ਸਿਰਫ਼ ਫੇਫੜੇ ਹੀ ਨਹੀਂ, ਦਿਮਾਗ ਦੀਆਂ ਨਾੜੀਆਂ ਵੀ ਬਲਾਕ ਕਰ ਰਿਹਾ ਵਧਦਾ AQI; ਸਟ੍ਰੋਕ ਦਾ ਵਧਿਆ ਖ਼ਤਰਾ ਕੌਮੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਸੂਚਕ ਅੰਕ (AQI) ਵਧਣ ਦੇ ਨਾਲ-ਨਾਲ ਸਟ੍ਰੋਕ ਦਾ ਖ਼ਤਰਾ ਵੀ ਵਧ ਰਿਹਾ ਹੈ। ਡਾਕਟਰਾਂ ਮੁਤਾਬਕ ਹਵਾ ਪ੍ਰਦੂਸ਼ਣ, ਤਣਾਅ ਅਤੇ ਘੰਟਿਆਂ ਤੱਕ ਬੈਠ ਕੇ ਕੰਮ ਕਰਨਾ ਇਸ ਖ਼ਤਰੇ ਨੂੰ ਹੋਰ ਵਧਾ ਰਹੇ ਹਨ ਅਤੇ ਇਹ ਸਮੱਸਿਆ ਸਾਈਲੈਂਟ ਕਿਲਰ ਬਣਦੀ ਜਾ ਰਹੀ ਹੈ।
Publish Date: Wed, 14 Oct 2026 11:41 AM (IST)
Updated Date: Wed, 14 Oct 2026 11:43 AM (IST)
ਅਨੂਪ ਕੁਮਾਰ ਸਿੰਘ, ਨਵੀਂ ਦਿੱਲੀ - ਕੌਮੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਸੂਚਕ ਅੰਕ (AQI) ਵਧਣ ਦੇ ਨਾਲ-ਨਾਲ ਸਟ੍ਰੋਕ ਦਾ ਖ਼ਤਰਾ ਵੀ ਵਧ ਰਿਹਾ ਹੈ। ਡਾਕਟਰਾਂ ਮੁਤਾਬਕ ਹਵਾ ਪ੍ਰਦੂਸ਼ਣ, ਤਣਾਅ ਅਤੇ ਘੰਟਿਆਂ ਤੱਕ ਬੈਠ ਕੇ ਕੰਮ ਕਰਨਾ ਇਸ ਖ਼ਤਰੇ ਨੂੰ ਹੋਰ ਵਧਾ ਰਹੇ ਹਨ ਅਤੇ ਇਹ ਸਮੱਸਿਆ ਸਾਈਲੈਂਟ ਕਿਲਰ ਬਣਦੀ ਜਾ ਰਹੀ ਹੈ।
ਪੁਸ਼ਪਾਵਤੀ ਸਿੰਘਾਨੀਆ ਹਸਪਤਾਲ ਐਂਡ ਰਿਸਰਚ ਇੰਸਟੀਚਿਊਟ (PSRI) ਦੇ ਨਿਊਰੋਸਰਜਨ ਅਤੇ ਡਾਇਰੈਕਟਰ ਡਾ. ਅਮਿਤਾਭ ਗੁਪਤਾ ਅਨੁਸਾਰ, ਪ੍ਰਦੂਸ਼ਣ ਦੇ ਮੌਸਮ 'ਚ ਹਸਪਤਾਲ ਦੀ ਓਪੀਡੀ ਅਤੇ ਐਮਰਜੈਂਸੀ 'ਚ ਸਟ੍ਰੋਕ ਦੇ ਮਾਮਲੇ ਵਧਣ ਲੱਗਦੇ ਹਨ। ਇੱਥੋਂ ਤੱਕ ਕਿ 35 ਤੋਂ 45 ਸਾਲ ਦੀ ਉਮਰ ਦੇ ਨੌਜਵਾਨ ਵੀ ਇਸ ਦੀ ਲਪੇਟ 'ਚ ਆ ਰਹੇ ਹਨ।
