- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਚੇ ਆਪਣੇ ਕੰਮਾਂ ਤੇ ਜ਼ਿੰਦਗੀ ’ਚ ਰੁੱਝ ਜਾਂਦੇ ਹਨ ਤੇ ਮਾਤਾ-ਪਿਤਾ ਖੁਦ ਨੂੰ ਇਕੱਲਾ ਮਹਿਸੂਸ ਕਰਨ ਲੱਗਦੇ ਹਨ। ਹਾਲਾਂਕਿ, ਥੋੜ੍ਹੀ ਜਿਹੀ ਕੋਸ਼ਿਸ਼ ਕਰਕੇ ਤੁਸੀਂ ਆਪਣੇ ਪੇਰੈਂਟਸ ਨੂੰ ਮੁੜ ਐਕਟਿਵ ਤੇ ਖੁਸ਼ ਰੱਖ ਸਕਦੇ ਹੋ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਰਿਟਾਇਰਮੈਂਟ ਜ਼ਿੰਦਗੀ ਦਾ ਇੱਕ ਵੱਡਾ ਮੋੜ ਹੁੰਦਾ ਹੈ। ਸਾਲਾਂ ਤੋਂ ਚੱਲ ਰਿਹਾ ਰੁਟੀਨ, ਕੰਮ ਦਾ ਦਬਾਅ, ਦਫ਼ਤਰ ਦੀਆਂ ਜ਼ਿੰਮੇਵਾਰੀਆਂ, ਇਹ ਸਭ ਕੁਝ ਅਚਾਨਕ ਖ਼ਤਮ ਹੋ ਜਾਂਦਾ ਹੈ। ਸ਼ੁਰੂਆਤ ’ਚ ਇਹ ਖਾਲੀ ਸਮਾਂ ਸਕੂਨ ਦਿੰਦਾ ਹੈ, ਪਰ ਹੌਲੀ-ਹੌਲੀ ਇਹ ਖਾਲੀਪਣ ਤੇ ਉਦਾਸੀ ’ਚ ਬਦਲਣ ਲੱਗਦਾ ਹੈ। ਇਸ ਲਈ ਜੇਕਰ ਤੁਹਾਡੇ ਪੇਰੈਂਟਸ ਹਾਲ ਹੀ ’ਚ ਰਿਟਾਇਰ ਹੋਏ ਹਨ, ਤਾਂ ਹੋ ਸਕਦਾ ਹੈ ਕਿ ਉਹ ਵੀ ਇਸੇ ਤਰ੍ਹਾਂ ਦੇ ਖਾਲੀਪਣ ਦਾ ਸਾਹਮਣਾ ਕਰ ਰਹੇ ਹੋਣ। ਬੱਚੇ ਆਪਣੇ ਕੰਮਾਂ ਤੇ ਜ਼ਿੰਦਗੀ ’ਚ ਰੁੱਝ ਜਾਂਦੇ ਹਨ ਤੇ ਮਾਤਾ-ਪਿਤਾ ਖੁਦ ਨੂੰ ਇਕੱਲਾ ਮਹਿਸੂਸ ਕਰਨ ਲੱਗਦੇ ਹਨ। ਹਾਲਾਂਕਿ, ਥੋੜ੍ਹੀ ਜਿਹੀ ਕੋਸ਼ਿਸ਼ ਕਰਕੇ ਤੁਸੀਂ ਆਪਣੇ ਪੇਰੈਂਟਸ ਨੂੰ ਮੁੜ ਐਕਟਿਵ ਤੇ ਖੁਸ਼ ਰੱਖ ਸਕਦੇ ਹੋ। ਆਓ ਜਾਣਦੇ ਹਾਂ ਰਿਟਾਇਰਮੈਂਟ ਤੋਂ ਬਾਅਦ ਪੇਰੈਂਟਸ ਨੂੰ ਐਕਟਿਵ ਤੇ ਖੁਸ਼ ਰੱਖਣ ਦੇ ਤਰੀਕੇ।
ਨਵੀਂ ਹੌਬੀ ਨੂੰ ਉਤਸ਼ਾਹਿਤ ਕਰੋ
