NEET ਪ੍ਰੀਖਿਆ ਤੋਂ ਬਾਅਦ 18 ਸਾਲਾ ਵਿਦਿਆਰਥੀ ਨੇ ਖੂਹ 'ਚ ਛਾਲ ਮਾਰ ਕੇ ਦਿੱਤੀ ਜਾਨ, ਵੀਡੀਓ ਬਣਾ ਕੇ ਕਿਹਾ- 'ਮਾਂ ਮੈਨੂੰ ਮਾਫ਼ ਕਰ ਦੇਣਾ'
ਮ੍ਰਿਤਕ ਵਿਦਿਆਰਥੀ ਨੇ ਖ਼ੁਦਕੁਸ਼ੀ ਕਰਨ ਤੋਂ ਠੀਕ ਪਹਿਲਾਂ ਇੱਕ ਭਾਵੁਕ ਵੀਡੀਓ ਬਣਾਈ। ਵੀਡੀਓ ਵਿੱਚ ਸੁਸ਼ੀਲ ਰੋਂਦੇ ਹੋਏ ਅਤੇ ਹੱਥ ਜੋੜ ਕੇ ਕਹਿ ਰਿਹਾ ਹੈ ਕਿ, "ਮਾਂ, ਅੱਜ ਮੈਂ ਆਪਣੀ ਜਾਨ ਦੇਣ ਜਾ ਰਿਹਾ ਹਾਂ। ਮਾਂ, ਪਲੀਜ਼ ਤੂੰ ਬਿਲਕੁਲ ਚਿੰਤਾ ਨਾ ਕਰੀਂ। ਅਗਲੇ ਜਨਮ ਵਿੱਚ ਮੈਂ ਫਿਰ ਤੋਂ ਤੁਹਾਡੀ ਕੁੱਖੋਂ ਜਨਮ ਲਵਾਂਗਾ ਅਤੇ ਤੁਹਾਨੂੰ ਇਸ ਤਰ੍ਹਾਂ ਦਾ ਦੁੱਖ ਕਦੇ ਨਹੀਂ ਦੇਵਾਂਗਾ।
Publish Date: Thu, 25 Jun 2026 04:01 PM (IST)
Updated Date: Thu, 25 Jun 2026 04:04 PM (IST)
ਡਿਜੀਟਲ ਡੈਸਕ, ਜਾਗਰਣ : ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਤੋਂ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 18 ਸਾਲਾ ਨੀਟ ਪ੍ਰੀਖਿਆਰਥੀ ਨੇ ਕਥਿਤ ਤੌਰ 'ਤੇ ਖੂਹ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਤੋਂ ਠੀਕ ਪਹਿਲਾਂ ਵਿਦਿਆਰਥੀ ਨੇ ਆਪਣੇ ਮੋਬਾਈਲ 'ਤੇ 33 ਸੈਕਿੰਡ ਦੀ ਇੱਕ ਬਹੁਤ ਹੀ ਭਾਵੁਕ ਵੀਡੀਓ ਰਿਕਾਰਡ ਕੀਤੀ, ਜਿਸ ਵਿੱਚ ਉਸ ਨੇ ਹੱਥ ਜੋੜ ਕੇ ਆਪਣੀ ਮਾਂ ਤੋਂ ਮਾਫ਼ੀ ਮੰਗੀ।
ਦੱਸ ਦੇਈਏ ਕਿ ਆਤਮਹੱਤਿਆ ਕਰਨ ਵਾਲੇ ਵਿਦਿਆਰਥੀ ਦਾ ਨਾਮ ਸੁਸ਼ੀਲ ਧਾਗੇ ਸੀ, ਜਿਸ ਨੇ 21 ਜੂਨ ਨੂੰ NEET (UG) 2026 ਦੀ ਪ੍ਰੀਖਿਆ ਦਿੱਤੀ ਸੀ ਕਿਉਂਕਿ ਪੇਪਰ ਲੀਕ ਹੋਣ ਦੇ ਦੋਸ਼ਾਂ ਦੇ ਚਲਦਿਆਂ 3 ਮਈ ਨੂੰ ਹੋਈ ਮੈਡੀਕਲ ਪ੍ਰਵੇਸ਼ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ।
'ਅਗਲੇ ਜਨਮ 'ਚ ਫਿਰ ਤੁਹਾਡੀ ਕੁੱਖੋਂ ਪੈਦਾ ਹੋਵਾਂਗਾ'
