ਔਰਤਾਂ ਨੂੰ ਸਿਰਫ਼ ਮੈਨੋਪੌਜ਼ ਤੋਂ ਬਾਅਦ ਹੀ ਹੁੰਦੀਆਂ ਹਨ ਦਿਲ ਦੀਆਂ ਬਿਮਾਰੀਆਂ! ਜੇਕਰ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਜਾਣੋ ਇਹ ਕੌੜੀ ਸੱਚਾਈ ਦਿਲ ਦੀ ਸਿਹਤ ਨਾਲ ਜੁੜੀ ਚਰਚਿਤ ਮੈਗਜ਼ੀਨ ‘ਜਰਨਲ ਹਾਈਪਰਟੈਂਸ਼ਨ’ ’ਚ ਪ੍ਰਕਾਸ਼ਿਤ ਅਧਿਐਨ ਦੇ ਅਨੁਸਾਰ, ਮੈਨੋਪੌਜ਼ ਤੋਂ ਪਹਿਲਾਂ ਵੀ ਔਰਤਾਂ ’ਚ ਦਿਲ ਦੀ ਬਿਮਾਰੀ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਸ ਲਈ ਜ਼ਰੂਰੀ ਹੈ ਕਿ 30 ਸਾਲ ਦੀ ਉਮਰ ਤੋਂ ਹੀ ਸਾਵਧਾਨ ਰਹੋ।
Publish Date: Tue, 22 Sep 2026 04:41 PM (IST)
Updated Date: Tue, 22 Sep 2026 04:43 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਦਫ਼ਤਰ ਜਾਂ ਘਰ ਦੀਆਂ ਪੌੜੀਆਂ ਚੜ੍ਹਦੇ ਸਮੇਂ ਜੇਕਰ ਤੇਜ਼ੀ ਨਾਲ ਸਾਹ ਫੁੱਲਦਾ ਹੈ, ਸਿਰ ਘੁੰਮਦਾ ਹੈ, ਚੱਕਰ ਆਉਂਦੇ ਹਨ ਜਾਂ ਘਬਰਾਹਟ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ ਤਾਂ ਇਹ ਆਮ ਲੱਛਣ ਨਹੀਂ ਹਨ। ਆਮ ਤੌਰ 'ਤੇ 30 ਸਾਲ ਦੀ ਉਮਰ ’ਚ ਇਨ੍ਹਾਂ ਲੱਛਣਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ। ਡਾ. ਅਪਰਨਾ ਜਸਵਾਲ (ਸੀਨੀਅਰ ਹਾਰਟ ਸਪੈਸ਼ਲਿਸਟ, ਫੋਰਟਿਸ ਐਸਕਾਰਟਸ ਹਾਰਟ ਇੰਸਟੀਚਿਊਟ, ਨਵੀਂ ਦਿੱਲੀ) ਦੱਸਦੀ ਹੈ ਕਿ ਇਹੀ ਗੱਲ ਅੱਗੇ ਚੱਲ ਕੇ ਔਰਤਾਂ ਦੀ ਸਿਹਤ ਲਈ ਵੱਡੀ ਚੁਣੌਤੀ ਬਣ ਸਕਦੀ ਹੈ। ਇਸ ਲਈ ਸਮੱਸਿਆ ਹੋਣ 'ਤੇ ਡਾਕਟਰੀ ਜਾਂਚ ਤੇ ਸਹੀ ਇਲਾਜ ਜ਼ਰੂਰੀ ਹੈ।
ਇੱਕ ਆਮ ਧਾਰਨਾ ਹੈ ਕਿ ਔਰਤਾਂ ’ਚ ਮੈਨੋਪੌਜ਼ ਤੋਂ ਬਾਅਦ ਹੀ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਹੁੰਦਾ ਹੈ, ਪਰ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਹਾਰਟ ਡਿਜ਼ੀਜ਼ ਵਰਗੀਆਂ ਸਮੱਸਿਆਵਾਂ ਹੁਣ ਘੱਟ ਉਮਰ ’ਚ ਵੀ ਦੇਖਣ ਨੂੰ ਮਿਲ ਰਹੀਆਂ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਨਾ ਸਿਰਫ਼ ਆਪਣੇ ਖਾਣ-ਪੀਣ 'ਤੇ ਨਜ਼ਰ ਰੱਖੋ, ਸਗੋਂ ਸਰੀਰਕ ਸਰਗਰਮੀ ਵੀ ਵਧਾਓ। ਇਸ ਦੇ ਨਾਲ ਹੀ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਤੁਹਾਨੂੰ ਆਪਣੀ ਸਿਹਤ ਨਾਲ ਜੁੜੇ ਜ਼ਰੂਰੀ ਡਾਟਾ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਜਿਵੇਂ ਕਿ ਤੁਹਾਡਾ ਬੀਪੀ ਯਾਨੀ ਬਲੱਡ ਪ੍ਰੈਸ਼ਰ ਕਿੰਨਾ ਰਹਿੰਦਾ ਹੈ, ਕੋਲੇਸਟ੍ਰੋਲ ਦਾ ਪੱਧਰ ਕੀ ਹੈ, ਬਲੱਡ ਸ਼ੂਗਰ ਕੰਟਰੋਲ ’ਚ ਹੈ ਜਾਂ ਨਹੀਂ ਤੇ ਕੀ ਭਾਰ ਨਿਰਧਾਰਤ ਮਾਪਦੰਡ ਤੋਂ ਵੱਧ ਤਾਂ ਨਹੀਂ ਹੋ ਰਿਹਾ। ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਬਿਮਾਰੀਆਂ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ।
ਐਸਟ੍ਰੋਜਨ ਦੀ ਕਮੀ ਨਾ ਬਣੇ ਮੁਸੀਬਤ ਔਰਤਾਂ ’ਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਮਰਦਾਂ ਵਾਂਗ ਹੀ ਰਹਿੰਦਾ ਹੈ। ਇਹ ਕਿਸੇ ਵੀ ਸਮੇਂ ਚੁਣੌਤੀ ਪੈਦਾ ਕਰ ਸਕਦਾ ਹੈ। ਇਸ ਦਾ ਇੱਕ ਵੱਡਾ ਕਾਰਨ ਐਸਟ੍ਰੋਜਨ ਦਾ ਅਸੰਤੁਲਨ ਹੈ। ਪਿਛਲੇ ਕੁਝ ਦਹਾਕਿਆਂ ’ਚ ਇਹ ਇੱਕ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਇਆ ਹੈ। ਐਸਟ੍ਰੋਜਨ ਹਾਰਮੋਨ ਖੂਨ ਦੀਆਂ ਨਾੜੀਆਂ ਨੂੰ ਸਿਹਤਮੰਦ ਰੱਖ ਕੇ ਔਰਤਾਂ ਨੂੰ ਦਿਲ ਦੀਆਂ ਬਿਮਾਰੀਆਂ ਦੇ ਸੰਭਾਵਿਤ ਖਤਰੇ ਤੋਂ ਬਚਾਉਣ ’ਚ ਮਦਦ ਕਰਦਾ ਹੈ। ਇਹ ਚੰਗੇ ਕੋਲੇਸਟ੍ਰੋਲ ਨੂੰ ਵਧਾਉਂਦਾ ਹੈ ਤੇ ਮਾੜੇ ਕੋਲੇਸਟ੍ਰੋਲ ਯਾਨੀ ਐਲਡੀਐਲ ਨੂੰ ਘਟਾਉਂਦਾ ਹੈ।
