- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਲੇਖ ’ਚ ਤੁਸੀਂ ‘ਪਾਣੀ ਵਾਲੀ ਰੋਟੀ’ ਬਣਾਉਣ ਦੀ ਰਵਾਇਤੀ ਵਿਧੀ ਜਾਣੋਗੇ, ਜਿਸਨੂੰ ਬਿਨਾਂ ਚਕਲੇ-ਵੇਲਣ ਦੇ ਗਿੱਲੇ ਹੱਥਾਂ ਨਾਲ ਥੱਪੀ ਦੇ ਕੇ ਤਿਆਰ ਕੀਤਾ ਜਾਂਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੀ ਤੁਹਾਨੂੰ ਵੀ ਆਪਣੀ ਦਾਦੀ-ਨਾਨੀ ਦੇ ਹੱਥਾਂ ਦੀ ਬਣੀ ਉਹ ਸੋਂਧੀ-ਸੋਂਧੀ ਰੋਟੀ ਯਾਦ ਹੈ? ਅੱਜਕੱਲ੍ਹ ਅਸੀਂ ਰਸੋਈ ’ਚ ਜਲਦੀ ਕੰਮ ਨਿਪਟਾਉਣ ਲਈ ਚਕਲੇ ਤੇ ਵੇਲਣ ਦੀ ਵਰਤੋਂ ਕਰਦੇ ਹਾਂ, ਪਰ ਸਾਡੇ ਪਿੰਡਾਂ ’ਚ ਅੱਜ ਵੀ ਇੱਕ ਅਜਿਹੀ ਦੇਸੀ ਰੋਟੀ ਬਣਾਈ ਜਾਂਦੀ ਹੈ, ਜਿਸ ਲਈ ਇਨ੍ਹਾਂ ਦੋਵਾਂ ਚੀਜ਼ਾਂ ਦੀ ਕੋਈ ਲੋੜ ਨਹੀਂ ਹੁੰਦੀ। ਇਸਨੂੰ ‘ਪਾਣੀ ਦੀ ਰੋਟੀ’ ਜਾਂ ‘ਹੱਥ ਦੀ ਰੋਟੀ’ ਵੀ ਕਿਹਾ ਜਾਂਦਾ ਹੈ।
ਇਸ ਰੋਟੀ ਦਾ ਅਸਲ ਸਵਾਦ ਇਸਨੂੰ ਬਣਾਉਣ ਦੇ ਖਾਸ ਤਰੀਕੇ ’ਚ ਛੁਪਿਆ ਹੋਇਆ ਹੈ। ਇਸਨੂੰ ਵੇਲਣ ਨਾਲ ਦਬਾ ਕੇ ਨਹੀਂ, ਸਗੋਂ ਪਾਣੀ ਲੱਗੇ ਹੱਥਾਂ ਦੀ ਪਿਆਰ ਭਰੀ ਥੱਪੀ ਨਾਲ ਵੱਡਾ ਕੀਤਾ ਜਾਂਦਾ ਹੈ। ਜਦੋਂ ਇਹ ਲੋਹੇ ਦੇ ਤਵੇ ਜਾਂ ਮਿੱਟੀ ਦੇ ਚੁੱਲ੍ਹੇ ’ਤੇ ਸਿਕਦੀ ਹੈ ਤਾਂ ਇਸਦੀ ਖੁਸ਼ਬੂ ਪੂਰੇ ਘਰ ’ਚ ਫੈਲ ਜਾਂਦੀ ਹੈ। ਜੇਕਰ ਤੁਸੀਂ ਵੀ ਰੋਜ਼ ਦੀ ਸਧਾਰਨ ਰੋਟੀ ਖਾ ਕੇ ਬੋਰ ਹੋ ਗਏ ਹੋ ਤਾਂ ਆਓ ਜਾਣਦੇ ਹਾਂ ਇਸ ਰਵਾਇਤੀ ਰੋਟੀ ਨੂੰ ਬਣਾਉਣ ਦੀ ਆਸਾਨ ਦੇਸੀ ਰੈਸਿਪੀ।
ਜ਼ਰੂਰੀ ਸਮੱਗਰੀ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇੱਕ ਬਰਤਨ ’ਚ ਆਟਾ ਲਓ ਤੇ ਉਸ ’ਚ ਚੁਟਕੀ ਭਰ ਨਮਕ ਮਿਲਾ ਲਓ। ਹੁਣ ਗੁੰਮਗੁੰਮੇ ਪਾਣੀ ਦੀ ਮਦਦ ਨਾਲ ਆਟਾ ਗੁੰਨ੍ਹ ਲਓ। ਧਿਆਨ ਰੱਖੋ ਕਿ ਇਸ ਰੋਟੀ ਲਈ ਆਟਾ ਨਾ ਤਾਂ ਪੂੜੀ ਵਾਂਗ ਸਖ਼ਤ ਹੋਣਾ ਚਾਹੀਦਾ ਹੈ ਤੇ ਨਾ ਹੀ ਬਹੁਤ ਜ਼ਿਆਦਾ ਗਿੱਲਾ। ਆਟਾ ਗੁੰਨ੍ਹਣ ਤੋਂ ਬਾਅਦ ਇਸਨੂੰ ਲਗਭਗ 10 ਤੋਂ 15 ਮਿੰਟ ਲਈ ਢੱਕ ਕੇ ਰੱਖ ਦਿਓ, ਤਾਂ ਜੋ ਆਟਾ ਚੰਗੀ ਤਰ੍ਹਾਂ ਸੈੱਟ ਹੋ ਜਾਵੇ।
