ਦੇਸ਼ ਦੇ 106 ਨੌਜਵਾਨ ਕਲਾਕਾਰਾਂ ਦਾ ਹੋਵੇਗਾ ਸਨਮਾਨ, 2024 ਤੇ 2025 ਲਈ ਉਸਤਾਦ ਬਿਸਮਿੱਲਾਹ ਖਾਂ ਯੁਵਾ ਐਵਾਰਡ ਦਾ ਐਲਾਨ
2024 ਦੇ ਐਵਾਰਡ ਜੇਤੂਆਂ ’ਚ ਹਿੰਦੁਸਤਾਨੀ ਗਾਇਨ ਲਈ ਅੰਕਿਤਾ ਜੋਸ਼ੀ ਤੇ ਕ੍ਰਿਸ਼ਨਾ ਸ਼੍ਰੀਮੰਤਰਾਵ ਬੋਂਗਾਣੇ ਦੀ ਸਾਂਝੇ ਤੌਰ ’ਤੇ ਚੋਣ ਕੀਤੀ ਗਈ ਹੈ। ਤਾਰ ਸ਼ਹਨਾਈ ਵਾਦਨ ਲਈ ਈਸ਼ਵਰ ਸਿੰਘ ਨਾਮਧਾਰੀ ਤੇ ਸੈਕਸੋਫੋਨ ਵਾਦਨ ਲਈ ਪ੍ਰਿਯੰਕ ਕ੍ਰਿਸ਼ਨਾ ਨੂੰ ਸਨਮਾਨ ਮਿਲੇਗਾ। ਨ੍ਰਿਤ ਦੇ ਖੇਤਰ ਵਿਚ ਕਥਕ ਲਈ ਨਮਰਤਾ ਰਾਏ, ਭਰਤਨਾਟਿਅਮ ਲਈ ਰਾਹੁਲ ਦੇਵ ਮੰਡਲ ਅਤੇ ਓਡੀਸੀ ਲਈ ਗੌਰੀਸ਼ੰਕਰ ਦਾਸ ਦੀ ਚੋਣ ਹੋਈ ਹੈ।
Publish Date: Sun, 18 Oct 2026 10:13 AM (IST)
Updated Date: Sun, 18 Oct 2026 10:16 AM (IST)
ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਸ਼ਾਸਤਰੀ ਸੰਗੀਤ ਦੀ ਸੁਰ ਸਾਧਨਾ, ਨ੍ਰਿਤ ਦੇ ਵੱਖ-ਵੱਖ ਰੂਪਾਂ, ਰੰਗਮੰਚ ’ਤੇ ਅਦਾਕਾਰੀ ਅਤੇ ਦੇਸ਼ ਦੀ ਲੋਕ-ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਾਲੇ 106 ਨੌਜਵਾਨ ਕਲਾਕਾਰਾਂ ਨੂੰ ਉਸਤਾਦ ਬਿਸਮਿੱਲਾਹ ਖਾਂ ਯੁਵਾ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਸੰਗੀਤ ਨਾਟਕ ਅਕਾਦਮੀ ਨੇ 2024 ਤੇ 2025 ਲਈ 53-53 ਕਲਾਕਾਰਾਂ ਦੀ ਚੋਣ ਕੀਤੀ ਹੈ। ਇਨ੍ਹਾਂ ਪੁਰਸਕਾਰਾਂ ਰਾਹੀਂ ਦੇਸ਼ ਭਰ ’ਚ ਕਲਾ ਦੇ ਵੱਖ-ਵੱਖ ਖੇਤਰਾਂ ’ਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਨੌਜਵਾਨ ਕਲਾਕਾਰਾਂ ਨੂੰ ਪਛਾਣ ਦਿੱਤੀ ਜਾਵੇਗੀ।
ਚੁਣੇ ਗਏ ਕਲਾਕਾਰਾਂ ’ਚ ਹਿੰਦੁਸਤਾਨੀ ਤੇ ਕਰਨਾਟਕ ਸੰਗੀਤ ਦੇ ਸਾਧਕਾਂ ਤੋਂ ਇਲਾਵਾ ਕਥਕ, ਭਾਰਤਨਾਟਿਅਮ, ਕਥਕਲੀ, ਓਡੀਸੀ ਤੇ ਮਣੀਪੁਰੀ ਨ੍ਰਿਤ ਦੇ ਕਲਾਕਾਰ ਸ਼ਾਮਲ ਹਨ। ਇਸ ਦੇ ਨਾਲ ਹੀ ਲੋਕ ਸੰਗੀਤ, ਕਬਾਇਲੀ ਨ੍ਰਿਤ, ਕਠਪੁਤਲੀ ਕਲਾ ਤੇ ਰੰਗਮੰਚ ਨਾਲ ਜੁੜੇ ਕਲਾਕਾਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
