ਗੈਸ ਸਮਝ ਕੇ ਛਾਤੀ ਦਾ ਦਰਦ ਨਾ ਕਰੋ ਨਜ਼ਰਅੰਦਾਜ਼, ਹਾਰਟ ਅਟੈਕ ਤੋਂ ਬਾਅਦ ਦੇਰੀ ਪੈ ਸਕਦੀ ਹੈ ਜਾਨ ’ਤੇ ਭਾਰੀ
ਹਾਰਟ ਅਟੈਕ ਦੀ ਸਥਿਤੀ ’ਚ ਐਂਜੀਓਪਲਾਸਟੀ ਨਾ ਸਿਰਫ਼ ਜਾਨ ਬਚਾਉਣ ’ਚ ਮਦਦਗਾਰ ਸਾਬਤ ਹੋ ਸਕਦੀ ਹੈ, ਸਗੋਂ ਇਸ ਨਾਲ ਮਰੀਜ਼ ਮੁੜ ਆਮ ਜ਼ਿੰਦਗੀ ’ਚ ਪਰਤ ਸਕਦਾ ਹੈ।
Publish Date: Tue, 13 Oct 2026 04:29 PM (IST)
Updated Date: Tue, 13 Oct 2026 04:31 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅਜਿਹਾ ਨਹੀਂ ਹੈ ਕਿ ਦਿਲ ਦੇ ਹਰ ਮਰੀਜ਼ ਨੂੰ ਐਂਜੀਓਪਲਾਸਟੀ ਦੀ ਲੋੜ ਹੁੰਦੀ ਹੈ ਤੇ ਨਾ ਹੀ ਇਹ ਸਹੀ ਹੈ ਕਿ ਜਿੱਥੇ ਇਸ ਦੀ ਲੋੜ ਹੋਵੇ, ਉੱਥੇ ਇਸ ਨੂੰ ਟਾਲ ਦਿੱਤਾ ਜਾਵੇ। ਡਾ. ਮੋਹਿਤ ਗੁਪਤਾ (ਡਾਇਰੈਕਟਰ ਪ੍ਰੋਫੈਸਰ, ਕਾਰਡੀਓਲੋਜੀ, ਜੀਬੀ ਪੰਤ ਹਸਪਤਾਲ, ਨਵੀਂ ਦਿੱਲੀ) ਦੱਸਦੇ ਹਨ ਕਿ ਜਿਨ੍ਹਾਂ ਮਰੀਜ਼ਾਂ ਨੂੰ ਅਚਾਨਕ ਹਾਰਟ ਅਟੈਕ ਹੁੰਦਾ ਹੈ ਜਾਂ ਜਿਨ੍ਹਾਂ ਨੂੰ ਅਚਾਨਕ ਦਿਲ ਸਬੰਧੀ ਸਮੱਸਿਆ ਆਉਂਦੀ ਹੈ, ਉਨ੍ਹਾਂ ਦੀ ਜਾਨ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਉਨ੍ਹਾਂ ਨੂੰ ਤੁਰੰਤ ਅਜਿਹੇ ਨੇੜਲੇ ਹਸਪਤਾਲ ’ਚ ਪਹੁੰਚਾਇਆ ਜਾਵੇ, ਜਿੱਥੇ ਐਂਜੀਓਪਲਾਸਟੀ ਦੀ ਸਹੂਲਤ ਉਪਲਬਧ ਹੋਵੇ।
ਜੇਕਰ ਨੇੜੇ ਅਜਿਹੀ ਸਹੂਲਤ ਨਹੀਂ ਹੈ ਤੇ ਵਧੀਆ ਹਸਪਤਾਲ ਤੱਕ ਪਹੁੰਚਣ ’ਚ ਦੋ-ਤਿੰਨ ਘੰਟਿਆਂ ਤੋਂ ਵੱਧ ਸਮਾਂ ਲੱਗਦਾ ਹੈ, ਤਾਂ ਮਰੀਜ਼ ਨੂੰ ਨੇੜਲੇ ਹਸਪਤਾਲ ’ਚ ਲਿਜਾ ਕੇ ਤੁਰੰਤ ਖੂਨ ਦੇ ਥੱਕੇ ਨੂੰ ਘੋਲਣ ਵਾਲੀ ਦਵਾਈ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਲੋਕਾਂ ਨੂੰ ਹਾਰਟ ਅਟੈਕ ਦੇ ਨਾਲ ਐਨਜਾਈਨਾ (ਛਾਤੀ ’ਚ ਦਰਦ) ਹੁੰਦਾ ਹੈ ਤੇ ਇਹ ਦਰਦ ਦਵਾਈਆਂ ਨਾਲ ਕਾਬੂ ਨਹੀਂ ਆਉਂਦਾ ਜਾਂ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਸਥਿਰ ਐਨਜਾਈਨਾ ਜਾਂ ਕੋਰੋਨਰੀ ਕ੍ਰੋਨਿਕ ਸਿੰਡਰੋਮ ਦੀ ਸਮੱਸਿਆ ਹੈ, ਜੋ ਦਵਾਈਆਂ ਨਾਲ ਕੰਟਰੋਲ ਨਹੀਂ ਹੋ ਰਹੀ, ਤਾਂ ਅਜਿਹੇ ਮਾਮਲਿਆਂ ’ਚ ਐਂਜੀਓਪਲਾਸਟੀ ਦੀ ਲੋੜ ਪੈ ਸਕਦੀ ਹੈ।
ਕਿਹੜੀ ਸਥਿਤੀ ’ਚ ਇਹ ਇਲਾਜ ਜ਼ਰੂਰੀ ਹੈ?
