ਬੱਚਾ ਹਾਈਪਰਐਕਟਿਵ ਹੋਵੇਗਾ ਜਾਂ ਸ਼ਾਂਤ? ਜਨਮ ਤੋਂ ਪਹਿਲਾਂ ਹੀ ਗਰਭ ’ਚ ਮਿਲ ਜਾਂਦਾ ਹੈ ਵੱਡਾ ਸੰਕੇਤ, ਵਿਗਿਆਨੀਆਂ ਨੇ ਕੀਤਾ ਅਲਰਟ ਇੱਕ ਨਵੀਂ ਅਮਰੀਕੀ ਸਟੱਡੀ ਅਨੁਸਾਰ, ਗਰਭ ਅਵਸਥਾ ਦੇ ਆਖਰੀ ਪੜਾਅ ’ਚ ਪਲੈਸੈਂਟਲ ਗ੍ਰੋਥ ਫੈਕਟਰ (PLGF) ਦਾ ਘੱਟ ਪੱਧਰ ਬੱਚੇ ’ਚ ADHD ਦਾ ਖ਼ਤਰਾ ਵਧਾ ਸਕਦਾ ਹੈ।
Publish Date: Tue, 13 Oct 2026 10:44 AM (IST)
Updated Date: Tue, 13 Oct 2026 10:46 AM (IST)
ਪੀਟੀਆਈ, ਨਵੀਂ ਦਿੱਲੀ। ਗਰਭ ਅਵਸਥਾ ਦੌਰਾਨ ਮਾਂ ਦੀ ਸਿਹਤ ਦਾ ਸਿੱਧਾ ਅਸਰ ਉਸ ਦੇ ਬੱਚੇ ’ਤੇ ਪੈਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਗਰਭ ਅਵਸਥਾ ਦੇ ਆਖਰੀ ਪੜਾਅ ’ਚ ਪਲੈਸੈਂਟਾ ਦੀ ਸਥਿਤੀ ਬੱਚੇ ’ਚ ADHD (ਅਟੈਂਸ਼ਨ ਡੈਫਿਸਿਟ ਹਾਈਪਰਐਕਟੀਵਿਟੀ ਡਿਸਆਰਡਰ) ਦਾ ਖ਼ਤਰਾ ਵਧਾ ਸਕਦੀ ਹੈ? ਜੀ ਹਾਂ, ਅਮਰੀਕਾ ’ਚ ਹੋਈ ਇੱਕ ਨਵੀਂ ਸਟੱਡੀ ’ਚ ਇਹ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ।
ਰਿਸਰਚ ’ਚ ਕੀ ਸਾਹਮਣੇ ਆਇਆ? ਅਮਰੀਕਾ ਦੀ ਯੂਨੀਵਰਸਿਟੀ ਆਫ ਆਇਓਵਾ ਦੇ ਖੋਜਕਰਤਾਵਾਂ ਨੇ ਆਪਣੀ ਤਾਜ਼ਾ ਰਿਸਰਚ ’ਚ ਪਾਇਆ ਹੈ ਕਿ ਜੇ ਗਰਭ ਅਵਸਥਾ ਦੀ ਤੀਜੀ ਤਿਮਾਹੀ ਦੌਰਾਨ ਪਲੈਸੈਂਟਲ ਗ੍ਰੋਥ ਫੈਕਟਰ ਦਾ ਪੱਧਰ ਘੱਟ ਹੋ ਜਾਂਦਾ ਹੈ, ਤਾਂ ਜਨਮ ਲੈਣ ਵਾਲੇ ਬੱਚੇ ’ਚ ADHD ਦਾ ਖ਼ਤਰਾ ਕਾਫ਼ੀ ਹੱਦ ਤੱਕ ਵਧ ਸਕਦਾ ਹੈ। PLGF ਗਰਭ ਅਵਸਥਾ ਦੌਰਾਨ ਪਲੈਸੈਂਟਾ ਦੀ ਚੰਗੀ ਸਿਹਤ ਨੂੰ ਮਾਪਣ ਵਾਲਾ ਇੱਕ ਮਹੱਤਵਪੂਰਨ ਬਾਇਓਮਾਰਕਰ ਹੈ।
ਗਰਭ ’ਚ ਹੀ ਸ਼ੁਰੂ ਹੋ ਜਾਂਦਾ ਹੈ ਦਿਮਾਗ ਦਾ ਵਿਕਾਸ ਯੂਨੀਵਰਸਿਟੀ ਆਫ ਆਇਓਵਾ ’ਚ ਪ੍ਰਸੂਤੀ ਤੇ ਗਾਇਨੀਕੋਲੋਜੀ ਤੇ ਮਨੋਚਿਕਿਤਸਾ ਦੀ ਸਹਾਇਕ ਪ੍ਰੋਫੈਸਰ ਤੇ ਖੋਜਕਰਤਾ ਸੇਰੇਨਾ ਗੁਮੁਸਲੋਗਲੂ ਨੇ ਇਸ ਖੋਜ ਬਾਰੇ ਅਹਿਮ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ, “ਇਹ ਅਧਿਐਨ ਇਸ ਸਬੂਤ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ ਦਿਮਾਗ ਦੇ ਵਿਕਾਸ ਨਾਲ ਜੁੜੇ ਖ਼ਤਰੇ ਗਰਭ ’ਚ ਹੀ ਸ਼ੁਰੂ ਹੋ ਜਾਂਦੇ ਹਨ।”
