ਫੋਨ ਜਾਂ ਲੈਪਟਾਪ ਹੀ ਨਹੀਂ, ਰੋਜ਼ਾਨਾ ਦੀਆਂ ਇਹ ਮਾਮੂਲੀ ਆਦਤਾਂ ਵੀ ਅੱਖਾਂ ਨੂੰ ਪਹੁੰਚਾ ਸਕਦੀਆਂ ਹਨ ਨੁਕਸਾਨ, ਸਮੇਂ ਸਿਰ ਸਾਵਧਾਨੀ ਜ਼ਰੂਰੀ ਅੱਖਾਂ ਨੂੰ ਨੁਕਸਾਨ ਸਿਰਫ਼ ਫੋਨ ਜਾਂ ਲੈਪਟਾਪ ਤੋਂ ਹੀ ਨਹੀਂ, ਸਗੋਂ ਰੋਜ਼ਾਨਾ ਦੀਆਂ ਕੁਝ ਆਮ ਆਦਤਾਂ ਵੀ ਅੱਖਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
Publish Date: Thu, 08 Oct 2026 01:10 PM (IST)
Updated Date: Thu, 08 Oct 2026 01:13 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਖਾਂ ਨਾਲ ਜੁੜੀ ਕਿਸੇ ਵੀ ਸਮੱਸਿਆ, ਜਿਵੇਂ ਦਰਦ ਜਾਂ ਥਕਾਵਟ ਲਈ ਅਕਸਰ ਅਸੀਂ ਫੋਨ ਜਾਂ ਲੈਪਟਾਪ ਦੀ ਸਕਰੀਨ ਨੂੰ ਹੀ ਜ਼ਿੰਮੇਵਾਰ ਮੰਨਦੇ ਹਾਂ। ਹਾਲਾਂਕਿ, ਜ਼ਿਆਦਾ ਸਕਰੀਨ ਟਾਈਮ ਅੱਖਾਂ ਲਈ ਨੁਕਸਾਨਦੇਹ ਹੈ, ਪਰ ਸਾਡੀਆਂ ਰੋਜ਼ਾਨਾ ਦੀਆਂ ਕੁਝ ਆਦਤਾਂ ਵੀ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਹ ਆਦਤਾਂ ਦੇਖਣ ’ਚ ਬਹੁਤ ਆਮ ਲੱਗਦੀਆਂ ਹਨ, ਪਰ ਸਮੇਂ ਦੇ ਨਾਲ ਅੱਖਾਂ ਦੀ ਨਮੀ ਤੇ ਸਿਹਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਆਓ ਜਾਣਦੇ ਹਾਂ ਰੋਜ਼ਾਨਾ ਦੀਆਂ ਉਨ੍ਹਾਂ ਗਲਤੀਆਂ ਬਾਰੇ, ਜਿਨ੍ਹਾਂ ਨੂੰ ਤੁਰੰਤ ਸੁਧਾਰਨ ਦੀ ਲੋੜ ਹੈ।
ਘੱਟ ਰੌਸ਼ਨੀ ’ਚ ਕੰਮ ਕਰਨਾ ਜਾਂ ਪੜ੍ਹਨਾ ਘੱਟ ਰੌਸ਼ਨੀ ’ਚ ਕਿਤਾਬ ਪੜ੍ਹਨਾ ਜਾਂ ਬਿਲਕੁਲ ਹਨੇਰੇ ’ਚ ਬੈਠ ਕੇ ਤੇਜ਼ ਬ੍ਰਾਈਟਨੈੱਸ 'ਤੇ ਫੋਨ ਦੀ ਵਰਤੋਂ ਕਰਨਾ ਅੱਖਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਤਰ੍ਹਾਂ ਦੇ ਤੇਜ਼ ਕੰਨਟਰਾਸਟ ਕਾਰਨ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਆਮ ਨਾਲੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਨਾਲ ਅੱਖਾਂ ’ਚ ਤਣਾਅ, ਬੇਚੈਨੀ ਤੇ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਪੜ੍ਹਦੇ ਜਾਂ ਕੰਮ ਕਰਦੇ ਸਮੇਂ ਕਮਰੇ ’ਚ ਢੁਕਵੀਂ ਰੌਸ਼ਨੀ ਦਾ ਧਿਆਨ ਰੱਖੋ।