2024 ਦੇ ਐਵਾਰਡ ਜੇਤੂਆਂ ’ਚ ਹਿੰਦੁਸਤਾਨੀ ਗਾਇਨ ਲਈ ਅੰਕਿਤਾ ਜੋਸ਼ੀ ਤੇ ਕ੍ਰਿਸ਼ਨਾ ਸ਼੍ਰੀਮੰਤਰਾਵ ਬੋਂਗਾਣੇ ਦੀ ਸਾਂਝੇ ਤੌਰ ’ਤੇ ਚੋਣ ਕੀਤੀ ਗਈ ਹੈ। ਤਾਰ ਸ਼ਹਨਾਈ ਵਾਦਨ ਲਈ ਈਸ਼ਵਰ ਸਿੰਘ ਨਾਮਧਾਰੀ ਤੇ ਸੈਕਸੋਫੋਨ ਵਾਦਨ ਲਈ ਪ੍ਰਿਯੰਕ ਕ੍ਰਿਸ਼ਨਾ ਨੂੰ ਸਨਮਾਨ ਮਿਲੇਗਾ। ਨ੍ਰਿਤ ਦੇ ਖੇਤਰ ਵਿਚ ਕਥਕ ਲਈ ਨਮਰਤਾ ਰਾਏ, ਭਰਤਨਾਟਿਅਮ ਲਈ ਰਾਹੁਲ ਦੇਵ ਮੰਡਲ ਅਤੇ ਓਡੀਸੀ ਲਈ ਗੌਰੀਸ਼ੰਕਰ ਦਾਸ ਦੀ ਚੋਣ ਹੋਈ ਹੈ।
2025 ’ਚ ਹਿੰਦੁਸਤਾਨੀ ਗਾਇਨ ਲਈ ਰਾਹੁਲ ਮਿਸ਼ਰਾ ਤੇ ਰੋਹਿਤ ਮਿਸ਼ਰਾ ਨੂੰ ਸਾਂਝਾ ਐਵਾਰਡ ਦਿੱਤਾ ਜਾਵੇਗਾ। ਤਬਲਾ ਵਾਦਨ ਲਈ ਰਾਮੇਂਦਰ ਸਿੰਘ ਸੋਲੰਕੀ ਅਤੇ ਹਾਰਮੋਨੀਅਮ ਵਾਦਨ ਲਈ ਤਨਮਯ ਦੇਵਚਕੇ ਦੀ ਚੋਣ ਕੀਤੀ ਗਈ ਹੈ। ਨ੍ਰਿਤ ਵਿਚ ਭਰਤਨਾਟਿਅਮ ਲਈ ਆਨੰਦ ਸਚਿਦਾਨੰਦਨ ਤੇ ਕਥਕ ਲਈ ਦੇਵਿਕਾ ਦੇਵੇਂਦਰ ਐੱਸ. ਮੰਗਲਮੁਖੀ ਨੂੰ ਸਨਮਾਨਿਤ ਕੀਤਾ ਜਾਵੇਗਾ।
ਪੁਰਸਕਾਰਾਂ ’ਚ ਰੰਗਮੰਚ ਤੇ ਲੋਕ ਕਲਾਵਾਂ ਦੀ ਅਮੀਰ ਵਿਭਿੰਨਤਾ
ਸੰਗੀਤ ਨਾਟਕ ਅਕਾਦਮੀ ਵੱਲੋਂ ਨੌਜਵਾਨ ਕਲਾਕਾਰਾਂ ਨੂੰ ਦਿੱਤੇ ਜਾਣ ਵਾਲੇ ਪੁਰਸਕਾਰਾਂ ’ਚ ਰੰਗਮੰਚ ਤੇ ਲੋਕ ਕਲਾਵਾਂ ਦੀ ਅਮੀਰ ਵਿਭਿੰਨਤਾ ਨਜ਼ਰ ਆਈ ਹੈ। ਰੰਗਮੰਚ ਸ਼੍ਰੇਣੀ ’ਚ 2024 ਲਈ ਅਨਿਰੁੱਧ ਸਰਕਾਰ (ਅਦਾਕਾਰੀ) ਤੇ ਅਤੁਲ ਸੱਤਿਆ ਕੌਸ਼ਿਕ (ਨਾਟਕ ਲੇਖਨ) ਦੀ ਚੋਣ ਕੀਤੀ ਗਈ ਹੈ। ਉੱਥੇ ਹੀ 2025 ਲਈ ਸਵਾਤੀ ਦੁਬੇ (ਨਿਰਦੇਸ਼ਨ) ਤੇ ਆਨੰਦ ਕੁਮਾਰ ਪਾਂਡੇ (ਅਦਾਕਾਰੀ) ਨੂੰ 19 ਅਕਤੂਬਰ ਨੂੰ ਸਨਮਾਨਿਤ ਕੀਤਾ ਜਾਵੇਗਾ। ਲੋਕ ਤੇ ਕਬਾਇਲੀ ਕਲਾਵਾਂ ’ਚ ਅਸਾਮ, ਰਾਜਸਥਾਨ, ਬਿਹਾਰ ਤੇ ਨਾਗਾਲੈਂਡ ਸਮੇਤ ਕਈ ਸੂਬਿਆਂ ਦੇ ਕਲਾਕਾਰਾਂ ਨਾਲ ਕਠਪੁਤਲੀ ਕਲਾ, ਛਾਇਆ ਪੁਤਲੀ ਕਲਾ ਤੇ ਰਵਾਇਤੀ ਸਾਜ਼ ਬਣਾਉਣ ਵਾਲੇ ਕਲਾਕਾਰਾਂ ਨੂੰ ਵੀ ਸਥਾਨ ਮਿਲਿਆ ਹੈ।