ਇੰਦਰਪ੍ਰਸਥ ਅਪੋਲੋ ਹਸਪਤਾਲ ਦੇ ਸਟ੍ਰੋਕ ਮਾਹਿਰ ਅਤੇ ਸੀਨੀਅਰ ਕੰਸਲਟੈਂਟ-ਨਿਊਰੋਲੋਜੀ ਡਾ. ਵਿਨੀਤ ਸੂਰੀ ਅਨੁਸਾਰ, ਪ੍ਰਦੂਸ਼ਣ, ਤਣਾਅ ਅਤੇ ਲੰਬੇ ਸਮੇਂ ਤੱਕ ਸਰੀਰਕ ਸਰਗਰਮੀ ਨਾ ਕਰਨਾ ਸਟ੍ਰੋਕ ਦੇ ਖ਼ਤਰੇ ਨੂੰ ਵਧਾਉਣ ਵਾਲੇ ਮੁੱਖ ਕਾਰਕ ਹਨ।
ਪ੍ਰਦੂਸ਼ਣ ਨਾਲ ਕਿਵੇਂ ਵਧਦਾ ਹੈ ਖ਼ਤਰਾ? ਡਿਸਕਵਰ ਪਬਲਿਕ ਹੈਲਥ 'ਚ ਪ੍ਰਕਾਸ਼ਿਤ ਦਿੱਲੀ-ਸ਼ਿਮਲਾ ਦੇ ਇੱਕ ਅਧਿਐਨ ਅਨੁਸਾਰ, 2021 ਤੋਂ 2025 ਦੇ ਮੱਧ ਤੱਕ ਹਸਪਤਾਲ 'ਚ ਦਾਖ਼ਲ 41,436 ਮਰੀਜ਼ਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਨ੍ਹਾਂ 'ਚ ਦਿੱਲੀ ਦੇ ਦਿਲ ਦੀਆਂ ਬਿਮਾਰੀਆਂ ਦੇ 11,494 ਮਾਮਲੇ ਸ਼ਾਮਲ ਸਨ। ਅਧਿਐਨ ਮੁਤਾਬਕ, ਦਿੱਲੀ 'ਚ AQI 'ਚ ਹਰ 10 ਅੰਕਾਂ ਦੇ ਵਾਧੇ ਨਾਲ ਇੱਕ ਦਿਨ ਦੇ ਅੰਦਰ ਦਿਲ ਦੀਆਂ ਬਿਮਾਰੀਆਂ ਦੀਆਂ ਘਟਨਾਵਾਂ 'ਚ 1.8 ਫ਼ੀਸਦੀ ਵਾਧਾ ਦੇਖਿਆ ਗਿਆ। ਇਸੇ ਤਰ੍ਹਾਂ PM2.5 'ਚ 10 ਯੂਨਿਟ ਦੇ ਵਾਧੇ ਨਾਲ ਇਹ ਵਾਧਾ 2 ਫ਼ੀਸਦੀ ਦਰਜ ਕੀਤਾ ਗਿਆ।
ਪ੍ਰਦੂਸ਼ਣ ਦੇ ਬਰੀਕ ਕਣ ਖ਼ੂਨ 'ਚ ਪਲੇਟਲੈਟਸ ਨੂੰ ਵਧੇਰੇ ਚਿਪਕਣ ਵਾਲਾ ਬਣਾ ਦਿੰਦੇ ਹਨ, ਜਿਸ ਨਾਲ ਨਾੜੀਆਂ 'ਚ ਖ਼ੂਨ ਦੇ ਥੱਕੇ ਬਣਨ ਦਾ ਖ਼ਤਰਾ ਵਧ ਜਾਂਦਾ ਹੈ। ਅਧਿਐਨਾਂ 'ਚ PM2.5 ਦੇ ਵਧਣ ਨਾਲ ਦਿਲ ਦੇ ਦੌਰੇ ਦੇ ਖ਼ਤਰੇ 'ਚ 2 ਫ਼ੀਸਦੀ ਅਤੇ ਸਟ੍ਰੋਕ ਦੇ ਖ਼ਤਰੇ 'ਚ 1 ਫ਼ੀਸਦੀ ਵਾਧੇ ਦਾ ਸਬੰਧ ਵੀ ਪਾਇਆ ਗਿਆ ਹੈ।
ਕੁਰਸੀ ’ਤੇ ਲੰਮਾ ਸਮਾਂ ਬੈਠਣਾ ਅਤੇ ਤਣਾਅ ਪਾ ਰਹੇ ਦੋਹਰੀ ਮਾਰ
