ਸਵੇਰੇ ਵਰਕਆਊਟ ਕਰਨ ਵਾਲੇ ਹੋ ਜਾਣ ਸਾਵਧਾਨ! ਪ੍ਰਦੂਸ਼ਣ ਵਧਾ ਸਕਦਾ ਹੈ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ, PM 2.5 ਵਧਾ ਰਿਹਾ ਨਸਾਂ ਦੀ ਸੋਜ ਦਿੱਲੀ ਦੀ ਪ੍ਰਦੂਸ਼ਿਤ ਹਵਾ, ਖ਼ਾਸ ਕਰਕੇ PM 2.5, ਨੌਜਵਾਨਾਂ ਦੀ ਦਿਲ ਦੀ ਸਿਹਤ ਲਈ ਗੰਭੀਰ ਖ਼ਤਰਾ ਬਣ ਰਹੀ ਹੈ।
Publish Date: Thu, 01 Oct 2026 10:52 AM (IST)
Updated Date: Thu, 01 Oct 2026 11:00 AM (IST)
ਪ੍ਰੇਟ੍ਰ, ਨਵੀਂ ਦਿੱਲੀ : ਦਿੱਲੀ ਦੀ ਪ੍ਰਦੂਸ਼ਿਤ ਹਵਾ ਨੌਜਵਾਨਾਂ ਦੀ ਦਿਲ ਦੀ ਸਿਹਤ ਲਈ ਖ਼ਤਰਾ ਬਣ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ PM 2.5 ਦੇ ਲੰਬੇ ਸਮੇਂ ਤੱਕ ਸੰਪਰਕ ’ਚ ਰਹਿਣ ਦੇ ਨਾਲ-ਨਾਲ ਖ਼ਰਾਬ ਨੀਂਦ, ਤਣਾਅ ਤੇ ਸਰੀਰਕ ਤੌਰ 'ਤੇ ਸਰਗਰਮ ਨਾ ਰਹਿਣ ਕਾਰਨ ਦਿਲ ਦੀ ਸਿਹਤ ਨਾਲ ਜੁੜੇ ਮੌਜੂਦਾ ਖ਼ਤਰੇ ਹੋਰ ਵਧ ਸਕਦੇ ਹਨ। ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਤੇ ਜ਼ਾਕਿਰ ਹੁਸੈਨ ਕਾਲਜ ਦੇ ਖੋਜਕਰਤਾਵਾਂ ਵੱਲੋਂ ਕੀਤੇ ਗਏ ਇੱਕ ਹਾਲੀਆ ਅਧਿਐਨ ’ਚ ਪਾਇਆ ਗਿਆ ਕਿ ਰਾਜਧਾਨੀ ’ਚ ਸਰਦੀਆਂ ਦੌਰਾਨ PM 2.5 ਦਾ ਔਸਤ ਪੱਧਰ 269.35 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਰਿਹਾ। ਇਹ ਰਾਸ਼ਟਰੀ ਮਾਪਦੰਡ ਨਾਲੋਂ ਲਗਭਗ ਸੱਤ ਗੁਣਾ ਤੇ ਅਧਿਐਨ ’ਚ ਦੱਸੇ WHO ਦੇ ਦਿਸ਼ਾ-ਨਿਰਦੇਸ਼ ਨਾਲੋਂ ਲਗਭਗ 18 ਗੁਣਾ ਵੱਧ ਸੀ।
PM 2.5 ਦੀਆਂ ਜ਼ਿਆਦਾਤਰ ਰੀਡਿੰਗਾਂ ਰਾਸ਼ਟਰੀ ਮਾਪਦੰਡ ਤੋਂ ਵੱਧ
ਅਧਿਐਨ ਦੌਰਾਨ ਦਰਜ ਕੀਤੀਆਂ PM 2.5 ਦੀਆਂ ਲਗਭਗ 98 ਫ਼ੀਸਦੀ ਰੀਡਿੰਗਾਂ ਰਾਸ਼ਟਰੀ ਮਾਪਦੰਡ ਤੋਂ ਵੱਧ ਸਨ। ਦਸੰਬਰ ਦੇ ਅਖੀਰ ’ਚ ਇਸ ਦਾ ਪੱਧਰ 700 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਵੀ ਉੱਪਰ ਚਲਾ ਗਿਆ ਸੀ।
ਮਾਰਚ 2026 ’ਚ 'ਫਰੰਟੀਅਰਜ਼ ਇਨ ਸਸਟੇਨੇਬਲ ਸਿਟੀਜ਼' ਜਰਨਲ ’ਚ ਪ੍ਰਕਾਸ਼ਿਤ ਅਧਿਐਨ ਦੇ ਨਤੀਜਿਆਂ ਮੁਤਾਬਕ, ਸਰਦੀਆਂ ਦਾ ਔਸਤ PM 2.5 ਪੱਧਰ ਗਰਮੀਆਂ ਤੇ ਮਾਨਸੂਨ ਦੌਰਾਨ ਦਰਜ ਕੀਤੇ ਗਏ ਪੱਧਰ ਨਾਲੋਂ ਪੰਜ ਗੁਣਾ ਤੋਂ ਵੀ ਵੱਧ ਸੀ।
