- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਂ ਦੀਆਂ ਚੀਕਾਂ ਸੁਣ ਕੇ ਨਾਨੀ ਤੇ ਗੁਆਂਢੀ ਤੁਰੰਤ ਮੌਕੇ ’ਤੇ ਪਹੁੰਚੇ। ਪਿੰਡ ਵਾਸੀਆਂ ਦੀ ਮਦਦ ਨਾਲ ਬੱਚੀ ਨੂੰ ਫਾਹੇ ਤੋਂ ਉਤਾਰ ਕੇ ਨੇੜਲੇ ਧਰਮਪੁਰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

ਜਾਗਰਣ ਸਹਿਯੋਗੀ, ਧਰਮਪੁਰ (ਮੰਡੀ) : ਹਿਮਾਚਲ ਪ੍ਰਦੇਸ਼ ਵਿਚ ਮੰਡੀ ਜ਼ਿਲ੍ਹੇ ਦੇ ਉਪ-ਮੰਡਲ ਧਰਮਪੁਰ ਵਿਚ ਸ਼ਨਿਚਰਵਾਰ ਨੂੰ 11 ਸਾਲਾ ਬੱਚੀ ਨੇ ਮੋਬਾਈਲ ਫੋਨ ਚਲਾਉਣ ’ਤੇ ਪਰਿਵਾਰਕ ਮੈਂਬਰਾਂ ਦੀ ਡਾਂਟ ਤੋਂ ਪਰੇਸ਼ਾਨ ਹੋ ਕੇ ਘਰ ਦੀ ਖਿੜਕੀ ਦੀ ਗ੍ਰਿਲ ਨਾਲ ਫਾਹਾ ਲੈ ਲਿਆ। ਡੀਐੱਸਪੀ ਧਰਮਪੁਰ ਸੰਜੀਵ ਸੂਦ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਦੇ ਸੰਬੰਧ ਵਿਚ ਮਾਮਲਾ ਦਰਜ ਕਰ ਲਿਆ ਹੈ ਅਤੇ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸ਼ਨਿਚਰਵਾਰ ਦੁਪਹਿਰ ਤੇ ਸ਼ਾਮ ਦੇ ਸਮੇਂ ਜਦੋਂ ਉਹ ਲਗਾਤਾਰ ਮੋਬਾਈਲ ਫੋਨ ਚਲਾਉਂਦੀ ਰਹੀ ਤਾਂ ਮਾਂ ਤੇ ਨਾਨੀ ਨੇ ਉਸ ਨੂੰ ਪੜ੍ਹਾਈ ਅਤੇ ਹੋਰ ਕਾਰਨਾਂ ਦਾ ਹਵਾਲਾ ਦਿੰਦਿਆਂ ਡਾਂਟ ਦਿੱਤਾ ਤੇ ਹੱਥੋਂ ਮੋਬਾਈਲ ਫੋਨ ਖੋਹ ਲਿਆ। ਇਸ ਤੋਂ ਬਾਅਦ ਦੋਵੇਂ ਰੋਜ਼ਾਨਾ ਦੀ ਤਰ੍ਹਾਂ ਰਸੋਈ ਵਿਚ ਸ਼ਾਮ ਦਾ ਖਾਣਾ ਬਣਾਉਣ ਚਲੀਆਂ ਗਈਆਂ। ਖਾਣਾ ਤਿਆਰ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਬੱਚੀ ਨੂੰ ਆਵਾਜ਼ ਦਿੱਤੀ ਤਾਂ ਕਮਰੇ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਮਾਂ ਕਮਰੇ ਦੇ ਅੰਦਰ ਗਈ ਤਾਂ ਬੱਚੀ ਖਿੜਕੀ ਦੀ ਗ੍ਰਿਲ ਨਾਲ ਫਾਹੇ ’ਤੇ ਲਟਕ ਰਹੀ ਸੀ। ਮਾਂ ਦੀਆਂ ਚੀਕਾਂ ਸੁਣ ਕੇ ਨਾਨੀ ਤੇ ਗੁਆਂਢੀ ਤੁਰੰਤ ਮੌਕੇ ’ਤੇ ਪਹੁੰਚੇ। ਪਿੰਡ ਵਾਸੀਆਂ ਦੀ ਮਦਦ ਨਾਲ ਬੱਚੀ ਨੂੰ ਫਾਹੇ ਤੋਂ ਉਤਾਰ ਕੇ ਨੇੜਲੇ ਧਰਮਪੁਰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਸਪਤਾਲ ਵਿਚ ਤਾਇਨਾਤ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੇ ਸਮੇਂ ਬੱਚੀ ਦੇ ਪਿਤਾ ਚੰਡੀਗੜ੍ਹ ਵਿਚ ਸਨ, ਜੋ ਨਿੱਜੀ ਖੇਤਰ ਵਿਚ ਨੌਕਰੀ ਕਰਦੇ ਹਨ।