ਮੱਛਰ ਸਾਰਿਆਂ ਨੂੰ ਨਹੀਂ ਵੱਢਦੇ ! ਹਜ਼ਾਰਾਂ ਦੀ ਭੀੜ 'ਚ ਤੁਹਾਨੂੰ ਹੀ ਕਿਉਂ ਬਣਾਉਂਦੇ ਹਨ ਨਿਸ਼ਾਨਾ, ਵਿਗਿਆਨੀਆਂ ਨੇ ਦਿੱਤਾ ਜਵਾਬ
ਸਟੱਡੀ ਦਾ ਸਭ ਤੋਂ ਹੈਰਾਨ ਕਰਨ ਵਾਲਾ ਖ਼ੁਲਾਸਾ ਇਹ ਹੈ ਕਿ CO2 ਸੁੰਘਣ ਤੋਂ ਬਾਅਦ ਮੱਛਰ ਅੰਨ੍ਹੇ ਹੋ ਕੇ ਨਹੀਂ ਉੱਡਦੇ, ਸਗੋਂ ਉਹ ਖ਼ਾਸ ਰੰਗਾਂ ਦੀ ਭਾਲ ਕਰਦੇ ਹਨ। ਪ੍ਰਯੋਗ ਵਿੱਚ ਦੇਖਿਆ ਗਿਆ ਕਿ ਮੱਛਰ ਲਾਲ, ਸੰਤਰੀ ਅਤੇ ਕਾਲੇ ਰੰਗਾਂ ਵੱਲ ਚੁੰਬਕ ਵਾਂਗ ਖਿੱਚੇ ਚਲੇ ਆਉਂਦੇ ਹਨ।
Publish Date: Wed, 09 Sep 2026 10:56 AM (IST)
Updated Date: Wed, 09 Sep 2026 11:00 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਮੱਛਰਾਂ ਦਾ ਵੱਢਣਾ ਕਿਸੇ ਨੂੰ ਵੀ ਪਸੰਦ ਨਹੀਂ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਹਜ਼ਾਰਾਂ ਦੀ ਭੀੜ ਵਿੱਚ ਵੀ ਮੱਛਰ ਕੁਝ ਖ਼ਾਸ ਲੋਕਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਉਂਦੇ ਹਨ?
ਮਸ਼ਹੂਰ ਸਾਇੰਸ ਜਰਨਲ 'ਨੇਚਰ ਕਮਿਊਨੀਕੇਸ਼ਨਜ਼' ਵਿੱਚ ਛਪੀ ਇੱਕ ਖੋਜ ਇਸ ਪਹੇਲੀ ਨੂੰ ਸੁਲਝਾਉਂਦੀ ਹੈ। ਜੀ ਹਾਂ, ਇਸ ਵਿੱਚ ਖੋਜਕਰਤਾਵਾਂ ਨੇ ਸਾਬਤ ਕੀਤਾ ਹੈ ਕਿ ਮੱਛਰ ਤੁਹਾਡੇ ਤੱਕ ਪਹੁੰਚਣ ਲਈ ਸਿਰਫ਼ ਤੁਹਾਡੀ ਗੰਧ 'ਤੇ ਨਿਰਭਰ ਨਹੀਂ ਰਹਿੰਦੇ, ਸਗੋਂ ਤੁਹਾਡੇ ਕੱਪੜਿਆਂ ਦਾ ਰੰਗ ਵੀ ਇਸ ਵਿੱਚ ਬਰਾਬਰ ਦਾ ਹਿੱਸੇਦਾਰ ਹੁੰਦਾ ਹੈ।
