ਡਾਇਬਟੀਜ਼ ਤੇ ਹਾਈ ਬੀਪੀ ਦੇ ਮਰੀਜ਼ ਨਰਾਤਿਆਂ ’ਚ ਰੱਖ ਰਹੇ ਹਨ ਵਰਤ? ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਕਿਡਨੀ ’ਤੇ ਵਧ ਸਕਦਾ ਹੈ ਖ਼ਤਰਾ ਨਰਾਤਿਆਂ ’ਚ ਵਰਤ ਰੱਖਣ ਵਾਲੇ ਡਾਇਬਟੀਜ਼ ਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।
Publish Date: Mon, 12 Oct 2026 02:28 PM (IST)
Updated Date: Mon, 12 Oct 2026 02:30 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਨਰਾਤਿਆਂ ’ਚ ਵਰਤ ਰੱਖਣ ਦਾ ਸਬੰਧ ਸ਼ਰਧਾ ਤੇ ਭਗਤੀ ਨਾਲ ਜੁੜਿਆ ਹੋਇਆ ਹੈ, ਪਰ ਜਿਹੜੇ ਲੋਕ ਡਾਇਬਟੀਜ਼ ਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਇਨ੍ਹਾਂ ਦਿਨਾਂ ਦੌਰਾਨ ਕਾਫ਼ੀ ਸਾਵਧਾਨੀ ਵਰਤਣ ਦੀ ਲੋੜ ਹੈ। ਅਜਿਹਾ ਇਸ ਲਈ ਕਿਉਂਕਿ ਜੇਕਰ ਡਾਇਬਟੀਜ਼ ਤੇ ਹਾਈ ਬੀਪੀ ਦੇ ਮਰੀਜ਼ ਵਰਤ ਦੌਰਾਨ ਆਪਣੀ ਸਿਹਤ ਦਾ ਸਹੀ ਧਿਆਨ ਨਹੀਂ ਰੱਖਦੇ, ਤਾਂ ਇਸ ਦਾ ਕਿਡਨੀ ’ਤੇ ਮਾੜਾ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ, ਵਰਤ ਦੌਰਾਨ ਲੰਬੇ ਸਮੇਂ ਤੱਕ ਕੁਝ ਨਾ ਖਾਣ-ਪੀਣ ਨਾਲ ਵੀ ਸਿਹਤ ’ਤੇ ਉਲਟਾ ਅਸਰ ਪੈ ਸਕਦਾ ਹੈ।
ਡਾਇਬਟੀਜ਼ ਤੇ ਹਾਈ ਬੀਪੀ ਦੇ ਮਰੀਜ਼ ਵਰਤ ਦੌਰਾਨ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ ਜੇਕਰ ਤੁਸੀਂ ਡਾਇਬਟੀਜ਼ ਜਾਂ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤੇ ਨਰਾਤਿਆਂ ’ਚ ਵਰਤ ਰੱਖਣ ਬਾਰੇ ਸੋਚ ਰਹੇ ਹੋ, ਤਾਂ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ ਰੱਖੋ।
1. ਪਹਿਲਾਂ ਡਾਕਟਰ ਦੀ ਸਲਾਹ ਲਓ ਵਰਤ ਰੱਖਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ। ਖ਼ਾਸ ਕਰਕੇ ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਜ਼ਿਆਦਾਤਰ ਸਮੇਂ ਵਧਿਆ ਰਹਿੰਦਾ ਹੈ, ਡਾਇਬਟੀਜ਼ ਕੰਟਰੋਲ ’ਚ ਨਹੀਂ ਹੈ ਜਾਂ ਤੁਹਾਨੂੰ ਕਿਡਨੀ ਨਾਲ ਸਬੰਧਤ ਕੋਈ ਸਮੱਸਿਆ ਹੈ।
2. ਬਲੱਡ ਸ਼ੂਗਰ ਤੇ ਬੀਪੀ ਦਾ ਪੱਧਰ ਚੈੱਕ ਕਰੋ
ਰੋਜ਼ਾਨਾ ਆਪਣੇ ਬਲੱਡ ਸ਼ੂਗਰ ਦੇ ਪੱਧਰ ਦੀ ਜਾਂਚ ਕਰੋ ਤੇ ਬਲੱਡ ਪ੍ਰੈਸ਼ਰ ਘੱਟ ਜਾਂ ਵੱਧ ਹੋਣ ਦੇ ਲੱਛਣਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ।
