- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸੀਂ ਅਕਸਰ ਧੁੰਨੀ ’ਚ ਬਣੇ ਰੂੰ ਨੂੰ ਉਂਗਲਾਂ ਨਾਲ ਕੱਢ ਕੇ ਸੁੱਟ ਦਿੰਦੇ ਹਾਂ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਤੁਹਾਡੇ ਪੇਟ ਦੇ ਉਸ ਛੋਟੇ ਜਿਹੇ ਖੱਡੇ ਤੱਕ ਪਹੁੰਚਦੀ ਕਿਵੇਂ ਹੈ?

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਦਿਨ ਭਰ ਦੀ ਭੱਜਦੌੜ ਤੋਂ ਬਾਅਦ ਜਦੋਂ ਅਸੀਂ ਕੱਪੜੇ ਬਦਲਦੇ ਹਾਂ ਤਾਂ ਅਕਸਰ ਸਾਡੀ ਧੁੰਨੀ ’ਚ ਰੂੰ ਦਾ ਇੱਕ ਛੋਟਾ ਜਿਹਾ ਗੋਲਾ ਨਜ਼ਰ ਆਉਂਦਾ ਹੈ। ਲੋਕ ਇਸਨੂੰ ਹਟਾ ਕੇ ਭੁੱਲ ਜਾਂਦੇ ਹਨ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖਿਰ ਇਹ ਰੂੰ ਉੱਥੇ ਆਉਂਦਾ ਕਿੱਥੋਂ ਹੈ? ਆਓ, ਇਸ ਲੇਖ ’ਚ ਜਾਣਦੇ ਹਾਂ ਕਿ ਆਖਰ ਧੁੰਨੀ ’ਚ ਇਹ Navel Lint ਕਿਉਂ ਬਣਦਾ ਹੈ ਤੇ ਇਸ ਤੋਂ ਬਚਣ ਦੇ ਕੀ ਤਰੀਕੇ ਹਨ।
ਵਾਲਾਂ ਤੇ ਕੱਪੜਿਆਂ ਦੀ ਰਗੜ ਦਾ ਨਤੀਜਾ
ਵਿਗਿਆਨੀਆਂ ਦਾ ਕਹਿਣਾ ਹੈ ਕਿ ਸਾਡੀ ਧੁੰਨੀ ’ਚ ਰੂੰ ਜਮ੍ਹਾਂ ਹੋਣ ਦੇ ਪਿੱਛੇ ਪੇਟ ਦੇ ਵਾਲ ਸਭ ਤੋਂ ਵੱਡੇ ਜ਼ਿੰਮੇਵਾਰ ਹੁੰਦੇ ਹਨ। ਜਦੋਂ ਅਸੀਂ ਕੱਪੜੇ ਪਾ ਕੇ ਤੁਰਦੇ-ਫਿਰਦੇ ਜਾਂ ਕੰਮ ਕਰਦੇ ਹਾਂ ਤਾਂ ਪੇਟ ਦੇ ਵਾਲ ਛੋਟੇ-ਛੋਟੇ 'ਹੁੱਕ' ਵਾਂਗ ਕੰਮ ਕਰਦੇ ਹਨ। ਸਰੀਰ ਦੀ ਹਿਲਜੁਲ ਕਾਰਨ ਇਹ ਵਾਲ ਕੱਪੜਿਆਂ ਨਾਲ ਰਗੜ ਖਾਂਦੇ ਹਨ ਤੇ ਕਮੀਜ਼ ਦੇ ਬਾਰੀਕ ਰੇਸ਼ਿਆਂ ਨੂੰ ਆਪਣੇ ਵੱਲ ਖਿੱਚ ਲੈਂਦੇ ਹਨ। ਇਸ ਤੋਂ ਬਾਅਦ ਇਹ ਵਾਲ ਉਨ੍ਹਾਂ ਰੇਸ਼ਿਆਂ ਨੂੰ ਸਿੱਧਾ ਧੁੰਨੀ ਦੇ ਅੰਦਰ ਧੱਕ ਦਿੰਦੇ ਹਨ।
ਇਹੀ ਕਾਰਨ ਹੈ ਕਿ ਜਿਨ੍ਹਾਂ ਮਰਦਾਂ ਦੇ ਪੇਟ ’ਤੇ ਜ਼ਿਆਦਾ ਵਾਲ ਹੁੰਦੇ ਹਨ, ਉਨ੍ਹਾਂ ਦੀ ਧੁੰਨੀ ’ਚ ਰੂੰ ਵੀ ਜ਼ਿਆਦਾ ਪਾਇਆ ਜਾਂਦਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ ਰੂੰ ਦਾ ਰੰਗ ਬਿਲਕੁਲ ਉਹੀ ਹੁੰਦਾ ਹੈ, ਜਿਸ ਰੰਗ ਦੇ ਕੱਪੜੇ ਤੁਸੀਂ ਉਸ ਸਮੇਂ ਪਹਿਨੇ ਹੁੰਦੇ ਹੋ।
ਕੀ ਇਸ ਰੂੰ ’ਚ ਸਿਰਫ਼ ਕੱਪੜਿਆਂ ਦੇ ਰੇਸ਼ੇ ਹੁੰਦੇ ਹਨ?
ਸਾਲ 2002 ’ਚ 'Canadian Medical Association Journal' ’ਚ ਛਪੀ ਇੱਕ ਰਿਪੋਰਟ ਮੁਤਾਬਕ, ਇਹ ਰੂੰ ਸਿਰਫ਼ ਕੱਪੜਿਆਂ ਤੋਂ ਨਹੀਂ ਬਣਦੀ। ਅਸਲ ’ਚ ਇਹ ਸਾਡੇ ਕੱਪੜਿਆਂ ਦੇ ਰੇਸ਼ਿਆਂ, ਸਰੀਰ ਤੋਂ ਝੜੇ ਹੋਏ ਵਾਲਾਂ ਤੇ ਮ੍ਰਿਤ ਚਮੜੀ (Dead Skin) ਦਾ ਇੱਕ ਮਿਸ਼ਰਣ ਹੁੰਦੀ ਹੈ।
ਕੁਝ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਧੁੰਨੀ ’ਚ ਰੂੰ ਇਕੱਠਾ ਹੋਣਾ ਸਾਡੇ ਸਰੀਰ ਵੱਲੋਂ ਆਪਣੇ ਆਪ ਨੂੰ ਸਾਫ਼ ਕਰਨ ਦਾ ਇੱਕ ਕੁਦਰਤੀ ਤਰੀਕਾ ਹੋ ਸਕਦਾ ਹੈ।
ਇੱਕ ਵਿਗਿਆਨੀ ਦਾ ਅਨੋਖਾ ਪ੍ਰਯੋਗ
ਇਸ ਵਿਸ਼ੇ ਨੂੰ ਡੂੰਘਾਈ ਨਾਲ ਸਮਝਣ ਲਈ ਇੱਕ ਵਿਗਿਆਨੀ ਨੇ ਅਨੋਖਾ ਤਰੀਕਾ ਅਪਣਾਇਆ। ਉਨ੍ਹਾਂ ਨੇ ਮਾਰਚ 2005 ਤੋਂ ਲਗਾਤਾਰ ਕਈ ਸਾਲਾਂ ਤੱਕ ਆਪਣੀ ਹੀ ਧੁੰਨੀ ’ਚੋਂ ਨਿਕਲਣ ਵਾਲੇ ਰੂੰ ਇਕੱਠਾ ਕੀਤਾ।
ਉਨ੍ਹਾਂ ਨੇ ਰੂੰ ਦੇ 503 ਛੋਟੇ-ਛੋਟੇ ਟੁਕੜੇ ਇਕੱਠੇ ਕੀਤੇ, ਜਿਨ੍ਹਾਂ ਦਾ ਕੁੱਲ ਵਜ਼ਨ ਲਗਭਗ 1 ਗ੍ਰਾਮ ਸੀ। ਉਨ੍ਹਾਂ ਨੇ ਪਾਇਆ ਕਿ ਜ਼ਿਆਦਾਤਰ ਟੁਕੜਿਆਂ ਦਾ ਵਜ਼ਨ 1.20 ਤੋਂ 1.29 ਮਿਲੀਗ੍ਰਾਮ ਦੇ ਵਿਚਕਾਰ ਸੀ ਤੇ ਇਨ੍ਹਾਂ ਦਾ ਔਸਤ ਵਜ਼ਨ 1.82 ਮਿਲੀਗ੍ਰਾਮ ਸੀ।
ਧੁੰਨੀ ’ਚੋਂ ਬਦਬੂ ਕਿਉਂ ਆਉਂਦੀ ਹੈ?
ਧੁੰਨੀ ’ਚ ਰੂੰ ਬਣਨਾ ਬਿਲਕੁਲ ਆਮ ਗੱਲ ਹੈ, ਪਰ ਜੇ ਤੁਹਾਡੀ ਧੁੰਨੀ ’ਚੋਂ ਬਦਬੂ ਆ ਰਹੀ ਹੈ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਸਾਲ 2012 ’ਚ 'North Carolina State University' ਦੀ ਇੱਕ ਰਿਸਰਚ ’ਚ ਪਾਇਆ ਗਿਆ ਕਿ ਇੱਕ ਆਮ ਵਿਅਕਤੀ ਦੀ ਧੁੰਨੀ ’ਚ ਲਗਭਗ 70 ਵੱਖ-ਵੱਖ ਕਿਸਮਾਂ ਦੇ ਬੈਕਟੀਰੀਆ ਰਹਿੰਦੇ ਹਨ।
ਜੇ ਤੁਸੀਂ ਨਹਾਉਂਦੇ ਸਮੇਂ ਧੁੰਨੀ ਦੀ ਸਫਾਈ ਵੱਲ ਧਿਆਨ ਨਹੀਂ ਦਿੰਦੇ ਤਾਂ ਉੱਥੇ ਪਸੀਨਾ, ਸਰੀਰ ਦਾ ਤੇਲ, ਧੂੜ ਤੇ ਮ੍ਰਿਤ ਚਮੜੀ ਜਮ੍ਹਾਂ ਹੋਣ ਲੱਗਦੀ ਹੈ। ਜਦੋਂ ਇਹ ਚੀਜ਼ਾਂ ਬੈਕਟੀਰੀਆ ਦੇ ਸੰਪਰਕ ’ਚ ਆਉਂਦੀਆਂ ਹਨ ਤਾਂ ਤੇਜ਼ ਬਦਬੂ ਪੈਦਾ ਹੋ ਸਕਦੀ ਹੈ।
ਸਫਾਈ ਨਾ ਰੱਖਣ ਨਾਲ ਹੋ ਸਕਦਾ ਹੈ ਇਨਫੈਕਸ਼ਨ
ਧੁੰਨੀ ਦੀ ਠੀਕ ਤਰ੍ਹਾਂ ਸਫਾਈ ਨਾ ਕਰਨ ਨਾਲ ਦੋ ਤਰ੍ਹਾਂ ਦੇ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ :
ਬੈਕਟੀਰੀਅਲ ਇਨਫੈਕਸ਼ਨ: ਬੈਕਟੀਰੀਆ ਵਧਣ ਨਾਲ ਧੁੰਨੀ ’ਚ ਇਨਫੈਕਸ਼ਨ ਹੋ ਸਕਦਾ ਹੈ, ਜਿਸ ਕਾਰਨ ਭੂਰੇ ਜਾਂ ਪੀਲੇ ਰੰਗ ਦਾ ਡਿਸਚਾਰਜ ਨਿਕਲ ਸਕਦਾ ਹੈ। ਅਜਿਹੀ ਸਥਿਤੀ ’ਚ ਡਾਕਟਰ ਸੈਫਾਲੋਸਪੋਰਿਨ ਜਾਂ ਪੈਨਿਸਿਲਿਨ ਵਰਗੀਆਂ ਐਂਟੀਬਾਇਓਟਿਕ ਦਵਾਈਆਂ ਦੀ ਸਲਾਹ ਦੇ ਸਕਦੇ ਹਨ।
ਈਸਟ ਇਨਫੈਕਸ਼ਨ: ਧੁੰਨੀ ਅੰਦਰੋਂ ਨਮੀ ਵਾਲੀ ਤੇ ਹਨੇਰੀ ਹੁੰਦੀ ਹੈ, ਜੋ 'ਕੈਂਡੀਡਾ' ਨਾਮ ਦੇ ਈਸਟ ਦੇ ਵਧਣ ਲਈ ਢੁਕਵੀਂ ਜਗ੍ਹਾ ਹੈ। ਕੈਂਡੀਡਿਆਸਿਸ ਨਾਮ ਦੇ ਇਸ ਇਨਫੈਕਸ਼ਨ ’ਚ ਧੁੰਨੀ ਦੇ ਆਲੇ-ਦੁਆਲੇ ਲਾਲ ਚਕੱਤੇ ਪੈ ਸਕਦੇ ਹਨ, ਖੁਜਲੀ ਹੋ ਸਕਦੀ ਹੈ ਤੇ ਚਿੱਟੇ ਰੰਗ ਦਾ ਡਿਸਚਾਰਜ ਨਿਕਲ ਸਕਦਾ ਹੈ। ਇਸ ਦੇ ਇਲਾਜ ਲਈ ਡਾਕਟਰ ਕਲੋਟ੍ਰਿਮਾਜ਼ੋਲ ਜਾਂ ਮਾਈਕੋਨਾਜ਼ੋਲ ਵਰਗੀਆਂ ਐਂਟੀਫੰਗਲ ਕ੍ਰੀਮਾਂ ਦੇ ਸਕਦੇ ਹਨ।
ਬਚਾਅ ਦੇ ਆਸਾਨ ਤਰੀਕੇ
ਜੇ ਤੁਸੀਂ ਚਾਹੁੰਦੇ ਹੋ ਕਿ ਧੁੰਨੀ ’ਚ ਰੂੰ ਜਮ੍ਹਾਂ ਨਾ ਹੋਵੇ ਤਾਂ ਤੁਸੀਂ ਆਪਣੇ ਪੇਟ ਦੇ ਵਾਲ ਸ਼ੇਵ ਕਰ ਸਕਦੇ ਹੋ ਜਾਂ ਫਿਰ ਅਜਿਹੇ ਪੁਰਾਣੇ ਤੇ ਬਹੁਤ ਨਰਮ ਕੱਪੜੇ ਪਹਿਨ ਸਕਦੇ ਹੋ, ਜਿਨ੍ਹਾਂ ’ਚੋਂ ਰੇਸ਼ੇ ਨਾ ਨਿਕਲਣ।
ਇਸ ਤੋਂ ਇਲਾਵਾ, ਆਪਣੀ ਧੁੰਨੀ ਨੂੰ ਹਰ ਤਰ੍ਹਾਂ ਦੇ ਇਨਫੈਕਸ਼ਨ ਤੇ ਬਦਬੂ ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਰੋਜ਼ ਨਹਾਉਂਦੇ ਸਮੇਂ ਇਸਨੂੰ ਚੰਗੀ ਤਰ੍ਹਾਂ ਧੋਵੋ ਤੇ ਧੋਣ ਤੋਂ ਬਾਅਦ ਤੌਲੀਏ ਨਾਲ ਬਿਲਕੁਲ ਸੁੱਕਾ ਲਓ। ਨਮੀ ਨਾ ਰਹਿਣ ਨਾਲ ਇਨਫੈਕਸ਼ਨ ਦਾ ਖਤਰਾ ਘੱਟ ਕਰਨ ’ਚ ਮਦਦ ਮਿਲ ਸਕਦੀ ਹੈ।