ਐਂਜੀਓਪਲਾਸਟੀ ਵਰਗੇ ਇਲਾਜਾਂ ਨਾਲ ਮਰੀਜ਼ ਦੀ ਜ਼ਿੰਦਗੀ ਦੀ ਗੁਣਵੱਤਾ ਬਿਹਤਰ ਬਣਾਈ ਜਾ ਸਕਦੀ ਹੈ। ਦਰਦ ਤੋਂ ਮੁਕਤ ਜ਼ਿੰਦਗੀ ਜਿਊਣ ਲਈ ਇਹ ਇੱਕ ਜ਼ਰੂਰੀ ਇਲਾਜ ਸਾਬਤ ਹੋ ਸਕਦਾ ਹੈ। ਜੇਕਰ ਦਿਲ ਦੀਆਂ ਧਮਨੀਆਂ ’ਚ ਬਲਾਕੇਜ ਕਾਫ਼ੀ ਗੰਭੀਰ ਹੋ ਜਾਵੇ, ਯਾਨੀ 70-80 ਜਾਂ 90 ਫ਼ੀਸਦੀ ਤੋਂ ਵੱਧ ਹੋਵੇ ਤੇ ਮਰੀਜ਼ ਨੂੰ ਰੋਜ਼ਾਨਾ ਦੇ ਕੰਮ ਕਰਨ ’ਚ ਮੁਸ਼ਕਲ ਆਉਣ ਲੱਗੇ, ਜਿਵੇਂ ਪੌੜੀਆਂ ਚੜ੍ਹਨ ਜਾਂ ਤੇਜ਼ ਤੁਰਨ ਵੇਲੇ ਤਕਲੀਫ਼ ਹੋਵੇ, ਤਾਂ ਦਿਲ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ।
ਸਰੀਰਕ ਮਿਹਨਤ ਕਰਨ ਜਾਂ ਖਾਣਾ ਖਾਣ ਤੋਂ ਬਾਅਦ ਐਨਜਾਈਨਾ ਦਾ ਦਰਦ ਹੁੰਦਾ ਹੈ ਤੇ ਦਵਾਈਆਂ ਨਾਲ ਕਾਬੂ ਨਹੀਂ ਆਉਂਦਾ, ਤਾਂ ਐਂਜੀਓਪਲਾਸਟੀ ਦੀ ਲੋੜ ਪੈ ਸਕਦੀ ਹੈ। ਇਸ ਬਾਰੇ ਫ਼ੈਸਲਾ ਡਾਕਟਰ ਤੇ ਮਰੀਜ਼ ਨੂੰ ਮਿਲ ਕੇ ਲੈਣਾ ਚਾਹੀਦਾ ਹੈ। ਜੇਕਰ ਮਰੀਜ਼ ਦੀਆਂ ਤਿੰਨਾਂ ਮੁੱਖ ਧਮਨੀਆਂ ’ਚ ਬਲਾਕੇਜ ਹੋਵੇ, ਖ਼ਾਸ ਕਰਕੇ ਮੁੱਖ ਧਮਨੀ ’ਚ ਸਮੱਸਿਆ ਹੋਵੇ, ਤਾਂ ਬਾਈਪਾਸ ਸਰਜਰੀ ਵਧੇਰੇ ਬਿਹਤਰ ਵਿਕਲਪ ਹੋ ਸਕਦੀ ਹੈ।
ਹਰ ਮਰੀਜ਼ ਦੀ ਸਥਿਤੀ ਤੇ ਇਲਾਜ ਵੱਖਰਾ ਹੁੰਦਾ ਹੈ
ਹਰ ਮਰੀਜ਼ ਨੂੰ ਬਾਈਪਾਸ ਜਾਂ ਐਂਜੀਓਪਲਾਸਟੀ ਦੀ ਲੋੜ ਨਹੀਂ ਹੁੰਦੀ। ਮਰੀਜ਼ ਦੀ ਸਥਿਤੀ ਦਾ ਸਹੀ ਮੁਲਾਂਕਣ ਕਰਨ ਤੋਂ ਬਾਅਦ ਹੀ ਇਸ ਬਾਰੇ ਫ਼ੈਸਲਾ ਲਿਆ ਜਾਂਦਾ ਹੈ। ਹਰ ਮਰੀਜ਼ ਨੂੰ ਉਸ ਦੀ ਸਿਹਤ ਮੁਤਾਬਕ ਵਿਅਕਤੀਗਤ ਇਲਾਜ ਦੇਣਾ ਤੇ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਵਰਗੇ ਸਾਰੇ ਜੋਖ਼ਮ ਦੇ ਕਾਰਕਾਂ ਨੂੰ ਧਿਆਨ ’ਚ ਰੱਖ ਕੇ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫ਼ੈਸਲਾ ਕਰਨਾ ਇੱਕ ਤਜਰਬੇਕਾਰ ਤੇ ਜ਼ਿੰਮੇਵਾਰ ਡਾਕਟਰ ਦੀ ਪਛਾਣ ਹੈ। ਡਾਕਟਰ ਦਾ ਫ਼ੈਸਲਾ ਮਰੀਜ਼ ਦੀ ਸਿਹਤ ਨੂੰ ਧਿਆਨ ’ਚ ਰੱਖ ਕੇ ਲਿਆ ਜਾਂਦਾ ਹੈ।
ਕੀ ਹੁੰਦੀ ਹੈ ਐਂਜੀਓਪਲਾਸਟੀ?
ਹਾਰਟ ਅਟੈਕ ਦੀ ਸਥਿਤੀ ’ਚ ਖੂਨ ਦਾ ਥੱਕਾ ਕੋਰੋਨਰੀ ਧਮਨੀ ਨੂੰ ਬੰਦ ਕਰ ਸਕਦਾ ਹੈ, ਜਿਸ ਨਾਲ ਦਿਲ ਤੱਕ ਖੂਨ ਦਾ ਵਹਾਅ ਰੁਕ ਜਾਂਦਾ ਹੈ। ਐਂਜੀਓਪਲਾਸਟੀ ਇੱਕ ਅਜਿਹੀ ਡਾਕਟਰੀ ਪ੍ਰਕਿਰਿਆ ਹੈ, ਜਿਸ ਰਾਹੀਂ ਇਸ ਰੁਕਾਵਟ ਨੂੰ ਦੂਰ ਕਰਕੇ ਮਰੀਜ਼ ਦੀ ਜਾਨ ਬਚਾਉਣ ’ਚ ਮਦਦ ਮਿਲਦੀ ਹੈ। ਇਸ ਪ੍ਰਕਿਰਿਆ ਦੌਰਾਨ ਇੱਕ ਛੋਟੇ ਬੈਲੂਨ ਦੀ ਮਦਦ ਨਾਲ ਦਿਲ ਦੀ ਤੰਗ ਜਾਂ ਬੰਦ ਹੋਈ ਧਮਨੀ ਨੂੰ ਖੋਲ੍ਹਿਆ ਜਾਂਦਾ ਹੈ। ਲੋੜ ਪੈਣ ’ਤੇ ਸਟੈਂਟ ਵੀ ਲਗਾਇਆ ਜਾਂਦਾ ਹੈ, ਤਾਂ ਜੋ ਧਮਨੀ ਖੁੱਲ੍ਹੀ ਰਹੇ।
ਦਿਲ ਦੀ ਸਿਹਤ ਲਈ ਸਮਝੋ ABCD
ਅੱਜ ਦੇ ਸਮੇਂ ’ਚ ਹਾਰਟ ਅਟੈਕ ਦੇ ਖ਼ਤਰੇ ਨੂੰ ਘਟਾਉਣ ਲਈ ਰੋਜ਼ਾਨਾ ਦੀ ਜ਼ਿੰਦਗੀ ’ਚ ਕੁਝ ਆਮ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਅੱਜ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਲੋਕ ਆਪਣੀ ਸਿਹਤ ਪ੍ਰਤੀ ਲਾਪਰਵਾਹ ਰਹਿੰਦੇ ਹਨ। ਬਹੁਤ ਸਾਰੇ ਲੋਕ ਹਾਰਟ ਅਟੈਕ ਦੇ ਦਰਦ ਨੂੰ ਗੈਸ ਦਾ ਦਰਦ ਸਮਝ ਕੇ ਨਜ਼ਰਅੰਦਾਜ਼ ਕਰਦੇ ਰਹਿੰਦੇ ਹਨ। ਇਸ ਕਾਰਨ ਹਾਰਟ ਅਟੈਕ ਦੇ ਲੱਛਣਾਂ ਦੇ ਬਾਵਜੂਦ ਇਲਾਜ ’ਚ ਦੇਰੀ ਹੋ ਜਾਂਦੀ ਹੈ ਤੇ ਜਦੋਂ ਉਹ ਡਾਕਟਰ ਕੋਲ ਪਹੁੰਚਦੇ ਹਨ, ਉਦੋਂ ਤੱਕ ਦਿਲ ਨੂੰ ਕਾਫ਼ੀ ਨੁਕਸਾਨ ਹੋ ਚੁੱਕਾ ਹੁੰਦਾ ਹੈ।
