ਸਿਗਰਟ ਨਹੀਂ ਪੀਂਦੇ ਫਿਰ ਵੀ ਹੋ ਸਕਦਾ ਹੈ ਫੇਫੜਿਆਂ ਦਾ ਕੈਂਸਰ! ਡਾਕਟਰ ਤੋਂ ਸਮਝੋ ਕਿਵੇਂ ਸਾਡੀਆਂ ਆਦਤਾਂ ਵਧਾਉਂਦੀਆਂ ਹਨ ਇਸ ਦਾ ਖ਼ਤਰਾ
ਜੇਕਰ ਕਿਸੇ ਨੂੰ ਵੀ ਇਹ ਸਵਾਲ ਪੁੱਛਿਆ ਜਾਵੇ ਕਿ ਫੇਫੜਿਆਂ ਦਾ ਕੈਂਸਰ ਕਿਉਂ ਹੁੰਦਾ ਹੈ ਤਾਂ ਉਨ੍ਹਾਂ ਦਾ ਜਵਾਬ ਹਮੇਸ਼ਾ ਤੰਬਾਕੂਨੋਸ਼ੀ ਹੋਵੇਗਾ। ਇਸ ਬਾਰੇ ਲੋਕਾਂ ਦੇ ਮਨਾਂ ਵਿੱਚ ਜੋ ਧਾਰਣਾ ਬਣ ਗਈ ਹੈ, ਉਹ ਫੇਫੜਿਆਂ ਦੇ ਕੈਂਸਰ ਦੇ ਖਤਰੇ ਨੂੰ ਹੋਰ ਵੀ ਵਧਾ ਰਹੀ ਹੈ ਕਿਉਂਕਿ ਸਭ ਨੂੰ ਲੱਗਦਾ ਹੈ ਕਿ ਜੋ ਸਿਗਰਟ ਪੀਂਦਾ ਹੈ, ਸਿਰਫ਼ ਉਸ ਨੂੰ ਹੀ ਇਹ ਜਾਨਲੇਵਾ ਬਿਮਾਰੀ ਹੋ ਸਕਦੀ ਹੈ।
Publish Date: Sat, 01 Aug 2026 11:30 AM (IST)
Updated Date: Sat, 01 Aug 2026 11:32 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਜੇਕਰ ਕਿਸੇ ਨੂੰ ਵੀ ਇਹ ਸਵਾਲ ਪੁੱਛਿਆ ਜਾਵੇ ਕਿ ਫੇਫੜਿਆਂ ਦਾ ਕੈਂਸਰ ਕਿਉਂ ਹੁੰਦਾ ਹੈ ਤਾਂ ਉਨ੍ਹਾਂ ਦਾ ਜਵਾਬ ਹਮੇਸ਼ਾ ਤੰਬਾਕੂਨੋਸ਼ੀ ਹੋਵੇਗਾ। ਇਸ ਬਾਰੇ ਲੋਕਾਂ ਦੇ ਮਨਾਂ ਵਿੱਚ ਜੋ ਧਾਰਣਾ ਬਣ ਗਈ ਹੈ, ਉਹ ਫੇਫੜਿਆਂ ਦੇ ਕੈਂਸਰ ਦੇ ਖਤਰੇ ਨੂੰ ਹੋਰ ਵੀ ਵਧਾ ਰਹੀ ਹੈ ਕਿਉਂਕਿ ਸਭ ਨੂੰ ਲੱਗਦਾ ਹੈ ਕਿ ਜੋ ਸਿਗਰਟ ਪੀਂਦਾ ਹੈ, ਸਿਰਫ਼ ਉਸ ਨੂੰ ਹੀ ਇਹ ਜਾਨਲੇਵਾ ਬਿਮਾਰੀ ਹੋ ਸਕਦੀ ਹੈ।
ਮੇਰੀ ਖੁਦ ਦੀ ਪ੍ਰੈਕਟਿਸ ’ਚ ਮੈਂ ਅਜਿਹੇ ਬਹੁਤ ਸਾਰੇ ਮਾਮਲੇ ਦੇਖੇ ਹਨ ਜਿਨ੍ਹਾਂ ਨੇ ਕਦੇ ਸਿਗਰਟ ਨੂੰ ਹੱਥ ਵੀ ਨਹੀਂ ਲਾਇਆ, ਇਸ ਦੇ ਬਾਵਜੂਦ ਉਨ੍ਹਾਂ ਨੂੰ ਫੇਫੜਿਆਂ ਦਾ ਕੈਂਸਰ ਹੋ ਗਿਆ। ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਹੁਣ ਸਮਾਂ ਆ ਗਿਆ ਹੈ ਕਿ ਫੇਫੜਿਆਂ ਦੇ ਕੈਂਸਰ ਨੂੰ ਸਿਰਫ਼ ਤੰਬਾਕੂਨੋਸ਼ੀ ਕਰਨ ਵਾਲਿਆਂ ਦੀ ਬਿਮਾਰੀ ਨਾ ਮੰਨਿਆ ਜਾਵੇ। ਨਾਲ ਹੀ, ਇਸ ਗੱਲ 'ਤੇ ਗੌਰ ਕੀਤਾ ਜਾਵੇ ਕਿ ਆਖਿਰ ਸ਼ਹਿਰੀ ਜੀਵਨ ਨਾਲ ਜੁੜੀਆਂ ਉਹ ਕਿਹੜੀਆਂ ਆਦਤਾਂ ਹਨ ਜੋ ਫੇਫੜਿਆਂ ਨੂੰ ਇੰਨਾ ਨੁਕਸਾਨ ਪਹੁੰਚਾ ਦਿੰਦੀਆਂ ਹਨ ਕਿ ਇਹ ਕੈਂਸਰ ਵਰਗਾ ਜਾਨਲੇਵਾ ਰੂਪ ਧਾਰਨ ਕਰ ਲੈਂਦਾ ਹੈ।
ਫੇਫੜਿਆਂ ਦੇ ਕੈਂਸਰ ਦੇ ਕਾਰਨ
ਇਨ੍ਹਾਂ ਕਾਰਨਾਂ ’ਚ ਸਭ ਤੋਂ ਉੱਪਰ ਹਵਾ ਪ੍ਰਦੂਸ਼ਣ ਹੈ। ਸਾਲਾਂ ਤੱਕ ਸੂਖਮ ਪ੍ਰਦੂਸ਼ਿਤ ਕਣਾਂ (PM), ਵਾਹਨਾਂ ਦੇ ਧੂੰਏਂ, ਇੰਡਸਟਰੀ ਤੋਂ ਹੋਣ ਵਾਲੇ ਨਿਕਾਸ ਅਤੇ ਉਸਾਰੀ ਦੇ ਕੰਮਾਂ ਤੋਂ ਹੋਣ ਵਾਲੀ ਧੂੜ-ਮਿੱਟੀ ਦੇ ਵਿਚਕਾਰ ਰਹਿਣਾ ਫੇਫੜਿਆਂ ਨੂੰ ਕਮਜ਼ੋਰ ਕਰ ਦਿੰਦਾ ਹੈ। ਜੇਕਰ ਤੁਸੀਂ ਕਿਸੇ ਵੱਡੇ ਸ਼ਹਿਰ ਵਿੱਚ ਰਹਿੰਦੇ ਹੋ ਤਾਂ ਇਹ ਸਾਰੀਆਂ ਚੀਜ਼ਾਂ ਸਿਗਰਟਨੋਸ਼ੀ ਦੇ ਬਰਾਬਰ ਹਨ।
ਉੱਥੇ ਹੀ, ਦੂਜਾ ਸਾਡੇ ਘਰ ਦਾ ਵਾਤਾਵਰਣ ਵੀ ਫੇਫੜਿਆਂ ਲਈ ਨੁਕਸਾਨਦਾਇਕ ਹੈ, ਇਨ੍ਹਾਂ ਵਿੱਚ ਸੈਕਿੰਡ ਹੈਂਡ ਸਮੋਕ, ਬਾਇਓਮਾਸ ਕੁਕਿੰਗ ਫਿਊਲ, ਰਸੋਈ ਦਾ ਖਰਾਬ ਵੈਂਟੀਲੇਸ਼ਨ ਅਤੇ ਕੈਮੀਕਲ ਦੇ ਸੰਪਰਕ ’ਚ ਆਉਣਾ ਵਰਗੀਆਂ ਗੱਲਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਪੇਸ਼ੇਵਰ ਖਤਰੇ ਜਿਵੇਂ ਕਿ ਐਸਬੈਸਟਸ, ਸਿਲਿਕਾ ਧੂੜ, ਡੀਜ਼ਲ ਤੋਂ ਨਿਕਲਣ ਵਾਲਾ ਧੂੰਆਂ ਵੀ ਫੇਫੜਿਆਂ ਨੂੰ ਬੇਹੱਦ ਸੰਵੇਦਨਸ਼ੀਲ ਬਣਾ ਦਿੰਦੇ ਹਨ। ਉੱਥੇ ਹੀ, ਪਰਿਵਾਰਕ ਇਤਿਹਾਸ, ਪਹਿਲਾਂ ਟੀਬੀ ਹੋਣਾ, ਫੇਫੜਿਆਂ ਵਿੱਚ ਦਾਗ ਅਤੇ ਵਧਦੀ ਉਮਰ ਵੀ ਇਸ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ।
ਲੱਛਣ ਬਹੁਤ ਘੱਟ ਦਿਖਾਈ ਦਿੰਦੇ ਹਨ