ਇਸ ਨਾਲ ਧਮਨੀਆਂ ’ਚ ਪਲਾਕ ਜਮ੍ਹਾ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਐਸਟ੍ਰੋਜਨ ਹਾਰਮੋਨ ਖੂਨ ਦੀਆਂ ਨਾੜੀਆਂ ’ਚ ਹੋਣ ਵਾਲੀ ਅੰਦਰੂਨੀ ਸੋਜ ਤੋਂ ਬਚਾਅ ਕਰਨ ’ਚ ਵੀ ਮਦਦ ਕਰਦਾ ਹੈ। ਹਾਲਾਂਕਿ, ਮੈਨੋਪੌਜ਼ ਤੋਂ ਬਾਅਦ ਯਾਨੀ 40-50 ਸਾਲ ਦੀ ਉਮਰ ਤੋਂ ਐਸਟ੍ਰੋਜਨ ਦਾ ਪੱਧਰ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਾਅਦ ਸਰੀਰ ’ਚ ਅਜਿਹੀਆਂ ਤਬਦੀਲੀਆਂ ਸ਼ੁਰੂ ਹੁੰਦੀਆਂ ਹਨ, ਜਿਨ੍ਹਾਂ ਨੂੰ ਜੇਕਰ ਸਮੇਂ ਸਿਰ ਨਾ ਸਮਝਿਆ ਜਾਵੇ ਤਾਂ ਇਹ ਤੁਹਾਡੇ ਲਈ ਵੱਡਾ ਖਤਰਾ ਬਣ ਸਕਦੀਆਂ ਹਨ। ਜਿਵੇਂ ਭਾਰ ਵਧਣਾ, ਕੋਲੇਸਟ੍ਰੋਲ ਵਧਣਾ, ਇਨਸੁਲਿਨ ਰਜ਼ਿਸਟੈਂਸ ਆਦਿ। ਅਜਿਹੇ ’ਚ ਇਹ ਜ਼ਰੂਰੀ ਹੈ ਕਿ ਤੁਸੀਂ ਕਿਸੇ ਸਮੱਸਿਆ ਦੇ ਆਉਣ ਦੀ ਉਡੀਕ ਨਾ ਕਰੋ, ਸਗੋਂ ਮੈਨੋਪੌਜ਼ ਤੋਂ ਪਹਿਲਾਂ ਹੀ ਸਾਵਧਾਨ ਹੋ ਜਾਓ।
ਦਿਲ ਦੀ ਬਿਮਾਰੀ ਪਹਿਲਾਂ ਕਿਉਂ? ਇੱਕ ਸਮਾਂ ਸੀ ਜਦੋਂ ਔਰਤਾਂ 50-60 ਸਾਲ ਦੀ ਉਮਰ ਤੱਕ ਖੁਦ ਨੂੰ ਸਿਹਤਮੰਦ ਮਹਿਸੂਸ ਕਰਦੀਆਂ ਸਨ। ਉਨ੍ਹਾਂ ’ਚ ਹਾਰਟ ਅਟੈਕ ਦੇ ਮਾਮਲੇ ਬਹੁਤ ਘੱਟ ਦੇਖਣ ਨੂੰ ਮਿਲਦੇ ਸਨ, ਪਰ ਹੁਣ ਮੈਨੋਪੌਜ਼ ਦੀ ਉਮਰ ਤੱਕ ਪਹੁੰਚਦੇ-ਪਹੁੰਚਦੇ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਹੀਆਂ ਹੁੰਦੀਆਂ ਹਨ। ਇਸ ਦਾ ਇੱਕ ਵੱਡਾ ਕਾਰਨ ਜੀਵਨਸ਼ੈਲੀ ’ਚ ਬਦਲਾਅ ਤੇ ਉਸ ਅਨੁਸਾਰ ਆਪਣੀ ਸਿਹਤ ਪ੍ਰਤੀ ਜਾਗਰੂਕ ਨਾ ਹੋਣਾ ਹੈ। ਹੁਣ ਪਹਿਲਾਂ ਵਾਂਗ ਸਰੀਰਕ ਸਰਗਰਮੀ ਵੀ ਘੱਟ ਹੋ ਗਈ ਹੈ। ਜ਼ਿਆਦਾ ਕੰਮ ਤੇ ਤਣਾਅ ਦੇ ਵਿਚਕਾਰ ਕਸਰਤ ਦੀ ਕਮੀ, ਖਾਣ-ਪੀਣ ਨੂੰ ਲੈ ਕੇ ਲਾਪਰਵਾਹੀ, ਸਿਗਰਟਨੋਸ਼ੀ ਤੇ ਸ਼ਰਾਬ ਦਾ ਸੇਵਨ ਆਦਿ ਔਰਤਾਂ ਨੂੰ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਵਾਲੇ ਜ਼ੋਨ ’ਚ ਲੈ ਜਾਂਦੇ ਹਨ। ਇਹ ਧਿਆਨ ਰੱਖੋ ਕਿ ਜੇਕਰ ਹਾਰਮੋਨਲ ਅਸੰਤੁਲਨ ਦੀ ਸਮੱਸਿਆ ਹੈ ਤਾਂ ਇਹ ਵੀ ਵੱਡੀ ਪਰੇਸ਼ਾਨੀ ਬਣ ਸਕਦੀ ਹੈ। ਇਸ ਦੇ ਲੱਛਣਾਂ ਨੂੰ ਸਮਝੋ। ਜਿਵੇਂ ਜੇਕਰ ਇਨ੍ਹਾਂ ਦਿਨਾਂ ’ਚ ਭੁੱਖ ਜ਼ਿਆਦਾ ਲੱਗਦੀ ਹੈ ਤਾਂ ਸਾਵਧਾਨ ਹੋ ਜਾਓ।
