- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਲੈਮਰ, ਆਤਮ-ਵਿਸ਼ਵਾਸ ਅਤੇ ਜ਼ਬਰਦਸਤ ਰੋਮਾਂਚ ਵਿਚਕਾਰ ਆਖ਼ਰਕਾਰ ਦੁਨੀਆ ਨੂੰ ਆਪਣੀ ਨਵੀਂ ਮਿਸ ਯੂਨੀਵਰਸ ਮਿਲ ਗਈ ਹੈ। ਪਿਊਰਟੋ ਰੀਕੋ ਦੀ ਜੈਨੀਫਰ ਬੈਰੇਟੋ ਨੇ ਇਸ ਸਾਲ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ (Miss Universe 2026 Winner)। ਸੈਨ ਜੁਆਨ ਦੇ ਜੋਸ ਮਿਗੁਏਲ ਐਗਰੇਲੋਟ ਕੋਲੀਜ਼ੀਅਮ ਵਿੱਚ ਹੋਏ ਗ੍ਰੈਂਡ ਫਿਨਾਲੇ ਦੌਰਾਨ ਮੈਕਸੀਕੋ ਦੀ ਫਾਤਿਮਾ ਬੋਸ਼ ਨੇ ਜੈਨੀਫਰ ਨੂੰ ਇਹ ਤਾਜ ਪਹਿਨਾਇਆ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ - ਗਲੈਮਰ, ਆਤਮ-ਵਿਸ਼ਵਾਸ ਅਤੇ ਜ਼ਬਰਦਸਤ ਰੋਮਾਂਚ ਵਿਚਕਾਰ ਆਖ਼ਰਕਾਰ ਦੁਨੀਆ ਨੂੰ ਆਪਣੀ ਨਵੀਂ ਮਿਸ ਯੂਨੀਵਰਸ ਮਿਲ ਗਈ ਹੈ। ਪਿਊਰਟੋ ਰੀਕੋ ਦੀ ਜੈਨੀਫਰ ਬੈਰੇਟੋ ਨੇ ਇਸ ਸਾਲ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ (Miss Universe 2026 Winner)। ਸੈਨ ਜੁਆਨ ਦੇ ਜੋਸ ਮਿਗੁਏਲ ਐਗਰੇਲੋਟ ਕੋਲੀਜ਼ੀਅਮ ਵਿੱਚ ਹੋਏ ਗ੍ਰੈਂਡ ਫਿਨਾਲੇ ਦੌਰਾਨ ਮੈਕਸੀਕੋ ਦੀ ਫਾਤਿਮਾ ਬੋਸ਼ ਨੇ ਜੈਨੀਫਰ ਨੂੰ ਇਹ ਤਾਜ ਪਹਿਨਾਇਆ।
ਇਹ ਮੁਕਾਬਲਾ ਕਾਫ਼ੀ ਸਖ਼ਤ ਰਿਹਾ। ਡੋਮਿਨਿਕਨ ਰੀਪਬਲਿਕ ਦੀ ਮੇਲਿਸਾ ਨੁਨੇਜ਼ ਫਸਟ ਰਨਰ-ਅੱਪ ਰਹੀ, ਜਦਕਿ ਵੈਨੇਜ਼ੁਏਲਾ ਦੀ ਕਲਾਰਾ ਵੇਗਾਸ ਗੋਏਤਜ਼ ਨੇ ਸੈਕੰਡ ਰਨਰ-ਅੱਪ ਦਾ ਸਥਾਨ ਹਾਸਲ ਕੀਤਾ। ਟਾਪ-5 ਦੀ ਦੌੜ ਵਿੱਚ ਇਨ੍ਹਾਂ ਤਿੰਨ ਦੇਸ਼ਾਂ ਤੋਂ ਇਲਾਵਾ ਫਿਲੀਪੀਨਜ਼ ਅਤੇ ਨਿਊਜ਼ੀਲੈਂਡ ਦੀਆਂ ਸੁੰਦਰੀਆਂ ਨੇ ਵੀ ਜ਼ਬਰਦਸਤ ਟੱਕਰ ਦਿੱਤੀ।
ਫਿਨਾਲੇ ਦੇ ਆਖ਼ਰੀ ਪੜਾਅ ’ਤੇ ਟਾਪ-5 ਪ੍ਰਤੀਯੋਗੀਆਂ ਤੋਂ ਇੱਕੋ ਸਵਾਲ ਪੁੱਛਿਆ ਗਿਆ- "ਅੱਜ ਦੇ ਦੌਰ ਵਿੱਚ ਦੁਨੀਆ ਨੂੰ ਆਪਣੇ ਆਗੂਆਂ ਤੋਂ ਸਭ ਤੋਂ ਵੱਧ ਕਿਸ ਚੀਜ਼ ਦੀ ਲੋੜ ਹੈ?"
