18 ਨਹੀਂ, 25 ਵਿਧਾਇਕ ਨਾਰਾਜ਼ ! ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਵਿਗੜਿਆ ਗਿਣਤੀ ਦਾ ਗਣਿਤ, ਕੀ BJP ਫਿਰ ਖੇਡੇਗੀ ਸਿਆਸੀ ਦਾਅ?
ਨਾਰਾਜ਼ ਵਿਧਾਇਕਾਂ ਦੀ ਗਿਣਤੀ ਮੁੱਖ ਮੰਤਰੀ ਉਮਰ ਦੇ ਸਮਰਥਨ 'ਚ ਖੜ੍ਹੇ ਵਿਧਾਇਕਾਂ ਤੋਂ ਵੱਧ ਦੱਸੀ ਜਾ ਰਹੀ ਹੈ। ਜੇਕਰ ਉਮਰ ਅਬਦੁੱਲਾ ਦੇ ਵਿਧਾਇਕਾਂ ਦੀ ਨਾਰਾਜ਼ਗੀ ਵਧਦੀ ਹੈ ਅਤੇ ਉਹ ਪੂਰੀ ਤਰ੍ਹਾਂ ਬਾਗੀ ਹੋ ਜਾਂਦੇ ਹਨ ਤਾਂ ਨਾ ਸਿਰਫ਼ ਸਰਕਾਰ ਡਿੱਗਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ, ਸਗੋਂ ਪਾਰਟੀ ਵੀ ਉਨ੍ਹਾਂ ਦੇ ਹੱਥੋਂ ਨਿਕਲ ਸਕਦੀ ਹੈ।
Publish Date: Mon, 02 Nov 2026 04:33 PM (IST)
Updated Date: Mon, 02 Nov 2026 05:02 PM (IST)
ਨੀਤਿਸ਼ ਕੁਸ਼ਵਾਹਾ, ਜੰਮੂ : ਜੰਮੂ-ਕਸ਼ਮੀਰ 'ਚ ਉਮਰ ਸਰਕਾਰ ਖ਼ਿਲਾਫ਼ ਉਨ੍ਹਾਂ ਦੀ ਆਪਣੀ ਪਾਰਟੀ ਦੇ ਕਈ ਆਗੂਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਦਰਅਸਲ, ਹਾਲ ਹੀ 'ਚ ਸੱਤਾਧਾਰੀ ਨੈਸ਼ਨਲ ਕਾਨਫਰੰਸ (NC) ਨੇ ਕੈਬਨਿਟ ਦਾ ਵਿਸਥਾਰ ਕੀਤਾ ਸੀ। ਹਾਲਾਂਕਿ, ਪਾਰਟੀ ਦੇ ਕਈ ਵਿਧਾਇਕ ਸਰਕਾਰ ਦੇ ਇਸ ਫ਼ੈਸਲੇ ਤੋਂ ਖੁਸ਼ ਨਹੀਂ ਹਨ ਤੇ ਪਾਰਟੀ ਅੰਦਰ ਲਗਾਤਾਰ ਅਸੰਤੋਸ਼ ਵਧਦਾ ਜਾ ਰਿਹਾ ਹੈ।
ਨੈਸ਼ਨਲ ਕਾਨਫਰੰਸ ਦੇ ਅਸੰਤੁਸ਼ਟ ਧੜੇ 'ਚ ਘੱਟੋ-ਘੱਟ 18 ਵਿਧਾਇਕ ਦੱਸੇ ਜਾ ਰਹੇ ਹਨ, ਪਰ ਇਸ ਧੜੇ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਗਿਣਤੀ 18 ਨਹੀਂ, ਸਗੋਂ 25 ਹੈ। 90 ਮੈਂਬਰੀ ਵਿਧਾਨ ਸਭਾ 'ਚ 25 ਵਿਧਾਇਕਾਂ ਦੀ ਨਾਰਾਜ਼ਗੀ ਕਾਰਨ ਜੰਮੂ-ਕਸ਼ਮੀਰ ਦੀ ਸਿਆਸਤ 'ਚ ਹਲਚਲ ਤੇਜ਼ ਹੋ ਗਈ ਹੈ। ਦੂਜੇ ਪਾਸੇ, ਸੂਬੇ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਭਾਜਪਾ ਵੀ ਇਸ ਪੂਰੇ ਮਾਮਲੇ 'ਤੇ ਨਜ਼ਰ ਰੱਖ ਰਹੀ ਹੈ। ਅਜਿਹੇ 'ਚ ਮੌਜੂਦਾ ਹਾਲਾਤ ਨੂੰ ਦੇਖਦਿਆਂ ਆਓ ਸਮਝਦੇ ਹਾਂ ਜੰਮੂ-ਕਸ਼ਮੀਰ ਦੇ ਨਵੇਂ ਪਾਵਰ ਗੇਮ ਨੂੰ...
