ਲਾਇਕਾ ਦਾ ਨਾਂ ਤਾਂ ਸੁਣਿਆ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ ਪੁਲਾੜ ’ਚ ਜਾਣ ਵਾਲੀ ਪਹਿਲੀ ਬਿੱਲੀ ‘ਫੈਲੀਸੇਟ’ ਦੀ ਕਹਾਣੀ? ਪੁਲਾੜ ਦੀਆਂ ਡੂੰਘਾਈਆਂ ’ਚ ਇਨਸਾਨਾਂ ਤੋਂ ਪਹਿਲਾਂ ਜਾਨਵਰਾਂ ਨੇ ਕਦਮ ਰੱਖੇ ਸਨ, ਜਿਨ੍ਹਾਂ ’ਚ ਫੈਲੀਸੇਟ ਨਾਂ ਦੀ ਇੱਕ ਬਿੱਲੀ ਵੀ ਸ਼ਾਮਲ ਸੀ।
Publish Date: Tue, 13 Oct 2026 10:37 AM (IST)
Updated Date: Tue, 13 Oct 2026 10:39 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਪੁਲਾੜ ਦੀਆਂ ਡੂੰਘਾਈਆਂ ’ਚ ਲੁਕੇ ਰਹੱਸ ਹਮੇਸ਼ਾ ਤੋਂ ਹੀ ਇਨਸਾਨਾਂ ਦੀ ਉਤਸੁਕਤਾ ਦਾ ਵਿਸ਼ਾ ਰਹੇ ਹਨ। ਪਰ ਇਨਸਾਨਾਂ ਦੀ ਪੁਲਾੜ ਯਾਤਰਾ ’ਚ ਜਾਨਵਰਾਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਇਨਸਾਨਾਂ ਨੂੰ ਪੁਲਾੜ ’ਚ ਭੇਜਣਾ ਸੁਰੱਖਿਅਤ ਹੈ ਜਾਂ ਨਹੀਂ, ਇਸ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਜਾਨਵਰਾਂ ਨੂੰ ਪੁਲਾੜ ’ਚ ਭੇਜ ਕੇ ਪ੍ਰਯੋਗ ਕੀਤੇ ਗਏ ਸਨ। ਤੁਸੀਂ ਕੁੱਤਿਆਂ ਜਾਂ ਬਾਂਦਰਾਂ ਦੀ ਪੁਲਾੜ ਯਾਤਰਾ ਬਾਰੇ ਤਾਂ ਸੁਣਿਆ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਬਿੱਲੀ ਨੇ ਵੀ ਪੁਲਾੜ ’ਚ ਜਾ ਕੇ ਇਤਿਹਾਸ ਰਚਿਆ ਸੀ? ਜੀ ਹਾਂ, ਇਸ ਬਿੱਲੀ ਦਾ ਨਾਂ ਫੈਲੀਸੇਟ ਸੀ। ਆਓ ਜਾਣਦੇ ਹਾਂ ਫੈਲੀਸੇਟ ਦੀ ਪੁਲਾੜ ਯਾਤਰਾ ਬਾਰੇ।
ਕੌਣ ਸੀ ਇਹ ਬਿੱਲੀ? ਇਹ ਗੱਲ 18 ਅਕਤੂਬਰ, 1963 ਦੀ ਹੈ, ਜਦੋਂ ਫਰਾਂਸ ਨੇ ਪਹਿਲੀ ਵਾਰ ਕਿਸੇ ਬਿੱਲੀ ਨੂੰ ਪੁਲਾੜ ’ਚ ਭੇਜ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਫੈਲੀਸੇਟ ਕਾਲੇ ਤੇ ਚਿੱਟੇ ਰੰਗ ਦੀ ਬਿੱਲੀ ਸੀ, ਜਿਸ ਨੂੰ ਇਸ ਮਿਸ਼ਨ ਲਈ ਚੁਣਿਆ ਗਿਆ ਸੀ। ਹਾਲਾਂਕਿ, ਪੁਲਾੜ ਯਾਤਰਾ ’ਤੇ ਜਾਣ ਤੋਂ ਪਹਿਲਾਂ ਵਿਗਿਆਨੀਆਂ ਦੀਆਂ ਫਾਈਲਾਂ ’ਚ ਉਸ ਦੀ ਪਛਾਣ ਸਿਰਫ਼ C341 ਕੋਡ ਨਾਲ ਹੁੰਦੀ ਸੀ। ਮਿਸ਼ਨ ਪੂਰਾ ਹੋਣ ਤੋਂ ਬਾਅਦ ਉਸ ਨੂੰ ਫੈਲੀਸੇਟ ਨਾਂ ਦਿੱਤਾ ਗਿਆ।