ਇੱਕ ਚੀਜ਼ ਜੋ ਮੈਨੂੰ ਸਭ ਤੋਂ ਵੱਧ ਪ੍ਰੇਸ਼ਾਨ ਕਰਦੀ ਹੈ, ਉਹ ਇਹ ਕਿ ਫੇਫੜਿਆਂ ਦੇ ਕੈਂਸਰ ਦੇ ਲੱਛਣ ਬਹੁਤ ਘੱਟ ਹੀ ਦਿਖਾਈ ਦਿੰਦੇ ਹਨ ਪਰ ਜਦੋਂ ਦਿਖਾਈ ਦਿੰਦੇ ਹਨ ਤਾਂ ਬਿਮਾਰੀ ਸਰੀਰ ਵਿੱਚ ਫੈਲ ਚੁੱਕੀ ਹੁੰਦੀ ਹੈ। ਹਫ਼ਤਿਆਂ ਤੱਕ ਖੰਘ ਦਾ ਨਾ ਜਾਣਾ, ਖੰਘ ਦੇ ਸਮੇਂ ਖੂਨ ਆਉਣਾ, ਅਚਾਨਕ ਭਾਰ ਘੱਟ ਹੋਣਾ, ਛਾਤੀ ਵਿੱਚ ਦਰਦ ਅਤੇ ਵਾਰ-ਵਾਰ ਹੋਣ ਵਾਲੀ ਇਨਫੈਕਸ਼ਨ ਅਤੇ ਸਾਹ ਲੈਣ ਵਿੱਚ ਤਕਲੀਫ਼ ਵਰਗੇ ਲੱਛਣ ਅਜਿਹੇ ਸੰਕੇਤ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਜ਼ਿਆਦਾਤਰ ਮਾਮਲਿਆਂ ਵਿੱਚ ਮਰੀਜ਼ ਮੇਰੇ ਕੋਲ ਉਦੋਂ ਆਉਂਦਾ ਹੈ ਜਦੋਂ ਕੈਂਸਰ ਵੱਧ ਚੁੱਕਾ ਹੁੰਦਾ ਹੈ।
ਫੇਫੜਿਆਂ ਦੇ ਕੈਂਸਰ ਦਾ ਇਲਾਜ
ਅਸੀਂ ਇਹ ਤਾਂ ਜਾਣ ਲਿਆ ਕਿ ਫੇਫੜਿਆਂ ਦਾ ਕੈਂਸਰ ਹੋਣ ਦੇ ਕਾਰਨ ਅਤੇ ਇਸ ਦੇ ਲੱਛਣ ਕੀ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਦੇ ਇਲਾਜ ਤੋਂ ਉਮੀਦ ਛੱਡ ਦੇਣੀ ਚਾਹੀਦੀ ਹੈ। ਘੱਟ ਹਮਲਾਵਰ ਸਰਜਰੀ (ਮਿਨੀਮਲੀ ਇਨਵੈਸਿਵ ਸਰਜਰੀ), ਕੈਂਸਰ ਦੀ ਪਛਾਣ ਕਰਨ ਵਾਲੇ ਬਿਹਤਰ ਟੂਲਜ਼, ਦਵਾਈਆਂ ਅਤੇ ਇਮਯੂਨੋਥੈਰੇਪੀ ਰਾਹੀਂ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਖ਼ਤਰਾ ਹੈ, ਖਾਸ ਕਰਕੇ ਤੰਬਾਕੂਨੋਸ਼ੀ ਕਰਨ ਵਾਲੇ ਲੋਕ ਹਰ ਸਾਲ ਲੋਅ ਡੋਜ਼ ਸੀਟੀ ਸਕੈਨ ਕਰਵਾ ਕੇ ਇਸ ਦੇ ਜੋਖਮ ਤੋਂ ਬਚ ਸਕਦੇ ਹਨ। ਅਜਿਹਾ ਕਰਨ ਨਾਲ ਬਿਮਾਰੀ ਦਾ ਇਲਾਜ ਸਹੀ ਸਮੇਂ 'ਤੇ ਕੀਤਾ ਜਾ ਸਕਦਾ ਹੈ। ਇਸ ਵਰਲਡ ਲੰਗ ਕੈਂਸਰ ਡੇਅ 'ਤੇ ਮੇਰਾ ਸੁਨੇਹਾ ਬਿਲਕੁਲ ਸਾਫ਼ ਹੈ ਕਿ ਲੱਛਣਾਂ ਨੂੰ ਗੰਭੀਰਤਾ ਨਾਲ ਲਓ, ਪ੍ਰਦੂਸ਼ਣ ਦੇ ਸਿੱਧੇ ਸੰਪਰਕ ਵਿੱਚ ਆਉਣ ਤੋਂ ਬਚੋ ਅਤੇ ਰੁਟੀਨ ਚੈਕਅੱਪ ਕਰਵਾਉਂਦੇ ਰਹੋ।
(ਡਾ. ਕਾਮਰਾਨ ਅਲੀ, ਸਾਕੇਤ ਦੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਥੋਰਾਸਿਕ ਸਰਜਰੀ ਵਿਭਾਗ ਦੇ ਐਸੋਸੀਏਟ ਡਾਇਰੈਕਟਰ ਹਨ।)