ਅਜਿਹੀ ਸਥਿਤੀ ’ਚ ਐਂਜੀਓਪਲਾਸਟੀ ਕਰਵਾਉਣ ਦੇ ਬਾਵਜੂਦ ਉਮੀਦ ਮੁਤਾਬਕ ਲਾਭ ਨਹੀਂ ਮਿਲ ਸਕਦਾ। ਇਸ ਲਈ ਹਾਰਟ ਅਟੈਕ ਦੌਰਾਨ ਜਿੰਨੀ ਜਲਦੀ ਡਾਕਟਰੀ ਨਿਗਰਾਨੀ ਤੇ ਇਲਾਜ ਸ਼ੁਰੂ ਹੋਵੇ, ਉੱਨਾ ਹੀ ਬਿਹਤਰ ਹੈ। ਸਮਾਂ ਬਹੁਤ ਮਹੱਤਵਪੂਰਨ ਹੈ। ਇਸ ਲਈ ਕੋਈ ਵੀ ਲੱਛਣ ਦਿਖਾਈ ਦੇਣ ’ਤੇ ਤੁਰੰਤ ਸਾਵਧਾਨ ਹੋ ਜਾਓ। ਜੇਕਰ ਤੁਰਨ-ਫਿਰਨ ’ਚ ਮੁਸ਼ਕਲ ਆਉਂਦੀ ਹੈ, ਪੌੜੀਆਂ ਚੜ੍ਹਦੇ ਸਮੇਂ ਸਾਹ ਫੁੱਲਦਾ ਹੈ ਜਾਂ ਜਬਾੜੇ ਤੇ ਬਾਂਹਾਂ ’ਚ ਦਰਦ ਫੈਲਦਾ ਹੈ, ਤਾਂ ਤੁਰੰਤ ਡਾਕਟਰੀ ਸਹਾਇਤਾ ਲਓ।
2. ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ
ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਦੋਵਾਂ ਨੂੰ ਕੰਟਰੋਲ ’ਚ ਰੱਖਣਾ ਲਾਜ਼ਮੀ ਹੈ। ਸ਼ੂਗਰ ਦੀ ਨਿਯਮਿਤ ਜਾਂਚ ਕਰਵਾਉਣੀ ਜ਼ਰੂਰੀ ਹੈ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਘੱਟੋ-ਘੱਟ ਹਫ਼ਤੇ ’ਚ ਇੱਕ ਵਾਰ ਤੇ ਜਿਨ੍ਹਾਂ ਨੂੰ ਇਹ ਸਮੱਸਿਆ ਨਹੀਂ ਹੈ, ਉਨ੍ਹਾਂ ਨੂੰ ਹਰ ਤਿੰਨ ਮਹੀਨਿਆਂ ’ਚ ਘੱਟੋ-ਘੱਟ ਇੱਕ ਵਾਰ ਜਾਂਚ ਕਰਵਾਉਣੀ ਚਾਹੀਦੀ ਹੈ।
3. ਕੋਲੈਸਟ੍ਰੋਲ ਤੇ ਸਿਗਰਟਨੋਸ਼ੀ
ਕੋਲੈਸਟ੍ਰੋਲ ਦਾ ਬੇਕਾਬੂ ਪੱਧਰ ਤੁਹਾਡੀ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦਾ ਹੈ। ਇਸ ਨੂੰ ਕੰਟਰੋਲ ’ਚ ਰੱਖੋ ਤੇ ਸਾਲ ’ਚ ਘੱਟੋ-ਘੱਟ ਇੱਕ ਵਾਰ ਆਪਣਾ ਪੂਰਾ ਲਿਪਿਡ ਪ੍ਰੋਫ਼ਾਈਲ ਟੈਸਟ ਜ਼ਰੂਰ ਕਰਵਾਓ। ਦਿਲ ਦੀਆਂ ਬਿਮਾਰੀਆਂ ’ਚ ਕੋਲੈਸਟ੍ਰੋਲ ਇੱਕ ਵੱਡਾ ਜੋਖ਼ਮ ਕਾਰਕ ਹੈ, ਜੋ ਧਮਨੀਆਂ ’ਚ ਬਲਾਕੇਜ ਦਾ ਕਾਰਨ ਬਣ ਸਕਦਾ ਹੈ। ਇਸੇ ਤਰ੍ਹਾਂ ਸਿਗਰਟ ਪੀਣ ਦੀ ਆਦਤ ਵੀ ਖ਼ਤਰਨਾਕ ਹੈ। ਕਿਸੇ ਵੀ ਤਰ੍ਹਾਂ ਦਾ ਧੂਮਰਪਾਨ ਜਾਨਲੇਵਾ ਹੋ ਸਕਦਾ ਹੈ, ਇਸ ਲਈ ਇਸ ਤੋਂ ਬਚੋ।