ਤੁਹਾਡੇ ਸਾਹਾਂ ਨਾਲ ਐਕਟਿਵ ਹੁੰਦੇ ਹਨ ਮੱਛਰ ਯੂਨੀਵਰਸਿਟੀ ਆਫ਼ ਵਾਸ਼ਿੰਗਟਨ, ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਅਤੇ ਜਰਮਨੀ ਦੀ ਫ੍ਰੀਬਰਗ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਮਿਲ ਕੇ ਇਹ ਸ਼ਾਨਦਾਰ ਅਧਿਐਨ ਕੀਤਾ ਹੈ। ਖੋਜ ਟੀਮ ਦੇ ਲੀਡਰ ਪ੍ਰੋਫੈਸਰ ਜੈਫਰੀ ਰਿਫੈਲ ਦੇ ਮੁਤਾਬਕ, ਮਾਦਾ 'ਏਡੀਜ਼ ਇਜਿਪਟੀ' ਮੱਛਰ ਆਪਣੇ ਸ਼ਿਕਾਰ ਨੂੰ ਲੱਭਣ ਲਈ ਸੁੰਘਣ ਅਤੇ ਦੇਖਣ ਦੀ ਦੋਹਰੀ ਰਣਨੀਤੀ ਅਪਣਾਉਂਦੀ ਹੈ।
ਜਦੋਂ ਅਸੀਂ ਸਾਹ ਛੱਡਦੇ ਹਾਂ ਤਾਂ ਕਾਰਬਨ ਡਾਇਓਕਸਾਈਡ ਹਵਾ ਵਿੱਚ ਘੁਲ ਜਾਂਦੀ ਹੈ। ਇਹ ਗੈਸ ਮੱਛਰਾਂ ਲਈ ਇੱਕ ਐਕਟੀਵੇਸ਼ਨ ਸਵਿੱਚ ਵਾਂਗ ਕੰਮ ਕਰਦੀ ਹੈ। CO2 ਦੀ ਗੰਧ ਮਿਲਦਿਆਂ ਹੀ ਮੱਛਰ ਚੌਕੰਨੇ ਹੋ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਸ਼ਿਕਾਰ ਨੂੰ ਲੱਭਣ ਲਈ ਤੇਜ਼ੀ ਨਾਲ ਕੰਮ ਕਰਨ ਲੱਗਦੀਆਂ ਹਨ।
ਮੱਛਰਾਂ ਦਾ ਆਪਣਾ 'ਕਲਰ ਕੋਡ'
ਸਟੱਡੀ ਦਾ ਸਭ ਤੋਂ ਹੈਰਾਨ ਕਰਨ ਵਾਲਾ ਖ਼ੁਲਾਸਾ ਇਹ ਹੈ ਕਿ CO2 ਸੁੰਘਣ ਤੋਂ ਬਾਅਦ ਮੱਛਰ ਅੰਨ੍ਹੇ ਹੋ ਕੇ ਨਹੀਂ ਉੱਡਦੇ, ਸਗੋਂ ਉਹ ਖ਼ਾਸ ਰੰਗਾਂ ਦੀ ਭਾਲ ਕਰਦੇ ਹਨ। ਪ੍ਰਯੋਗ ਵਿੱਚ ਦੇਖਿਆ ਗਿਆ ਕਿ ਮੱਛਰ ਲਾਲ, ਸੰਤਰੀ ਅਤੇ ਕਾਲੇ ਰੰਗਾਂ ਵੱਲ ਚੁੰਬਕ ਵਾਂਗ ਖਿੱਚੇ ਚਲੇ ਆਉਂਦੇ ਹਨ।
ਇਸ ਦੇ ਉਲਟ, ਜੇਕਰ ਸਾਹਮਣੇ ਹਰਾ, ਚਿੱਟਾ, ਨੀਲਾ ਜਾਂ ਜਾਮਣੀ ਰੰਗ ਹੋਵੇ ਤਾਂ ਉਹ ਉਸ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੰਦੇ ਹਨ। ਯਾਨੀ ਜੇਕਰ ਤੁਸੀਂ ਗਰਮੀਆਂ ਵਿੱਚ ਚਿੱਟੇ ਜਾਂ ਹਰੇ ਰੰਗ ਦੇ ਕੱਪੜੇ ਪਾਉਂਦੇ ਹੋ, ਤਾਂ ਤੁਸੀਂ ਮੱਛਰਾਂ ਦੀ ਨਜ਼ਰ ਤੋਂ ਕਾਫ਼ੀ ਹੱਦ ਤੱਕ ਬਚ ਸਕਦੇ ਹੋ।