ਕੰਮਕਾਜ ਦੀ ਭੱਜਦੌੜ ’ਚ ਅਕਸਰ ਲੋਕ ਆਪਣੀਆਂ ਹੌਬੀਜ਼ ਨੂੰ ਪਿੱਛੇ ਛੱਡ ਦਿੰਦੇ ਹਨ। ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਛੁੱਟੀਆਂ ਹੋਈਆਂ ਹੌਬੀਜ਼ ਨੂੰ ਦੁਬਾਰਾ ਅਪਣਾਉਣ ਦਾ ਸਮਾਂ ਮਿਲ ਜਾਂਦਾ ਹੈ। ਤੁਹਾਡੇ ਪੇਰੈਂਟਸ ਦੇ ਕੀ ਸ਼ੌਕ ਹਨ, ਇਸ ਗੱਲ ਵੱਲ ਧਿਆਨ ਦਿਓ। ਜਿਵੇਂ ਗਾਰਡਨਿੰਗ ਦਾ ਸ਼ੌਕ ਮਨ ਨੂੰ ਸ਼ਾਂਤੀ ਦਿੰਦਾ ਹੈ ਤੇ ਸਰੀਰਕ ਤੌਰ 'ਤੇ ਵੀ ਐਕਟਿਵ ਰੱਖਦਾ ਹੈ। ਜੇਕਰ ਤੁਹਾਡੇ ਪੇਰੈਂਟਸ ਨੂੰ ਪੜ੍ਹਨ ਦਾ ਸ਼ੌਕ ਹੈ, ਤਾਂ ਤੁਸੀਂ ਉਨ੍ਹਾਂ ਨੂੰ ਕੋਈ ਬੁੱਕ ਕਲੱਬ ਜੁਆਇਨ ਕਰਵਾ ਸਕਦੇ ਹੋ। ਇਸੇ ਤਰ੍ਹਾਂ ਜੇਕਰ ਉਨ੍ਹਾਂ ਨੂੰ ਸਿਲਾਈ ਜਾਂ ਕਢਾਈ-ਬੁਣਾਈ ਦਾ ਸ਼ੌਕ ਹੈ, ਤਾਂ ਇਸ ਨਾਲ ਵੀ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਦਿਮਾਗ ਐਕਟਿਵ ਰਹਿੰਦਾ ਹੈ, ਜੋ ਵਧਦੀ ਉਮਰ ’ਚ ਕਾਫ਼ੀ ਜ਼ਰੂਰੀ ਹੈ।
ਡਿਜੀਟਲ ਲਿਟਰੇਸੀ
ਅੱਜ ਡਿਜੀਟਲ ਦੌਰ ਹੈ ਤੇ ਤਕਨਾਲੋਜੀ ਤੋਂ ਦੂਰ ਰਹਿਣ ਕਾਰਨ ਬਜ਼ੁਰਗ ਆਪਣੇ ਆਪ ਨੂੰ ਦੂਜਿਆਂ ਤੋਂ ਵੱਖਰਾ ਮਹਿਸੂਸ ਕਰਨ ਲੱਗਦੇ ਹਨ। ਇਸ ਲਈ ਡਿਜੀਟਲ ਲਿਟਰੇਸੀ ਜ਼ਰੂਰੀ ਹੈ। ਉਨ੍ਹਾਂ ਨੂੰ ਸਮਾਰਟ ਟੀਵੀ ਚਲਾਉਣਾ, ਵੀਡੀਓ ਕਾਲ ਕਰਨਾ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਸਿਖਾਓ। ਇਸ ਨਾਲ ਉਹ ਆਪਣੇ ਪੁਰਾਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਆਸਾਨੀ ਨਾਲ ਜੁੜ ਸਕਣਗੇ। ਨਾਲ ਹੀ ਉਹ ਆਪਣੀ ਪਸੰਦ ਦੇ ਗਾਣੇ ਸੁਣ ਸਕਦੇ ਹਨ ਜਾਂ ਫ਼ਿਲਮਾਂ ਦੇਖ ਸਕਦੇ ਹਨ।
ਸੋਸ਼ਲ ਕਮਿਊਨਿਟੀ ਨਾਲ ਜੋੜੋ
ਇਕੱਲਾਪਣ ਦੂਰ ਕਰਨ ਲਈ ਲੋਕਾਂ ਨਾਲ ਮਿਲਣਾ-ਜੁਲਣਾ ਜ਼ਰੂਰੀ ਹੈ। ਉਨ੍ਹਾਂ ਨੂੰ ਨੇੜਲੇ ਪਾਰਕ ’ਚ ਵਾਕ ਜਾਂ ਯੋਗਾ ਗਰੁੱਪ ਜੁਆਇਨ ਕਰਨ ਲਈ ਕਹੋ। ਉੱਥੇ ਉਹ ਆਪਣੀ ਉਮਰ ਦੇ ਨਵੇਂ ਲੋਕਾਂ ਨਾਲ ਮਿਲ ਸਕਣਗੇ। ਕਈ ਥਾਵਾਂ 'ਤੇ ਸੀਨੀਅਰ ਸਿਟੀਜ਼ਨ ਕਲੱਬ ਵੀ ਹੁੰਦੇ ਹਨ, ਜਿੱਥੇ ਉਨ੍ਹਾਂ ਲਈ ਖਾਸ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜੇਕਰ ਤੁਹਾਡੇ ਆਸ-ਪਾਸ ਅਜਿਹਾ ਕੋਈ ਕਲੱਬ ਹੈ, ਤਾਂ ਤੁਸੀਂ ਉਨ੍ਹਾਂ ਨੂੰ ਉਸ ’ਚ ਸ਼ਾਮਲ ਹੋਣ ਲਈ ਕਹਿ ਸਕਦੇ ਹੋ।
ਫੈਸਲਿਆਂ ’ਚ ਸ਼ਾਮਲ ਕਰੋ
ਉਮਰ ਵਧਣ ਦੇ ਨਾਲ ਮਾਤਾ-ਪਿਤਾ ਘਰ ਦੀਆਂ ਜ਼ਿੰਮੇਵਾਰੀਆਂ ਬੱਚਿਆਂ ਨੂੰ ਸੌਂਪ ਦਿੰਦੇ ਹਨ, ਪਰ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣਾ ਜ਼ਰੂਰੀ ਹੁੰਦਾ ਹੈ ਕਿ ਉਨ੍ਹਾਂ ਦੀ ਅਹਿਮੀਅਤ ਅੱਜ ਵੀ ਉਹੀ ਹੈ। ਇਸ ਲਈ ਉਨ੍ਹਾਂ ਨੂੰ ਘਰ ਦੇ ਫੈਸਲਿਆਂ ’ਚ ਸ਼ਾਮਲ ਕਰੋ। ਰੋਜ਼ਾਨਾ ਉਨ੍ਹਾਂ ਨਾਲ ਘੱਟੋ-ਘੱਟ ਅੱਧਾ ਘੰਟਾ ਬੈਠ ਕੇ ਗੱਲਬਾਤ ਕਰੋ। ਉਨ੍ਹਾਂ ਦੇ ਪੁਰਾਣੇ ਕਿੱਸੇ ਸੁਣੋ ਜਾਂ ਆਪਣੀ ਕੋਈ ਕਹਾਣੀ ਉਨ੍ਹਾਂ ਨਾਲ ਸਾਂਝੀ ਕਰੋ। ਇਸ ਨਾਲ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਉਹ ਤੁਹਾਡੀ ਜ਼ਿੰਦਗੀ ’ਚ ਅੱਜ ਵੀ ਬਹੁਤ ਮਹੱਤਵ ਰੱਖਦੇ ਹਨ।