ਟਰੇਨ ਟਿਕਟ ਬੁਕਿੰਗ ਦਾ ਆਸਾਨ ਜੁਗਾੜ, ਤਤਕਾਲ ਟਿਕਟ ਦੀ ਟੈਂਸ਼ਨ ਖ਼ਤਮ! IRCTC ਨੂੰ ਆਧਾਰ ਨਾਲ ਲਿੰਕ ਕਰਕੇ ਲਓ ਇਹ ਵੱਡਾ ਫਾਇਦਾ IRCTC ਅਕਾਊਂਟ ਨੂੰ ਆਧਾਰ ਨਾਲ ਲਿੰਕ ਕਰਨ ’ਤੇ ਤੁਸੀਂ ਹਰ ਮਹੀਨੇ ਦੁੱਗਣੇ ਟਰੇਨ ਟਿਕਟ ਬੁੱਕ ਕਰ ਸਕਦੇ ਹੋ। ਇਸ ਨਾਲ ਤਿਉਹਾਰੀ ਸੀਜ਼ਨ ਦੌਰਾਨ ਕਨਫਰਮ ਟਿਕਟ ਮਿਲਣ ਦੀ ਸੰਭਾਵਨਾ ਵੀ ਵਧ ਸਕਦੀ ਹੈ।
Publish Date: Thu, 01 Oct 2026 10:48 AM (IST)
Updated Date: Thu, 01 Oct 2026 10:51 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਟਰੇਨ ਦਾ ਸਫ਼ਰ ਕਿਫਾਇਤੀ ਹੋਣ ਦੇ ਨਾਲ-ਨਾਲ ਲੋਕਾਂ ਲਈ ਕਾਫ਼ੀ ਸੁਵਿਧਾਜਨਕ ਵੀ ਹੁੰਦਾ ਹੈ। ਹਾਲਾਂਕਿ, ਤਿਉਹਾਰੀ ਸੀਜ਼ਨ ਦੌਰਾਨ ਕਨਫਰਮ ਟਿਕਟ ਮਿਲਣਾ ਕਿਸੇ ਜੰਗ ਜਿੱਤਣ ਤੋਂ ਘੱਟ ਨਹੀਂ ਹੁੰਦਾ। ਜੇਕਰ ਤੁਸੀਂ ਵੀ ਇਸ ਪਰੇਸ਼ਾਨੀ ਤੋਂ ਬਚਣਾ ਚਾਹੁੰਦੇ ਹੋ ਤਾਂ ਰੇਲਵੇ ਦੀ ਇੱਕ ਖ਼ਾਸ ਸਹੂਲਤ ਤੁਹਾਡੇ ਕਾਫ਼ੀ ਕੰਮ ਆ ਸਕਦੀ ਹੈ। ਇਸ ਲਈ ਤੁਹਾਨੂੰ ਸਿਰਫ਼ ਆਪਣੇ IRCTC ਅਕਾਊਂਟ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਹੋਵੇਗਾ। ਆਓ ਜਾਣਦੇ ਹਾਂ ਇਸ ਨਾਲ ਤੁਹਾਨੂੰ ਕਿਹੜੀਆਂ ਸਹੂਲਤਾਂ ਮਿਲਣਗੀਆਂ।
ਹਰ ਮਹੀਨੇ ਬੁੱਕ ਕਰ ਸਕੋਗੇ ਦੁੱਗਣੇ ਟਿਕਟ ਆਮ ਤੌਰ ’ਤੇ ਜੇ ਤੁਹਾਡਾ IRCTC ਅਕਾਊਂਟ ਆਧਾਰ ਨਾਲ ਵੈਰੀਫਾਈ ਨਹੀਂ ਹੈ ਤਾਂ ਤੁਸੀਂ ਇੱਕ ਮਹੀਨੇ ’ਚ ਵੱਧ ਤੋਂ ਵੱਧ 12 ਟਰੇਨ ਟਿਕਟ ਹੀ ਬੁੱਕ ਕਰ ਸਕਦੇ ਹੋ। ਪਰ ਆਧਾਰ ਲਿੰਕ ਕਰਨ ਤੋਂ ਬਾਅਦ ਰੇਲਵੇ ਤੁਹਾਨੂੰ ਇੱਕ ਮਹੀਨੇ ’ਚ 24 ਟਿਕਟਾਂ ਤੱਕ ਬੁੱਕ ਕਰਨ ਦੀ ਇਜਾਜ਼ਤ ਦਿੰਦਾ ਹੈ। ਜੋ ਲੋਕ ਕੰਮਕਾਜ ਜਾਂ ਪਰਿਵਾਰਕ ਕਾਰਨਾਂ ਕਰਕੇ ਅਕਸਰ ਸਫ਼ਰ ਕਰਦੇ ਹਨ, ਉਨ੍ਹਾਂ ਲਈ ਇਹ ਦੁੱਗਣੀ ਸੀਮਾ ਕਾਫ਼ੀ ਫਾਇਦੇਮੰਦ ਹੋ ਸਕਦੀ ਹੈ।