3. ਸਰੀਰ ’ਚ ਪਾਣੀ ਦੀ ਕਮੀ ਨਾ ਹੋਣ ਦਿਓ ਰੋਜ਼ਾਨਾ ਲੋੜੀਂਦੀ ਮਾਤਰਾ ’ਚ ਪਾਣੀ ਪੀਣਾ ਚਾਹੀਦਾ ਹੈ, ਪਰ ਵਰਤ ਦੌਰਾਨ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਸਰੀਰ ’ਚ ਪਾਣੀ ਦੀ ਕਮੀ ਨਾ ਹੋਵੇ। ਹਾਲਾਂਕਿ, ਜੇਕਰ ਤੁਹਾਨੂੰ ਕਿਡਨੀ ਜਾਂ ਦਿਲ ਨਾਲ ਸਬੰਧਤ ਕੋਈ ਬਿਮਾਰੀ ਹੈ ਤੇ ਡਾਕਟਰ ਨੇ ਪਾਣੀ ਪੀਣ ਦੀ ਮਾਤਰਾ ਸੀਮਤ ਰੱਖਣ ਦੀ ਸਲਾਹ ਦਿੱਤੀ ਹੈ, ਤਾਂ ਉਸ ਦੀ ਪਾਲਣਾ ਕਰੋ।
4. ਕਿਡਨੀ ਲਈ ਸੁਰੱਖਿਅਤ ਖੁਰਾਕ ਖਾਓ ਆਪਣੀ ਖੁਰਾਕ ’ਚ ਹਮੇਸ਼ਾ ਤਾਜ਼ੇ ਫਲ, ਸਬਜ਼ੀਆਂ ਤੇ ਸਿਹਤਮੰਦ ਭੋਜਨ ਸ਼ਾਮਲ ਕਰੋ। ਇਸ ਦੇ ਨਾਲ ਹੀ ਖਾਣੇ ਦੀ ਮਾਤਰਾ ਦਾ ਵੀ ਧਿਆਨ ਰੱਖੋ। ਵੱਧ ਨਮਕ, ਵਰਤ ਦੌਰਾਨ ਖਾਧੇ ਜਾਣ ਵਾਲੇ ਪੈਕਟਬੰਦ ਭੋਜਨ ਤੇ ਜੂਸ ਤੋਂ ਪਰਹੇਜ਼ ਕਰੋ। ਜੇਕਰ ਤੁਹਾਨੂੰ ਕਿਡਨੀ ਨਾਲ ਸਬੰਧਤ ਕੋਈ ਸਮੱਸਿਆ ਹੈ, ਤਾਂ ਪੋਟਾਸ਼ੀਅਮ ਤੇ ਫਾਸਫੋਰਸ ਦੀ ਮਾਤਰਾ ਬਾਰੇ ਆਪਣੇ ਡਾਕਟਰ ਜਾਂ ਡਾਇਟੀਸ਼ੀਅਨ ਤੋਂ ਸਲਾਹ ਲਓ। ਇਨ੍ਹਾਂ ਪੋਸ਼ਕ ਤੱਤਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਬਜਾਏ ਡਾਕਟਰ ਦੀ ਸਲਾਹ ਅਨੁਸਾਰ ਇਨ੍ਹਾਂ ਦੀ ਮਾਤਰਾ ਤੈਅ ਕਰੋ।
5. ਦਵਾਈਆਂ ਲੈਣੀਆਂ ਬੰਦ ਕਰਕੇ ਵਰਤ ਨਾ ਰੱਖੋ ਵਰਤ ਕਾਰਨ ਡਾਇਬਟੀਜ਼, ਬਲੱਡ ਪ੍ਰੈਸ਼ਰ ਜਾਂ ਕਿਡਨੀ ਨਾਲ ਸਬੰਧਤ ਦਵਾਈਆਂ ’ਚ ਆਪਣੀ ਮਰਜ਼ੀ ਨਾਲ ਕੋਈ ਬਦਲਾਅ ਨਾ ਕਰੋ ਤੇ ਨਾ ਹੀ ਦਵਾਈ ਲੈਣੀ ਬੰਦ ਕਰੋ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੁਝ ਦਵਾਈਆਂ ਕਾਰਨ ਸਰੀਰ ’ਚ ਪਾਣੀ ਦੀ ਕਮੀ ਜਾਂ ਬਲੱਡ ਸ਼ੂਗਰ ਬਹੁਤ ਘੱਟ ਹੋਣ ਦਾ ਖ਼ਤਰਾ ਵਧ ਸਕਦਾ ਹੈ। ਇਸ ਲਈ ਵਰਤ ਦੌਰਾਨ ਦਵਾਈਆਂ ਦੇ ਸਮੇਂ ਤੇ ਮਾਤਰਾ ਬਾਰੇ ਡਾਕਟਰ ਤੋਂ ਸਲਾਹ ਲੈਣੀ ਜ਼ਰੂਰੀ ਹੈ।
ਵਰਤ ਕਦੋਂ ਤੁਰੰਤ ਛੱਡ ਦੇਣਾ ਚਾਹੀਦਾ ਹੈ? ਜੇਕਰ ਤੁਹਾਨੂੰ ਬਹੁਤ ਜ਼ਿਆਦਾ ਥਕਾਵਟ, ਬੇਹੋਸ਼ੀ, ਸਰੀਰ ’ਚ ਪਾਣੀ ਦੀ ਕਮੀ, ਉਲਟੀਆਂ ਜਾਂ ਬਲੱਡ ਸ਼ੂਗਰ ਤੇ ਬਲੱਡ ਪ੍ਰੈਸ਼ਰ ਬਹੁਤ ਘੱਟ ਹੋਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਵਰਤ ਜਾਰੀ ਰੱਖਣ ਦੀ ਬਜਾਏ ਤੁਰੰਤ ਡਾਕਟਰੀ ਮਦਦ ਲਓ। ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਡਾਇਬਟੀਜ਼ ਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਆਪਣੀ ਕਿਡਨੀ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਇਸ ਲਈ ਨਰਾਤਿਆਂ ’ਚ ਵਰਤ ਰੱਖਣ ਤੋਂ ਪਹਿਲਾਂ ਕਿਡਨੀ ਦੇ ਮਾਹਿਰ ਡਾਕਟਰ (ਨੇਫਰੋਲੋਜਿਸਟ) ਨਾਲ ਸਲਾਹ ਜ਼ਰੂਰ ਕਰੋ।
–ਡਾਕਟਰ ਭਾਨੂ ਮਿਸ਼ਰਾ, ਫੋਰਟਿਸ ਹਸਪਤਾਲ, ਸ਼ਾਲੀਮਾਰ ਬਾਗ ’ਚ ਕਿਡਨੀ ਰੋਗਾਂ ਦੇ ਮਾਹਿਰ (ਨੇਫਰੋਲੋਜਿਸਟ)