ਜਿੰਨਾ ਜ਼ਿਆਦਾ ਪੈਦਲ ਚੱਲਣਗੇ ਟੀਨਏਜਰਜ਼, ਦਿਮਾਗ ਦਾ ਵਿਕਾਸ ਹੋਵੇਗਾ ਉਨਾ ਹੀ ਬਿਹਤਰ; ਨਵੀਂ ਰਿਸਰਚ ’ਚ ਖੁਲਾਸਾ
ਇੱਕ ਨਵੀਂ ਰਿਸਰਚ ’ਚ ਸਾਹਮਣੇ ਆਇਆ ਹੈ ਕਿ ਕਿਸ਼ੋਰਾਂ ਦਾ ਰੋਜ਼ਾਨਾ ਪੈਦਲ ਚੱਲਣਾ ਉਨ੍ਹਾਂ ਦੀ ਮਾਨਸਿਕ ਸਿਹਤ ਤੇ ਦਿਮਾਗ ਦੇ ਵਿਕਾਸ ਲਈ ਬੇਹੱਦ ਫਾਇਦੇਮੰਦ ਹੈ।
Publish Date: Tue, 06 Oct 2026 01:01 PM (IST)
Updated Date: Tue, 06 Oct 2026 01:03 PM (IST)
ਪ੍ਰੇਟ੍ਰ, ਨਵੀਂ ਦਿੱਲੀ। ਕਿਸ਼ੋਰਾਵਸਥਾ ਦਿਮਾਗ ਦੇ ਵਿਕਾਸ ਤੇ ਮਾਨਸਿਕ ਸਿਹਤ ਲਈ ਬੇਹੱਦ ਮਹੱਤਵਪੂਰਨ ਸਮਾਂ ਹੁੰਦਾ ਹੈ। ਹਾਲ ਹੀ ’ਚ ਕਿਸ਼ੋਰਾਂ 'ਤੇ ਕੀਤੀ ਗਈ ਇੱਕ ਦਿਲਚਸਪ ਰਿਸਰਚ ਤੋਂ ਇੱਕ ਬਹੁਤ ਹੀ ਆਸਾਨ ਤੇ ਪ੍ਰਭਾਵਸ਼ਾਲੀ ਗੱਲ ਸਾਹਮਣੇ ਆਈ ਹੈ। ਰਿਸਰਚ ਮੁਤਾਬਕ, ਕਿਸ਼ੋਰ ਰੋਜ਼ਾਨਾ ਜਿੰਨਾ ਜ਼ਿਆਦਾ ਪੈਦਲ ਚੱਲਦੇ ਹਨ, ਠੀਕ ਇੱਕ ਸਾਲ ਬਾਅਦ ਉਨ੍ਹਾਂ ’ਚ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਉਨੀਆਂ ਹੀ ਘੱਟ ਦੇਖਣ ਨੂੰ ਮਿਲਦੀਆਂ ਹਨ।
12,000 ਕਦਮਾਂ ਦਾ ਕਮਾਲ ਅਧਿਐਨ ’ਚ ਪਾਇਆ ਗਿਆ ਕਿ ਜੋ ਕਿਸ਼ੋਰ ਦਿਨ ਭਰ ’ਚ 12,000 ਜਾਂ ਇਸ ਤੋਂ ਵੱਧ ਕਦਮ ਚੱਲਦੇ ਹਨ, ਉਨ੍ਹਾਂ ’ਚ ਵਿਹਾਰ ਤੇ ਭਾਵਨਾਵਾਂ ਨਾਲ ਜੁੜੀਆਂ ਸਮੱਸਿਆਵਾਂ ਸਭ ਤੋਂ ਘੱਟ ਹੁੰਦੀਆਂ ਹਨ। ਕਦਮਾਂ ਦੀ ਗਿਣਤੀ ਤੇ ਬਿਹਤਰ ਮਾਨਸਿਕ ਸਿਹਤ ਵਿਚਕਾਰ ਇਹ ਸਿੱਧਾ ਸਬੰਧ ਵਾਕਈ ਹੈਰਾਨ ਕਰਨ ਵਾਲਾ ਹੈ।
