ਬੱਚਿਆਂ ਦੀ ਪਸੰਦੀਦਾ ‘ਬੁੱਢੀ ਦੇ ਵਾਲ’ ਦੀ ਕਹਾਣੀ ਹੈ 120 ਸਾਲ ਪੁਰਾਣੀ, ਇੱਕ ਡੈਂਟਿਸਟ ਦੇ ਦਿਮਾਗ ਦੀ ਉਪਜ ਸੀ ਕਾਟਨ ਕੈਂਡੀ ਬਚਪਨ ਦੀ ਪਸੰਦੀਦਾ ਕਾਟਨ ਕੈਂਡੀ ਦਾ ਸਭ ਤੋਂ ਪਹਿਲਾ ਨਾਮ ‘ਫੇਅਰੀ ਫਲੌਸ’ ਸੀ, ਪਰ ਬੱਚੇ ਇਸਨੂੰ ‘ਬੁੱਢੀ ਦੇ ਵਾਲ’ ਹੀ ਕਹਿੰਦੇ ਹਨ।
Publish Date: Tue, 29 Sep 2026 11:39 AM (IST)
Updated Date: Tue, 29 Sep 2026 11:47 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਬਚਪਨ ਤੋਂ ਅਸੀਂ ਜਿਸ ਕਾਟਨ ਕੈਂਡੀ ਨੂੰ ਖਾਂਦੇ ਆ ਰਹੇ ਹਾਂ, ਉਸਦੀ ਕਹਾਣੀ ਅੱਜ ਤੋਂ ਕਰੀਬ 120 ਸਾਲ ਪੁਰਾਣੀ ਹੈ। ਫਿਰ ਵੀ ਦੇਖੋ, ਇਹ ਅੱਜ ਤੱਕ ਬੱਚਿਆਂ ਦੀ ਉਨੀ ਹੀ ਪਸੰਦੀਦਾ ਬਣੀ ਹੋਈ ਹੈ। ਹਾਂ, ਅਸੀਂ ਉਸੇ ਕੈਂਡੀ ਦੀ ਗੱਲ ਕਰ ਰਹੇ ਹਾਂ, ਜਿਸਨੂੰ ਆਮ ਤੌਰ ’ਤੇ ਬੱਚੇ ‘ਬੁੱਢੀ ਦੇ ਵਾਲ’ ਕਹਿੰਦੇ ਹਨ। ਆਓ ਤੁਹਾਨੂੰ ਗਲੀ-ਮੁਹੱਲਿਆਂ ’ਚ ਵਿਕਣ ਵਾਲੀ ਇਸ ਪਤਲੀ ਜਿਹੀ ਲੱਕੜੀ ’ਤੇ ਗੋਲ-ਗੋਲ ਲਪੇਟੀ ਹੋਈ ਕੈਂਡੀ ਦਾ ਦਿਲਚਸਪ ਇਤਿਹਾਸ ਦੱਸਦੇ ਹਾਂ।
ਅਮਰੀਕਾ ’ਚ ਬਣੀ ਸੀ ਪਹਿਲੀ ਕਾਟਨ ਕੈਂਡੀ ਕਾਟਨ ਕੈਂਡੀ, ਜਿਸਨੂੰ ਅਸੀਂ ਭਾਰਤ ’ਚ ‘ਬੁੱਢੀ ਦੇ ਵਾਲ’ ਕਹਿੰਦੇ ਹਾਂ, ਸਭ ਤੋਂ ਪਹਿਲਾਂ ਅਮਰੀਕਾ ’ਚ ਬਣਾਈ ਗਈ ਸੀ। ਅਮਰੀਕਾ ਦੇ ਵਿਲੀਅਮ ਜੇਮਸ ਮੌਰਿਸਨ ਨਾਮ ਦੇ ਇੱਕ ਡੈਂਟਿਸਟ ਨੇ ਇਸ ਕੈਂਡੀ ਦੀ ਖੋਜ ਕੀਤੀ ਸੀ। ਦਰਅਸਲ, ਉਨ੍ਹਾਂ ਨੂੰ ਨਵੀਆਂ-ਨਵੀਆਂ ਚੀਜ਼ਾਂ ਬਣਾਉਣ ਦਾ ਬਹੁਤ ਸ਼ੌਕ ਸੀ। ਕਿਹਾ ਜਾਂਦਾ ਹੈ ਕਿ ਸਾਲ 1897 ’ਚ ਜੇਮਸ ਮੌਰਿਸਨ ਨੇ ਜੌਨ ਸੀ. ਵ੍ਹਾਰਟਨ ਨਾਮ ਦੇ ਇੱਕ ਮਿਠਾਈ ਬਣਾਉਣ ਵਾਲੇ ਵਿਅਕਤੀ ਨਾਲ ਮਿਲ ਕੇ ਇੱਕ ਮਸ਼ੀਨ ਬਣਾਈ। ਇਸ ਅਨੋਖੀ ਮਸ਼ੀਨ ’ਚ ਗਰਮ ਕੀਤੀ ਹੋਈ ਚੀਨੀ ਨੂੰ ਘੁਮਾਇਆ ਜਾਂਦਾ ਸੀ, ਜਿਸ ਨਾਲ ਕਾਟਨ ਕੈਂਡੀ ਤਿਆਰ ਹੁੰਦੀ ਸੀ।
