ਜਾਤੀ ਪ੍ਰਥਾ ਦੇ ਵਿਰੋਧ 'ਚ ਕੱਟ ਦਿੱਤੀ ਆਪਣੀ ਹੀ ਛਾਤੀ! ਖ਼ੌਫ਼ਨਾਕ ਹੈ ਤ੍ਰਾਵਣਕੋਰ ਦੇ 'ਬ੍ਰੈਸਟ ਟੈਕਸ' ਤੇ ਨੰਗੇਲੀ ਦੀ ਕੁਰਬਾਨੀ ਦੀ ਕਹਾਣੀ ਬ੍ਰਿਟਿਸ਼ ਹਕੂਮਤ ਵੇਲੇ ਤ੍ਰਾਵਣਕੋਰ ਰਿਆਸਤ ਦੇ ਰਾਜੇ ਨੇ ਨੀਵੀਆਂ ਜਾਤਾਂ ਦੇ ਲੋਕਾਂ ’ਤੇ ਕਈ ਸਖ਼ਤ ਨਿਯਮ ਲਾਗੂ ਕੀਤੇ ਹੋਏ ਸਨ। ਉਸ ਸਮੇਂ ਦੇ ਨਿਯਮਾਂ ਅਨੁਸਾਰ, ਨੀਵੀਂ ਜਾਤ ਦੀਆਂ ਔਰਤਾਂ ਨੂੰ ਜਨਤਕ ਥਾਵਾਂ ’ਤੇ ਆਪਣੀ ਛਾਤੀ ਢਕਣ ਦੀ ਇਜਾਜ਼ਤ ਨਹੀਂ ਸੀ। ਅਜਿਹਾ ਸਮਾਜ 'ਚ ਜਾਤੀ ਵਿਵਸਥਾ ਨੂੰ ਕਾਇਮ ਰੱਖਣ ਲਈ ਕੀਤਾ ਜਾਂਦਾ ਸੀ।
Publish Date: Fri, 30 Oct 2026 12:12 PM (IST)
Updated Date: Fri, 30 Oct 2026 12:30 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ - ਇਤਿਹਾਸ ਦੇ ਪੰਨਿਆਂ ਨੂੰ ਪਲਟ ਕੇ ਦੇਖੀਏ ਤਾਂ ਅਜਿਹੀਆਂ ਕਈ ਕਰੂਰ ਪ੍ਰਥਾਵਾਂ ਮਿਲਦੀਆਂ ਹਨ, ਜਿਨ੍ਹਾਂ ’ਤੇ ਯਕੀਨ ਕਰਨਾ ਮੁਸ਼ਕਲ ਹੁੰਦਾ ਹੈ। ਅਜਿਹੀ ਹੀ ਇੱਕ ਪ੍ਰਥਾ 19ਵੀਂ ਸਦੀ ਦੇ ਸ਼ੁਰੂਆਤੀ ਦੌਰ 'ਚ ਦੱਖਣੀ ਭਾਰਤ ਦੇ ਤ੍ਰਾਵਣਕੋਰ 'ਚ ਪ੍ਰਚਲਿਤ ਸੀ, ਜਿਸ ਨੂੰ 'ਬ੍ਰੈਸਟ ਟੈਕਸ' ਜਾਂ 'ਮੁਲੱਕਰਮ' ਕਿਹਾ ਜਾਂਦਾ ਸੀ।
