ਖਮੀ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੂੜੇ ਦਾ ਵੱਡਾ ਢੇਰ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉੱਪਰਲੀ ਮੰਜ਼ਿਲ 'ਤੇ ਫਸੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਦਕਿ ਪੁਲਿਸ ਨੇ ਦੱਸਿਆ ਕਿ ਪਹਿਲੀ ਮੰਜ਼ਿਲ 'ਤੇ ਅਜੇ ਵੀ 14 ਤੋਂ 15 ਲੋਕਾਂ ਦੇ ਫਸੇ ਹੋਣ ਦੀ ਜਾਣਕਾਰੀ ਹੈ।
ਕਿਵੇਂ ਹੋਇਆ ਹਾਦਸਾ? ਇਹ ਇਮਾਰਤ ਪਿੰਪਰੀ-ਚਿੰਚਵੜ ਨਗਰ ਨਿਗਮ ਦੇ ਮੋਸ਼ੀ ਸਥਿਤ 'ਵੇਸਟ-ਟੂ-ਐਨਰਜੀ' ਪ੍ਰੋਜੈਕਟ ਦੀ ਤਿੰਨ ਮੰਜ਼ਿਲਾ ਇਮਾਰਤ ਹੈ। ਇਸ 'ਚ ਕੂੜੇ ਤੋਂ ਬਿਜਲੀ ਉਤਪਾਦਨ ਪ੍ਰੋਜੈਕਟ ਦੇ ਪ੍ਰਸ਼ਾਸਨਿਕ ਦਫ਼ਤਰ ਚੱਲਦੇ ਹਨ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਇਮਾਰਤ ਦੇ ਪਿੱਛੇ ਜਮ੍ਹਾਂ ਕੂੜੇ ਦਾ ਇੱਕ ਵੱਡਾ ਢੇਰ ਇਮਾਰਤ 'ਤੇ ਆ ਡਿੱਗਿਆ, ਜਿਸ ਕਾਰਨ ਇਮਾਰਤ ਢਹਿ ਗਈ।
ਜੰਗੀ ਪੱਧਰ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਘਟਨਾ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ, ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਨੇ ਵੱਡੇ ਪੱਧਰ 'ਤੇ ਰਾਹਤ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ NDRF ਦੀ ਟੀਮ ਨੂੰ ਵੀ ਮੌਕੇ 'ਤੇ ਤਾਇਨਾਤ ਕੀਤਾ ਗਿਆ ਹੈ। ਮਲਬੇ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲਗਾਤਾਰ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਇਮਾਰਤ 'ਤੇ ਡਿੱਗੇ ਕੂੜੇ ਦੇ ਵੱਡੇ ਢੇਰ ਨੂੰ JCB ਮਸ਼ੀਨਾਂ ਦੀ ਮਦਦ ਨਾਲ ਹਟਾਇਆ ਜਾ ਰਿਹਾ ਹੈ। ਫਿਲਹਾਲ ਜੰਗੀ ਪੱਧਰ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।