ਪਹਿਲੀ ਕਮਾਈ ਸੀ 17,000 ਡਾਲਰ ਡੈਂਟਿਸਟ ਨੇ ਇਸ ਮਸ਼ੀਨ ਨੂੰ ‘ਫੇਅਰੀ ਫਲੌਸ’ ਨਾਮ ਨਾਲ ਪੇਟੈਂਟ ਕਰਵਾਇਆ ਸੀ। ਇਸਦਾ ਅਰਥ ਹੁੰਦਾ ਹੈ ‘ਪਰਿਆਂ ਦਾ ਸੂਤੀ ਧਾਗਾ’। ਉਨ੍ਹਾਂ ਨੇ ਮਸ਼ੀਨ ਬਣਾਉਣ ਤੋਂ ਲਗਭਗ 7 ਸਾਲ ਬਾਅਦ ਇਸਨੂੰ ਇੱਕ ਮੇਲੇ ’ਚ ਪੇਸ਼ ਕੀਤਾ ਤੇ ਕੈਂਡੀ ਨੂੰ 25 ਸੈਂਟ ਪ੍ਰਤੀ ਬਾਕਸ ਦੇ ਹਿਸਾਬ ਨਾਲ ਵੇਚਣਾ ਸ਼ੁਰੂ ਕੀਤਾ। ਇਤਿਹਾਸ ’ਚ ਦਰਜ ਜਾਣਕਾਰੀ ਮੁਤਾਬਕ, 7 ਮਹੀਨੇ ਚੱਲੇ ਇਸ ਮੇਲੇ ’ਚ ਜੇਮਸ ਨੇ 68,000 ਤੋਂ ਵੱਧ ਡੱਬੇ ਵੇਚੇ। ਇਸ ਨਾਲ ਉਨ੍ਹਾਂ ਨੇ ਲਗਭਗ 17,000 ਡਾਲਰ ਦੀ ਕਮਾਈ ਕੀਤੀ।
ਦੂਜੇ ਡੈਂਟਿਸਟ ਨੇ ਰੱਖਿਆ ‘ਕਾਟਨ ਕੈਂਡੀ’ ਨਾਮ ਇਸ ਕੈਂਡੀ ਨੂੰ ਪਹਿਲੀ ਵਾਰ ਜੇਮਸ ਮੌਰਿਸਨ ਨੇ ‘ਫੇਅਰੀ ਫਲੌਸ’ ਨਾਮ ਨਾਲ ਵੇਚਿਆ ਸੀ। ਇਸ ਤੋਂ ਬਾਅਦ ਸਾਲ 1920 ’ਚ ਡਾ. ਜੋਸਫ਼ ਲਾਸਕੋ ਨੇ ਇਸੇ ਤਰ੍ਹਾਂ ਦੀ ਇੱਕ ਮਸ਼ੀਨ ਬਣਾਈ ਤੇ ਕੈਂਡੀ ਨੂੰ ਇੱਕ ਸੌਖਾ ਨਾਮ ਦਿੱਤਾ—‘ਕਾਟਨ ਕੈਂਡੀ’। ਡਾ. ਜੋਸਫ਼ ਦੀ ਮਸ਼ੀਨ ਨਾਲ ਬਣੀ ਕੈਂਡੀ ਬਿਲਕੁਲ ਰੂੰ ਵਰਗੀ ਦਿਖਾਈ ਦਿੰਦੀ ਸੀ, ਜਿਸ ਕਾਰਨ ਲੋਕਾਂ ਨੇ ਵੀ ਇਸਨੂੰ ‘ਕਾਟਨ ਕੈਂਡੀ’ ਦੇ ਨਾਮ ਨਾਲ ਜਾਣਨਾ ਸ਼ੁਰੂ ਕਰ ਦਿੱਤਾ। ਸ਼ੁਰੂਆਤ ’ਚ ਇਹ ਕੈਂਡੀ ਸਫੈਦ ਰੰਗ ’ਚ ਵਿਕਦੀ ਸੀ। ਫਿਰ ਕੁਝ ਸਾਲਾਂ ਬਾਅਦ ਇਸਦੀ ਪਛਾਣ ਹਲਕੇ ਗੁਲਾਬੀ ਤੇ ਨੀਲੇ ਰੰਗ ਨਾਲ ਹੋਣ ਲੱਗੀ। ਅੱਜ ਕਾਟਨ ਕੈਂਡੀ ਦਾ ਇਤਿਹਾਸ ਭਾਵੇਂ 120 ਸਾਲ ਤੋਂ ਵੀ ਪੁਰਾਣਾ ਹੋ ਚੁੱਕਾ ਹੈ, ਪਰ ਛੋਟੇ ਬੱਚਿਆਂ ’ਚ ਇਸਨੂੰ ਖਾਣ ਦਾ ਕ੍ਰੇਜ਼ ਅੱਜ ਵੀ ਉਨਾ ਹੀ ਨਵਾਂ ਤੇ ਉਤਸ਼ਾਹ ਭਰਿਆ ਹੈ।