ਇਹ ਪ੍ਰਥਾ ਔਰਤਾਂ ਦੇ ਸ਼ੋਸ਼ਣ ਦੀਆਂ ਸਭ ਤੋਂ ਭਿਆਨਕ ਘਟਨਾਵਾਂ 'ਚੋਂ ਇੱਕ ਸੀ। ਇਸ ਤੋਂ ਵੀ ਦਰਦਨਾਕ ਕਹਾਣੀ ਅਜਿਹੀ ਇਕ ਔਰਤ ਦੀ ਹੈ ਜਿਸ ਨੇ ਇਸ ਟੈਕਸ ਦੇ ਵਿਰੋਧ ਵਿੱਚ ਆਪਣੇ ਸਤਨ ਕੱਟ ਦਿੱਤੇ ਸਨ। ਆਓ ਜਾਣਦੇ ਹਾਂ ਕਿ ਮੁਲੱਕਰਮ ਕੀ ਸੀ ਅਤੇ ਉਹ ਔਰਤ ਕੌਣ ਸੀ, ਜਿਸ ਨੇ ਇਸ ਦੇ ਵਿਰੋਧ ਵਿੱਚ ਇੰਨਾ ਵੱਡਾ ਕਦਮ ਚੁੱਕਿਆ ਸੀ।
ਕੀ ਸੀ 'ਬ੍ਰੈਸਟ ਟੈਕਸ'? ਬ੍ਰਿਟਿਸ਼ ਹਕੂਮਤ ਵੇਲੇ ਤ੍ਰਾਵਣਕੋਰ ਰਿਆਸਤ ਦੇ ਰਾਜੇ ਨੇ ਨੀਵੀਆਂ ਜਾਤਾਂ ਦੇ ਲੋਕਾਂ ’ਤੇ ਕਈ ਸਖ਼ਤ ਨਿਯਮ ਲਾਗੂ ਕੀਤੇ ਹੋਏ ਸਨ। ਉਸ ਸਮੇਂ ਦੇ ਨਿਯਮਾਂ ਅਨੁਸਾਰ, ਨੀਵੀਂ ਜਾਤ ਦੀਆਂ ਔਰਤਾਂ ਨੂੰ ਜਨਤਕ ਥਾਵਾਂ ’ਤੇ ਆਪਣੀ ਛਾਤੀ ਢਕਣ ਦੀ ਇਜਾਜ਼ਤ ਨਹੀਂ ਸੀ। ਅਜਿਹਾ ਸਮਾਜ 'ਚ ਜਾਤੀ ਵਿਵਸਥਾ ਨੂੰ ਕਾਇਮ ਰੱਖਣ ਲਈ ਕੀਤਾ ਜਾਂਦਾ ਸੀ।
ਇਸ ਨਿਯਮ ਪਿੱਛੇ ਮਕਸਦ ਇਹ ਸੀ ਕਿ ਕਿਸੇ ਔਰਤ ਦੇ ਕੱਪੜਿਆਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕੇ ਕਿ ਉਹ ਉੱਚੀ ਜਾਤ ਨਾਲ ਸਬੰਧਤ ਹੈ ਜਾਂ ਨੀਵੀਂ ਨਾਲ। ਉੱਚ ਜਾਤ ਦੀਆਂ ਔਰਤਾਂ ਆਪਣੀ ਛਾਤੀ ਢਕ ਸਕਦੀਆਂ ਸਨ, ਪਰ ਨੀਵੀਂ ਜਾਤ ਦੀਆਂ ਔਰਤਾਂ ਨੂੰ ਇਹ ਅਧਿਕਾਰ ਨਹੀਂ ਸੀ। ਜੇਕਰ ਉਹ ਅਜਿਹਾ ਕਰਨਾ ਚਾਹੁੰਦੀਆਂ ਵੀ ਸਨ ਤਾਂ ਉਨ੍ਹਾਂ ਨੂੰ ਇਸ ਲਈ ਟੈਕਸ ਦੇਣਾ ਪੈਂਦਾ ਸੀ।
