ਕਾਂਗੋ ’ਚ ਇਬੋਲਾ ਨੇ ਲਈ 3 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ! ਕਿਵੇਂ ਫੈਲਦਾ ਹੈ ਇਹ ਵਾਇਰਸ, ਕਿਹੜੇ ਲੱਛਣਾਂ ਤੋਂ ਰਹਿਣਾ ਚਾਹੀਦਾ ਹੈ ਸੁਚੇਤ?
ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ (CDC) ਮੁਤਾਬਕ, ਇਬੋਲਾ ਇਨਫੈਕਸ਼ਨ ਹੋਣ ਦੇ ਲਗਪਗ 2-21 ਦਿਨਾਂ ਦੇ ਅੰਦਰ ਇਸ ਦੇ ਲੱਛਣ ਸਾਹਮਣੇ ਆਉਣ ਲੱਗਦੇ ਹਨ। ਆਮ ਤੌਰ 'ਤੇ 8-10 ਦਿਨਾਂ ’ਚ ਜ਼ਿਆਦਾਤਰ ਮਰੀਜ਼ਾਂ ’ਚ ਇਸ ਦੇ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਹਨ। ਸ਼ੁਰੂਆਤ ’ਚ ਇਸ ਦੇ ਲੱਛਣ ਬਹੁਤ ਗੰਭੀਰ ਨਹੀਂ ਹੁੰਦੇ, ਜਿਨ੍ਹਾਂ ਨੂੰ ਸੁੱਕੇ ਲੱਛਣ (Dry Symptoms) ਕਿਹਾ ਜਾਂਦਾ ਹੈ। ਇਸ ਵਿੱਚ ਬੁਖ਼ਾਰ, ਸਰੀਰ ਵਿੱਚ ਦਰਦ, ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਖਿੱਚ ਅਤੇ ਥਕਾਵਟ ਵਰਗੇ ਲੱਛਣ ਨਜ਼ਰ ਆਉਂਦੇ ਹਨ।
Publish Date: Thu, 03 Sep 2026 12:13 PM (IST)
Updated Date: Thu, 03 Sep 2026 12:18 PM (IST)
ਲਾਈਫ਼ਸਟਾਈਲ ਡੈਸਕ, ਨਵੀਂ ਦਿੱਲੀ। ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ ਵਿੱਚ ਇਬੋਲਾ ਵਾਇਰਸ ਦਾ ਕਹਿਰ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਹੈ। ਅੰਕੜਿਆਂ ਮੁਤਾਬਕ, ਇੱਥੇ ਇਬੋਲਾ ਸੰਕਰਮਣ ਦੇ 6,100 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 3 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ, ਚਿੰਤਾ ਦੀ ਗੱਲ ਇਹ ਵੀ ਹੈ ਕਿ ਇਹ ਬੀਮਾਰੀ ਕਾਫ਼ੀ ਤੇਜ਼ੀ ਨਾਲ ਫੈਲ ਰਹੀ ਹੈ, ਜਿਸ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।
ਇਸ ਵਾਇਰਸ ਤੋਂ ਬਚਣ ਲਈ ਬੱਚਿਆਂ ਅਤੇ ਵੱਡਿਆਂ, ਦੋਵਾਂ ਨੂੰ ਹੀ ਕਾਫ਼ੀ ਸੁਚੇਤ ਰਹਿਣ ਦੀ ਲੋੜ ਹੈ। ਆਓ ਜਾਣੀਏ ਇਬੋਲਾ ਸੰਕਰਮਣ ਦੇ ਲੱਛਣ ਕਿਹੋ ਜਿਹੇ ਹੁੰਦੇ ਹਨ, ਇਹ ਕਿਵੇਂ ਫੈਲਦਾ ਹੈ ਅਤੇ ਤੁਸੀਂ ਇਸ ਤੋਂ ਬਚਾਅ ਕਿਵੇਂ ਕਰ ਸਕਦੇ ਹੋ।
ਇਬੋਲਾ ਦੇ ਲੱਛਣ ਕਿਹੋ ਜਿਹੇ ਹੁੰਦੇ ਹਨ?
ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ (CDC) ਮੁਤਾਬਕ, ਇਬੋਲਾ ਇਨਫੈਕਸ਼ਨ ਹੋਣ ਦੇ ਲਗਪਗ 2-21 ਦਿਨਾਂ ਦੇ ਅੰਦਰ ਇਸ ਦੇ ਲੱਛਣ ਸਾਹਮਣੇ ਆਉਣ ਲੱਗਦੇ ਹਨ। ਆਮ ਤੌਰ 'ਤੇ 8-10 ਦਿਨਾਂ ’ਚ ਜ਼ਿਆਦਾਤਰ ਮਰੀਜ਼ਾਂ ’ਚ ਇਸ ਦੇ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਹਨ। ਸ਼ੁਰੂਆਤ ’ਚ ਇਸ ਦੇ ਲੱਛਣ ਬਹੁਤ ਗੰਭੀਰ ਨਹੀਂ ਹੁੰਦੇ, ਜਿਨ੍ਹਾਂ ਨੂੰ ਸੁੱਕੇ ਲੱਛਣ (Dry Symptoms) ਕਿਹਾ ਜਾਂਦਾ ਹੈ। ਇਸ ਵਿੱਚ ਬੁਖ਼ਾਰ, ਸਰੀਰ ਵਿੱਚ ਦਰਦ, ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਖਿੱਚ ਅਤੇ ਥਕਾਵਟ ਵਰਗੇ ਲੱਛਣ ਨਜ਼ਰ ਆਉਂਦੇ ਹਨ।
ਜਿਵੇਂ-ਜਿਵੇਂ ਬੀਮਾਰੀ ਵਧਣ ਲੱਗਦੀ ਹੈ, ਲੱਛਣ ਗੰਭੀਰ ਹੁੰਦੇ ਜਾਂਦੇ ਹਨ, ਜਿਨ੍ਹਾਂ ਨੂੰ ਨਮੀ ਵਾਲੇ ਲੱਛਣ ਕਿਹਾ ਜਾਂਦਾ ਹੈ। ਇਸ ’ਚ ਦਸਤ, ਉਲਟੀ ਅਤੇ ਸਰੀਰ ਦੇ ਅੰਦਰੋਂ ਖ਼ੂਨ ਵਹਿਣ ਵਰਗੇ ਲੱਛਣ ਦਿਖਾਈ ਦਿੰਦੇ ਹਨ।
ਕਿਵੇਂ ਫੈਲਦਾ ਹੈ ਇਬੋਲਾ?
