ਕੀ ਸੱਚਮੁੱਚ ਅਕਲ ਆਉਣ ’ਤੇ ਹੀ ਨਿਕਲਦੀ ਹੈ ਅਕਲ ਦਾੜ੍ਹ? ਸਮਝੋ ਇਸ ਦੰਦ ਦੇ ਪਿੱਛੇ ਛੁਪਿਆ ਖਾਸ ਵਿਗਿਆਨ; ਮੈਡੀਕਲ ਭਾਸ਼ਾ ’ਚ ਕੀ ਕਹਿੰਦੇ ਹਨ ਇਸ ਦਾੜ੍ਹ ਨੂੰ
ਆਮ ਤੌਰ ’ਤੇ ਜਦੋਂ ਵਿਅਕਤੀ ਬਾਲਗ ਹੋ ਰਿਹਾ ਹੁੰਦਾ ਹੈ, ਉਸ ਸਮੇਂ ਦੰਦਾਂ ਦੀ ਆਖ਼ਰੀ ਕਤਾਰ ’ਚ ਇਹ ਦਾੜ੍ਹ ਨਿਕਲਦੀ ਹੈ। ਇਸ ਨੂੰ ਵਿਜ਼ਡਮ ਟੂਥ ਕਹੇ ਜਾਣ ਪਿੱਛੇ ਧਾਰਨਾ ਇਹ ਹੈ ਕਿ ਬਾਲਗ ਹੋਣ ਤੱਕ ਵਿਅਕਤੀ ’ਚ ਸਹੀ ਫ਼ੈਸਲੇ ਲੈਣ ਦੀ ਸਮਰੱਥਾ ਵਿਕਸਿਤ ਹੋ ਜਾਂਦੀ ਹੈ।
Publish Date: Sat, 19 Sep 2026 04:01 PM (IST)
Updated Date: Sat, 19 Sep 2026 04:06 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਉਮਰ ਦੇ ਨਾਲ-ਨਾਲ ਵਿਅਕਤੀ ਸਮਝਦਾਰ ਹੁੰਦਾ ਜਾਂਦਾ ਹੈ। ਇਹ ਇੱਕ ਆਮ ਧਾਰਨਾ ਹੈ, ਜਿਸ ਨਾਲ ਸ਼ਾਇਦ ਹੀ ਕੋਈ ਇਨਕਾਰ ਕਰੇ। ਪਰ ਤੁਸੀਂ ਲੋਕਾਂ ਨੂੰ ਇਹ ਕਹਿੰਦੇ ਵੀ ਸੁਣਿਆ ਹੋਵੇਗਾ ਕਿ ਅਕਲ ਦਾੜ੍ਹ ਆਉਣ ’ਤੇ ਹੀ ਅਕਲ ਆਉਂਦੀ ਹੈ। ਹਾਲਾਂਕਿ ਸਮਾਜ ’ਚ ਫੈਲੀ ਇਸ ਗਲਤਫ਼ਹਿਮੀ ਤੋਂ ਹਟ ਕੇ ਅਸੀਂ ਗੱਲ ਕਰਾਂਗੇ ਕਿ ਆਖ਼ਿਰ ਵਿਜ਼ਡਮ ਟੂਥ ਦਾ ਕੰਮ ਕੀ ਹੁੰਦਾ ਹੈ ਤੇ ਇਸ ਨੂੰ ਕਦੋਂ ਕਢਵਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਅਕਲ ਦਾੜ੍ਹ ਕਿਉਂ ਕਿਹਾ ਜਾਂਦਾ ਹੈ? ਵਿਜ਼ਡਮ ਟੂਥ ਨੂੰ ਭਾਵੇਂ ਅਕਲ ਦਾੜ੍ਹ ਕਿਹਾ ਜਾਂਦਾ ਹੈ, ਪਰ ਇਸ ਦਾ ਵਿਅਕਤੀ ਦੀ ਸਮਝਦਾਰੀ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਹਾਂ, ਇਸ ਦਾ ਸਬੰਧ ਵਿਅਕਤੀ ਦੇ ਬਾਲਗ ਹੋਣ ਨਾਲ ਜ਼ਰੂਰ ਹੈ। ਆਮ ਤੌਰ ’ਤੇ ਜਦੋਂ ਵਿਅਕਤੀ ਬਾਲਗ ਹੋ ਰਿਹਾ ਹੁੰਦਾ ਹੈ, ਉਸ ਸਮੇਂ ਦੰਦਾਂ ਦੀ ਆਖ਼ਰੀ ਕਤਾਰ ’ਚ ਇਹ ਦਾੜ੍ਹ ਨਿਕਲਦੀ ਹੈ। ਇਸ ਨੂੰ ਵਿਜ਼ਡਮ ਟੂਥ ਕਹੇ ਜਾਣ ਪਿੱਛੇ ਧਾਰਨਾ ਇਹ ਹੈ ਕਿ ਬਾਲਗ ਹੋਣ ਤੱਕ ਵਿਅਕਤੀ ’ਚ ਸਹੀ ਫ਼ੈਸਲੇ ਲੈਣ ਦੀ ਸਮਰੱਥਾ ਵਿਕਸਿਤ ਹੋ ਜਾਂਦੀ ਹੈ।