ਗੁਰੁਗ੍ਰਾਮ ਦੇ ਫੋਰਟਿਸ ਹਸਪਤਾਲ ਦੇ ਕਾਰਡੀਓ ਥੋਰੇਸਿਕ ਤੇ ਵੈਸਕੁਲਰ ਸਰਜਰੀ ਵਿਭਾਗ ਦੇ ਮੁਖੀ ਡਾਇਰੈਕਟਰ ਡਾ. ਉਦਗੀਥ ਧੀਰ ਨੇ ਕਿਹਾ ਕਿ ਘੱਟ ਉਮਰ ਦੇ ਲੋਕਾਂ ’ਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਹਮੇਸ਼ਾ ਕਿਸੇ ਇੱਕ ਕਾਰਨ ਕਰਕੇ ਨਹੀਂ ਹੁੰਦਾ।
ਲੰਬੇ ਸਮੇਂ ਤੱਕ ਹਵਾ ਪ੍ਰਦੂਸ਼ਣ ਦੇ ਸੰਪਰਕ ’ਚ ਰਹਿਣਾ, ਠੀਕ ਤਰ੍ਹਾਂ ਜਾਂ ਸਹੀ ਸਮੇਂ 'ਤੇ ਨੀਂਦ ਨਾ ਲੈਣਾ, ਲਗਾਤਾਰ ਤਣਾਅ ਤੇ ਸਰੀਰਕ ਤੌਰ 'ਤੇ ਸਰਗਰਮ ਨਾ ਰਹਿਣਾ—ਇਹ ਸਾਰੇ ਕਾਰਕ ਮਿਲ ਕੇ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਤੇ ਹਾਈ ਕੋਲੈਸਟ੍ਰੋਲ ਵਰਗੇ ਆਮ ਖ਼ਤਰੇ ਵਧਾ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਬਾਰੀਕ ਕਣ ਨਸਾਂ ’ਚ ਸੋਜ, ਆਕਸੀਡੇਟਿਵ ਸਟ੍ਰੈੱਸ ਤੇ ਐਂਡੋਥੀਲੀਅਲ ਡਿਸਫੰਕਸ਼ਨ (ਖੂਨ ਦੀਆਂ ਨਸਾਂ ਦੀ ਅੰਦਰੂਨੀ ਪਰਤ ਦਾ ਠੀਕ ਤਰ੍ਹਾਂ ਕੰਮ ਨਾ ਕਰਨਾ) ਨੂੰ ਵਧਾ ਸਕਦੇ ਹਨ। ਉੱਥੇ ਹੀ, ਖ਼ਰਾਬ ਨੀਂਦ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਤੇ ਸਰੀਰ ਦੇ ਮੈਟਾਬੋਲਿਕ ਕੰਮਕਾਜ ’ਚ ਰੁਕਾਵਟ ਪਾ ਸਕਦੀ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ।
ਕਿਸ਼ੋਰਾਂ ਤੇ ਨੌਜਵਾਨਾਂ ’ਚ ਵੱਧ ਖ਼ਤਰਾ ਡਾ. ਧੀਰ ਨੇ ਕਿਹਾ ਕਿ ਨੌਜਵਾਨਾਂ ਨੂੰ ਕਸਰਤ ਜਾਂ ਸਰੀਰਕ ਮਿਹਨਤ ਨੂੰ ਲੈ ਕੇ ਸਾਵਧਾਨ ਰਹਿਣਾ ਚਾਹੀਦਾ ਹੈ, ਖ਼ਾਸ ਕਰਕੇ ਜਦੋਂ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਹੋਵੇ।
ਬਿਨਾਂ ਕਿਸੇ ਤਿਆਰੀ ਦੇ ਅਚਾਨਕ ਲੰਬੇ ਸਮੇਂ ਤੱਕ ਦੌੜਨਾ ਜਾਂ ਹਾਈ-ਇੰਟੈਂਸਿਟੀ ਵਰਕਆਊਟ ਕਰਨਾ ਦਿਲ ਤੇ ਖੂਨ ਦੀਆਂ ਨਸਾਂ ਦੀ ਪ੍ਰਣਾਲੀ 'ਤੇ ਬੇਲੋੜਾ ਦਬਾਅ ਪਾ ਸਕਦਾ ਹੈ।
ਸਰਵੇਖਣ ’ਚ ਸ਼ਾਮਲ 60.7 ਫ਼ੀਸਦੀ ਨੌਜਵਾਨਾਂ ਨੇ ਪ੍ਰਦੂਸ਼ਿਤ ਸਰਦੀਆਂ ਦੇ ਮਹੀਨਿਆਂ ਦੌਰਾਨ ਖੰਘ, ਛਿੱਕਾਂ, ਸਾਹ ਲੈਣ ’ਚ ਦਿੱਕਤ ਜਾਂ ਅੱਖਾਂ ’ਚ ਜਲਣ ਵਰਗੇ ਲੱਛਣ ਵਧਣ ਦੀ ਗੱਲ ਦੱਸੀ।
ਡਾ. ਧੀਰ ਨੇ ਕਿਹਾ ਕਿ ਦਿਲ ਨਾਲ ਜੁੜੇ ਖ਼ਤਰਿਆਂ ਤੋਂ ਬਚਾਅ ਲਈ ਚੰਗੀ ਨੀਂਦ ਬਹੁਤ ਮਹੱਤਵਪੂਰਨ ਹੈ, ਖ਼ਾਸ ਕਰਕੇ ਨੌਜਵਾਨਾਂ ’ਚ।