4. ਖੁਰਾਕ
ਸਿਹਤਮੰਦ ਰਹਿਣ ਲਈ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ ਹੈ। ਆਪਣੇ ਭੋਜਨ ’ਚ ਲੋੜੀਂਦੀਆਂ ਸਬਜ਼ੀਆਂ, ਦਾਲਾਂ, ਸੁੱਕੇ ਮੇਵੇ ਤੇ ਮੌਸਮੀ ਫਲ ਸ਼ਾਮਲ ਕਰੋ। ਇਸ ਦੇ ਨਾਲ ਹੀ ਤਲੀਆਂ-ਭੁੰਨੀਆਂ ਤੇ ਵੱਧ ਚਰਬੀ ਵਾਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ, ਕਿਉਂਕਿ ਇਹ ਦਿਲ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦੀਆਂ ਹਨ।
5. ਕਸਰਤ ਤੇ ਤਣਾਅ ’ਤੇ ਕਾਬੂ
ਰੋਜ਼ਾਨਾ ਘੱਟੋ-ਘੱਟ 40 ਤੋਂ 45 ਮਿੰਟ ਕਸਰਤ ਜ਼ਰੂਰ ਕਰੋ ਤੇ ਪੈਦਲ ਤੁਰਨ ਦੀ ਆਦਤ ਪਾਓ। ਨਿਯਮਿਤ ਸਰੀਰਕ ਸਰਗਰਮੀ ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦੀ ਹੈ। ਇਸੇ ਤਰ੍ਹਾਂ ਆਪਣੇ ਤਣਾਅ ਨੂੰ ਵੀ ਕੰਟਰੋਲ ’ਚ ਰੱਖੋ। ਤਣਾਅ ਜ਼ਿੰਦਗੀ ਦੀਆਂ ਕਈ ਸਮੱਸਿਆਵਾਂ ਦਾ ਵੱਡਾ ਕਾਰਨ ਬਣ ਗਿਆ ਹੈ। ਗੁੱਸੇ ’ਤੇ ਕਾਬੂ ਰੱਖੋ ਤੇ ਸਿਹਤਮੰਦ ਆਦਤਾਂ ਵਿਕਸਿਤ ਕਰੋ।
ਮਹੱਤਵਪੂਰਨ: ਜੇਕਰ ਹਾਰਟ ਅਟੈਕ ਦਾ ਸ਼ੱਕ ਹੋਵੇ, ਤਾਂ ਤੁਰੰਤ ਐਮਰਜੈਂਸੀ ਡਾਕਟਰੀ ਸਹਾਇਤਾ ਲਓ। ਖੁਦ ਗੱਡੀ ਚਲਾ ਕੇ ਹਸਪਤਾਲ ਜਾਣ ਜਾਂ ਲੱਛਣਾਂ ਦੇ ਆਪਣੇ ਆਪ ਠੀਕ ਹੋਣ ਦੀ ਉਡੀਕ ਕਰਨ ਤੋਂ ਬਚੋ। ਐਂਜੀਓਪਲਾਸਟੀ ਜਾਂ ਹੋਰ ਇਲਾਜ ਦੀ ਚੋਣ ਮਰੀਜ਼ ਦੀ ਸਥਿਤੀ ਦੇ ਮੁਲਾਂਕਣ ਤੋਂ ਬਾਅਦ ਡਾਕਟਰ ਕਰਦਾ ਹੈ।