ਦਿਮਾਗ ਦੀ ਬਣਤਰ ’ਚ ਦੇਖਿਆ ਗਿਆ ਬਦਲਾਅ ਜਰਨਲ ਆਫ਼ ਦ ਅਮਰੀਕਨ ਮੈਡੀਕਲ ਐਸੋਸੀਏਸ਼ਨ ਨੈੱਟਵਰਕ ਓਪਨ ’ਚ ਪ੍ਰਕਾਸ਼ਿਤ ਇਸ ਰਿਸਰਚ ਦੇ ਨਤੀਜਿਆਂ ਦੀ ਪੁਸ਼ਟੀ ਨਿਊਰੋਇਮੇਜਿੰਗ ਰਾਹੀਂ ਵੀ ਹੋਈ ਹੈ। ਸਕੈਨ ’ਚ ਸਾਹਮਣੇ ਆਇਆ ਕਿ ਜਿਨ੍ਹਾਂ ਕਿਸ਼ੋਰਾਂ ਨੇ ਸਭ ਤੋਂ ਵੱਧ ਕਦਮ ਚੱਲੇ, ਉਨ੍ਹਾਂ ਦੇ ਦਿਮਾਗ ਦੇ ਕੁਝ ਖਾਸ ਹਿੱਸਿਆਂ ’ਚ ‘ਕਾਰਟਿਕਲ ਟਿਸ਼ੂ’ ਜ਼ਿਆਦਾ ਮੋਟਾ ਪਾਇਆ ਗਿਆ। ਇਹ ਹਿੱਸੇ ਸਰੀਰ ਦੀ ਮੂਵਮੈਂਟ ਤੇ ਭਾਵਨਾਵਾਂ ਨੂੰ ਕੰਟਰੋਲ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਫਾਇਦੇ ਲਈ ਐਥਲੀਟ ਹੋਣਾ ਜ਼ਰੂਰੀ ਨਹੀਂ ਅਮਰੀਕਾ ਦੀ ਯੂਨੀਵਰਸਿਟੀ ਆਫ਼ ਮੈਸਾਚੂਸੇਟਸ ਐਮਹਰਸਟ ’ਚ ਕਾਈਨੇਸਿਓਲੋਜੀ ਦੀ ਐਸੋਸੀਏਟ ਪ੍ਰੋਫੈਸਰ ਅਮਾਂਡਾ ਪਾਲੁਚ ਦੇ ਅਨੁਸਾਰ, ਇਹ ਦੇਖਣਾ ਬਹੁਤ ਉਤਸ਼ਾਹਜਨਕ ਹੈ ਕਿ ਸਰੀਰਕ ਗਤੀਵਿਧੀ ਨਾਲ ਦਿਮਾਗ ਤੇ ਮਾਨਸਿਕ ਸਿਹਤ ਦੋਵਾਂ ਨੂੰ ਸਿੱਧਾ ਫਾਇਦਾ ਮਿਲਦਾ ਹੈ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਸਥਿਤੀ “ਸਭ ਜਾਂ ਕੁਝ ਨਹੀਂ” ਵਾਲੀ ਨਹੀਂ ਹੈ। ਇਸ ਦਾ ਮਤਲਬ ਹੈ ਕਿ ਇਹ ਫਾਇਦੇ ਹਾਸਲ ਕਰਨ ਲਈ ਕਿਸ਼ੋਰਾਂ ਦਾ ਬਿਹਤਰੀਨ ਐਥਲੀਟ ਹੋਣਾ ਬਿਲਕੁਲ ਜ਼ਰੂਰੀ ਨਹੀਂ ਹੈ।
ਜੇਕਰ ਕੋਈ ਕਿਸ਼ੋਰ ਆਪਣੇ ਰੋਜ਼ਾਨਾ ਦੇ ਕਦਮਾਂ ’ਚ ਸਿਰਫ਼ 1,000 ਤੋਂ 2,000 ਕਦਮ ਹੋਰ ਜੋੜ ਲੈਂਦਾ ਹੈ, ਤਾਂ ਵੀ ਉਸਦੇ ਦਿਮਾਗ ਦੀ ਬਣਤਰ ਤੇ ਮਾਨਸਿਕ ਸਿਹਤ ’ਚ ਕਾਫ਼ੀ ਬਿਹਤਰ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ। ਸਭ ਤੋਂ ਚੰਗੀ ਗੱਲ ਇਹ ਹੈ ਕਿ ਕਦਮਾਂ ਦੀ ਗਿਣਤੀ ਵਧਣ ਦੇ ਨਾਲ ਇਹ ਫਾਇਦੇਮੰਦ ਪ੍ਰਭਾਵ ਵੀ ਲਗਾਤਾਰ ਵਧਦਾ ਰਹਿੰਦਾ ਹੈ।