- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨ੍ਹਾਂ ਘਰੇਲੂ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਆਪਣੀ ਰਸੋਈ ’ਚ ਵਰਤੇ ਜਾਣ ਵਾਲੇ ਮਸਾਲਿਆਂ ਦੀ ਅਸਲੀਅਤ ਦਾ ਪਤਾ ਲਗਾ ਸਕਦੇ ਹੋ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਇਨ੍ਹੀਂ ਦਿਨੀਂ ਬਾਜ਼ਾਰ ’ਚ ਜਿਸ ਤਰ੍ਹਾਂ ਖਾਣ-ਪੀਣ ਨਾਲ ਜੁੜੀਆਂ ਚੀਜ਼ਾਂ ’ਚ ਮਿਲਾਵਟ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਸ ਨੇ ਹਰ ਕਿਸੇ ਦੀ ਚਿੰਤਾ ਵਧਾ ਦਿੱਤੀ ਹੈ। ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਅਸੀਂ ਆਪਣੀ ਥਾਲੀ ’ਚ ਜੋ ਖਾ ਰਹੇ ਹਾਂ, ਉਸ ’ਚ ਕਿਹੜੀਆਂ ਚੀਜ਼ਾਂ ਸ਼ੁੱਧ ਹਨ ਤੇ ਕਿਹੜੀਆਂ ਨਹੀਂ। ਅਜਿਹੇ ’ਚ ਜੇਕਰ ਤੁਸੀਂ ਹਾਲ ਹੀ ’ਚ ਬਾਜ਼ਾਰ ਤੋਂ ਮਸਾਲੇ ਖਰੀਦ ਕੇ ਲਿਆਏ ਹੋ ਤੇ ਜਾਂਚ ਕਰਨਾ ਚਾਹੁੰਦੇ ਹੋ ਕਿ ਉਹ ਅਸਲੀ ਹਨ ਜਾਂ ਨਕਲੀ, ਤਾਂ ਇਸ ਲਈ ਇੱਥੇ ਦੱਸੇ ਗਏ ਕੁਝ ਤਰੀਕੇ ਅਪਣਾਏ ਜਾ ਸਕਦੇ ਹਨ।
ਹਲਦੀ
ਭਾਰਤੀ ਖਾਣੇ ’ਚ ਹਲਦੀ ਸਭ ਤੋਂ ਜ਼ਰੂਰੀ ਮਸਾਲਿਆਂ ’ਚੋਂ ਇੱਕ ਹੈ। ਇਸ ਤੋਂ ਬਿਨਾਂ ਨਾ ਤਾਂ ਖਾਣੇ ’ਚ ਰੰਗ ਆਉਂਦਾ ਹੈ ਤੇ ਨਾ ਹੀ ਸੁਆਦ ਦਾ ਪਤਾ ਲੱਗਦਾ ਹੈ। ਹਲਦੀ ਅਸਲੀ ਹੈ ਜਾਂ ਨਕਲੀ, ਇਸ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਇੱਕ ਕੱਚ ਦਾ ਗਿਲਾਸ ਲਓ। ਇਸ ’ਚ ਪਾਣੀ ਦੇ ਨਾਲ ਇੱਕ ਚਮਚ ਹਲਦੀ ਪਾਓ। ਜੇਕਰ ਇਹ ਹੌਲੀ-ਹੌਲੀ ਹੇਠਾਂ ਬੈਠਣ ਲੱਗੇ ਤਾਂ ਸਮਝੋ ਕਿ ਇਹ ਅਸਲੀ ਹੈ। ਜਦਕਿ ਨਕਲੀ ਹਲਦੀ ਪਾਣੀ ’ਚ ਹੇਠਾਂ ਬੈਠਣ ਦੀ ਬਜਾਏ ਸਿਰਫ਼ ਆਪਣਾ ਰੰਗ ਛੱਡਣ ਲੱਗਦੀ ਹੈ।
ਲਾਲ ਮਿਰਚ
