ਇਸ ਸਰਦੀਆਂ ’ਚ ਬਣਾਓ ਜੰਗਲ ਸਫਾਰੀ ਦਾ ਪਲਾਨ, ਦਿੱਲੀ ਦੇ ਆਸ-ਪਾਸ ਇਨ੍ਹਾਂ 4 ਥਾਵਾਂ ’ਤੇ ਮਿਲੇਗਾ ਵਾਈਲਡਲਾਈਫ ਦਾ ਰੋਮਾਂਚ ਪੀਲੀਭੀਤ, ਰਣਥੰਭੌਰ, ਜਿਮ ਕਾਰਬੇਟ ਤੇ ਪੰਨਾ ਵਰਗੀਆਂ ਥਾਵਾਂ ’ਤੇ ਤੁਸੀਂ ਜੰਗਲੀ ਜੀਵਾਂ ਤੇ ਕੁਦਰਤ ਦੇ ਅਦਭੁਤ ਰੋਮਾਂਚ ਦਾ ਅਨੁਭਵ ਕਰ ਸਕਦੇ ਹੋ।
Publish Date: Mon, 05 Oct 2026 11:15 AM (IST)
Updated Date: Mon, 05 Oct 2026 11:17 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕਿਸੇ ਵੀ ਕੁਦਰਤ ਪ੍ਰੇਮੀ ਲਈ ਪਹਾੜਾਂ, ਹਰੇ-ਭਰੇ ਜੰਗਲਾਂ ਤੇ ਨਦੀਆਂ ਦੇ ਆਲੇ-ਦੁਆਲੇ ਰਹਿਣਾ ਕਿਸੇ ਜੰਨਤ ਤੋਂ ਘੱਟ ਨਹੀਂ ਹੁੰਦਾ। ਜ਼ਰਾ ਕਲਪਨਾ ਕਰਕੇ ਦੇਖੋ ਕਿ ਸਵੇਰੇ-ਸਵੇਰੇ ਤੁਹਾਡੇ ਹੱਥ ’ਚ ਚਾਹ ਦਾ ਕੱਪ ਹੋਵੇ, ਆਲੇ-ਦੁਆਲੇ ਹਰਿਆਲੀ ਹੋਵੇ ਤੇ ਪੰਛੀਆਂ ਦੀ ਚਹਿਚਹਾਟ ਸੁਣਾਈ ਦੇ ਰਹੀ ਹੋਵੇ।
ਜੇ ਤੁਸੀਂ ਇਸ ਮਾਹੌਲ ਦਾ ਆਨੰਦ ਇਸ ਸਰਦੀਆਂ ਦੇ ਮੌਸਮ ’ਚ ਲੈਣਾ ਚਾਹੁੰਦੇ ਹੋ, ਤਾਂ ਜੰਗਲ ਸਫਾਰੀ ਤੁਹਾਡੇ ਲਈ ਬਿਹਤਰੀਨ ਵਿਕਲਪ ਹੋ ਸਕਦੀ ਹੈ।
ਪੀਲੀਭੀਤ ਟਾਈਗਰ ਰਿਜ਼ਰਵ, ਉੱਤਰ ਪ੍ਰਦੇਸ਼ ਪੀਲੀਭੀਤ ਟਾਈਗਰ ਰਿਜ਼ਰਵ ਪਹਿਲਾਂ ਇੱਕ ਵਾਈਲਡਲਾਈਫ ਸੈਂਕਚੁਅਰੀ ਹੁੰਦਾ ਸੀ, ਪਰ ਬਾਘਾਂ ਦੀ ਸੰਭਾਲ ਲਈ ਸਾਲ 2014 ’ਚ ਇਸ ਨੂੰ ਟਾਈਗਰ ਰਿਜ਼ਰਵ ਦਾ ਦਰਜਾ ਦਿੱਤਾ ਗਿਆ। ਇੱਥੇ ਤੁਸੀਂ ਰੌਇਲ ਬੰਗਾਲ ਟਾਈਗਰ, ਤੇਂਦੂਏ, ਬਾਰਾਸਿੰਘਾ ਸਮੇਤ ਕਈ ਦੁਰਲੱਭ ਪ੍ਰਜਾਤੀਆਂ ਨੂੰ ਦੇਖ ਸਕਦੇ ਹੋ। ਇਸ ਤੋਂ ਇਲਾਵਾ, ਇਸ ਟਾਈਗਰ ਰਿਜ਼ਰਵ ਦਾ ਸਭ ਤੋਂ ਪ੍ਰਮੁੱਖ ਆਕਰਸ਼ਣ ਚੂਕਾ ਬੀਚ ਹੈ। ਅਕਤੂਬਰ ਤੋਂ ਫਰਵਰੀ ਦੇ ਵਿਚਕਾਰ ਦਾ ਸਮਾਂ ਇੱਥੇ ਘੁੰਮਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