ਬ੍ਰੈਸਟ ਟੈਕਸ ਔਰਤਾਂ ਦੇ ਸਨਮਾਨ ’ਤੇ ਸਿੱਧੀ ਸੱਟ ਵਾਂਗ ਸੀ। ਇਸ ਦਮਨਕਾਰੀ ਪ੍ਰਥਾ ਖ਼ਿਲਾਫ਼ ਤ੍ਰਾਵਣਕੋਰ ਦੇ ਚੇਰਥਲਾ ਪਿੰਡ 'ਚ ਰਹਿਣ ਵਾਲੀ ਨੰਗੇਲੀ ਨਾਂ ਦੀ ਔਰਤ ਨੇ ਆਵਾਜ਼ ਚੁੱਕੀ। ਨੰਗੇਲੀ ਨੇ ਇਸ ਨਿਯਮ ਦੀ ਪਰਵਾਹ ਕੀਤੇ ਬਿਨਾਂ ਜਨਤਕ ਤੌਰ ’ਤੇ ਆਪਣੀ ਛਾਤੀ ਨੂੰ ਕੱਪੜੇ ਨਾਲ ਢਕਣਾ ਸ਼ੁਰੂ ਕਰ ਦਿੱਤਾ।
ਜਦੋਂ ਰਾਜੇ ਦੇ ਅਧਿਕਾਰੀ ਟੈਕਸ ਵਸੂਲਣ ਉਸ ਦੇ ਘਰ ਪਹੁੰਚੇ ਤਾਂ ਨੰਗੇਲੀ ਨੇ ਇਸ ਬੇਇਨਸਾਫ਼ੀ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਵਿਰੋਧ 'ਚ ਉਸ ਨੇ ਆਪਣੇ ਹੀ ਹੱਥਾਂ ਨਾਲ ਆਪਣੀ ਛਾਤੀ ਕੱਟ ਕੇ ਸ਼ਾਹੀ ਅਧਿਕਾਰੀਆਂ ਸਾਹਮਣੇ ਰੱਖ ਦਿੱਤੀ। ਬਹੁਤ ਜ਼ਿਆਦਾ ਖ਼ੂਨ ਵਹਿਣ ਕਾਰਨ ਕੁਝ ਹੀ ਪਲਾਂ 'ਚ ਨੰਗੇਲੀ ਦੀ ਮੌਤ ਹੋ ਗਈ, ਪਰ ਉਸ ਦੀ ਇਸ ਦਰਦਨਾਕ ਕੁਰਬਾਨੀ ਨੇ ਸਮਾਜ ਵਿਚ ਵਿਰੋਧ ਦੀ ਲਹਿਰ ਪੈਦਾ ਕਰ ਦਿੱਤੀ।
ਨੰਗੇਲੀ ਦੀ ਕੁਰਬਾਨੀ ਦਾ ਨਤੀਜਾ ਨੰਗੇਲੀ ਦੀ ਇਸ ਕੁਰਬਾਨੀ ਤੋਂ ਬਾਅਦ ਤ੍ਰਾਵਣਕੋਰ 'ਚ ਭਾਰੀ ਰੋਸ ਫੈਲ ਗਿਆ ਅਤੇ ਰਾਜੇ ਨੂੰ ਟੈਕਸ ਪ੍ਰਣਾਲੀ 'ਚ ਬਦਲਾਅ ਕਰਨ ਲਈ ਮਜਬੂਰ ਹੋਣਾ ਪਿਆ। ਹਾਲਾਂਕਿ, ਇਸ ਕਰੂਰ ਵਿਵਸਥਾ ਨੂੰ ਖ਼ਤਮ ਹੋਣ 'ਚ ਸਮਾਂ ਲੱਗਿਆ ਪਰ ਨੰਗੇਲੀ ਦੀ ਬਗ਼ਾਵਤ ਨੇ ਔਰਤਾਂ ਦੇ ਸਵੈਮਾਣ ਤੇ ਵਿਰੋਧ ਦੀ ਨੀਂਹ ਰੱਖ ਦਿੱਤੀ। ਇਸੇ ਸੰਘਰਸ਼ ਦੇ ਦਮ ’ਤੇ ਬਾਕੀ ਔਰਤਾਂ ਨੂੰ ਆਪਣੇ ਸਨਮਾਨ ਤੇ ਅਧਿਕਾਰਾਂ ਲਈ ਆਵਾਜ਼ ਉਠਾਉਣ ਦੀ ਪ੍ਰੇਰਣਾ ਮਿਲੀ।