ਤਤਕਾਲ ਟਿਕਟ ਬੁੱਕ ਕਰਨ ’ਚ ਵੀ ਮਿਲੇਗੀ ਸਹੂਲਤ ਅਚਾਨਕ ਕਿਤੇ ਜਾਣਾ ਪੈ ਜਾਵੇ ਤਾਂ ਤਤਕਾਲ ਟਿਕਟ ਹੀ ਕਈ ਵਾਰ ਸਭ ਤੋਂ ਵੱਡਾ ਸਹਾਰਾ ਹੁੰਦੀ ਹੈ। ਰੇਲਵੇ ਦੇ ਨਿਯਮਾਂ ਮੁਤਾਬਕ ਆਧਾਰ ਨਾਲ ਲਿੰਕ ਨਾ ਕੀਤੇ IRCTC ਅਕਾਊਂਟ ਤੋਂ ਤਤਕਾਲ ਟਿਕਟ ਬੁੱਕ ਨਹੀਂ ਕੀਤੀ ਜਾ ਸਕਦੀ। ਜਦੋਂ ਤੁਸੀਂ ਆਪਣੇ ਅਕਾਊਂਟ ਨਾਲ ਆਧਾਰ ਲਿੰਕ ਕਰ ਲੈਂਦੇ ਹੋ ਤਾਂ 'ਮਾਸਟਰ ਲਿਸਟ' ਫੀਚਰ ਦੀ ਮਦਦ ਨਾਲ ਤਤਕਾਲ ਬੁਕਿੰਗ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ। ਬੁਕਿੰਗ ’ਚ ਲੱਗਣ ਵਾਲਾ ਸਮਾਂ ਘੱਟ ਹੋਣ ਕਾਰਨ ਕਨਫਰਮ ਤਤਕਾਲ ਟਿਕਟ ਮਿਲਣ ਦੀ ਸੰਭਾਵਨਾ ਵਧ ਸਕਦੀ ਹੈ।
ਦਲਾਲਾਂ ’ਤੇ ਵੀ ਲੱਗੇਗੀ ਲਗਾਮ ਕਈ ਵਾਰ ਟਿਕਟ ਦਲਾਲਾਂ ਤੇ ਫਰਜ਼ੀ ਅਕਾਊਂਟਾਂ ਕਾਰਨ ਆਮ ਯਾਤਰੀਆਂ ਨੂੰ ਟਿਕਟ ਨਹੀਂ ਮਿਲ ਪਾਉਂਦੀ। ਆਧਾਰ ਲਿੰਕਿੰਗ ਨਾਲ ਅਜਿਹੀ ਧੋਖਾਧੜੀ ਤੇ ਟਿਕਟ ਦਲਾਲੀ ’ਤੇ ਲਗਾਮ ਲਗਾਉਣ ’ਚ ਮਦਦ ਮਿਲਦੀ ਹੈ। ਹਰ ਅਕਾਊਂਟ ਦੀ ਅਸਲੀ ਪਛਾਣ ਹੋਣ ਨਾਲ ਰੇਲਵੇ ਦੀ ਬੁਕਿੰਗ ਪ੍ਰਣਾਲੀ ਹੋਰ ਪਾਰਦਰਸ਼ੀ ਬਣਦੀ ਹੈ। ਇਸ ਦਾ ਫਾਇਦਾ ਆਮ ਯਾਤਰੀਆਂ ਨੂੰ ਮਿਲ ਸਕਦਾ ਹੈ।
ਘਰ ਬੈਠੇ ਇੰਝ ਕਰੋ ਆਧਾਰ ਲਿੰਕ ਆਧਾਰ ਲਿੰਕ ਕਰਨ ਲਈ ਤੁਹਾਨੂੰ ਕਿਸੇ ਦਫ਼ਤਰ ਦੇ ਚੱਕਰ ਨਹੀਂ ਕੱਟਣੇ ਪੈਣਗੇ। ਤੁਸੀਂ ਆਪਣੇ ਫੋਨ ਜਾਂ ਲੈਪਟਾਪ ਰਾਹੀਂ ਘਰ ਬੈਠੇ ਇਹ ਪ੍ਰਕਿਰਿਆ ਪੂਰੀ ਕਰ ਸਕਦੇ ਹੋ।
ਸਭ ਤੋਂ ਪਹਿਲਾਂ IRCTC ਦੀ ਵੈੱਬਸਾਈਟ ’ਤੇ ਜਾ ਕੇ ਆਪਣੇ ਅਕਾਊਂਟ 'ਚ ਲੌਗਇਨ ਕਰੋ। ਇਸ ਤੋਂ ਬਾਅਦ My Profile ਸੈਕਸ਼ਨ 'ਚ ਜਾਓ ਤੇ Aadhaar Link ਵਾਲੇ ਵਿਕਲਪ ’ਤੇ ਕਲਿੱਕ ਕਰੋ। ਹੁਣ ਸਕ੍ਰੀਨ ’ਤੇ ਮੰਗੀ ਗਈ ਆਪਣੀ ਜਾਣਕਾਰੀ ਭਰੋ। ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ’ਤੇ OTP ਆਵੇਗਾ। ਇਸ ਨੂੰ ਦਰਜ ਕਰਕੇ ਵੈਰੀਫਿਕੇਸ਼ਨ ਪੂਰਾ ਕਰੋ।
ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਹਾਡੀ ਟਿਕਟ ਬੁਕਿੰਗ ਸੀਮਾ ਵਧ ਜਾਂਦੀ ਹੈ ਤੇ ਤੁਸੀਂ ਤਤਕਾਲ ਟਿਕਟ ਬੁਕਿੰਗ ਲਈ ਵੀ ਯੋਗ ਹੋ ਜਾਂਦੇ ਹੋ।