ਦਿਨ ਭਰ ਸਕਰੀਨ ਦੇਖਦੇ-ਦੇਖਦੇ ਗਰਦਨ ਹੋ ਗਈ ਜਾਮ? ਸਿਰਫ਼ 5 ਮਿੰਟ ਦੀਆਂ ਇਹ 3 ਕਸਰਤਾਂ ਦੇਣਗੀਆਂ ਰਾਹਤ! ਅੱਜ ਦੇ ਡਿਜੀਟਲ ਯੁੱਗ ’ਚ ਘੰਟਿਆਂ ਤੱਕ ਸਕ੍ਰੀਨ ਦੇਖਣ ਕਾਰਨ ਗਰਦਨ ’ਚ ਅਕੜਨ ਤੇ ਦਰਦ ਹੋਣਾ ਆਮ ਗੱਲ ਬਣ ਗਈ ਹੈ। ਕੁਝ ਸਟ੍ਰੈਚਿੰਗ ਕਸਰਤਾਂ ਇਸ ਸਮੱਸਿਆ ਤੋਂ ਰਾਹਤ ਦਿਵਾਉਣ ’ਚ ਮਦਦ ਕਰ ਸਕਦੀਆਂ ਹਨ।
Publish Date: Sat, 10 Oct 2026 12:21 PM (IST)
Updated Date: Sat, 10 Oct 2026 12:24 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਅੱਜ ਦੇ ਡਿਜੀਟਲ ਯੁੱਗ ’ਚ ਘੰਟਿਆਂ ਤੱਕ ਕੰਪਿਊਟਰ, ਲੈਪਟਾਪ ਤੇ ਫ਼ੋਨ ਦੀ ਸਕ੍ਰੀਨ ਅੱਗੇ ਝੁਕ ਕੇ ਬੈਠਣਾ ਆਮ ਗੱਲ ਹੋ ਗਈ ਹੈ। ਕੰਮ ਲਈ ਜਾਂ ਸਮਾਂ ਬਿਤਾਉਣ ਵਾਸਤੇ ਅਸੀਂ ਘੰਟਿਆਂ ਤੱਕ ਫ਼ੋਨ ਜਾਂ ਲੈਪਟਾਪ ਦੇਖਦੇ ਰਹਿੰਦੇ ਹਾਂ। ਇਸ ਕਾਰਨ ਗਰਦਨ ਦੀਆਂ ਮਾਸਪੇਸ਼ੀਆਂ ’ਤੇ ਕਾਫ਼ੀ ਦਬਾਅ ਪੈਂਦਾ ਹੈ ਤੇ ਦਰਦ ਜਾਂ ਅਕੜਨ ਦੀ ਸਮੱਸਿਆ ਹੋਣ ਲੱਗਦੀ ਹੈ।
ਜੇ ਤੁਸੀਂ ਵੀ ਇਸ ਪਰੇਸ਼ਾਨੀ ਨਾਲ ਜੂਝ ਰਹੇ ਹੋ, ਤਾਂ ਕੁਝ ਆਸਾਨ ਸਟ੍ਰੈਚਿੰਗ ਕਸਰਤਾਂ ਤੁਹਾਡੀ ਮਦਦ ਕਰ ਸਕਦੀਆਂ ਹਨ। ਆਓ ਜਾਣਦੇ ਹਾਂ ਕੁਝ ਅਜਿਹੀਆਂ ਕਸਰਤਾਂ ਬਾਰੇ, ਜੋ ਗਰਦਨ ਦੀ ਅਕੜਨ ਘਟਾਉਣ ’ਚ ਮਦਦ ਕਰ ਸਕਦੀਆਂ ਹਨ।
1. ਨੇਕ ਟਿਲਟ (Neck Tilt) ਇਹ ਕਸਰਤ ਗਰਦਨ ਦੇ ਪਾਸਿਆਂ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿੰਦੀ ਹੈ ਤੇ ਅਕੜਨ ਤੋਂ ਰਾਹਤ ਦਿਵਾਉਣ ’ਚ ਮਦਦ ਕਰਦੀ ਹੈ। ਇਸ ਕਸਰਤ ਨੂੰ ਕਰਨ ਲਈ ਸਿੱਧੇ ਬੈਠੋ ਤੇ ਆਪਣੀ ਰੀੜ੍ਹ ਦੀ ਹੱਡੀ ਸਿੱਧੀ ਰੱਖੋ। ਹੁਣ ਆਪਣੇ ਸਿਰ ਨੂੰ ਹੌਲੀ-ਹੌਲੀ ਸੱਜੇ ਪਾਸੇ ਝੁਕਾਓ, ਤਾਂ ਜੋ ਤੁਹਾਡਾ ਸੱਜਾ ਕੰਨ ਸੱਜੇ ਮੋਢੇ ਦੇ ਨੇੜੇ ਪਹੁੰਚੇ। ਇਸ ਸਥਿਤੀ ’ਚ 15 ਤੋਂ 20 ਸਕਿੰਟ ਤੱਕ ਰਹੋ ਤੇ ਫਿਰ ਆਮ ਸਥਿਤੀ ’ਚ ਆ ਜਾਓ। ਹੁਣ ਇਸੇ ਪ੍ਰਕਿਰਿਆ ਨੂੰ ਦੂਜੇ ਪਾਸੇ ਦੁਹਰਾਓ।