ਇਬੋਲਾ ਵਾਇਰਸ ਹਵਾ ਰਾਹੀਂ ਨਹੀਂ ਫੈਲਦਾ। ਇਸ ਲਈ ਜੇਕਰ ਕੋਈ ਸੰਕਰਮਿਤ ਵਿਅਕਤੀ ਤੁਹਾਡੇ ਕੋਲੋਂ ਸਿਰਫ਼ ਲੰਘ ਰਿਹਾ ਹੈ ਤਾਂ ਤੁਸੀਂ ਬੀਮਾਰ ਨਹੀਂ ਹੋਵੋਗੇ। ਇਹ ਸਿਰਫ਼ ਬੀਮਾਰ ਜਾਂ ਮ੍ਰਿਤਕ ਵਿਅਕਤੀ ਦੇ ਸਰੀਰਕ ਤਰਲ ਪਦਾਰਥਾਂ ਦੇ ਸਿੱਧੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ। ਨਾਲ ਹੀ, ਸੰਕਰਮਿਤ ਵਿਅਕਤੀ ਤੋਂ ਵੀ ਇਹ ਵਾਇਰਸ ਉਦੋਂ ਹੀ ਦੂਜਿਆਂ ਵਿੱਚ ਫੈਲਣਾ ਸ਼ੁਰੂ ਹੁੰਦਾ ਹੈ, ਜਦੋਂ ਉਸ ਵਿੱਚ ਖ਼ੁਦ ਇਬੋਲਾ ਦੇ ਲੱਛਣ ਦਿਖਣੇ ਸ਼ੁਰੂ ਹੋ ਜਾਣ।
ਇਬੋਲਾ ਤੋਂ ਬਚਾਅ ਕਿਵੇਂ ਕਰੀਏ?
ਇਸ ਬੀਮਾਰੀ ਤੋਂ ਬਚਣ ਦਾ ਸਭ ਤੋਂ ਜ਼ਰੂਰੀ ਨਿਯਮ ਹੈ ਕਿ ਕਿਸੇ ਵੀ ਬੀਮਾਰ ਵਿਅਕਤੀ ਦੇ ਪਿਸ਼ਾਬ, ਮਲ, ਥੁੱਕ, ਮੁੜ੍ਹਕੇ, ਉਲਟੀ, ਮਾਂ ਦੇ ਦੁੱਧ ਅਤੇ ਐਮਨੀਓਟਿਕ ਫਲੂਇਡ ਦੇ ਸੰਪਰਕ ਵਿੱਚ ਆਉਣ ਤੋਂ ਬਚੋ। ਇਸ ਤੋਂ ਇਲਾਵਾ, ਇਬੋਲਾ ਤੋਂ ਠੀਕ ਹੋ ਚੁੱਕੇ ਵਿਅਕਤੀ ਦੇ ਵੀ ਸੰਪਰਕ ਵਿੱਚ ਆਉਣ ਤੋਂ ਤਦ ਤੱਕ ਬਚੋ, ਜਦੋਂ ਤੱਕ ਟੈਸਟ ਵਿੱਚ ਇਹ ਪਤਾ ਨਾ ਲੱਗ ਜਾਵੇ ਕਿ ਉਸ ਦੇ ਸਰੀਰ 'ਚੋਂ ਵਾਇਰਸ ਖ਼ਤਮ ਹੋ ਚੁੱਕਾ ਹੈ।
ਇਸ ਤੋਂ ਇਲਾਵਾ, ਮਰੀਜ਼ ਦੇ ਕੱਪੜੇ, ਸੂਈਆਂ, ਬਿਸਤਰੇ ਅਤੇ ਉਨ੍ਹਾਂ ਦੇ ਸਰੀਰਕ ਤਰਲ ਪਦਾਰਥਾਂ ਨੂੰ ਛੂਹਣ ਤੋਂ ਬਚੋ। ਇਨਸਾਨਾਂ ਦੇ ਨਾਲ-ਨਾਲ ਚਮਗਿੱਦੜ, ਜੰਗਲੀ ਹਿਰਨ, ਬਾਂਦਰ ਅਤੇ ਚਿੰਪੈਂਜ਼ੀ ਵਰਗੇ ਜਾਨਵਰਾਂ ਦੇ ਸੰਪਰਕ ਵਿੱਚ ਆਉਣ ਤੋਂ ਵੀ ਪਰਹੇਜ਼ ਕਰੋ।