ਵਿਜ਼ਡਮ ਟੂਥ ਦਾ ਕੀ ਕੰਮ ਹੁੰਦਾ ਹੈ? ਮੈਡੀਕਲ ਭਾਸ਼ਾ ’ਚ ਅਕਲ ਦਾੜ੍ਹ ਨੂੰ ‘ਥਰਡ ਮੋਲਰ’ ਕਿਹਾ ਜਾਂਦਾ ਹੈ। ਆਮ ਬੋਲਚਾਲ ’ਚ ਇਸ ਨੂੰ ਤੀਜੀ ਦਾੜ੍ਹ ਵੀ ਕਿਹਾ ਜਾ ਸਕਦਾ ਹੈ। ਇਸ ਦਾ ਕੰਮ ਜਬਾੜੇ ਨੂੰ ਮਜ਼ਬੂਤੀ ਦੇਣ ਦੇ ਨਾਲ-ਨਾਲ ਭੋਜਨ ਨੂੰ ਚੰਗੀ ਤਰ੍ਹਾਂ ਚਬਾਉਣ ’ਚ ਮਦਦ ਕਰਨਾ ਹੈ। ਇੱਥੇ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਹਰ ਵਿਅਕਤੀ ਦੀ ਅਕਲ ਦਾੜ੍ਹ ਨਹੀਂ ਨਿਕਲਦੀ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ’ਚ ਜੈਨੇਟਿਕ ਕਾਰਨ, ਲਿੰਗ ਤੇ ਚਿਹਰੇ ਦੀ ਬਣਤਰ ਆਦਿ ਸ਼ਾਮਲ ਹਨ।
ਅਕਲ ਦਾੜ੍ਹ ਨਿਕਲਣ ਦੀ ਉਮਰ ਆਮ ਤੌਰ ’ਤੇ ਅਕਲ ਦਾੜ੍ਹ 17 ਤੋਂ 25 ਸਾਲ ਦੀ ਉਮਰ ਦੇ ਵਿਚਕਾਰ ਨਿਕਲਦੀ ਹੈ। ਹਾਲਾਂਕਿ ਕਈ ਮਾਮਲਿਆਂ ’ਚ ਇਹ ਬਾਅਦ ਦੀ ਉਮਰ ’ਚ ਵੀ ਨਿਕਲ ਸਕਦੀ ਹੈ। ਇਸ ਦੇ ਨਿਕਲਣ ਦੀ ਗੱਲ ਕਰੀਏ ਤਾਂ ਕਈ ਵਾਰ ਇਹ ਸਹੀ ਤਰੀਕੇ ਨਾਲ ਬਾਹਰ ਆ ਜਾਂਦੀ ਹੈ। ਪਰ ਕਈ ਵਾਰ ਇਹ ਮਸੂੜਿਆਂ ਜਾਂ ਜਬਾੜੇ ਦੀ ਹੱਡੀ ’ਚ ਫਸ ਜਾਂਦੀ ਹੈ, ਜਿਸ ਕਾਰਨ ਇਸ ਨੂੰ ਬਾਹਰ ਨਿਕਲਣ ’ਚ ਦਿੱਕਤ ਹੁੰਦੀ ਹੈ। ਅਜਿਹੀ ਸਥਿਤੀ ’ਚ ਅਕਲ ਦਾੜ੍ਹ ਕਢਵਾਉਣਾ ਹੀ ਇੱਕੋ-ਇੱਕ ਵਿਕਲਪ ਰਹਿ ਜਾਂਦਾ ਹੈ।
ਅਕਲ ਦਾੜ੍ਹ ਨਿਕਲਣ ’ਤੇ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ? ਜੇਕਰ ਅਕਲ ਦਾੜ੍ਹ ਗਲਤ ਥਾਂ ਤੋਂ ਨਿਕਲਣ ਲੱਗੇ ਤਾਂ ਇਸ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ :
- ਦੰਦਾਂ ’ਚ ਕੀੜਾ ਲੱਗਣਾ (ਕੈਵਿਟੀ)
- ਇਨਫੈਕਸ਼ਨ
- ਸਿਸਟ ਵਾਲੀ ਗੰਢ
- ਆਲੇ-ਦੁਆਲੇ ਦੇ ਦੰਦਾਂ ਨੂੰ ਨੁਕਸਾਨ
- ਮਸੂੜਿਆਂ ’ਚ ਸੋਜ
- ਟਿਊਮਰ
ਇਸ ਤੋਂ ਇਲਾਵਾ, ਜਦੋਂ ਅਕਲ ਦਾੜ੍ਹ ਅੱਧੀ ਹੀ ਬਾਹਰ ਨਿਕਲਦੀ ਹੈ ਤਾਂ ਚਿਹਰੇ ਦੇ ਨਾਲ-ਨਾਲ ਜਬਾੜੇ ਤੇ ਵਿਜ਼ਡਮ ਟੂਥ ’ਚ ਦਰਦ ਵਧ ਸਕਦਾ ਹੈ। ਇਨ੍ਹਾਂ ਸਾਰੀਆਂ ਸਥਿਤੀਆਂ ’ਚ ਦੰਦਾਂ ਦੇ ਡਾਕਟਰ ਦੀ ਸਲਾਹ ਨਾਲ ਇਸ ਦੰਦ ਨੂੰ ਕਢਵਾ ਲੈਣਾ ਹੀ ਬਿਹਤਰ ਹੁੰਦਾ ਹੈ।