ਸਟ੍ਰੈਂਥ ਟ੍ਰੇਨਿੰਗ ਨਾਲ ਵਧਾਓ ਸਮਰੱਥਾ ਕਸਰਤ ਕਦੋਂ ਕਰਨੀ ਹੈ? ਜੇਕਰ ਤੁਸੀਂ ਵੀ ਇਹ ਸੋਚ ਰਹੇ ਹੋ ਤਾਂ ਇਸ ਲਈ ਇੱਕ ਠੋਸ ਯੋਜਨਾ ਬਣਾਓ। ਜਿਮ ਜਾ ਕੇ ਇੱਕਦਮ ਕੋਈ ਕਸਰਤ ਸ਼ੁਰੂ ਨਾ ਕਰੋ। ਹੌਲੀ-ਹੌਲੀ ਆਪਣੀ ਸਮਰੱਥਾ ਵਧਾਓ। ਸਟ੍ਰੈਂਥ ਟ੍ਰੇਨਿੰਗ ਔਰਤਾਂ ਲਈ ਵੀ ਉਨੀ ਹੀ ਜ਼ਰੂਰੀ ਹੈ ਜਿੰਨੀ ਮਰਦਾਂ ਲਈ। ਇਹ ਧਿਆਨ ਰੱਖੋ ਕਿ ਮੈਨੋਪੌਜ਼ ਤੋਂ ਬਾਅਦ ਸਰੀਰ ’ਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਆ ਸਕਦੀਆਂ ਹਨ। ਦੱਸਿਆ ਜਾਂਦਾ ਹੈ ਕਿ ਮੈਨੋਪੌਜ਼ ਤੋਂ ਬਾਅਦ ਮਾਸਪੇਸ਼ੀਆਂ ਦਾ ਨੁਕਸਾਨ ਤੇਜ਼ੀ ਨਾਲ ਹੋਣ ਲੱਗਦਾ ਹੈ। ਇਸ ਤੋਂ ਬਚਾਅ ਲਈ ਪਹਿਲਾਂ ਤੋਂ ਹੀ ਸਾਵਧਾਨ ਰਹੋ। ਡੰਬਲ ਨਾਲ ਕਸਰਤ ਸ਼ੁਰੂ ਕਰੋ ਤੇ ਐਕਸਰਸਾਈਜ਼ ਬੈਂਡ ਦੀ ਵਰਤੋਂ ਕਰੋ। ਜੇਕਰ ਕਮਰ ’ਚ ਦਰਦ ਰਹਿੰਦਾ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ। ਉਨ੍ਹਾਂ ਦੀ ਸਲਾਹ 'ਤੇ ਅਮਲ ਕਰੋ ਤਾਂ ਜੋ ਕਸਰਤ ਜਾਂ ਕਿਸੇ ਵੀ ਸਰੀਰਕ ਗਤੀਵਿਧੀ ਦੌਰਾਨ ਤੁਹਾਨੂੰ ਸਮੱਸਿਆ ਨਾ ਹੋਵੇ।
ਹਾਰਟ-ਹੈਲਦੀ ਡਾਈਟ ਲਓ ਆਪਣੀ ਖੁਰਾਕ ’ਚ ਹਰੀਆਂ ਪੱਤੇਦਾਰ ਸਬਜ਼ੀਆਂ ਸ਼ਾਮਲ ਕਰੋ। ਪਾਲਕ, ਮੇਥੀ, ਲੌਕੀ ਆਦਿ ਦਿਲ ਦੀ ਸਿਹਤ ਲਈ ਚੰਗੀਆਂ ਹਨ। ਤਾਜ਼ੇ ਤੇ ਮੌਸਮੀ ਫਲ ਖਾਓ। ਸੇਬ, ਪਪੀਤਾ, ਅਮਰੂਦ, ਸੰਤਰੇ ਆਦਿ ਐਂਟੀਆਕਸੀਡੈਂਟਸ ਦੇ ਨਾਲ-ਨਾਲ ਫਾਈਬਰ ਨਾਲ ਵੀ ਭਰਪੂਰ ਹੁੰਦੇ ਹਨ। ਕੋਲੇਸਟ੍ਰੋਲ ਨੂੰ ਕੰਟਰੋਲ ’ਚ ਰੱਖਣ ਲਈ ਜੌਂ, ਜਵਾਰ ਤੇ ਦਲੀਆ ਦਾ ਸੇਵਨ ਵੀ ਚੰਗਾ ਹੈ। ਹੈਲਦੀ ਫੈਟ ਦੀ ਵਰਤੋਂ ਕਰੋ। ਜਿੱਥੋਂ ਤੱਕ ਸੰਭਵ ਹੋਵੇ ਟ੍ਰਾਂਸ ਫੈਟ ਤੋਂ ਦੂਰ ਰਹੋ। ਜਿਵੇਂ ਸਮੋਸੇ, ਫ੍ਰੈਂਚ ਫ੍ਰਾਈਜ਼, ਬਰਗਰ, ਪੀਜ਼ਾ, ਫ੍ਰੋਜ਼ਨ ਚਿਕਨ, ਨਗੇਟਸ ਆਦਿ। ਮੂੰਗ, ਮਸੂਰ, ਛੋਲੇ ਤੇ ਵੱਖ-ਵੱਖ ਕਿਸਮਾਂ ਦੀਆਂ ਦਾਲਾਂ ਦਾ ਸੇਵਨ ਵੀ ਜ਼ਰੂਰੀ ਹੈ, ਜੋ ਤੁਹਾਡੀ ਸਮੁੱਚੀ ਸਿਹਤ ਨੂੰ ਬਿਹਤਰ ਰੱਖਣ ’ਚ ਮਦਦ ਕਰਦੀਆਂ ਹਨ।