ਅਧੂਰੀ ਨੀਂਦ ਤੇ ਪਾਣੀ ਦੀ ਕਮੀ ਦੇਰ ਰਾਤ ਤੱਕ ਜਾਗਣਾ, ਪੂਰੀ ਨੀਂਦ ਨਾ ਲੈਣਾ ਜਾਂ ਨੀਂਦ ਦਾ ਪੈਟਰਨ ਵਿਗੜ ਜਾਣ ਕਾਰਨ ਅੱਖਾਂ ਸੁੱਕੀਆਂ ਤੇ ਥੱਕੀਆਂ ਹੋਈਆਂ ਮਹਿਸੂਸ ਹੋ ਸਕਦੀਆਂ ਹਨ। ਸੌਂਦੇ ਸਮੇਂ ਅੱਖਾਂ ਨੂੰ ਆਰਾਮ ਤੇ ਰਿਕਵਰੀ ਦਾ ਮੌਕਾ ਮਿਲਦਾ ਹੈ, ਪਰ ਪੂਰੀ ਨੀਂਦ ਨਾ ਹੋਣ ਕਾਰਨ ਅੱਖਾਂ ਨੂੰ ਲੋੜੀਂਦਾ ਆਰਾਮ ਨਹੀਂ ਮਿਲਦਾ। ਇਸ ਤੋਂ ਇਲਾਵਾ, ਘੱਟ ਪਾਣੀ ਪੀਣ ਨਾਲ ਵੀ ਅੱਖਾਂ ’ਚ ਡਰਾਈਨੈੱਸ ਵੱਧ ਸਕਦੀ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ’ਚ ਜੋ ਲੰਬੇ ਸਮੇਂ ਤੱਕ ਏਸੀ ਵਾਲੇ ਮਾਹੌਲ ’ਚ ਬੈਠਦੇ ਹਨ।
ਵਾਰ-ਵਾਰ ਅੱਖਾਂ ਮਲਣਾ ਥਕਾਵਟ ਜਾਂ ਖੁਜਲੀ ਮਹਿਸੂਸ ਹੋਣ 'ਤੇ ਅੱਖਾਂ ਨੂੰ ਰਗੜਨਾ ਕਾਫ਼ੀ ਆਮ ਹੈ, ਪਰ ਜ਼ਿਆਦਾ ਜਾਂ ਜ਼ੋਰ ਨਾਲ ਅੱਖਾਂ ਮਲਣ ਨਾਲ ਅੱਖਾਂ ਦੀ ਸਤ੍ਹਾ ਨੂੰ ਨੁਕਸਾਨ ਪਹੁੰਚ ਸਕਦਾ ਹੈ। ਜੇਕਰ ਵਾਰ-ਵਾਰ ਖੁਜਲੀ ਹੁੰਦੀ ਹੈ ਤਾਂ ਇਸ ਦੇ ਕਾਰਨ ਨੂੰ ਸਮਝਣਾ ਜ਼ਰੂਰੀ ਹੈ ਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਬਿਨਾਂ ਹੱਥ ਧੋਤੇ ਅੱਖਾਂ ਨੂੰ ਛੂਹਣ ਜਾਂ ਕਨਟੈਕਟ ਲੈਂਸ ਦੀ ਸਹੀ ਤਰ੍ਹਾਂ ਸਫਾਈ ਨਾ ਕਰਨ ਨਾਲ ਅੱਖਾਂ ’ਚ ਇਨਫੈਕਸ਼ਨ ਦਾ ਖਤਰਾ ਵੱਧ ਸਕਦਾ ਹੈ।
ਖਾਣ-ਪੀਣ ਤੇ ਧੁੱਪ ਦਾ ਧਿਆਨ ਨਾ ਰੱਖਣਾ ਖਾਣ-ਪੀਣ ’ਚ ਪੋਸ਼ਣ ਦੀ ਕਮੀ ਵੀ ਅੱਖਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਦੂਜੇ ਪਾਸੇ, ਯੂਵੀ ਪ੍ਰੋਟੈਕਸ਼ਨ ਵਾਲੇ ਚਸ਼ਮੇ ਤੋਂ ਬਿਨਾਂ ਧੁੱਪ ’ਚ ਜ਼ਿਆਦਾ ਸਮਾਂ ਬਿਤਾਉਣਾ ਲੰਬੇ ਸਮੇਂ ’ਚ ਨੁਕਸਾਨਦੇਹ ਹੋ ਸਕਦਾ ਹੈ। ਧੁੱਪ ਤੋਂ ਬਚਾਅ, ਭਰਪੂਰ ਮਾਤਰਾ ’ਚ ਪਾਣੀ ਪੀਣਾ, ਪੌਸ਼ਟਿਕ ਖਾਣਾ ਤੇ ਅੱਖਾਂ ਦੀ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਇਨ੍ਹਾਂ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰੋ ਜੇਕਰ ਤੁਹਾਨੂੰ ਧੁੰਦਲਾ ਦਿਖਾਈ ਦੇ ਰਿਹਾ ਹੈ, ਵਾਰ-ਵਾਰ ਸਿਰਦਰਦ ਹੁੰਦਾ ਹੈ, ਅੱਖਾਂ ’ਚ ਦਰਦ, ਲਾਲੀ, ਪਾਣੀ ਆਉਣਾ ਜਾਂ ਅਚਾਨਕ ਨਜ਼ਰ ’ਚ ਕੋਈ ਬਦਲਾਅ ਮਹਿਸੂਸ ਹੋ ਰਿਹਾ ਹੈ ਤਾਂ ਤੁਰੰਤ ਡਾਕਟਰ ਨਾਲ ਮਿਲ ਕੇ ਅੱਖਾਂ ਦੀ ਜਾਂਚ ਕਰਵਾਓ। ਹਰ ਸਮੱਸਿਆ ਲਈ ਸਿਰਫ਼ ਸਕਰੀਨ ਨੂੰ ਜ਼ਿੰਮੇਵਾਰ ਠਹਿਰਾਉਣਾ ਸਹੀ ਨਹੀਂ ਹੈ।
ਡਾ. ਮਹੀਪਾਲ ਸਚਦੇਵ, ਚੇਅਰਮੈਨ ਐਂਡ ਮੈਨੇਜਿੰਗ ਡਾਇਰੈਕਟਰ, ਸੈਂਟਰ ਫਾਰ ਸਾਈਟ ਗਰੁੱਪ ਆਫ਼ ਹਸਪਤਾਲਜ਼