ਮੁਸ਼ਕਲ ਸਿਖਲਾਈ ਤੋਂ ਬਾਅਦ ਮਿਲੀ ਪੁਲਾੜ ਦੀ ਟਿਕਟ ਜੇਕਰ ਤੁਸੀਂ ਸੋਚ ਰਹੇ ਹੋ ਕਿ ਪੁਲਾੜ ’ਚ ਜਾਣ ਲਈ ਸਿਰਫ਼ ਇਨਸਾਨਾਂ ਨੂੰ ਹੀ ਸਖ਼ਤ ਸਿਖਲਾਈ ਵਿੱਚੋਂ ਲੰਘਣਾ ਪੈਂਦਾ ਹੈ, ਤਾਂ ਤੁਹਾਨੂੰ ਦੱਸ ਦੇਈਏ ਕਿ ਫੈਲੀਸੇਟ ਨੂੰ ਵੀ ਪੁਲਾੜ ’ਚ ਜਾਣ ਤੋਂ ਪਹਿਲਾਂ ਮੁਸ਼ਕਲ ਸਿਖਲਾਈ ਵਿੱਚੋਂ ਲੰਘਣਾ ਪਿਆ ਸੀ। ਇਸ ਮਿਸ਼ਨ ਲਈ ਵਿਗਿਆਨੀਆਂ ਨੇ ਸਭ ਤੋਂ ਪਹਿਲਾਂ 14 ਮਾਦਾ ਬਿੱਲੀਆਂ ਦੀ ਚੋਣ ਕੀਤੀ ਤੇ ਉਨ੍ਹਾਂ ਨੂੰ ਸਖ਼ਤ ਸਿਖਲਾਈ ਦਿੱਤੀ।
ਬਿੱਲੀਆਂ ਨੂੰ ਲੰਬੇ ਸਮੇਂ ਤੱਕ ਬਹੁਤ ਛੋਟੇ ਡੱਬਿਆਂ ’ਚ ਬੰਦ ਰੱਖਿਆ ਜਾਂਦਾ ਸੀ। ਪੁਲਾੜ ’ਚ ਤੇਜ਼ ਰਫ਼ਤਾਰ ਤੇ ਦਬਾਅ ਦਾ ਅਹਿਸਾਸ ਕਰਵਾਉਣ ਲਈ ਉਨ੍ਹਾਂ ਨੂੰ ਸੈਂਟਰੀਫਿਊਜ ਮਸ਼ੀਨ ’ਚ ਘੁਮਾਇਆ ਜਾਂਦਾ ਸੀ। ਇਸ ਸਖ਼ਤ ਸਿਖਲਾਈ ਤੋਂ ਬਾਅਦ ਸਿਰਫ਼ ਛੇ ਬਿੱਲੀਆਂ ਹੀ ਅਗਲੇ ਪੜਾਅ ਤੱਕ ਪਹੁੰਚ ਸਕੀਆਂ, ਜਿਨ੍ਹਾਂ ਵਿੱਚੋਂ ਆਖ਼ਰਕਾਰ ਫੈਲੀਸੇਟ ਨੂੰ ਪੁਲਾੜ ਯਾਤਰਾ ਲਈ ਚੁਣਿਆ ਗਿਆ।
ਕਿਹੋ ਜਿਹੀ ਸੀ ਫੈਲੀਸੇਟ ਦੀ ਪੁਲਾੜ ਯਾਤਰਾ? ਫੈਲੀਸੇਟ ਦੇ ਦਿਮਾਗ਼ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਉਡਾਣ ਤੋਂ ਪਹਿਲਾਂ ਉਸ ਦੇ ਸਿਰ ’ਚ ਵਿਸ਼ੇਸ਼ ਇਲੈਕਟ੍ਰੋਡ ਲਗਾਏ ਗਏ ਸਨ। ਜਦੋਂ ਉਸ ਨੇ ਉਡਾਣ ਭਰੀ, ਤਾਂ ਉਹ ਧਰਤੀ ਤੋਂ 157 ਕਿਲੋਮੀਟਰ ਦੀ ਉਚਾਈ ਤੱਕ ਪਹੁੰਚੀ ਤੇ ਲਗਭਗ ਪੰਜ ਮਿੰਟ ਤੱਕ ਪੁਲਾੜ ’ਚ ਰਹੀ। ਇਹ ਮਿਸ਼ਨ ਸਫ਼ਲ ਰਿਹਾ।
ਇਸ ਮਿਸ਼ਨ ਦਾ ਮਕਸਦ ਇਹ ਜਾਣਨਾ ਸੀ ਕਿ ਪੁਲਾੜ ਯਾਤਰਾ ਦੌਰਾਨ ਦਿਮਾਗ਼ ਦੀਆਂ ਗਤੀਵਿਧੀਆਂ ਤੇ ਸਰੀਰ ’ਤੇ ਕੀ ਅਸਰ ਪੈਂਦਾ ਹੈ। ਇਨਸਾਨਾਂ ਨੂੰ ਪੁਲਾੜ ’ਚ ਭੇਜਣ ਦੀ ਫਰਾਂਸ ਦੀ ਯੋਜਨਾ ’ਚ ਫੈਲੀਸੇਟ ਦਾ ਅਹਿਮ ਯੋਗਦਾਨ ਰਿਹਾ।
ਸਫ਼ਲਤਾ ਤੋਂ ਬਾਅਦ ਵੀ ਨਹੀਂ ਮਿਲੀ ਪਛਾਣ ਫੈਲੀਸੇਟ ਦਾ ਮਿਸ਼ਨ ਕਾਮਯਾਬ ਰਿਹਾ ਤੇ ਇਹ ਫਰਾਂਸ ਦੇ ਪੁਲਾੜ ਪ੍ਰੋਗਰਾਮ ’ਚ ਇੱਕ ਅਹਿਮ ਮੀਲ ਪੱਥਰ ਸਾਬਤ ਹੋਇਆ। ਪਰ ਇਸ ਦੇ ਬਾਵਜੂਦ, ਪੁਲਾੜ ’ਚ ਜਾਣ ਵਾਲੇ ਹੋਰ ਜਾਨਵਰਾਂ ਦੇ ਮੁਕਾਬਲੇ ਫੈਲੀਸੇਟ ਨੂੰ ਲੰਬੇ ਸਮੇਂ ਤੱਕ ਉਹ ਪਛਾਣ ਨਹੀਂ ਮਿਲੀ, ਜਿਸ ਦੀ ਉਹ ਹੱਕਦਾਰ ਸੀ।