ਕਿਸ ਦੇ ਕੋਲ ਕਿੰਨੀਆਂ ਸੀਟਾਂ?
ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ 'ਚ 2024 'ਚ ਵਿਧਾਨ ਸਭਾ ਚੋਣਾਂ ਹੋਈਆਂ ਸਨ। 90 ਮੈਂਬਰੀ ਇਸ ਵਿਧਾਨ ਸਭਾ 'ਚ ਸਭ ਤੋਂ ਵੱਧ ਸੀਟਾਂ ਨੈਸ਼ਨਲ ਕਾਨਫਰੰਸ ਨੇ ਜਿੱਤੀਆਂ ਸਨ। ਐੱਨਸੀ ਨੇ 42, ਭਾਜਪਾ ਨੇ 29, ਕਾਂਗਰਸ ਨੇ 6 ਅਤੇ ਪੀਡੀਪੀ ਨੇ 3 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ।
ਜੰਮੂ-ਕਸ਼ਮੀਰ 'ਚ ਬਹੁਮਤ ਲਈ 48 ਸੀਟਾਂ ਦੀ ਲੋੜ ਹੁੰਦੀ ਹੈ। ਇਸ ਤੋਂ ਬਾਅਦ ਐੱਨਸੀ ਨੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਈ ਤੇ ਉਮਰ ਅਬਦੁੱਲਾ ਸੂਬੇ ਦੇ ਮੁੱਖ ਮੰਤਰੀ ਬਣੇ। ਹਾਲਾਂਕਿ, ਉਮਰ ਅਬਦੁੱਲਾ ਨੇ 2024 ਦੀਆਂ ਵਿਧਾਨ ਸਭਾ ਚੋਣਾਂ 'ਚ ਗਾਂਦਰਬਲ ਤੇ ਬਡਗਾਮ ਦੋ ਸੀਟਾਂ ਤੋਂ ਜਿੱਤ ਹਾਸਲ ਕੀਤੀ ਸੀ। ਬਾਅਦ 'ਚ ਉਨ੍ਹਾਂ ਨੇ ਬਡਗਾਮ ਵਿਧਾਨ ਸਭਾ ਸੀਟ ਛੱਡ ਦਿੱਤੀ ਸੀ। ਨਵੰਬਰ 2025 'ਚ ਇਸ ਸੀਟ 'ਤੇ ਜ਼ਿਮਨੀ ਚੋਣ ਹੋਈ ਅਤੇ ਪੀਡੀਪੀ ਦੇ ਉਮੀਦਵਾਰ ਆਗਾ ਸਈਅਦ ਮੁੰਤਜ਼ਿਰ ਮਹਿਦੀ ਨੇ ਜਿੱਤ ਹਾਸਲ ਕੀਤੀ।
ਪਾਰਟੀ ਤੇ ਸਰਕਾਰ ਦੋਵਾਂ 'ਤੇ ਖ਼ਤਰਾ?