ਮੱਛਰ ਲਾਲ ਤੇ ਸੰਤਰੀ ਰੰਗ ਦੇ ਪਿੱਛੇ ਕਿਉਂ ਭੱਜਦੇ ਹਨ? ਮੱਛਰ ਲਾਲ ਅਤੇ ਸੰਤਰੀ ਰੰਗ ਦੇ ਪਿੱਛੇ ਹੀ ਕਿਉਂ ਭੱਜਦੇ ਹਨ? ਵਿਗਿਆਨੀਆਂ ਨੇ ਇਸ ਦਾ ਵੀ ਸਟੀਕ ਜਵਾਬ ਦਿੱਤਾ ਹੈ। ਇਨਸਾਨ ਦੀ ਚਮੜੀ ਦਾ ਰੰਗ ਚਾਹੇ ਕਿੰਨਾ ਵੀ ਗੋਰਾ ਜਾਂ ਸਾਂਵਲਾ ਕਿਉਂ ਨਾ ਹੋਵੇ, ਮੱਛਰਾਂ ਦੀਆਂ ਅੱਖਾਂ ਨੂੰ ਸਾਡੇ ਸਰੀਰ ਤੋਂ ਹਮੇਸ਼ਾ ਲਾਲ ਅਤੇ ਸੰਤਰੀ ਰੰਗ ਦੀਆਂ 'ਲਾਂਗ-ਵੇਵਲੈਂਥ' (ਲੰਬੀਆਂ ਤਰੰਗਾਂ) ਹੀ ਦਿਖਾਈ ਦਿੰਦੀਆਂ ਹਨ। ਸਾਡੀ ਚਮੜੀ ਹੀ ਮੱਛਰਾਂ ਲਈ ਇੱਕ ਵੱਡਾ ਲਾਲ ਸਿਗਨਲ ਹੈ, ਜੋ ਉਨ੍ਹਾਂ ਨੂੰ ਦਾਵਤ ਲਈ ਬੁਲਾਉਂਦਾ ਹੈ।
ਮੱਛਰਾਂ ਨੂੰ ਝਕਾਨੀ ਦੇਣ 'ਚ ਵਿਗਿਆਨੀਆਂ ਦੀ ਵੱਡੀ ਸਫ਼ਲਤਾ ਵਿਗਿਆਨੀਆਂ ਨੇ ਹਵਾ ਦੀ ਇੱਕ ਵਿਸ਼ੇਸ਼ ਸੁਰੰਗ ਬਣਾਈ ਤੇ 3D ਕੈਮਰਿਆਂ ਰਾਹੀਂ ਮੱਛਰਾਂ ਦੀਆਂ ਹਰਕਤਾਂ 'ਤੇ ਬਾਰੀਕੀ ਨਾਲ ਨਜ਼ਰ ਰੱਖੀ। ਉਨ੍ਹਾਂ ਨੇ ਕੁਝ ਕਮਾਲ ਦੇ ਪ੍ਰਯੋਗ ਕੀਤੇ
ਜਦੋਂ ਉਨ੍ਹਾਂ ਨੇ ਇੱਕ ਖ਼ਾਸ ਫਿਲਟਰ ਲਗਾ ਕੇ ਇਨਸਾਨੀ ਚਮੜੀ ਤੋਂ ਨਿਕਲਣ ਵਾਲੇ ਲਾਲ-ਸੰਤਰੀ ਸਿਗਨਲ ਨੂੰ ਛੁਪਾ ਦਿੱਤਾ ਤਾਂ ਮੱਛਰਾਂ ਨੇ ਇਨਸਾਨਾਂ 'ਤੇ ਧਿਆਨ ਦੇਣਾ ਬੰਦ ਕਰ ਦਿੱਤਾ।
ਵਿਗਿਆਨੀਆਂ ਨੇ ਕੁਝ ਅਜਿਹੇ 'ਮਿਊਟੈਂਟ' ਮੱਛਰ ਵੀ ਤਿਆਰ ਕੀਤੇ, ਜਿਨ੍ਹਾਂ ਦੀ ਜਾਂ ਤਾਂ CO2 ਸੁੰਘਣ ਦੀ ਸਮਰੱਥਾ ਖ਼ਤਮ ਕਰ ਦਿੱਤੀ ਗਈ ਸੀ ਜਾਂ ਫਿਰ ਉਹ ਲਾਲ ਰੰਗ ਨਹੀਂ ਦੇਖ ਸਕਦੇ ਸਨ। ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਇਨ੍ਹਾਂ ਮਿਊਟੈਂਟ ਮੱਛਰਾਂ ਨੇ ਵੀ ਇਨਸਾਨਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ।