ਪਲੇਟ ’ਚ ਰੱਖਦੇ ਹੀ ਥੋੜ੍ਹੀ ਦੇਰ ਬਾਅਦ ਨਰਮ ਪੈ ਜਾਂਦੇ ਹਨ ਪਕੌੜੇ? ਬੈਟਰ ’ਚ ਮਿਲਾਓ ਇਹ ਚੀਜ਼ਾਂ, ਲੰਬੇ ਸਮੇਂ ਤੱਕ ਰਹਿਣਗੇ ਕ੍ਰਿਸਪੀ
ਪਕੌੜੇ ਬਣਾਉਣ ਤੋਂ ਕੁਝ ਦੇਰ ਬਾਅਦ ਉਹ ਇਸ ਲਈ ਨਰਮ ਪੈ ਜਾਂਦੇ ਹਨ, ਕਿਉਂਕਿ ਤਲਣ ਤੋਂ ਬਾਅਦ ਜਦੋਂ ਉਹ ਠੰਡੇ ਹੁੰਦੇ ਹਨ ਤਾਂ ਉਨ੍ਹਾਂ ਦੇ ਅੰਦਰਲੀ ਭਾਫ਼ ਬਾਹਰ ਨਿਕਲਦੀ ਹੈ।
Publish Date: Mon, 21 Sep 2026 01:24 PM (IST)
Updated Date: Mon, 21 Sep 2026 01:27 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸ਼ਾਮ ਦੀ ਚਾਹ ਦੇ ਨਾਲ ਗਰਮਾ-ਗਰਮ ਪਕੌੜੇ ਖਾਣਾ ਕਿਸ ਨੂੰ ਪਸੰਦ ਨਹੀਂ ਹੁੰਦਾ। ਪਰ ਅਕਸਰ ਵੇਸਣ ਦੇ ਪਕੌੜੇ ਬਣਾਉਣ ਤੋਂ ਥੋੜ੍ਹੀ ਦੇਰ ਬਾਅਦ ਹੀ ਇੱਕਦਮ ਨਰਮ ਪੈ ਜਾਂਦੇ ਹਨ। ਜਦਕਿ ਪਕੌੜੇ ਖਾਣ ਦਾ ਮਜ਼ਾ ਉਦੋਂ ਹੀ ਆਉਂਦਾ ਹੈ, ਜਦੋਂ ਉਹ ਖੂਬ ਕ੍ਰਿਸਪੀ ਹੋਣ।
ਪਕੌੜੇ ਬਣਾਉਣ ਤੋਂ ਕੁਝ ਦੇਰ ਬਾਅਦ ਉਹ ਇਸ ਲਈ ਨਰਮ ਪੈ ਜਾਂਦੇ ਹਨ, ਕਿਉਂਕਿ ਤਲਣ ਤੋਂ ਬਾਅਦ ਜਦੋਂ ਉਹ ਠੰਡੇ ਹੁੰਦੇ ਹਨ ਤਾਂ ਉਨ੍ਹਾਂ ਦੇ ਅੰਦਰਲੀ ਭਾਫ਼ ਬਾਹਰ ਨਿਕਲਦੀ ਹੈ। ਉੱਥੇ ਹੀ, ਪਕੌੜਿਆਂ ਨੂੰ ਸਿੱਧਾ ਪਲੇਟ ਜਾਂ ਪੇਪਰ ਟਾਵਲ ’ਤੇ ਰੱਖਣ ਸਮੇਂ ਤੁਸੀਂ ਦੇਖਿਆ ਹੋਵੇਗਾ ਕਿ ਉਨ੍ਹਾਂ ਦਾ ਹੇਠਲਾ ਹਿੱਸਾ ਭਾਫ਼ ਕਾਰਨ ਨਰਮ ਹੋ ਜਾਂਦਾ ਹੈ। ਦਰਅਸਲ, ਪਲੇਟ ’ਤੇ ਰੱਖਦੇ ਸਮੇਂ ਭਾਫ਼ ਹੇਠਾਂ ਹੀ ਫਸ ਜਾਂਦੀ ਹੈ। ਅਜਿਹੇ ’ਚ ਜੇਕਰ ਤੁਸੀਂ ਪਕੌੜਿਆਂ ਨੂੰ ਜਲਦੀ ਨਰਮ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇੱਥੇ ਦੱਸੇ ਗਏ ਟਿਪਸ ਐਂਡ ਟ੍ਰਿਕਸ ਤੁਹਾਡੇ ਕੰਮ ਆ ਸਕਦੇ ਹਨ।
ਚੌਲਾਂ ਦਾ ਆਟਾ ਵੇਸਣ ਦੇ ਪਕੌੜੇ ਬਣਾਉਂਦੇ ਸਮੇਂ ਤੁਸੀਂ ਇਸ ’ਚ ਚੌਲਾਂ ਦਾ ਆਟਾ ਮਿਲਾ ਸਕਦੇ ਹੋ। ਇਸ ਨਾਲ ਵੇਸਣ ਦਾ ਬੈਟਰ ਤਲਣ ਤੋਂ ਬਾਅਦ ਲੰਬੇ ਸਮੇਂ ਤੱਕ ਕ੍ਰਿਸਪੀ ਬਣਿਆ ਰਹਿੰਦਾ ਹੈ। ਇਸ ਲਈ 1 ਕੱਪ ਵੇਸਣ ’ਚ ਘੱਟੋ-ਘੱਟ 2-3 ਵੱਡੇ ਚਮਚ ਚੌਲਾਂ ਦਾ ਆਟਾ ਮਿਲਾਓ। ਜਿੰਨਾ ਜ਼ਿਆਦਾ ਵੇਸਣ ਪਾਉਂਦੇ ਜਾਓ, ਚੌਲਾਂ ਦੇ ਆਟੇ ਦਾ ਅਨੁਪਾਤ ਵੀ ਉਸੇ ਹਿਸਾਬ ਨਾਲ ਵਧਾਉਣਾ ਹੈ। ਬਸ ਧਿਆਨ ਰੱਖੋ ਕਿ ਪਕੌੜਿਆਂ ’ਚ ਵੇਸਣ ਨਾਲੋਂ ਚੌਲਾਂ ਦੇ ਆਟੇ ਦਾ ਸੁਆਦ ਜ਼ਿਆਦਾ ਨਾ ਆਉਣ ਲੱਗੇ।
ਕਾਰਨਫਲੋਰ ਪਕੌੜਿਆਂ ਨੂੰ ਹੋਰ ਕ੍ਰਿਸਪੀ ਬਣਾਉਣ ਲਈ ਕੌਰਨਫਲੋਰ ਵੀ ਮਿਲਾ ਸਕਦੇ ਹੋ। 1 ਕੱਪ ਵੇਸਣ ’ਚ 2-3 ਚਮਚ ਕੌਰਨਫਲੋਰ ਦੇ ਨਾਲ 1 ਛੋਟਾ ਚਮਚ ਗਰਮ ਤੇਲ ਮਿਲਾਉਣ ਵਾਲੀ ਇਹ ਟ੍ਰਿਕ ਕਾਫ਼ੀ ਫਾਇਦੇਮੰਦ ਹੈ। ਇਹ ਤਰੀਕਾ ਪਕੌੜਿਆਂ ਨੂੰ ਬਾਹਰੋਂ ਕ੍ਰਿਸਪੀ ਤੇ ਅੰਦਰੋਂ ਬਿਲਕੁਲ ਨਰਮ ਰੱਖਣ ’ਚ ਮਦਦ ਕਰਦਾ ਹੈ। ਧਿਆਨ ਰੱਖੋ ਕਿ ਕਾਰਨਫਲੋਰ ਜ਼ਿਆਦਾ ਨਾ ਮਿਲਾਓ, ਨਹੀਂ ਤਾਂ ਪਕੌੜੇ ਬਹੁਤ ਜ਼ਿਆਦਾ ਸਖ਼ਤ ਹੋ ਸਕਦੇ ਹਨ।
ਠੰਡਾ ਪਾਣੀ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ, ਪਰ ਜੇਕਰ ਤੁਸੀਂ ਵੇਸਣ ਦਾ ਬੈਟਰ ਠੰਡੇ ਪਾਣੀ ਨਾਲ ਤਿਆਰ ਕਰਦੇ ਹੋ ਤਾਂ ਇਸ ਨਾਲ ਤਲਣ ਸਮੇਂ ਵੇਸਣ ਦਾ ਘੋਲ ਘੱਟ ਤੇਲ ਸੋਖਦਾ ਹੈ। ਇਸ ਨਾਲ ਪਕੌੜਿਆਂ ਦੀ ਬਣਤਰ ’ਤੇ ਵੀ ਕਾਫ਼ੀ ਫਰਕ ਪੈਂਦਾ ਹੈ। ਇਸ ਦੇ ਨਾਲ ਹੀ ਠੰਡੇ ਪਾਣੀ ਨਾਲ ਬੈਟਰ ਬਣਾਉਂਦੇ ਸਮੇਂ ਧਿਆਨ ਰੱਖੋ ਕਿ ਇਸ ’ਚ ਪਾਣੀ ਜ਼ਿਆਦਾ ਨਾ ਹੋ ਜਾਵੇ।
ਬੇਕਿੰਗ ਸੋਡਾ ਤੇ ਅਰਾਰੋਟ ਪਾਊਡਰ ਵੇਸਣ ਦੇ ਘੋਲ ’ਚ ਇੱਕ ਚੁਟਕੀ ਬੇਕਿੰਗ ਸੋਡਾ ਤੇ 1 ਚਮਚ ਅਰਾਰੋਟ ਪਾਊਡਰ ਮਿਲਾਓ। ਬੇਕਿੰਗ ਸੋਡਾ ਪਕੌੜਿਆਂ ਨੂੰ ਫੁੱਲਣ ’ਚ ਮਦਦ ਕਰੇਗਾ, ਜਦਕਿ ਅਰਾਰੋਟ ਪਾਊਡਰ ਦੀ ਮਦਦ ਨਾਲ ਪਕੌੜੇ ਹੋਰ ਕ੍ਰਿਸਪੀ ਬਣ ਸਕਦੇ ਹਨ।