- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
13 ਸਾਲ ਦੇ ਜੋਅ ਪੈਟ੍ਰਾਰੋ-ਹਿਪੋਲਾਈਟ ਅਗਲੇ ਸਾਲ ਨਿਊਯਾਰਕ ਯੂਨੀਵਰਸਿਟੀ ’ਚ ਮਾਸਟਰਜ਼ ਦੀ ਪੜ੍ਹਾਈ ਸ਼ੁਰੂ ਕਰਨਗੇ। 168 IQ ਵਾਲੇ ਜੋਅ ਨੇ 11 ਸਾਲ ਦੀ ਉਮਰ ’ਚ ਹਾਈ ਸਕੂਲ ਤੇ ਹੁਣ 13 ਸਾਲ ਦੀ ਉਮਰ ’ਚ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਆਮ ਤੌਰ ’ਤੇ 13 ਸਾਲ ਦੇ ਬੱਚੇ ਸਕੂਲ ਦੀ ਪੜ੍ਹਾਈ ਕਰਦੇ ਹਨ ਤੇ ਖੇਡਾਂ ’ਚ ਰੁੱਝੇ ਰਹਿੰਦੇ ਹਨ, ਪਰ ਲੌਂਗ ਆਈਲੈਂਡ ’ਚ ਰਹਿਣ ਵਾਲੇ ਜੋਅ ਪੈਟ੍ਰਾਰੋ-ਹਿਪੋਲਾਈਟ (Joe Petraro-Hyppolite) ਅਗਲੇ ਸਾਲ ਨਿਊਯਾਰਕ ਯੂਨੀਵਰਸਿਟੀ ’ਚ ਮਾਸਟਰਜ਼ ਡਿਗਰੀ ਦੀ ਪੜ੍ਹਾਈ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ। ਜੀ ਹਾਂ, ਇਸ ਹਿਸਾਬ ਨਾਲ ਉਹ 16 ਸਾਲ ਦੀ ਉਮਰ ਤੱਕ ਮਾਸਟਰਜ਼ ਦੀ ਡਿਗਰੀ ਹਾਸਲ ਕਰ ਲੈਣਗੇ ਤੇ ਉਹ ਵੀ ਨਿਊਯਾਰਕ ਯੂਨੀਵਰਸਿਟੀ ਤੋਂ।
11 ਸਾਲ ਦੀ ਉਮਰ ’ਚ ਹਾਈ ਸਕੂਲ ਡਿਪਲੋਮਾ
ਜੋਅ ਦਾ ਅਕਾਦਮਿਕ ਸਫ਼ਰ ਕਾਫ਼ੀ ਹੈਰਾਨੀਜਨਕ ਰਿਹਾ ਹੈ। ਉਨ੍ਹਾਂ ਨੇ ਸਿਰਫ਼ 10 ਸਾਲ ਦੀ ਉਮਰ ’ਚ SAT ਪ੍ਰੀਖਿਆ ਦਿੱਤੀ ਤੇ 1600 ’ਚੋਂ 1590 ਅੰਕ ਹਾਸਲ ਕੀਤੇ। ਇਸ ਤੋਂ ਬਾਅਦ 11 ਸਾਲ ਦੀ ਉਮਰ ’ਚ ਉਨ੍ਹਾਂ ਨੇ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਡਿਪਲੋਮਾ ਹਾਸਲ ਕਰ ਲਿਆ। ਹੁਣ ਜਦੋਂ ਉਹ 13 ਸਾਲ ਦੇ ਹਨ, ਤਾਂ ਉਹ ਲੁਈਜ਼ਿਆਨਾ ਸਟੇਟ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਵਾਲੇ ਹਨ ਤੇ ਨਿਊਯਾਰਕ ਯੂਨੀਵਰਸਿਟੀ ਦੇ ਮਾਸਟਰਜ਼ ਪ੍ਰੋਗਰਾਮ ’ਚ ਦਾਖਲਾ ਵੀ ਹਾਸਲ ਕਰ ਚੁੱਕੇ ਹਨ।
ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ’ਚ ਮਾਸਟਰਜ਼ ਪ੍ਰੋਗਰਾਮ ਸ਼ੁਰੂ ਕਰਨ ਵਾਲੇ ਵਿਅਕਤੀ ਦੀ ਔਸਤ ਉਮਰ 33 ਸਾਲ ਹੁੰਦੀ ਹੈ, ਪਰ ਜੋਅ ਇਸ ਤੋਂ ਅੱਧੀ ਤੋਂ ਵੀ ਘੱਟ ਉਮਰ ’ਚ ਇਹ ਉਪਲਬਧੀ ਹਾਸਲ ਕਰਨ ਜਾ ਰਹੇ ਹਨ। ਅਗਲੇ ਸਾਲ ਮਈ ’ਚ ਉਹ ਆਪਣੀ ਬੈਚਲਰ ਡਿਗਰੀ ਪੂਰੀ ਕਰਨਗੇ ਤੇ ਇਸ ਤੋਂ ਬਾਅਦ ਸਪੋਰਟਸ ਮੈਨੇਜਮੈਂਟ, ਕਾਈਨੇਸਿਓਲੋਜੀ ਤੇ ਬਾਇਓਲਾਜੀਕਲ ਸਟੱਡੀਜ਼ ’ਚ ਮਾਸਟਰਜ਼ ਡਿਗਰੀ ਦੀ ਪੜ੍ਹਾਈ ਸ਼ੁਰੂ ਕਰਨਗੇ।
ਟੀਵੀ ਦੇ ਕਿਰਦਾਰਾਂ ਨਾਲ ਕੀਤੀ ਜਾਂਦੀ ਹੈ ਤੁਲਨਾ
ਜੋਅ ਦਾ IQ ਲੈਵਲ 168 ਹੈ। ਹਾਲਾਂਕਿ, ਜੋਅ ਦੀ ਕਹਾਣੀ ਸੁਣ ਕੇ ਹਰ ਕਿਸੇ ਨੂੰ ‘ਯੰਗ ਸ਼ੈਲਡਨ’ ਤੇ ‘ਡੂਗੀ ਹਾਊਜ਼ਰ’ ਦੀ ਯਾਦ ਆ ਜਾਂਦੀ ਹੈ। ਇਸੇ ਕਾਰਨ ਲੋਕ ਅਕਸਰ ਜੋਅ ਦੀ ਤੁਲਨਾ ਸ਼ੈਲਡਨ ਵਰਗੇ ਕਿਰਦਾਰਾਂ ਨਾਲ ਕਰਦੇ ਰਹਿੰਦੇ ਹਨ। ਇੰਨਾ ਹੀ ਨਹੀਂ, ਜਦੋਂ ਯੂਨੀਵਰਸਿਟੀ ’ਚ ਵੱਡੀ ਉਮਰ ਦੇ ਵਿਦਿਆਰਥੀ ਉਨ੍ਹਾਂ ਨੂੰ ਕੈਂਪਸ ’ਚ ਦੇਖਦੇ ਹਨ ਤਾਂ ਉਨ੍ਹਾਂ ਨੂੰ ਆਪਣੀਆਂ ਅੱਖਾਂ ’ਤੇ ਯਕੀਨ ਨਹੀਂ ਹੁੰਦਾ।
ਟੂਰੇਟ ਸਿੰਡਰੋਮ ਤੋਂ ਮਾਸਟਰਜ਼ ਡਿਗਰੀ ਤੱਕ ਦਾ ਸਫ਼ਰ
ਹਾਲਾਂਕਿ, ਜੋਅ ਦਾ ਇਹ ਸਫ਼ਰ ਆਸਾਨ ਨਹੀਂ ਰਿਹਾ ਹੈ। ਉਨ੍ਹਾਂ ਨੂੰ ‘ਟੂਰੇਟ ਸਿੰਡਰੋਮ’ ਨਾਲ ਵੀ ਜੂਝਣਾ ਪਿਆ ਸੀ। ਇੱਕ ਸਮੇਂ ਉਨ੍ਹਾਂ ਨੂੰ ਵਿਸ਼ੇਸ਼ ਸਿੱਖਿਆ ਵਾਲੀ ਕਲਾਸ ’ਚ ਵੀ ਰੱਖਿਆ ਗਿਆ ਸੀ। ਉਨ੍ਹਾਂ ਦੀ ਮਾਂ ਐਨ ਹਿਪੋਲਾਈਟ ਦਾ ਕਹਿਣਾ ਹੈ ਕਿ ਅੱਜ ਜੋਅ ਦੀ ਹਰ ਉਪਲਬਧੀ ਉਨ੍ਹਾਂ ਨੂੰ ਕਿਸੇ ਸੁਪਨੇ ਵਰਗੀ ਲੱਗਦੀ ਹੈ। ਜੋਅ ਗਿਆਨ ਨੂੰ ਸਪੰਜ ਵਾਂਗ ਆਪਣੇ ਅੰਦਰ ਸਮੋ ਲੈਂਦੇ ਹਨ ਤੇ ਉਨ੍ਹਾਂ ਨੂੰ ਨਵੀਆਂ ਚੀਜ਼ਾਂ ਸਿੱਖਣ ਦਾ ਵੀ ਬਹੁਤ ਸ਼ੌਕ ਹੈ।
ਯੂਨੀਵਰਸਿਟੀ ਜਾਣ ਨੂੰ ਲੈ ਕੇ ਘਬਰਾਹਟ
ਜੋਅ ਦੱਸਦੇ ਹਨ ਕਿ ਇੰਨੀ ਘੱਟ ਉਮਰ ’ਚ ਯੂਨੀਵਰਸਿਟੀ ਜਾਣ ਕਾਰਨ ਉਨ੍ਹਾਂ ਨੂੰ ਘਬਰਾਹਟ ਵੀ ਮਹਿਸੂਸ ਹੁੰਦੀ ਹੈ, ਪਰ ਉਹ ਨਵੇਂ ਮੌਕਿਆਂ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਸਪੋਰਟਸ ਮੈਨੇਜਮੈਂਟ ਤੇ ਬਾਇਓ-ਸਾਇੰਸ ਤੋਂ ਬਾਅਦ ਉਹ ਪੈਲੀਓਨਟੋਲੋਜੀ (ਜੀਵਾਸ਼ਮ ਵਿਗਿਆਨ) ਦੇ ਖੇਤਰ ’ਚ ਅੱਗੇ ਵਧਣਾ ਚਾਹੁੰਦੇ ਹਨ।