ਹਾਲਾਂਕਿ, ਚੋਣਾਂ ਤੋਂ ਦੋ ਸਾਲ ਬਾਅਦ ਹੀ ਉਮਰ ਸਰਕਾਰ ਦੇ ਆਪਣੇ ਵਿਧਾਇਕ ਨਾਰਾਜ਼ ਨਜ਼ਰ ਆ ਰਹੇ ਹਨ। ਮੌਜੂਦਾ ਹਾਲਾਤ 'ਤੇ ਨਜ਼ਰ ਮਾਰੀਏ ਤਾਂ ਜੇਕਰ ਉਮਰ ਅਬਦੁੱਲਾ ਆਪਣੇ ਵਿਧਾਇਕਾਂ ਨੂੰ ਮਨਾਉਣ 'ਚ ਕਾਮਯਾਬ ਨਹੀਂ ਹੁੰਦੇ ਤਾਂ ਆਉਣ ਵਾਲਾ ਸਮਾਂ ਉਨ੍ਹਾਂ ਲਈ ਮੁਸ਼ਕਲਾਂ ਭਰਿਆ ਹੋ ਸਕਦਾ ਹੈ, ਕਿਉਂਕਿ 41 ਵਿਧਾਇਕਾਂ 'ਚੋਂ 25 ਵਿਧਾਇਕਾਂ ਦੇ ਨਾਰਾਜ਼ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਭਾਵ, ਨਾਰਾਜ਼ ਵਿਧਾਇਕਾਂ ਦੀ ਗਿਣਤੀ ਮੁੱਖ ਮੰਤਰੀ ਉਮਰ ਦੇ ਸਮਰਥਨ 'ਚ ਖੜ੍ਹੇ ਵਿਧਾਇਕਾਂ ਤੋਂ ਵੱਧ ਦੱਸੀ ਜਾ ਰਹੀ ਹੈ। ਜੇਕਰ ਉਮਰ ਅਬਦੁੱਲਾ ਦੇ ਵਿਧਾਇਕਾਂ ਦੀ ਨਾਰਾਜ਼ਗੀ ਵਧਦੀ ਹੈ ਤੇ ਉਹ ਪੂਰੀ ਤਰ੍ਹਾਂ ਬਾਗੀ ਹੋ ਜਾਂਦੇ ਹਨ ਤਾਂ ਨਾ ਸਿਰਫ਼ ਸਰਕਾਰ ਡਿੱਗਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ, ਸਗੋਂ ਪਾਰਟੀ ਵੀ ਉਨ੍ਹਾਂ ਦੇ ਹੱਥੋਂ ਨਿਕਲ ਸਕਦੀ ਹੈ।
ਕਿਉਂਕਿ ਅਜਿਹੇ ਹਾਲਾਤ 'ਚ ਚੋਣ ਕਮਿਸ਼ਨ ਬਹੁਮਤ ਦੀ ਜਾਂਚ ਕਰਦਾ ਹੈ ਤੇ ਬਹੁਮਤ ਵਾਲੇ ਧੜੇ ਨੂੰ ਪਾਰਟੀ ਦਾ ਨਾਮ ਤੇ ਚੋਣ ਨਿਸ਼ਾਨ ਮਿਲਦਾ ਹੈ। ਜੰਮੂ-ਕਸ਼ਮੀਰ 'ਚ ਨਾਰਾਜ਼ ਵਿਧਾਇਕਾਂ ਦਾ ਧੜਾ ਫਿਲਹਾਲ ਬਹੁਮਤ ਦਾ ਪੂਰਾ ਦਾਅਵਾ ਕਰ ਰਿਹਾ ਹੈ।
ਸ਼ਿਵ ਸੈਨਾ-NCP ਤੇ TMC ਵਾਂਗ ਹੁਣ NC ਦੇ ਟੁੱਟਣ ਦਾ ਡਰ?