ਜੈਨੀਫਰ ਨੇ ਬਿਨਾਂ ਕਿਸੇ ਝਿਜਕ ਦੇ ਬੇਹੱਦ ਸਮਝਦਾਰੀ ਭਰਿਆ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਨੂੰ ਅਜਿਹੇ ਆਗੂਆਂ ਦੀ ਲੋੜ ਹੈ, ਜੋ ਪੇਸ਼ੇਵਰ ਹੋਣ ਦੇ ਨਾਲ-ਨਾਲ ਦੂਜਿਆਂ ਦੇ ਦਰਦ ਅਤੇ ਭਾਵਨਾਵਾਂ ਨੂੰ ਵੀ ਸਮਝ ਸਕਣ। ਅਸੀਂ ਅਜਿਹੇ ਸਮਾਜ ਵਿੱਚ ਰਹਿ ਰਹੇ ਹਾਂ, ਜਿੱਥੇ ਲੋਕ ਗੱਲ-ਗੱਲ ’ਤੇ ਦੂਜਿਆਂ ਨੂੰ ਜੱਜ ਕਰਦੇ ਹਨ ਅਤੇ ਸਵਾਲ ਉਠਾਉਂਦੇ ਹਨ। ਪਰ ਅਸਲ ਆਗੂ ਉਹੀ ਹੁੰਦਾ ਹੈ, ਜੋ ਆਪਣੇ ਸਿਧਾਂਤਾਂ ’ਤੇ ਕਾਇਮ ਰਹੇ, ਖ਼ੁਦ ਮਿਸਾਲ ਬਣੇ ਅਤੇ ਦੂਜਿਆਂ ਲਈ ਮਿਆਰ ਹੋਰ ਉੱਚਾ ਕਰੇ।
ਤਾਜ ਜਿੱਤਣ ਤੋਂ ਬਾਅਦ ਜੈਨੀਫਰ ਦਾ ਧਿਆਨ ਅਜਿਹੇ ਨੈੱਟਵਰਕ ਬਣਾਉਣ ’ਤੇ ਹੈ, ਜੋ ਲੋਕਾਂ ਅਤੇ ਭਾਈਚਾਰਿਆਂ ਦੀਆਂ ਅਸਲ ਲੋੜਾਂ ਨੂੰ ਪੂਰਾ ਕਰ ਸਕਣ। ਉਨ੍ਹਾਂ ਦਾ ਸਪੱਸ਼ਟ ਮੰਨਣਾ ਹੈ ਕਿ ਜੇਕਰ ਆਗੂ ਆਪਣੇ ਲੋਕਾਂ ਦੀ ਗੱਲ ਸੁਣ ਕੇ ਯੋਜਨਾਬੰਦੀ ਕਰਨ ਤਾਂ ਬਹੁਤ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ।
ਇਸ ਸਾਲ ਮਿਸ ਯੂਨੀਵਰਸ ਦਾ 75ਵਾਂ ਯਾਨੀ 'ਡਾਇਮੰਡ ਐਡੀਸ਼ਨ' ਸੀ। ਇਸ ਖ਼ਾਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਇੱਕ ਨਵਾਂ ਅਤੇ ਸ਼ਾਨਦਾਰ ਤਾਜ ਲਾਂਚ ਕੀਤਾ ਗਿਆ, ਜਿਸ ਦਾ ਨਾਂ 'ਦਿ ਰੇਡੀਅੰਸ ਆਫ਼ ਐਨ ਇਟਰਨਲ ਲੈਗੇਸੀ' ਰੱਖਿਆ ਗਿਆ। 3,150 ਹੀਰਿਆਂ ਨਾਲ ਜੜੇ ਇਸ ਤਾਜ ਨੂੰ ਮੁਕਾਬਲੇ ਦੇ 75 ਸਾਲਾਂ ਦੇ ਸਫ਼ਰ, ਇਸ ਦੇ ਅਤੀਤ, ਵਰਤਮਾਨ ਅਤੇ ਆਉਣ ਵਾਲੇ ਭਵਿੱਖ ਦਾ ਜਸ਼ਨ ਮਨਾਉਣ ਲਈ ਤਿਆਰ ਕੀਤਾ ਗਿਆ ਹੈ।