ਹੁਣ ਗੈਸ ’ਤੇ ਤਵਾ ਗਰਮ ਹੋਣ ਲਈ ਰੱਖ ਦਿਓ। ਆਟੇ ਦੀ ਇੱਕ ਲੋਈ ਤੋੜ ਲਓ। ਧਿਆਨ ਰੱਖੋ ਕਿ ਇਸ ਰੋਟੀ ਦੀ ਲੋਈ ਚਕਲੇ-ਵੇਲਣ ਨਾਲ ਬਣਾਈ ਜਾਣ ਵਾਲੀ ਆਮ ਰੋਟੀ ਦੀ ਲੋਈ ਨਾਲੋਂ ਥੋੜ੍ਹੀ ਵੱਡੀ ਹੁੰਦੀ ਹੈ। ਇਸਨੂੰ ਹੱਥਾਂ ਨਾਲ ਗੋਲ ਕਰ ਲਓ।
ਹੁਣ ਆਉਂਦਾ ਹੈ ਇਸ ਰੈਸਿਪੀ ਦਾ ਸਭ ਤੋਂ ਦਿਲਚਸਪ ਹਿੱਸਾ। ਆਪਣੇ ਦੋਵਾਂ ਹੱਥਾਂ ਦੀਆਂ ਹਥੇਲੀਆਂ ’ਤੇ ਕਟੋਰੀ ਵਾਲਾ ਸਾਫ਼ ਪਾਣੀ ਹਲਕਾ ਜਿਹਾ ਲਗਾ ਲਓ। ਲੋਈ ਨੂੰ ਦੋਵਾਂ ਹੱਥਾਂ ਵਿਚਕਾਰ ਰੱਖੋ ਤੇ ਉਂਗਲਾਂ ਤੇ ਹਥੇਲੀਆਂ ਦੀ ਮਦਦ ਨਾਲ ਹੌਲੀ-ਹੌਲੀ ਥੱਪੀ ਦਿੰਦੇ ਹੋਏ ਰੋਟੀ ਨੂੰ ਕਿਨਾਰਿਆਂ ਤੋਂ ਵੱਡਾ ਕਰੋ। ਪਾਣੀ ਕਾਰਨ ਆਟਾ ਹੱਥਾਂ ਨਾਲ ਬਿਲਕੁਲ ਨਹੀਂ ਚਿਪਕੇਗਾ ਤੇ ਰੋਟੀ ਆਸਾਨੀ ਨਾਲ ਗੋਲ ਆਕਾਰ ’ਚ ਫੈਲ ਜਾਵੇਗੀ।
ਜਦੋਂ ਰੋਟੀ ਮਨਚਾਹੇ ਆਕਾਰ ਦੀ ਹੋ ਜਾਵੇ ਤਾਂ ਇਸਨੂੰ ਬਹੁਤ ਸਾਵਧਾਨੀ ਨਾਲ ਗਰਮ ਤਵੇ ’ਤੇ ਪਾ ਦਿਓ। ਜਦੋਂ ਰੋਟੀ ਇੱਕ ਪਾਸੇ ਤੋਂ ਹਲਕੀ ਜਿਹੀ ਸਿਕ ਜਾਵੇ ਤੇ ਉਸਦਾ ਰੰਗ ਥੋੜ੍ਹਾ ਬਦਲ ਜਾਵੇ ਤਾਂ ਇਸਨੂੰ ਪਲਟ ਦਿਓ। ਦੂਜੇ ਪਾਸੇ ਤੋਂ ਵੀ ਇਸਨੂੰ ਚੰਗੀ ਤਰ੍ਹਾਂ ਸਿਕਣ ਦਿਓ।
ਜਦੋਂ ਰੋਟੀ ਦੋਵਾਂ ਪਾਸਿਆਂ ਤੋਂ ਤਵੇ ’ਤੇ ਸਿਕ ਜਾਵੇ ਤਾਂ ਤਵਾ ਹਟਾ ਕੇ ਰੋਟੀ ਨੂੰ ਸਿੱਧਾ ਗੈਸ ਦੀ ਆਂਚ ’ਤੇ ਚਿਮਟੇ ਦੀ ਮਦਦ ਨਾਲ ਘੁਮਾ-ਘੁਮਾ ਕੇ ਸੇਕ ਲਓ। ਤੁਸੀਂ ਦੇਖੋਗੇ ਕਿ ਇਹ ਬਿਲਕੁਲ ਗੁਬਾਰੇ ਵਾਂਗ ਫੁੱਲ ਜਾਵੇਗੀ ਤੇ ਇਸ ’ਤੇ ਸੁਨਹਿਰੀ ਰੰਗ ਦੇ ਚਿੱਤੇ ਪੈ ਜਾਣਗੇ।
ਬਸ ਫਿਰ ਤਿਆਰ ਹੋ ਜਾਵੇਗੀ ਤੁਹਾਡੀ ਗਰਮਾਗਰਮ ਪਾਣੀ ਵਾਲੀ ਰੋਟੀ। ਇਸਨੂੰ ਆਂਚ ਤੋਂ ਉਤਾਰਦੇ ਹੀ ਇਸ ’ਤੇ ਭਰਪੂਰ ਦੇਸੀ ਘਿਓ ਲਗਾਓ। ਇਸ ਲਾਜਵਾਬ ਦੇਸੀ ਰੋਟੀ ਨੂੰ ਤੁਸੀਂ ਸਰ੍ਹੋਂ ਦੇ ਸਾਗ, ਲਸਣ ਦੀ ਚਟਪਟੀ ਚਟਨੀ ਜਾਂ ਆਪਣੀ ਪਸੰਦ ਦੀ ਕਿਸੇ ਵੀ ਦਾਲ ਤੇ ਸਬਜ਼ੀ ਨਾਲ ਪਰੋਸ ਸਕਦੇ ਹੋ।