2. ਚਿਨ ਟੱਕ (Chin Tuck) ਇਹ ਕਸਰਤ ਗਰਦਨ ਦੇ ਪਿਛਲੇ ਹਿੱਸੇ ਤੇ ਪਿੱਠ ਦੀਆਂ ਮਾਸਪੇਸ਼ੀਆਂ ਦੀ ਅਕੜਨ ਘਟਾਉਂਦੀ ਹੈ ਤੇ ਟੈੱਕ-ਨੇਕ (Tech Neck) ਦੀ ਸਮੱਸਿਆ ਤੋਂ ਬਚਣ ’ਚ ਵੀ ਮਦਦ ਕਰਦੀ ਹੈ।
ਇਸ ਕਸਰਤ ਲਈ ਸਿੱਧੇ ਬੈਠੋ ਤੇ ਆਪਣੀ ਨਜ਼ਰ ਸਾਹਮਣੇ ਰੱਖੋ। ਹੁਣ ਸਿਰ ਨੂੰ ਉੱਪਰ ਜਾਂ ਹੇਠਾਂ ਝੁਕਾਏ ਬਿਨਾਂ ਆਪਣੀ ਠੋਡੀ ਨੂੰ ਪਿੱਛੇ ਵੱਲ ਖਿੱਚੋ, ਤਾਂ ਜੋ ਗਰਦਨ ਦੇ ਪਿਛਲੇ ਹਿੱਸੇ ’ਚ ਖਿਚਾਅ ਮਹਿਸੂਸ ਹੋਵੇ। ਇਸ ਸਥਿਤੀ ’ਚ 10 ਸਕਿੰਟ ਤੱਕ ਰਹੋ ਤੇ ਫਿਰ ਆਮ ਸਥਿਤੀ ’ਚ ਆ ਜਾਓ। ਇਸ ਕਸਰਤ ਨੂੰ 5 ਤੋਂ 10 ਵਾਰ ਦੁਹਰਾਓ।
3. ਨੇਕ ਰੋਟੇਸ਼ਨ (Neck Rotation) ਗਰਦਨ ਤੇ ਮੋਢਿਆਂ ਦੇ ਜੋੜ ਵਾਲੇ ਹਿੱਸੇ ’ਚ ਤਣਾਅ ਘਟਾਉਣ ਲਈ ਇਹ ਇੱਕ ਵਧੀਆ ਕਸਰਤ ਹੈ।
ਇਸ ਕਸਰਤ ਲਈ ਆਪਣੀ ਗਰਦਨ ਨੂੰ ਪੂਰੀ ਤਰ੍ਹਾਂ ਆਰਾਮਦਾਇਕ ਰੱਖੋ ਤੇ ਹੌਲੀ-ਹੌਲੀ ਠੋਡੀ ਨੂੰ ਛਾਤੀ ਵੱਲ ਝੁਕਾਓ। ਹੁਣ ਆਪਣੇ ਸਿਰ ਨੂੰ ਹੌਲੀ-ਹੌਲੀ ਗੋਲ ਦਿਸ਼ਾ ’ਚ ਘੁਮਾਓ। ਪਹਿਲਾਂ ਸੱਜੇ ਪਾਸੇ ਤੋਂ ਪਿੱਛੇ ਵੱਲ ਲਿਜਾਂਦੇ ਹੋਏ ਖੱਬੇ ਪਾਸੇ ਲਿਆਓ ਤੇ ਫਿਰ ਖੱਬੇ ਪਾਸੇ ਤੋਂ ਸੱਜੇ ਪਾਸੇ ਘੁਮਾਓ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ਕਸਰਤ ਕਰਦੇ ਸਮੇਂ ਜੇ ਤੇਜ਼ ਦਰਦ ਜਾਂ ਝਟਕਾ ਮਹਿਸੂਸ ਹੋਵੇ, ਤਾਂ ਤੁਰੰਤ ਰੁਕ ਜਾਓ। ਕੰਮ ਕਰਦੇ ਸਮੇਂ ਹਰ 45 ਮਿੰਟ ਬਾਅਦ ਥੋੜ੍ਹਾ ਸੈਰ ਕਰੋ। ਆਪਣੀ ਕੰਪਿਊਟਰ ਜਾਂ ਲੈਪਟਾਪ ਦੀ ਸਕ੍ਰੀਨ ਨੂੰ ਅੱਖਾਂ ਦੇ ਪੱਧਰ ’ਤੇ ਰੱਖੋ, ਤਾਂ ਜੋ ਗਰਦਨ ਨੂੰ ਵਾਰ-ਵਾਰ ਝੁਕਾਉਣਾ ਨਾ ਪਵੇ।