ਪੂਰੇ ਸਮਾਗਮ ਦੌਰਾਨ ਪ੍ਰਤੀਯੋਗੀਆਂ ਨੇ ਬੀਚ ਰਨਵੇ, ਸਵਿਮਸੂਟ ਰਾਊਂਡ, ਨਿੱਜੀ ਇੰਟਰਵਿਊ ਅਤੇ ਨੈਸ਼ਨਲ ਕਾਸਟਿਊਮ ਵਰਗੇ ਕਈ ਮੁਸ਼ਕਲ ਰਾਊਂਡਾਂ ਵਿੱਚ ਦਬਾਅ ਦੇ ਬਾਵਜੂਦ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ।
ਇਸ ਵਾਰ ਸ਼ੋਅ ਦੀ ਸ਼ੁਰੂਆਤ 130 ਤੋਂ ਵੱਧ ਦੇਸ਼ਾਂ ਦੀਆਂ ਪ੍ਰਤੀਯੋਗੀਆਂ ਨਾਲ ਹੋਈ ਸੀ, ਪਰ ਵੱਖ-ਵੱਖ ਕਾਰਨਾਂ ਕਰਕੇ 15 ਦੇਸ਼ ਇਸ ਤੋਂ ਬਾਹਰ ਹੋ ਗਏ।
ਸਿਹਤ ਅਤੇ ਨਿੱਜੀ ਕਾਰਨ: ਆਸਟ੍ਰੀਆ ਦੀ ਵਿਕਟੋਰੀਆ ਐਮਰਸਨ ਨੇ ਆਪਣੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਤਰਜੀਹ ਦਿੰਦਿਆਂ ਸ਼ੋਅ ਛੱਡ ਦਿੱਤਾ। ਬੁਲਗਾਰੀਆ ਦੀ ਐਨਾ-ਮਾਰੀਆ ਕਾਰ ਹਾਦਸੇ ਕਾਰਨ ਮੁਕਾਬਲੇ ਤੋਂ ਬਾਹਰ ਹੋ ਗਈ, ਜਦਕਿ ਸੇਂਟ ਮਾਰਟਿਨ ਦੀ ਮੈਡਲੀ ਮੈਰੀਅਨ ਨੇ ਨਿੱਜੀ ਕਾਰਨਾਂ ਕਰਕੇ ਆਪਣਾ ਨਾਂ ਵਾਪਸ ਲੈ ਲਿਆ।
ਫ੍ਰੈਂਚਾਈਜ਼ੀ ਵਿਵਾਦ: ਕਾਰਪੋਰੇਟ ਅਤੇ ਫ੍ਰੈਂਚਾਈਜ਼ੀ ਨਾਲ ਜੁੜੇ ਵਿਵਾਦਾਂ ਕਾਰਨ ਥਾਈਲੈਂਡ, ਇੰਡੋਨੇਸ਼ੀਆ, ਵੀਅਤਨਾਮ, ਲਾਓਸ, ਸਿੰਗਾਪੁਰ ਅਤੇ ਮਲੇਸ਼ੀਆ ਇਸ ਐਡੀਸ਼ਨ ਦਾ ਹਿੱਸਾ ਨਹੀਂ ਬਣ ਸਕੇ।
ਵੀਜ਼ਾ ਦੀ ਸਮੱਸਿਆ: ਨੇਪਾਲ, ਅੰਗੋਲਾ, ਜ਼ਾਂਬੀਆ, ਜ਼ਿੰਬਾਬਵੇ ਅਤੇ ਰਿਪਬਲਿਕ ਆਫ਼ ਕਾਂਗੋ ਦੀਆਂ ਪ੍ਰਤੀਯੋਗੀਆਂ ਨੂੰ ਵੀਜ਼ਾ ਸਬੰਧੀ ਦਿੱਕਤਾਂ ਅਤੇ ਅਮਰੀਕੀ ਵੀਜ਼ਾ ਪਾਬੰਦੀਆਂ ਕਾਰਨ ਮੁਕਾਬਲੇ ਤੋਂ ਬਾਹਰ ਰਹਿਣਾ ਪਿਆ।
ਇਸ ਵਾਰ ਦਾ ਮਿਸ ਯੂਨੀਵਰਸ ਸਿਰਫ਼ ਚਮਕ-ਦਮਕ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਵਿਵਾਦਾਂ ਨੇ ਵੀ ਕਾਫ਼ੀ ਸੁਰਖੀਆਂ ਬਟੋਰੀਆਂ। ਫਿਨਾਲੇ ਤੋਂ ਠੀਕ ਪਹਿਲਾਂ ਸਾਬਕਾ ਮਿਸ ਮਿਸ਼ੀਗਨ ਯੂਐੱਸਏ ਟੇਲਰ ਹੇਲ ਨੇ 'ਪੀਪਲ' ਮੈਗਜ਼ੀਨ ਨਾਲ ਗੱਲਬਾਤ ਦੌਰਾਨ ਪ੍ਰਬੰਧਕ ਸੰਸਥਾ ’ਤੇ ਸਿੱਧਾ ਨਿਸ਼ਾਨਾ ਸਾਧਿਆ।
ਉਨ੍ਹਾਂ ਕਿਹਾ ਕਿ ਮਿਸ ਯੂਐੱਸਏ ਹੁਣ ਪਹਿਲਾਂ ਨਾਲੋਂ ਬਿਹਤਰ ਹੋ ਗਿਆ ਹੈ, ਪਰ ਉੱਥੋਂ ਦੀ ਜੇਤੂ ਨੂੰ ਆਖ਼ਰਕਾਰ ਮਿਸ ਯੂਨੀਵਰਸ ਮੁਕਾਬਲੇ ਵਿੱਚ ਹੀ ਜਾਣਾ ਪੈਂਦਾ ਹੈ। ਟੇਲਰ ਨੇ ਸਪੱਸ਼ਟ ਸ਼ਬਦਾਂ ਵਿੱਚ ਇਸ ਨੂੰ ਇੱਕ 'ਅਨਹੈਲਦੀ ਆਰਗੇਨਾਈਜ਼ੇਸ਼ਨ' ਦੱਸਿਆ ਅਤੇ ਦੋਸ਼ ਲਾਇਆ ਕਿ ਇੱਥੇ ਨਾ ਤਾਂ ਸਹੀ ਲੀਡਰਸ਼ਿਪ ਹੈ ਅਤੇ ਨਾ ਹੀ ਔਰਤਾਂ ਸੁਰੱਖਿਅਤ ਹਨ।
ਦੂਜੇ ਪਾਸੇ, ਨੈਸ਼ਨਲ ਕਾਸਟਿਊਮ ਰਾਊਂਡ ਦੌਰਾਨ ਉਸ ਸਮੇਂ ਮਾਹੌਲ ਗਰਮਾ ਗਿਆ, ਜਦੋਂ ਮਿਸ ਯੂਨੀਵਰਸ ਇਜ਼ਰਾਈਲ ਡੈਨੀਅਲ ਯਾਬਲੋਂਕਾ ਸਟੇਜ ’ਤੇ ਪਹੁੰਚੀ। ਉਨ੍ਹਾਂ ਸੁਨਹਿਰੀ ਰੰਗ ਦੀ ਡਰੈੱਸ ਪਹਿਨੀ ਹੋਈ ਸੀ, ਜਿਸ ’ਤੇ ਯਰੂਸ਼ਲਮ ਦੇ ਪੁਰਾਣੇ ਸ਼ਹਿਰ ਦੀ ਝਲਕ ਦਿਖਾਈ ਗਈ ਸੀ ਅਤੇ ਅੰਗਰੇਜ਼ੀ, ਅਰਬੀ ਤੇ ਹਿਬਰੂ ਭਾਸ਼ਾਵਾਂ ਵਿੱਚ 'ਸ਼ਾਂਤੀ' ਲਿਖਿਆ ਹੋਇਆ ਸੀ। ਇਜ਼ਰਾਈਲ-ਫਲਸਤੀਨ ਸੰਘਰਸ਼ ਵਿਚਕਾਰ ਇਸ ਡਰੈੱਸ ਨੂੰ ਦੇਖ ਕੇ ਦਰਸ਼ਕਾਂ ਨੇ ਉਨ੍ਹਾਂ ਦੀ ਹੂਟਿੰਗ ਸ਼ੁਰੂ ਕਰ ਦਿੱਤੀ। ਸੋਸ਼ਲ ਮੀਡੀਆ ’ਤੇ ਵੀ ਲੋਕਾਂ ਨੇ ਉਨ੍ਹਾਂ ਦੇ ਇਸ ਸੰਦੇਸ਼ ’ਤੇ ਕਈ ਸਵਾਲ ਉਠਾਏ।
ਖ਼ੈਰ, ਤਮਾਮ ਵਿਵਾਦਾਂ ਅਤੇ ਰੋਮਾਂਚ ਵਿਚਕਾਰ ਪਿਊਰਟੋ ਰੀਕੋ ਵਿੱਚ 75ਵਾਂ ਸੀਜ਼ਨ ਖ਼ਤਮ ਹੋ ਚੁੱਕਾ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਅਗਲੇ ਯਾਨੀ 76ਵੇਂ ਮਿਸ ਯੂਨੀਵਰਸ ਮੁਕਾਬਲੇ ’ਤੇ ਹਨ, ਜਿਸ ਦੀ ਮੇਜ਼ਬਾਨੀ ਵੀਅਤਨਾਮ ਕਰਨ ਵਾਲਾ ਹੈ।