ਲਾਲ ਮਿਰਚ ’ਚ ਅਕਸਰ ਮਿਲਾਵਟ ਲਈ ਇੱਟ ਦਾ ਬੁਰਾਦਾ, ਲਾਲ ਰੰਗ ਜਾਂ ਸਟਾਰਚ ਪਾਇਆ ਜਾਂਦਾ ਹੈ। ਇੱਕ ਗਿਲਾਸ ਪਾਣੀ ’ਚ 2 ਚਮਚ ਲਾਲ ਮਿਰਚ ਪਾਓ। ਜੇਕਰ ਇਹ ਤੁਰੰਤ ਪਾਣੀ ’ਚ ਘੁਲ ਜਾਵੇ ਤੇ ਪਾਣੀ ਬਿਲਕੁਲ ਲਾਲ ਹੋ ਜਾਵੇ ਤਾਂ ਇਸ ’ਚ ਨਕਲੀ ਰੰਗ ਮਿਲਾਏ ਜਾਣ ਦੀ ਸੰਭਾਵਨਾ ਹੋ ਸਕਦੀ ਹੈ। ਉੱਥੇ ਹੀ ਲਾਲ ਮਿਰਚ ਦਾ ਹੌਲੀ-ਹੌਲੀ ਪਾਣੀ ’ਚ ਘੁਲਣਾ ਤੇ ਪਾਣੀ ’ਚ ਉੱਪਰ ਤੈਰਦੇ ਰਹਿਣਾ ਇਸ ਦੀ ਸ਼ੁੱਧਤਾ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ, ਤੁਸੀਂ ਲਾਲ ਮਿਰਚ ਨੂੰ ਹੱਥ ’ਚ ਰਗੜ ਕੇ ਵੀ ਦੇਖ ਸਕਦੇ ਹੋ। ਪਾਊਡਰ ਦਾ ਖੁਰਦਰਾ ਮਹਿਸੂਸ ਹੋਣਾ ਇਸ ’ਚ ਮਿਲਾਵਟ ਤੇ ਸਮੂਥ ਮਹਿਸੂਸ ਹੋਣਾ ਅਸਲੀ ਹੋਣ ਦੀ ਨਿਸ਼ਾਨੀ ਮੰਨੀ ਜਾਂਦੀ ਹੈ।
ਜੀਰਾ
ਇੱਕ ਗਿਲਾਸ ਪਾਣੀ ’ਚ 1 ਚਮਚ ਜੀਰਾ ਪਾਓ। ਜੇਕਰ ਇਹ ਅਸਲੀ ਹੋਵੇਗਾ ਤਾਂ ਰੰਗ ਨਹੀਂ ਛੱਡੇਗਾ ਤੇ ਹੇਠਾਂ ਬੈਠ ਜਾਵੇਗਾ। ਜਦਕਿ ਨਕਲੀ ਜੀਰੇ ’ਚ ਖੁਸ਼ਬੂ ਵੀ ਨਹੀਂ ਆਉਂਦੀ ਤੇ ਇਹ ਪਾਣੀ ’ਚ ਉੱਪਰ ਹੀ ਤੈਰਦਾ ਰਹਿੰਦਾ ਹੈ।
ਧਨੀਆ ਪਾਊਡਰ
ਧਨੀਆ ਪਾਊਡਰ ’ਚ ਮਿਲਾਵਟ ਦਾ ਪਤਾ ਲਗਾਉਣ ਲਈ ਇਸ ਨੂੰ ਹੱਥ ’ਚ ਲੈ ਕੇ ਖੁਸ਼ਬੂ ਚੈੱਕ ਕਰੋ। ਇਸ ’ਚ ਆਉਣ ਵਾਲੀ ਤਾਜ਼ਾ ਤੇ ਹਲਕੀ ਮਿੱਠੀ ਖੁਸ਼ਬੂ ਦਾ ਮਤਲਬ ਹੈ ਕਿ ਧਨੀਆ ਪਾਊਡਰ ਅਸਲੀ ਹੈ। ਦੂਜਾ ਤਰੀਕਾ ਇਹ ਹੈ ਕਿ ਇੱਕ ਗਿਲਾਸ ਪਾਣੀ ’ਚ 2 ਚਮਚ ਧਨੀਆ ਪਾਊਡਰ ਪਾ ਕੇ ਇਸ ਨੂੰ 30 ਮਿੰਟ ਲਈ ਛੱਡ ਦਿਓ। ਜੇਕਰ ਇਹ ਹੇਠਾਂ ਬੈਠ ਜਾਵੇ ਤਾਂ ਪਾਊਡਰ ਸ਼ੁੱਧ ਮੰਨਿਆ ਜਾਂਦਾ ਹੈ।
ਗਰਮ ਮਸਾਲਾ
ਗਰਮ ਮਸਾਲੇ ਦੀ ਪਛਾਣ ਕਰਨ ਲਈ ਇਸ ਨੂੰ ਸੁੰਘ ਕੇ ਦੇਖੋ। ਅਸਲੀ ਮਸਾਲੇ ’ਚ ਵੱਖ-ਵੱਖ ਮਸਾਲਿਆਂ ਦੀ ਖੁਸ਼ਬੂ ਆਉਂਦੀ ਹੈ, ਜਦਕਿ ਨਕਲੀ ਮਸਾਲਾ ਸਿਰਫ਼ ਪਾਊਡਰ ਵਰਗਾ ਹੀ ਮਹਿਸੂਸ ਹੁੰਦਾ ਹੈ।
ਸੇਂਧਾ ਨਮਕ
ਆਲੂ ਨੂੰ ਵਿਚਕਾਰੋਂ ਕੱਟ ਕੇ ਉਸ ’ਤੇ ਸੇਂਧਾ ਨਮਕ ਲਗਾ ਦਿਓ। ਫਿਰ ਇਸ ’ਤੇ ਕੁਝ ਬੂੰਦਾਂ ਨਿੰਬੂ ਦੀਆਂ ਵੀ ਪਾਓ। ਅਸਲੀ ਨਮਕ ’ਤੇ ਕੋਈ ਬਦਲਾਅ ਨਹੀਂ ਆਵੇਗਾ। ਜੇਕਰ ਇਸ ’ਚ ਮਿਲਾਵਟ ਹੋਵੇਗੀ ਤਾਂ ਆਲੂ ਦਾ ਰੰਗ ਕਾਲਾ ਜਾਂ ਨੀਲਾ ਪੈ ਸਕਦਾ ਹੈ।