ਡਾ. ਵਿਨੀਤ ਸੂਰੀ ਅਨੁਸਾਰ, PM2.5 ਦੇ ਬਰੀਕ ਕਣ ਫੇਫੜਿਆਂ 'ਚ ਡੂੰਘਾਈ ਤੱਕ ਪਹੁੰਚ ਕੇ ਸੋਜ ਵਧਾਉਂਦੇ ਹਨ ਅਤੇ ਖ਼ੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਬਲੱਡ ਪ੍ਰੈਸ਼ਰ ਵਧਣ ਅਤੇ ਖ਼ੂਨ ਦੇ ਥੱਕੇ ਬਣਨ ਦਾ ਖ਼ਤਰਾ ਵਧ ਜਾਂਦਾ ਹੈ। ਜਦੋਂ ਦਿਮਾਗ ਤੱਕ ਖ਼ੂਨ ਪਹੁੰਚਾਉਣ ਵਾਲੀ ਨਾੜੀ 'ਚ ਰੁਕਾਵਟ ਆ ਜਾਂਦੀ ਹੈ ਜਾਂ ਨਾੜੀ ਫਟ ਜਾਂਦੀ ਹੈ, ਤਾਂ ਸਟ੍ਰੋਕ ਹੋ ਸਕਦਾ ਹੈ।
ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ ਡਾ. ਵਿਨੀਤ ਸੂਰੀ ਅਨੁਸਾਰ, ਅਚਾਨਕ ਸਰੀਰ ਦਾ ਸੰਤੁਲਨ ਵਿਗੜਨਾ, ਧੁੰਦਲਾ ਦਿਖਾਈ ਦੇਣਾ, ਚਿਹਰੇ ਦਾ ਇੱਕ ਪਾਸਾ ਲਟਕ ਜਾਣਾ, ਹੱਥਾਂ ਜਾਂ ਪੈਰਾਂ 'ਚ ਕਮਜ਼ੋਰੀ ਜਾਂ ਸੁੰਨਪਨ ਅਤੇ ਬੋਲਣ 'ਚ ਮੁਸ਼ਕਲ ਆਉਣਾ ਸਟ੍ਰੋਕ ਦੇ ਸੰਕੇਤ ਹੋ ਸਕਦੇ ਹਨ।
ਡਾ. ਅਮਿਤਾਭ ਗੁਪਤਾ ਅਨੁਸਾਰ, ਲੱਛਣ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਸਾਢੇ ਚਾਰ ਘੰਟੇ ਇਲਾਜ ਲਈ ਬੇਹੱਦ ਮਹੱਤਵਪੂਰਨ ਹੁੰਦੇ ਹਨ। ਇਸ ਲਈ ਅਜਿਹੇ ਲੱਛਣ ਦਿਖਾਈ ਦੇਣ ’ਤੇ ਬਿਨਾਂ ਦੇਰੀ ਕੀਤੇ ਹਸਪਤਾਲ ਪਹੁੰਚਣਾ ਚਾਹੀਦਾ ਹੈ।
ਸਟ੍ਰੋਕ ਤੋਂ ਬਚਾਅ ਕਿਵੇਂ ਕਰੀਏ? ਡਾ. ਸੂਰੀ ਅਨੁਸਾਰ, ਪ੍ਰਦੂਸ਼ਣ ਦਾ ਪੱਧਰ ਵੱਧ ਹੋਣ ’ਤੇ ਸਵੇਰ ਦੀ ਸੈਰ ਕਰਨ ਤੋਂ ਪਰਹੇਜ਼ ਕਰੋ ਅਤੇ ਬਾਹਰ ਨਿਕਲਦੇ ਸਮੇਂ N95 ਮਾਸਕ ਪਹਿਨੋ।
ਰੋਜ਼ਾਨਾ ਸੱਤ ਤੋਂ ਅੱਠ ਘੰਟੇ ਦੀ ਨੀਂਦ ਲਓ।
ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਦੀ ਨਿਯਮਿਤ ਜਾਂਚ ਕਰਵਾਓ।
ਸਿਗਰਟਨੋਸ਼ੀ ਤੋਂ ਬਚੋ।
ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ ਅਤੇ ਲੋੜੀਂਦਾ ਪਾਣੀ ਪੀਓ।