ਇਸ ਸਟੱਡੀ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਬੱਚੇ ਦੇ ਦਿਮਾਗ ਦੇ ਵਿਕਾਸ ਨੂੰ ਸਹੀ ਦਿਸ਼ਾ ਦੇਣ ’ਚ ਪਲੈਸੈਂਟਾ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਪ੍ਰੋਫੈਸਰ ਸੇਰੇਨਾ ਅਨੁਸਾਰ, ਮਾਂ ਦੀ ਸਿਹਤ ਤੇ PLGF ਵਰਗੇ ਕਾਰਕ ਸਾਨੂੰ ਇਹ ਸਮਝਣ ’ਚ ਕਾਫ਼ੀ ਮਦਦ ਕਰ ਸਕਦੇ ਹਨ ਕਿ ਗਰਭ ’ਚ ਪਲ ਰਹੇ ਬੱਚੇ ਦਾ ਦਿਮਾਗ ਕਿਸ ਤਰ੍ਹਾਂ ਵਿਕਸਿਤ ਹੋ ਰਿਹਾ ਹੈ।
ਆਖ਼ਰ ਪਲੈਸੈਂਟਾ ਤੇ PLGF ਕੀ ਕੰਮ ਕਰਦੇ ਹਨ? ਪਲੈਸੈਂਟਾ ਇੱਕ ਅਸਥਾਈ ਅੰਗ ਹੈ, ਜੋ ਗਰਭ ’ਚ ਬੱਚੇ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਦੇ ਮੁੱਖ ਕੰਮ ਹੇਠ ਲਿਖੇ ਹਨ:
ਗਰਭ ’ਚ ਪਲ ਰਹੇ ਬੱਚੇ ਤੱਕ ਖ਼ੂਨ ਤੇ ਜ਼ਰੂਰੀ ਪੌਸ਼ਟਿਕ ਤੱਤ ਪਹੁੰਚਾਉਣਾ। ਸਰੀਰ ’ਚੋਂ ਫਾਲਤੂ ਤੇ ਬੇਕਾਰ ਪਦਾਰਥਾਂ ਨੂੰ ਬਾਹਰ ਕੱਢਣ ’ਚ ਮਦਦ ਕਰਨਾ।
ਬੱਚੇ ਨੂੰ ਕੁਝ ਹਾਨੀਕਾਰਕ ਤੱਤਾਂ, ਵਾਇਰਸਾਂ ਤੇ ਬੈਕਟੀਰੀਆ ਤੋਂ ਸੁਰੱਖਿਆ ਪ੍ਰਦਾਨ ਕਰਨਾ। ਉੱਥੇ ਹੀ, ਪਲੈਸੈਂਟਲ ਗ੍ਰੋਥ ਫੈਕਟਰ ਪਲੈਸੈਂਟਾ ’ਚ ਬਣਨ ਵਾਲਾ ਇੱਕ ਮਹੱਤਵਪੂਰਨ ਪ੍ਰੋਟੀਨ ਹੈ, ਜੋ ਇਸ ਅਸਥਾਈ ਅੰਗ ਦੀ ਸਿਹਤ ਬਾਰੇ ਸੰਕੇਤ ਦਿੰਦਾ ਹੈ।
PLGF ਦਾ ਘਟਦਾ ਪੱਧਰ ਖ਼ਤਰੇ ਦੀ ਘੰਟੀ PLGF ਦਾ ਪੱਧਰ ਘੱਟ ਹੋਣਾ ਸਿਰਫ਼ ADHD ਦੇ ਖ਼ਤਰੇ ਨਾਲ ਹੀ ਨਹੀਂ, ਸਗੋਂ ਪ੍ਰੀ-ਇਕਲੈਂਪਸੀਆ ਵਰਗੀਆਂ ਗਰਭ ਅਵਸਥਾ ਨਾਲ ਜੁੜੀਆਂ ਹੋਰ ਪੇਚੀਦਗੀਆਂ ਦਾ ਵੀ ਇੱਕ ਜਾਣਿਆ-ਪਛਾਣਿਆ ਚੇਤਾਵਨੀ ਸੰਕੇਤ ਹੈ। ਇਸ ਨਵੀਂ ਰਿਸਰਚ ਰਾਹੀਂ ਮਾਹਿਰਾਂ ਨੂੰ ਗਰਭ ’ਚ ਪਲ ਰਹੇ ਬੱਚਿਆਂ ਦੀ ਸਿਹਤ ਤੇ ਉਨ੍ਹਾਂ ਦੇ ਦਿਮਾਗੀ ਵਿਕਾਸ ਬਾਰੇ ਕਈ ਨਵੀਆਂ ਤੇ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹਨ।
ਨੋਟ: PLGF ਦਾ ਘੱਟ ਪੱਧਰ ਬੱਚੇ ਨੂੰ ADHD ਹੋਣ ਦੀ ਪੱਕੀ ਭਵਿੱਖਬਾਣੀ ਨਹੀਂ ਕਰਦਾ। ਇਹ ਖੋਜ ਇੱਕ ਸੰਭਾਵੀ ਸਬੰਧ ਵੱਲ ਇਸ਼ਾਰਾ ਕਰਦੀ ਹੈ, ਨਾ ਕਿ ਕਿਸੇ ਬੱਚੇ ਦੇ ਭਵਿੱਖ ਦੇ ਵਿਹਾਰ ਬਾਰੇ ਪੱਕਾ ਨਤੀਜਾ ਦਿੰਦੀ ਹੈ।