NEET ਪ੍ਰੀਖਿਆ 'ਚ ਫੇਲ੍ਹ ਹੋਣ ਦੇ ਡਰੋਂ 2 ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖਿਆ- 'ਮੈਨੂੰ ਮਾਫ਼ ਕਰਨਾ, ਮੇਰੀ ਮੌਤ ਲਈ...'
NEET-UG ਦੀ ਮੁੜ-ਪ੍ਰੀਖਿਆ ਤੋਂ ਠੀਕ ਇੱਕ ਦਿਨ ਪਹਿਲਾਂ ਤੇਲੰਗਾਨਾ ਦੇ ਹੈਦਰਾਬਾਦ ਅਤੇ ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ ਤੋਂ ਦੋ ਵੱਖ-ਵੱਖ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਦਰਾਬਾਦ 'ਚ ਇੱਕ 19 ਸਾਲਾ ਵਿਦਿਆਰਥਣ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉੱਥੇ ਹੀ, ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਹੋਸੂਰ 'ਚ ਇੱਕ 20 ਸਾਲਾ ਵਿਦਿਆਰਥੀ ਨੇ ਪ੍ਰੀਖਿਆ ਦੇ ਬਹੁਤ ਜ਼ਿਆਦਾ ਦਬਾਅ ਅਤੇ ਫੇਲ੍ਹ ਹੋਣ ਦੇ ਡਰੋਂ ਖ਼ੁਦਕੁਸ਼ੀ ਕਰ ਲਈ।
Publish Date: Sun, 21 Jun 2026 03:33 PM (IST)
Updated Date: Sun, 21 Jun 2026 03:36 PM (IST)

ਡਿਜੀਟਲ ਡੈਸਕ, ਨਵੀਂ ਦਿੱਲੀ : NEET-UG ਦੀ ਮੁੜ-ਪ੍ਰੀਖਿਆ ਤੋਂ ਠੀਕ ਇੱਕ ਦਿਨ ਪਹਿਲਾਂ ਤੇਲੰਗਾਨਾ ਦੇ ਹੈਦਰਾਬਾਦ ਅਤੇ ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ ਤੋਂ ਦੋ ਵੱਖ-ਵੱਖ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਦਰਾਬਾਦ 'ਚ ਇੱਕ 19 ਸਾਲਾ ਵਿਦਿਆਰਥਣ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉੱਥੇ ਹੀ, ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਹੋਸੂਰ 'ਚ ਇੱਕ 20 ਸਾਲਾ ਵਿਦਿਆਰਥੀ ਨੇ ਪ੍ਰੀਖਿਆ ਦੇ ਬਹੁਤ ਜ਼ਿਆਦਾ ਦਬਾਅ ਅਤੇ ਫੇਲ੍ਹ ਹੋਣ ਦੇ ਡਰੋਂ ਖ਼ੁਦਕੁਸ਼ੀ ਕਰ ਲਈ।
ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਹੋਸੂਰ 'ਚ ਪੁਲਿਸ ਨੂੰ ਘਟਨਾ ਸਥਾਨ ਤੋਂ ਇੱਕ ਬੇਹੱਦ ਭਾਵੁਕ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਵਿਦਿਆਰਥੀ ਨੇ ਲਿਖਿਆ ਹੈ ਕਿ NEET ਦੇ ਡਰ ਕਾਰਨ ਉਸ ਨੂੰ ਪਿਛਲੇ ਇੱਕ ਮਹੀਨੇ ਤੋਂ ਨੀਂਦ ਨਹੀਂ ਆ ਰਹੀ ਸੀ ਅਤੇ ਇਸ ਵਾਰ ਵੀ ਅਸਫ਼ਲ ਹੋਣ ਦੇ ਡਰੋਂ ਉਹ ਇਹ ਆਤਮਘਾਤੀ ਕਦਮ ਚੁੱਕ ਰਿਹਾ ਹੈ। ਹੁਡਕੋ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ, ਵੇਟਰੀਆਨੰਥਮ ਲਗਾਤਾਰ ਤਿੰਨ ਸਾਲਾਂ ਤੋਂ NEET ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਪਿਛਲੀਆਂ ਕੋਸ਼ਿਸ਼ਾਂ 'ਚ ਅਸਫ਼ਲਤਾ ਦਾ ਸਾਹਮਣਾ ਕਰਨ ਤੋਂ ਬਾਅਦ, ਉਹ ਬਹੁਤ ਜ਼ਿਆਦਾ ਦਬਾਅ ਹੇਠ ਸੀ ਅਤੇ ਅੱਜ ਹੋਣ ਵਾਲੀ ਪ੍ਰੀਖਿਆ 'ਚ ਫਿਰ ਤੋਂ ਫੇਲ੍ਹ ਹੋਣ ਤੋਂ ਡਰ ਰਿਹਾ ਸੀ। ਸ਼ਨੀਵਾਰ ਨੂੰ ਜਦੋਂ ਉਸ ਦੇ ਪਿਤਾ ਕੰਮ 'ਤੇ ਗਏ ਹੋਏ ਸਨ ਅਤੇ ਉਸ ਦੀ ਮਾਂ ਨੇੜੇ ਦੀ ਇੱਕ ਦੁਕਾਨ 'ਤੇ ਗਈ ਹੋਈ ਸੀ ਤਾਂ ਵੇਟਰੀਆ ਅੰਥਮ ਨੇ ਬੈਠਕ ਵਾਲੇ ਕਮਰੇ 'ਚ ਛੱਤ ਵਾਲੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ।
ਪੁਲਿਸ ਨੂੰ ਮਿਲੇ ਸੁਸਾਈਡ ਨੋਟ 'ਚ ਵਿਦਿਆਰਥੀ ਨੇ ਲਿਖਿਆ, "ਨੀਟ ਦੇ ਡਰ ਕਾਰਨ ਮੈਨੂੰ ਪਿਛਲੇ ਇੱਕ ਮਹੀਨੇ ਤੋਂ ਨੀਂਦ ਨਹੀਂ ਆ ਰਹੀ ਸੀ ਅਤੇ ਇਸ ਵਾਰ ਵੀ ਅਸਫ਼ਲ ਹੋਣ ਦੇ ਡਰੋਂ ਮੈਂ ਇਹ ਆਤਮਘਾਤੀ ਕਦਮ ਚੁੱਕ ਰਿਹਾ ਹਾਂ। ਅੰਮਾ, ਅੱਪਾ, ਅੰਨਾ... ਮੈਨੂੰ ਮਾਫ਼ ਕਰ ਦਿਓ।" ਇਸ ਸੁਸਾਈਡ ਨੋਟ 'ਚ ਉਸ ਨੇ ਆਪਣੇ ਪਰਿਵਾਰ ਪ੍ਰਤੀ ਡੂੰਘਾ ਪਿਆਰ ਜਤਾਇਆ ਅਤੇ ਕਿਹਾ ਕਿ ਅਜਿਹੇ ਮਾਤਾ-ਪਿਤਾ ਅਤੇ ਭਰਾ ਪਾ ਕੇ ਉਹ ਖ਼ੁਦ ਨੂੰ ਕਿਸਮਤ ਵਾਲਾ ਮੰਨਦਾ ਹੈ।
ਪ੍ਰਾਈਵੇਟ ਨੌਕਰੀ ਕਰਦੇ ਹਨ ਪਿਤਾ
ਮ੍ਰਿਤਕ ਦੀ ਪਛਾਣ ਸੀ. ਵੇਟਰੀਆਨੰਥਮ ਵਜੋਂ ਹੋਈ ਹੈ। ਉਹ ਇੱਕ ਨਿੱਜੀ ਫੈਕਟਰੀ 'ਚ ਕੰਮ ਕਰਨ ਵਾਲੇ ਚਿੰਨਾਸਾਮੀ ਦਾ ਛੋਟਾ ਪੁੱਤਰ ਸੀ ਅਤੇ ਹੋਸੂਰ ਦੇ ਬਾਗੁਲੁਰ ਰੋਡ ਸਥਿਤ ਤਾਮਿਲਨਾਡੂ ਹਾਊਸਿੰਗ ਬੋਰਡ (TNHB) ਕਲੋਨੀ 'ਚ ਰਹਿੰਦਾ ਸੀ। ਫਿਲਹਾਲ ਪੁਲਿਸ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਰਹੀ ਹੈ।
ਹੈਦਰਾਬਾਦ 'ਚ ਵੀ ਨੀਟ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ
ਦੂਜੇ ਪਾਸੇ ਤੇਲੰਗਾਨਾ ਦੇ ਹੈਦਰਾਬਾਦ ਤੋਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਿਆਪੁਰ ਇਲਾਕੇ 'ਚ ਇੱਕ 19 ਸਾਲਾ NEET ਪ੍ਰੀਖਿਆਰਥਣ ਨੇ ਖ਼ੁਦਕੁਸ਼ੀ ਕਰ ਲਈ। ਨਿਊਜ਼ ਏਜੰਸੀ ਪੀਟੀਆਈ (PTI) ਅਨੁਸਾਰ, ਪੁਲਿਸ ਨੇ ਦੱਸਿਆ ਕਿ ਮਿਆਪੁਰ ਦੇ ਇੱਕ ਅਪਾਰਟਮੈਂਟ 'ਚ ਆਪਣੀਆਂ ਭੈਣਾਂ ਨਾਲ ਰਹਿ ਰਹੀ ਕੁੜੀ ਸ਼ਨੀਵਾਰ ਨੂੰ ਫਾਹੇ ਨਾਲ ਲਟਕਦੀ ਹੋਈ ਮਿਲੀ। ਜਾਂਚ ਦੌਰਾਨ ਪੁਲਿਸ ਨੂੰ ਮ੍ਰਿਤਕਾ ਵੱਲੋਂ ਲਿਖਿਆ ਇੱਕ ਨੋਟ ਮਿਲਿਆ, ਜਿਸ 'ਚ ਉਸ ਨੇ ਕਿਹਾ ਸੀ ਕਿ "ਉਸ ਦੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ"।
ਮੁੱਢਲੀ ਜਾਂਚ ਦੇ ਆਧਾਰ 'ਤੇ, ਪੁਲਿਸ ਨੂੰ ਖ਼ਦਸ਼ਾ ਹੈ ਕਿ ਵਿਦਿਆਰਥਣ ਨੇ ਐਤਵਾਰ ਨੂੰ ਹੋਣ ਵਾਲੀ NEET ਦੀ ਮੁੜ-ਪ੍ਰੀਖਿਆ ਦੇ ਦਬਾਅ ਕਾਰਨ ਇਹ ਖ਼ੌਫ਼ਨਾਕ ਕਦਮ ਚੁੱਕਿਆ ਹੋਵੇਗਾ।