ਦੂਜੇ ਪਾਸੇ, ਭਾਜਪਾ ਕੋਲ 29 ਵਿਧਾਇਕ ਹਨ ਤੇ ਅਜਿਹੇ ਮੌਕੇ 'ਤੇ ਉਹ ਇਸ ਦਾ ਪੂਰਾ ਫਾਇਦਾ ਚੁੱਕਣਾ ਚਾਹੇਗੀ। ਦੱਸ ਦੇਈਏ ਕਿ ਮਹਾਰਾਸ਼ਟਰ 'ਚ ਜੂਨ 2022 'ਚ ਸ਼ਿਵ ਸੈਨਾ ਦੇ ਦਿੱਗਜ ਆਗੂ ਏਕਨਾਥ ਸ਼ਿੰਦੇ ਨੇ ਪਾਰਟੀ ਦੇ ਕੁੱਲ 55 'ਚੋਂ 39 ਵਿਧਾਇਕਾਂ ਨਾਲ ਤਤਕਾਲੀ ਮੁੱਖ ਮੰਤਰੀ ਊਧਵ ਠਾਕਰੇ ਖ਼ਿਲਾਫ਼ ਬਗਾਵਤ ਕਰ ਦਿੱਤੀ ਸੀ।
ਇਸ ਤੋਂ ਬਾਅਦ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੇ ਹੱਥੋਂ ਨਾ ਸਿਰਫ਼ ਸੱਤਾ ਗਈ, ਸਗੋਂ ਪਾਰਟੀ ਵੀ ਉਨ੍ਹਾਂ ਦੇ ਹੱਥੋਂ ਨਿਕਲ ਗਈ ਸੀ। ਇਸੇ ਤਰ੍ਹਾਂ ਜੁਲਾਈ 2023 'ਚ ਅਜੀਤ ਪਵਾਰ ਨੇ ਆਪਣੇ ਚਾਚਾ ਤੇ ਪਾਰਟੀ ਦੇ ਸੰਸਥਾਪਕ ਸ਼ਰਦ ਪਵਾਰ ਖ਼ਿਲਾਫ਼ ਬਗਾਵਤ ਕਰ ਦਿੱਤੀ ਸੀ। ਬਾਅਦ 'ਚ ਚੋਣ ਕਮਿਸ਼ਨ ਨੇ ਬਹੁਮਤ ਨੂੰ ਦੇਖਦਿਆਂ ਅਜੀਤ ਪਵਾਰ ਧੜੇ ਨੂੰ ਅਸਲੀ NCP ਐਲਾਨ ਦਿੱਤਾ ਸੀ।
ਉੱਥੇ ਹੀ, ਪੱਛਮੀ ਬੰਗਾਲ 'ਚ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਦੀ ਸਰਕਾਰ ਬਣੀ। ਇਸ ਤੋਂ ਬਾਅਦ TMC 'ਚ ਅੰਦਰੂਨੀ ਕਲੇਸ਼ ਸ਼ੁਰੂ ਹੋ ਗਿਆ ਅਤੇ ਪਾਰਟੀ ਦੇ ਦੋ-ਤਿਹਾਈ ਤੋਂ ਵੱਧ ਵਿਧਾਇਕਾਂ ਨੇ ਬਗਾਵਤ ਕਰ ਦਿੱਤੀ, ਜਿਸ ਕਾਰਨ ਪਾਰਟੀ ਟੁੱਟ ਗਈ। ਬਹੁਮਤ ਦੇ ਆਧਾਰ 'ਤੇ ਚੋਣ ਕਮਿਸ਼ਨ ਨੇ ਬਾਗੀ ਧੜੇ ਨੂੰ ਪਾਰਟੀ ਦਾ ਨਾਮ ਅਤੇ ਚੋਣ ਨਿਸ਼ਾਨ ਦੇ ਦਿੱਤਾ ਅਤੇ ਮਮਤਾ ਬੈਨਰਜੀ ਦੇ ਹੱਥੋਂ ਉਨ੍ਹਾਂ ਦੀ ਆਪਣੀ ਪਾਰਟੀ ਹੀ ਨਿਕਲ ਗਈ।