ਕੁੱਤੇ ਦਾ ਕੱਟਣਾ ਜ਼ਿਆਦਾ ਖ਼ਤਰਨਾਕ ਜਾਂ ਬਿੱਲੀ ਦਾ? ਸਮਝੋ ਦੋਵਾਂ ਦੇ ਹਮਲੇ ’ਚ ਛੁਪੇ ਵੱਖ-ਵੱਖ ਖ਼ਤਰੇ ਦੇਸੀ ਇਲਾਜ ਦੇ ਨਾਂ ’ਤੇ ਹਲਦੀ, ਤੇਲ ਜਾਂ ਮਿੱਟੀ ਲਗਾਉਣ ਤੋਂ ਬਚੋ। ਇਸ ਤੋਂ ਬਾਅਦ ਡਾਕਟਰ ਨਾਲ ਸਲਾਹ ਕਰਨ ’ਚ ਦੇਰੀ ਨਾ ਕਰੋ। ਜੇ ਕਿਸੇ ਪਾਲਤੂ ਜਾਨਵਰ ਨੇ ਕੱਟਿਆ ਹੈ, ਤਾਂ ਵੀ ਜ਼ਖ਼ਮ ਦੀ ਜਾਂਚ ਕਰਵਾਓ ਤੇ ਡਾਕਟਰ ਤੋਂ ਸਹੀ ਸਲਾਹ ਲਓ।
Publish Date: Sat, 12 Sep 2026 04:56 PM (IST)
Updated Date: Sat, 12 Sep 2026 05:03 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਇਨ੍ਹਾਂ ਦਿਨਾਂ ਲੋਕਾਂ ’ਚ ਪਾਲਤੂ ਜਾਨਵਰ ਰੱਖਣ ਦਾ ਸ਼ੌਕ ਵੱਧਦਾ ਜਾ ਰਿਹਾ ਹੈ। ਹੁਣ ਘਰਾਂ ’ਚ ਸਿਰਫ਼ ਕੁੱਤੇ ਹੀ ਨਹੀਂ, ਸਗੋਂ ਬਿੱਲੀਆਂ ਵੀ ਪਾਲੀਆਂ ਜਾ ਰਹੀਆਂ ਹਨ। ਇਸ ਸ਼ੌਕ ਦੇ ਨਾਲ ਨਵੀਆਂ ਚੁਣੌਤੀਆਂ ਵੀ ਸਾਹਮਣੇ ਆ ਰਹੀਆਂ ਹਨ, ਕਿਉਂਕਿ ਆਏ ਦਿਨ ਪਾਲਤੂ ਜਾਨਵਰਾਂ ਵੱਲੋਂ ਰਾਹ ਜਾਂਦੇ ਲੋਕਾਂ ’ਤੇ ਹਮਲੇ ਦੇ ਮਾਮਲੇ ਵੀ ਵੱਧ ਰਹੇ ਹਨ।
ਅਜਿਹੇ ’ਚ ਹੁਣ ਸਵਾਲ ਇਹ ਹੈ ਕਿ ਕੁੱਤੇ ਤੇ ਬਿੱਲੀ ਵਿੱਚੋਂ ਕਿਸ ਦੇ ਕੱਟਣ ਨਾਲ ਜ਼ਿਆਦਾ ਖ਼ਤਰਾ ਹੁੰਦਾ ਹੈ। ਆਓ ਵਿਸਥਾਰ ਨਾਲ ਜਾਣਦੇ ਹਾਂ ਕਿ ਕੁੱਤੇ ਜਾਂ ਬਿੱਲੀ ਦਾ ਕੱਟਣਾ ਕਿਹੜੇ ਖ਼ਤਰਿਆਂ ਨਾਲ ਭਰਿਆ ਹੁੰਦਾ ਹੈ।
ਕੁੱਤੇ ਦੇ ਕੱਟਣ ਦੇ ਖ਼ਤਰੇ
ਅੱਜਕੱਲ੍ਹ ਕੁੱਤਿਆਂ ਦੇ ਕੱਟਣ ਨਾਲ ਰੈਬੀਜ਼ ਦੇ ਮਾਮਲੇ ਵੱਧ ਰਹੇ ਹਨ। ਖ਼ਾਸ ਕਰਕੇ ਆਵਾਰਾ ਕੁੱਤਿਆਂ ਦੇ ਹਮਲੇ ਨਾਲ ਰੈਬੀਜ਼ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਦਰਅਸਲ, ਜਿਨ੍ਹਾਂ ਕੁੱਤਿਆਂ ਦਾ ਟੀਕਾਕਰਨ ਨਹੀਂ ਹੋਇਆ ਹੁੰਦਾ, ਉਨ੍ਹਾਂ ਦੀ ਲਾਰ ਰਾਹੀਂ ਰੈਬੀਜ਼ ਵਾਇਰਸ ਸਰੀਰ ’ਚ ਦਾਖ਼ਲ ਹੋ ਸਕਦਾ ਹੈ। ਕੁੱਤੇ ਦੇ ਕੱਟਣ ਨਾਲ ਜ਼ਖ਼ਮ ਡੂੰਘਾ ਤੇ ਵੱਡਾ ਹੋ ਸਕਦਾ ਹੈ। ਜੇ ਮਾਸ ਜਾਂ ਟਿਸ਼ੂ ਨੂੰ ਨੁਕਸਾਨ ਪਹੁੰਚ ਜਾਵੇ ਤਾਂ ਖੂਨ ਵਗਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਬੱਚਿਆਂ ਤੇ ਬਜ਼ੁਰਗਾਂ ’ਚ ਰੈਬੀਜ਼ ਦਾ ਖ਼ਤਰਾ ਵੱਧ ਹੋ ਸਕਦਾ ਹੈ, ਕਿਉਂਕਿ ਇਸ ਵਰਗ ਦੀ ਰੋਗ-ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਸਕਦੀ ਹੈ। ਕਈ ਮਾਮਲਿਆਂ ’ਚ ਜੇ ਜ਼ਖ਼ਮ ’ਚ ਬੈਕਟੀਰੀਆ ਦਾਖ਼ਲ ਹੋ ਜਾਵੇ ਤਾਂ ਇਸ ਨਾਲ ਸੋਜ ਤੇ ਦਰਦ ਦੇ ਨਾਲ ਬੁਖ਼ਾਰ ਵੀ ਹੋ ਸਕਦਾ ਹੈ। ਬਿੱਲੀ ਦੇ ਕੱਟਣ ਦੇ ਖ਼ਤਰੇ
ਬਿੱਲੀ ਦੇ ਨੁਕੀਲੇ ਦੰਦਾਂ ਕਾਰਨ ਇਨਫੈਕਸ਼ਨ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਜੇ ਬਿੱਲੀ ਕੱਟ ਲਵੇ ਤਾਂ ਉਸ ਦੇ ਦੰਦ ਚਮੜੀ ਦੇ ਅੰਦਰ ਤੱਕ ਜਾ ਕੇ ਬੈਕਟੀਰੀਆ ਪਹੁੰਚਾ ਸਕਦੇ ਹਨ। ਬਿੱਲੀ ਦੇ ਮੂੰਹ ’ਚ ਪਾਸਚੁਰੇਲਾ (Pasteurella) ਨਾਮਕ ਬੈਕਟੀਰੀਆ ਹੋ ਸਕਦਾ ਹੈ, ਜੋ ਕੱਟਣ ਤੋਂ ਬਾਅਦ ਸੋਜ, ਦਰਦ ਤੇ ਲਾਲੀ ਦਾ ਕਾਰਨ ਬਣ ਸਕਦਾ ਹੈ।
ਕੱਟਣ ਨਾਲ ਜ਼ਖ਼ਮ ਭਾਵੇਂ ਛੋਟਾ ਦਿਖਾਈ ਦੇਵੇ, ਪਰ ਅੰਦਰ ਇਨਫੈਕਸ਼ਨ ਤੇਜ਼ੀ ਨਾਲ ਫੈਲ ਸਕਦਾ ਹੈ। ਇੰਨਾ ਹੀ ਨਹੀਂ, ਜੇ ਇਨਫੈਕਸ਼ਨ ਗੰਭੀਰ ਹੋ ਜਾਵੇ ਤਾਂ ਹਸਪਤਾਲ ’ਚ ਦਾਖ਼ਲ ਹੋਣ ਤੱਕ ਦੀ ਨੌਬਤ ਆ ਸਕਦੀ ਹੈ।
ਦੋਵਾਂ ਵਿੱਚੋਂ ਕੋਈ ਵੀ ਕੱਟੇ ਤਾਂ ਕੀ ਕਰਨਾ ਚਾਹੀਦਾ ਹੈ? ਜ਼ਖ਼ਮ ਹੋਣ ਤੋਂ ਬਾਅਦ ਉਸ ਨੂੰ ਸਾਬਣ ਤੇ ਪਾਣੀ ਨਾਲ ਘੱਟੋ-ਘੱਟ 15 ਮਿੰਟ ਤੱਕ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਇਸ ਤੋਂ ਤੁਰੰਤ ਬਾਅਦ ਐਂਟੀਸੈਪਟਿਕ ਦੀ ਵਰਤੋਂ ਕਰੋ। ਧਿਆਨ ਰਹੇ ਕਿ ਦੇਸੀ ਇਲਾਜ ਦੇ ਨਾਂ ’ਤੇ ਹਲਦੀ, ਤੇਲ ਜਾਂ ਮਿੱਟੀ ਲਗਾਉਣ ਤੋਂ ਬਚੋ। ਇਸ ਤੋਂ ਬਾਅਦ ਡਾਕਟਰ ਨਾਲ ਸਲਾਹ ਕਰਨ ’ਚ ਦੇਰੀ ਨਾ ਕਰੋ। ਜੇ ਕਿਸੇ ਪਾਲਤੂ ਜਾਨਵਰ ਨੇ ਕੱਟਿਆ ਹੈ, ਤਾਂ ਵੀ ਜ਼ਖ਼ਮ ਦੀ ਜਾਂਚ ਕਰਵਾਓ ਤੇ ਡਾਕਟਰ ਤੋਂ ਸਹੀ ਸਲਾਹ ਲਓ।