ਮ੍ਰਿਤਕ ਵਿਦਿਆਰਥੀ ਨੇ ਖ਼ੁਦਕੁਸ਼ੀ ਕਰਨ ਤੋਂ ਠੀਕ ਪਹਿਲਾਂ ਇੱਕ ਭਾਵੁਕ ਵੀਡੀਓ ਬਣਾਈ। ਵੀਡੀਓ ਵਿੱਚ ਸੁਸ਼ੀਲ ਰੋਂਦੇ ਹੋਏ ਅਤੇ ਹੱਥ ਜੋੜ ਕੇ ਕਹਿ ਰਿਹਾ ਹੈ ਕਿ, "ਮਾਂ, ਅੱਜ ਮੈਂ ਆਪਣੀ ਜਾਨ ਦੇਣ ਜਾ ਰਿਹਾ ਹਾਂ। ਮਾਂ, ਪਲੀਜ਼ ਤੂੰ ਬਿਲਕੁਲ ਚਿੰਤਾ ਨਾ ਕਰੀਂ। ਅਗਲੇ ਜਨਮ ਵਿੱਚ ਮੈਂ ਫਿਰ ਤੋਂ ਤੁਹਾਡੀ ਕੁੱਖੋਂ ਜਨਮ ਲਵਾਂਗਾ ਅਤੇ ਤੁਹਾਨੂੰ ਇਸ ਤਰ੍ਹਾਂ ਦਾ ਦੁੱਖ ਕਦੇ ਨਹੀਂ ਦੇਵਾਂਗਾ।"
ਉਸ ਨੇ ਅੱਗੇ ਕਿਹਾ, "ਬੱਸ ਮੈਨੂੰ ਮਾਫ਼ ਕਰ ਦੇਣਾ, ਮਾਂ। ਸੁਮੇਧ ਦੇ ਨਾਲ ਰਹਿਣਾ। ਆਪਣਾ ਚੰਗੀ ਤਰ੍ਹਾਂ ਖ਼ਿਆਲ ਰੱਖਣਾ ਅਤੇ ਮੇਰੀ ਚਿੰਤਾ ਨਾ ਕਰਨਾ। ਮੈਂ ਬਹੁਤ ਗਹਿਰੇ ਦਰਦ ਵਿੱਚ ਹਾਂ... ਮੈਂ ਕੁਝ ਨਹੀਂ ਕਰ ਪਾ ਰਿਹਾ ਹਾਂ। ਮੈਨੂੰ ਹੁਣ ਕੁਝ ਸਮਝ ਨਹੀਂ ਆ ਰਿਹਾ ਹੈ। ਬੱਸ ਮੈਨੂੰ ਮਾਫ਼ ਕਰ ਦੇਣਾ, ਮੰਮੀ।" ਦੱਸਿਆ ਜਾ ਰਿਹਾ ਹੈ ਕਿ ਵੀਡੀਓ ਬਣਾਉਣ ਤੋਂ ਬਾਅਦ ਵਿਦਿਆਰਥੀ ਨੇ ਇਹ ਵੀਡੀਓ ਆਪਣੇ ਘਰਦਿਆਂ ਨੂੰ ਭੇਜੀ ਅਤੇ ਫਿਰ ਬੁੱਧਵਾਰ ਨੂੰ ਉਸ ਨੇ ਖੂਹ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।
ਕਿਉਂ ਚੁੱਕਿਆ ਅਜਿਹਾ ਆਤਮਘਾਤੀ ਕਦਮ
ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ, ਪਰਿਵਾਰ ਦਾ ਕਹਿਣਾ ਹੈ ਕਿ ਸੁਸ਼ੀਲ ਦੁਬਾਰਾ ਹੋਈ ਇਸ NEET ਪ੍ਰੀਖਿਆ ਨੂੰ ਲੈ ਕੇ ਕਾਫ਼ੀ ਤਣਾਅ ਵਿੱਚ ਸੀ ਕਿਉਂਕਿ ਉਸ ਨੂੰ ਇਹ ਪੇਪਰ ਬਹੁਤ 'ਔਖਾ' ਲੱਗਿਆ ਸੀ।
ਜ਼ਿਕਰਯੋਗ ਹੈ ਕਿ ਇਸ ਪੂਰੇ ਮਾਮਲੇ ਦੀ ਸ਼ੁਰੂਆਤ ਉਦੋਂ ਹੋਈ ਜਦੋਂ 3 ਮਈ ਨੂੰ ਦੇਸ਼ ਭਰ ਵਿੱਚ ਮੈਡੀਕਲ ਕਾਲਜਾਂ ਵਿੱਚ ਦਾਖਲੇ ਲਈ NEET ਦੀ ਪ੍ਰੀਖਿਆ ਕਰਵਾਈ ਗਈ ਸੀ। ਇਸ ਤੋਂ ਬਾਅਦ 12 ਮਈ ਨੂੰ ਪੇਪਰ ਲੀਕ ਦੇ ਦੋਸ਼ਾਂ ਤੋਂ ਬਾਅਦ ਇਸ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਸੀ।
ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਕਰ ਰਹੀ ਹੈ, ਜਿਸ ਨੇ ਪੁਣੇ ਦੇ ਇੱਕ ਕੈਮਿਸਟਰੀ ਲੈਕਚਰਾਰ (ਮੁੱਖ ਮੁਲਜ਼ਮ) ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਫਿਰ ਰੱਦ ਹੋਈ ਪ੍ਰੀਖਿਆ ਤੋਂ ਬਾਅਦ ਸਰਕਾਰ ਨੇ 21 ਜੂਨ ਨੂੰ ਦੁਬਾਰਾ ਪ੍ਰੀਖਿਆ (Re-exam) ਕਰਵਾਈ ਸੀ, ਜਿਸ ਵਿੱਚ ਸੁਸ਼ੀਲ ਵੀ ਸ਼ਾਮਲ ਹੋਇਆ ਸੀ।