ਰਣਥੰਭੌਰ ਨੈਸ਼ਨਲ ਪਾਰਕ, ਰਾਜਸਥਾਨ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ’ਚ ਸਥਿਤ ਰਣਥੰਭੌਰ ਨੈਸ਼ਨਲ ਪਾਰਕ ਕੁਦਰਤ ਪ੍ਰੇਮੀਆਂ ਦੀ ਬਕੇਟ ਲਿਸਟ ’ਚ ਸਭ ਤੋਂ ਉੱਪਰ ਰਹਿੰਦਾ ਹੈ। ਹਾਲ ਹੀ ’ਚ ਤਿੰਨ ਮਹੀਨਿਆਂ ਬਾਅਦ ਇਸ ਨੈਸ਼ਨਲ ਪਾਰਕ ਨੂੰ ਸੈਲਾਨੀਆਂ ਲਈ ਮੁੜ ਖੋਲ੍ਹਿਆ ਗਿਆ ਹੈ। ਇਹ ਥਾਂ ਬਾਘਾਂ ਦਾ ਕੁਦਰਤੀ ਆਵਾਸ ਮੰਨੀ ਜਾਂਦੀ ਹੈ, ਕਿਉਂਕਿ ਦਿਨ ਦੇ ਸਮੇਂ ਵੀ ਬਾਘ ਜੰਗਲ ’ਚ ਘੁੰਮਦੇ ਨਜ਼ਰ ਆ ਸਕਦੇ ਹਨ। ਅਕਤੂਬਰ ਤੋਂ ਮਾਰਚ ਤੱਕ ਦਾ ਸਮਾਂ ਇੱਥੇ ਘੁੰਮਣ ਲਈ ਬਿਹਤਰੀਨ ਹੈ।
ਜਿਮ ਕਾਰਬੇਟ ਨੈਸ਼ਨਲ ਪਾਰਕ, ਉੱਤਰਾਖੰਡ ਜਿਮ ਕਾਰਬੇਟ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ’ਚ ਸਥਿਤ ਭਾਰਤ ਦਾ ਪਹਿਲਾ ਤੇ ਸਭ ਤੋਂ ਪੁਰਾਣਾ ਨੈਸ਼ਨਲ ਪਾਰਕ ਹੈ। ਇਸ ਦੀ ਸਥਾਪਨਾ ਸਾਲ 1936 ’ਚ ਹੇਲੀ ਨੈਸ਼ਨਲ ਪਾਰਕ ਦੇ ਨਾਮ ਨਾਲ ਕੀਤੀ ਗਈ ਸੀ। ਇੱਥੇ ਰੌਇਲ ਬੰਗਾਲ ਟਾਈਗਰ, ਹਾਥੀ, ਤੇਂਦੂਆ, ਰਿੱਛ ਤੇ ਹਿਰਨ ਵਰਗੇ ਜੰਗਲੀ ਜੀਵਾਂ ਤੋਂ ਇਲਾਵਾ ਪੰਛੀਆਂ ਦੀਆਂ 500 ਤੋਂ ਵੱਧ ਪ੍ਰਜਾਤੀਆਂ ਵੀ ਪਾਈਆਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਸੈਲਾਨੀ ਖਾਸ ਤੌਰ ’ਤੇ ਬਰਡ ਵਾਚਿੰਗ ਲਈ ਇੱਥੇ ਆਉਂਦੇ ਹਨ। ਜਿਮ ਕਾਰਬੇਟ ਜਾਣ ਲਈ ਨਵੰਬਰ ਤੋਂ ਫਰਵਰੀ ਤੇ ਮਾਰਚ ਤੋਂ ਜੂਨ ਦਾ ਸਮਾਂ ਢੁੱਕਵਾਂ ਮੰਨਿਆ ਜਾਂਦਾ ਹੈ।
ਪੰਨਾ ਟਾਈਗਰ ਰਿਜ਼ਰਵ, ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਪੰਨਾ ’ਚ ਸਥਿਤ ਇਹ ਟਾਈਗਰ ਰਿਜ਼ਰਵ ਭਾਰਤ ਦਾ 22ਵਾਂ ਤੇ ਮੱਧ ਪ੍ਰਦੇਸ਼ ਦਾ ਪੰਜਵਾਂ ਟਾਈਗਰ ਰਿਜ਼ਰਵ ਹੈ। ਇਸ ਮਹੀਨੇ ਇਹ ਟਾਈਗਰ ਰਿਜ਼ਰਵ ਵੀ ਤਿੰਨ ਮਹੀਨਿਆਂ ਦੇ ਲੰਬੇ ਅੰਤਰਾਲ ਤੋਂ ਬਾਅਦ ਸੈਲਾਨੀਆਂ ਲਈ ਖੋਲ੍ਹਿਆ ਗਿਆ ਹੈ। ਇੱਥੇ ਸੈਲਾਨੀ ਜਿਪਸੀ ਸਫਾਰੀ ਰਾਹੀਂ ਬਾਘਾਂ ਦੇ ਨਾਲ-ਨਾਲ ਤੇਂਦੂਏ, ਰਿੱਛ, ਚਿੰਕਾਰਾ ਤੇ ਹੋਰ ਜੰਗਲੀ ਜੀਵਾਂ ਨੂੰ ਦੇਖ ਸਕਦੇ ਹਨ। ਇੰਨਾ ਹੀ ਨਹੀਂ, ਇਹ ਟਾਈਗਰ ਰਿਜ਼ਰਵ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਤੇ ਗਿੱਧਾਂ ਦਾ ਆਵਾਸ ਵੀ ਹੈ। ਅਕਤੂਬਰ ਤੋਂ ਜੂਨ ਤੱਕ ਦਾ ਸਮਾਂ ਇੱਥੇ ਘੁੰਮਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।